ਮਹੀਪ ਸਿੰਘ
ਫੋਨ: 91-93139-32888
ਪੰਜਾਬੀ ਬੋਲੀ ਤੇ ਸੱਭਿਆਚਾਰ ਦਾ ਮਖੌਲ ਉਡਾਉਣ ਵਾਲੇ ਇਹ ਗੱਲ ਬੜਾ ਉੱਚਾ ਬੋਲ ਬੋਲ ਕੇ ਆਖਦੇ ਹਨ ਕਿ ਗੰਦੀਆਂ-ਭੈੜੀਆਂ ਗਾਲ੍ਹਾਂ ਦਾ ਜਿੰਨਾ ਵੱਡਾ ਖਜ਼ਾਨਾ ਪੰਜਾਬੀ ਵਿਚ ਹੈ, ਕਿਸੇ ਹੋਰ ਜ਼ੁਬਾਨ ਵਿਚ ਨਹੀਂ। ਅਜਿਹੇ ਲੋਕੀਂ ਇਹ ਵੀ ਆਖਦੇ ਹਨ ਪੰਜਾਬ ਵਿਚ ‘ਕਲਚਰ’ ਨਾਂ ਦੀ ਕੋਈ ਚੀਜ਼ ਨਹੀਂ। ਜੇ ਕੁਝ ਹੈ ਤਾਂ ਉਹ ਸਿਰਫ ‘ਐਗਰੀਕਲਚਰ’ ਹੈ। ਬੋਲ-ਕੁਬੋਲ ਬੋਲਣੇ, ਗੰਦੀਆਂ ਗਾਲ੍ਹਾਂ ਕੱਢਣੀਆਂ, ਫਿੱਕਾ ਬੋਲਣਾ, ਕੌੜਾ ਬੋਲਣਾ, ਦੂਜੇ ਨੂੰ ਨੀਵਾਂ ਦਿਖਾਉਣਾ, ਕੀ ਸੱਚਮੁੱਚ ਇਹ ਪੰਜਾਬੀ ਸੱਭਿਆਚਾਰ ਦੇ ਅੰਗ ਹਨ? ਕੀ ਇਨ੍ਹਾਂ ਦੇ ਬਗੈਰ ਪੰਜਾਬੀ ਸੋਚ, ਵਿਚਾਰ, ਵਿਹਾਰ ਅਤੇ ਸੰਵਾਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ?
ਮੇਰਾ ਖਿਆਲ ਹੈ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਤੋਂ ਪਹਿਲਾਂ ਬਾਬਾ ਸ਼ੇਖ ਫ਼ਰੀਦ ਵਰਗੇ ਸੂਫੀ ਸੰਤਾਂ ਨੇ ਇਹ ਮਹਿਸੂਸ ਕੀਤਾ ਹੋਵੇਗਾ ਕਿ ਪੰਜਾਬੀ ਲੋਕ ਜੀਵਨ ਵਿਚ, ਆਪਸੀ ਮਿਲਵਰਤਨ ਵਿਚ ਉਹ ਮਿਠਾਸ ਨਹੀਂ ਜੋ ਹੋਣੀ ਚਾਹੀਦੀ ਹੈ ਅਤੇ ਜਿਸ ਨਾਲ ਕਿਸੇ ਸਮਾਜ ਦਾ ਸੱਭਿਆਚਾਰ ਉੱਸਰਦਾ ਹੈ। ਜਿਸ ਨੂੰ ਅਸੀਂ ਸੰਸਕ੍ਰਿਤੀ (ਸਭਿਆਚਾਰ) ਆਖਦੇ ਹਾਂ, ਉਸ ਦਾ ਸਬੰਧ ਸੰਸਕਾਰ ਨਾਲ ਹੈ। ਸੰਸਕਾਰ ਦਾ ਅਰਥ ਹੈ ਆਪਣੇ ਮਨ ਨੂੰ ਮਾਂਜਣਾ, ਚਮਕਾਉਣਾ, ਸੋਹਣਾ ਬਣਾਉਣਾ, ਪਾਲਿਸ਼ ਕਰਨਾ। ਸਾਡੇ ਉੱਤੇ ਜਿਹੋ ਜਿਹੇ ਸੰਸਕਾਰ ਪੈਣਗੇ, ਸਾਡੀ ਸਾਰੀ ਮਾਨਸਿਕ ਬਣਤਰ ਉਸੇ ਤਰ੍ਹਾਂ ਦੀ ਹੋਵੇਗੀ। ਸੰਸਕਾਰ ਪਾਉਣ ਵਿਚ ਸਭ ਤੋਂ ਮੁੱਢਲੀ ਜ਼ਿੰਮੇਵਾਰੀ ਮਾਂ-ਪਿਉ ਦੀ ਹੁੰਦੀ ਹੈ, ਫਿਰ ਧਾਰਮਿਕ ਤੇ ਸੰਸਾਰੀ ਵਿੱਦਿਆ ਦੀ।
ਪਿਛਲੇ ਪੰਜ ਸੌ ਸਾਲ ਤੋਂ ਪੰਜਾਬ ਵਿਚ ਸੰਸਕਾਰ ਦਾ ਸਭ ਤੋਂ ਵੱਡਾ ਸੋਮਾ ਗੁਰਬਾਣੀ ਰਹੀ ਹੈ। ਉਥੇ ਦੀ ਸਾਰੀ ਸੋਚ ਨੂੰ, ਸਾਰੀ ਚੇਤਨਾ ਨੂੰ ਗੁਰਬਾਣੀ ਦੇ ਮਾਧਿਅਮ ਰਾਹੀਂ ਘੜਿਆ ਤੇ ਸੰਵਾਰਿਆ ਜਾਂਦਾ ਹੈ, ਪਰ ਕਿੰਨੇ ਅਚੰਭੇ ਦੀ ਗੱਲ ਹੈ ਕਿ ਅੱਜ ਵੀ ਪੰਜਾਬ ਦੇ ਲੋਕ ਜੀਵਨ ਉੱਤੇ ਗੁਰਬਾਣੀ ਸੰਸਕਾਰ ਵਿਧੀ ਦਾ ਪ੍ਰਭਾਵ ਬੜਾ ਘੱਟ ਨਜ਼ਰ ਅਉਂਦਾ ਹੈ। ਇਕ ਵਾਕਿਆ ਮੈਨੂੰ ਚੇਤੇ ਆਉਂਦਾ ਹੈ। ਰੇਲ ਸਫ਼ਰ ਦੌਰਾਨ ਮੇਰੇ ਸਾਹਮਣੇ ਦੀ ਬਰਥ ‘ਤੇ ਕੁਝ ਪੰਜਾਬੀ ਸੱਜਣ ਬੈਠੇ ਸਨ। ਅੱਧਖੜ ਉਮਰ ਦੇ ਉਹ ਸਾਰੇ ਹੀ ਰੱਜੇ-ਪੁੱਜੇ ਤੇ ਪੜ੍ਹੇ-ਲਿਖੇ ਲਗਦੇ ਸਨ। ਸਵੇਰ ਦਾ ਵੇਲਾ ਸੀ। ਉਹ ਗੱਲਾਂ ਕਰ ਰਹੇ ਸਨ। ਗੱਲਬਾਤ ਵਿਚ ਉਹ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਸਨ। ਇਹ ਸਾਰੀਆਂ ਗਾਲ੍ਹਾਂ ਉਨ੍ਹਾਂ ਦਾ ਤਕੀਆ ਕਲਾਮ ਸੀ। ਉਹ ਕਿਸੇ ਦਾ ਜ਼ਿਕਰ ਕਰਦੇ ਸਨ ਤਾਂ ਮਾਂ-ਭੈਣ ਦੀ ਗਾਲ੍ਹ ਕੱਢੇ ਬਗੈਰ ਨਹੀਂ ਸਨ ਕਰਦੇ। ਆਪਸ ਵਿਚ ਵੀ ਉਹ ਇਕ-ਦੂਜੇ ਲਈ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਸਨ। ਕਈ ਵਾਰੀ ਤਾਂ ਬੇਜਾਨ ਚੀਜ਼ਾਂ ਦੇ ਜ਼ਿਕਰ ਵਿਚ ਵੀ ਉਹ ਮਾਂ-ਭੈਣ ਨੂੰ ਖਿੱਚ ਲਿਆਉਦੇ ਸਨ। ਕੁਝ ਚਿਰ ਪਿੱਛੋਂ ਉਹ ਮੇਰੇ ਨਾਲ ਵੀ ਗੱਲਾਂ ਕਰਨ ਲੱਗ ਪਏ। ਗੱਲਾਂ-ਗੱਲਾਂ ਵਿਚ ਮੈਂ ਉਨ੍ਹਾਂ ਨੂੰ ਕਿਹਾ-‘ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਦੇਸ਼ ਵਿਚ ਮਾਂਵਾਂ-ਭੈਣਾਂ ਦਾ ਸਤਿਕਾਰ ਕਰਨਾ, ਸਦਾ ਉਨ੍ਹਾਂ ਨੂੰ ਯਾਦ ਰੱਖਣਾ ਸਾਡੀ ਪੁਰਾਣੀ ਰਵਾਇਤ ਹੈ। ਤੁਸੀਂ ਇਸ ਰਵਾਇਤ ਨੂੰ ਪੂਰੀ ਤਰ੍ਹਾਂ ਨਿਭਾਅ ਰਹੇ ਹੋ।’ ਉਹ ਮੇਰੇ ਵੱਲ ਬਿਟਰ-ਬਿਟਰ ਵੇਖਣ ਲੱਗ ਪਏ। ਖੌਰੇ ਮੇਰੀ ਗੱਲ ਸਮਝਣ ਦਾ ਉਹ ਯਤਨ ਕਰ ਰਹੇ ਸਨ। ਮੈਂ ਕਿਹਾ-‘ਵੇਖੋ ਨਾ, ਸਵੇਰ ਤੋਂ ਤੁਹਾਡੀ ਸਾਰੀ ਗੱਲਬਾਤ ਵਿਚ ਸੈਂਕੜਿਆਂ ਵਾਰੀ ਮਾਵਾਂ-ਭੈਣਾਂ ਦਾ ਜ਼ਿਕਰ ਆਇਆ। ਤੁਹਾਡਾ ਇਕ ਵੀ ਵਾਕ ਇਨ੍ਹਾਂ ਨਾਵਾਂ ਨੂੰ ਯਾਦ ਕੀਤੇ ਬਗ਼ੈਰ ਪੂਰਾ ਨਹੀਂ ਹੁੰਦਾ। ਇਸੇ ਤੋਂ ਪਤਾ ਲਗਦਾ ਹੈ, ਤੁਸੀਂ ਮਾਂਵਾਂ-ਭੈਣਾਂ ਨੂੰ ਕਿੰਨਾ ਯਾਦ ਕਰਦੇ ਹੋ, ਉਨ੍ਹਾਂ ਨੂੰ ਕਿੰਨੀ ਮਾਨਤਾ ਦਿੰਦੇ ਹੋ।’
ਹੁਣ ਮੇਰੀ ਗੱਲ ਦਾ ਵਿਅੰਗ ਉਨ੍ਹਾਂ ਦੀ ਸਮਝ ਵਿਚ ਆਇਆ। ਉਹ ਥੋੜ੍ਹਾ ਸ਼ਰਮਿੰਦਾ ਹੋਏ। ਉਨ੍ਹਾਂ ਵਿਚੋਂ ਇਕ ਬੋਲਿਆ-‘ਕੀ ਕਰੀਏ ਜੀæææਸਾਨੂੰ ਤੇ ਆਦਤ ਪੈ ਗਈ ਹੈ। ਗੱਲ-ਗੱਲ ਵਿਚ ਮੂੰਹੋਂ ਗਾਲ੍ਹ ਨਿਕਲ ਜਾਂਦੀ ਹੈ।’ ਇਕ ਬੰਦੇ ਨੇ ਮੈਨੂੰ ਲਤੀਫਾ ਸੁਣਾਇਆ। ਦੋ ਸਕੇ ਭਰਾ ਇਕ-ਦੂਜੇ ਨੂੰ ਗੱਲ-ਗੱਲ ਵਿਚ ਭੈਣ ਦੀ ਗਾਲ੍ਹ ਕੱਢਦੇ ਸਨ। ਉਨ੍ਹਾਂ ਦੀ ਇਕੋ-ਇਕ ਭੈਣ ਸੀ। ਅਜਿਹੀਆਂ ਗਾਲ੍ਹਾਂ ਉਹ ਵੀ ਸੁਣਦੀ ਸੀ। ਉਸ ਨੇ ਆਪਣੇ ਪਿਉ ਨੂੰ ਸ਼ਿਕਾਇਤ ਕੀਤੀ-‘ਬਾਪੂ, ਮੇਰੇ ਭਰਾ ਇਕ-ਦੂਜੇ ਨੂੰ ਭੈਣ ਦੀਆਂ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਦੇ ਹਨæææਕਈ ਵਾਰੀ ਮੇਰੇ ਹੀ ਸਾਹਮਣੇ। ਤੁਸੀਂ ਇਨ੍ਹਾਂ ਨੂੰ ਡਾਂਟਦੇ ਕਿਉਂ ਨਹੀਂ?’ ਪਿਉ ਨੇ ਕਿਹਾ-‘ਧੀਏ ਤੂੰ ਫ਼ਿਕਰ ਨਾ ਕਰ। ਮੈਂ ਉਨ੍ਹਾਂ ਨੂੰ ਡਾਂਟ ਦਿਆਂਗਾ।’ ਪਿਉ ਨੇ ਆਪਣੇ ਮੁੰਡਿਆਂ ਨੂੰ ਡਾਂਟਿਆ ਵੀ ਤੇ ਸਮਝਾਇਆ ਵੀ, ਕਿ ਇਹ ਚੰਗੀ ਆਦਤ ਨਹੀਂ, ਪਰ ਪੁੱਤਰਾਂ ਦੀ ਆਦਤ ਵਿਚ ਕੋਈ ਫ਼ਰਕ ਨਾ ਪਿਆ। ਧੀ ਨੇ ਪਿਉ ਅੱਗੇ ਫਿਰ ਸ਼ਿਕਾਇਤ ਕੀਤੀ। ਪਿਉ ਨੂੰ ਗੁੱਸਾ ਚੜ੍ਹ ਗਿਆ ਤੇ ਬੋਲਿਆ-‘ਚੰਗਾæææਅੱਜ ਆਉਣ ਦੇ ਉਨ੍ਹਾਂ (ਦੋਵਾਂ ਨੂੰ ਭੈਣ ਦੀ ਗਾਲ੍ਹ ਕੱਢ ਕੇ) ਨੂੰæææਅੱਜ ਮੈਂ ਉਨ੍ਹਾਂ ਦੀ ਅਜਿਹੀ ਖ਼ਬਰ ਲਵਾਂਗਾ ਕਿ ਉਹ (ਮਾਂ ਦੀ ਗਾਲ੍ਹ ਕੱਢ ਕੇ) ਯਾਦ ਰੱਖਣਗੇ।’
ਗੁਰਬਾਣੀ ਆਖਦੀ ਹੈæææ
ਮਿਠਤੁ ਨੀਵੀ ਨਾਨਕਾ
ਗੁਣ ਚੰਗਿਆਈਆ ਤਤੁ॥
ਸੰਸਾਰ ਦੀਆਂ ਸਾਰੀਆਂ ਚੰਗਿਆਈਆਂ ਦਾ ਤੱਤ ਨਿਮਰਤਾ ਤੇ ਮਿੱਠਾ ਬੋਲਣਾ ਹੈ। ਫਿੱਕਾ, ਕੌੜਾ, ਮੰਦਾ ਬੋਲਣ ਨੂੰ ਗੁਰਬਾਣੀ ਵਿਚ ਥਾਂ-ਥਾਂ ‘ਤੇ ਨਿੰਦਿਆ ਗਿਆ ਹੈæææ
ਨਾਨਕ ਫਿਕੈ ਬੋਲਿਐ
ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ
ਫਿਕੇ ਫਿਕੀ ਸੋਇ॥
ਫਿਕਾ ਦਰਗਹ ਸੁਟੀਐ
ਮੁਹਿ ਥੁਕਾ ਫਿਕੇ ਪਾਇ॥
ਫਿਕਾ ਮੂਰਖੁ ਆਖੀਐ
ਪਾਣਾ ਲਹੈ ਸਜਾਇ॥
ਕਿੰਨੇ ਅਸਚਰਜ ਦੀ ਗੱਲ ਹੈ ਕਿ ਸਭ ਤੋਂ ਵੱਧ ਫਿੱਕਾ ਤੇ ਕੌੜਾ ਉਹ ਬੋਲਦੇ ਹਨ ਜਿਹੜੇ ਗੁਰਸਿੱਖੀ ਤੇ ਗੁਰਬਾਣੀ ਨਾਲ ਜੁੜੇ ਹੋਣ ਦਾ ਦਾਅਵਾ ਵਧ-ਚੜ੍ਹ ਕੇ ਕਰਦੇ ਹਨ!
ਮੈਨੂੰ ਪੰਜਾਬ ਦੇ ਸਿੱਖ ਆਗੂਆਂ ਦੀਆਂ ਆਦਤਾਂ ਨੂੰ ਨੇੜੇ ਹੋ ਕੇ ਵੇਖਣ ਦਾ ਬਹੁਤਾ ਮੌਕਾ ਨਹੀਂ ਮਿਲਿਆ, ਪਰ ਸੁਣਿਆ ਹੈ ਕਿ ਉਨ੍ਹਾਂ ਵਿਚੋਂ ਵੀ ਕੁਝ ਵਧ ਚੜ੍ਹ ਕੇ ਗਾਲ੍ਹਾਂ ਕੱਢਣ ਵਿਚ ਬੜੇ ਮਾਹਿਰ ਹਨ। ਦਿੱਲੀ ਦੇ ਸਿੱਖ ਆਗੂਆਂ ਦੀਆਂ ਆਦਤਾਂ ਨੂੰ ਮੈਂ ਨੇੜਿਉਂ ਵੇਖਿਆ ਹੈ। ਮਾਂਵਾਂ-ਭੈਣਾਂ-ਕੁੜੀਆਂ ਦੀਆਂ ਗੰਦੀਆਂ ਤੋਂ ਗੰਦੀਆਂ ਗਾਲ੍ਹਾਂ ਕੱਢਣਾ ਇਨ੍ਹਾਂ ਲਈ ਆਮ ਗੱਲ ਹੈ। ਇਨ੍ਹਾਂ ਨੂੰ ਮਿਲ ਕੇ ਇੰਜ ਜਾਪਦਾ ਹੈ ਕਿ ਸਿੱਖਾਂ ਦਾ ਆਗੂ ਬਣਨ ਲਈ ਸਭ ਤੋਂ ਜ਼ਰੂਰੀ ਗੁਣ ਇਹ ਹੈ ਕਿ ਉਸ ਕੋਲ ਹੋਰ ਕੋਈ ‘ਚੰਗਿਆਈ’ ਹੋਵੇ ਜਾਂ ਨਾ ਹੋਵੇ, ਗੁਰਬਾਣੀ ਦੀਆਂ ਤੁਕਾਂ ਉਸ ਨੂੰ ਯਾਦ ਹੋਣ ਜਾਂ ਨਾ ਹੋਣ, ਉਸ ਕੋਲ ਗਾਲ੍ਹਾਂ ਕੱਢਣ ਦਾ ਖਜ਼ਾਨਾ ਭਰਪੂਰ ਹੋਣਾ ਚਾਹੀਦਾ ਹੈ। ਇਕ ਵੇਲੇ ਇਹ ਕਿਹਾ ਜਾਂਦਾ ਸੀ ਕਿ ਪੁਲਿਸ ਵਿਚ ਭਰਤੀ ਹੋਣ ਦੀ ਪਹਿਲੀ ਯੋਗਤਾ ਇਹ ਹੈ ਕਿ ਉਮੀਦਵਾਰ ਨੂੰ ਇਕ ਮਿੰਟ ਵਿਚ ਘੱਟ ਤੋਂ ਘੱਟ ਸੌ ਗਾਲ੍ਹਾਂ ਕੱਢਣ ਦੀ ਮੁਹਾਰਤ ਹੋਣੀ ਚਾਹੀਦੀ ਹੈ। ਅੱਜ ਇਹ ਗੱਲ ਦਿੱਲੀ ਦੇ ਬਹੁਤ ਸਾਰੇ ਸਿੱਖ ਆਗੂਆਂ ‘ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।
ਜਿਵੇਂ ਸ਼ਰਾਬ ਪੀਣ ਵਾਲਾ ਦੁੱਖ ਵਿਚ ਹੋਵੇ ਤਾਂ ਗ਼ਮ ਗ਼ਲਤ ਕਰਨ ਲਈ ਸ਼ਰਾਬ ਪੀਂਦਾ ਹੈ। ਸਹਿਜ ਅਵਸਥਾ ਵਿਚ ਹੋਵੇ ਤਾਂ ਆਪਣੀ ਸਹਿਜਤਾ ਕਾਇਮ ਰੱਖਣ ਲਈ ਸ਼ਰਾਬ ਪੀਂਦਾ ਹੈ ਅਤੇ ਜਦੋਂ ਕੁਝ ਖੁਸ਼ ਹੋਵੇ ਤਾਂ ਜਸ਼ਨ ਮਨਾਉਣ ਲਈ ਸ਼ਰਾਬ ਪੀਂਦਾ ਹੈ। ਉਸੇ ਤਰ੍ਹਾਂ ਗਾਲ੍ਹਾਂ ਕੱਢਣ ਵਾਲਾ ਨਾਰਾਜ਼ਗੀ ਵਿਚ ਤਾਂ ਰੱਜ ਕੇ ਗਾਲ੍ਹਾਂ ਕੱਢਦਾ ਹੀ ਹੈ, ਆਮ ਗੱਲਬਾਤ ਵਿਚ ਵੀ ਉਹ ਆਪਣੀ ਸਹਿਜ ਅਵਸਥਾ ਨੂੰ ਕਾਇਮ ਰੱਖਣ ਲਈ ਗਾਲ੍ਹਾਂ ਦੀ ਵਾਛੜ ਕਰਦਾ ਰਹਿੰਦਾ ਹੈ ਅਤੇ ਜਦੋਂ ਬੜਾ ਖੁਸ਼ ਹੋਵੇ ਤਾਂ ਉਹ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਵੱਧ-ਚੜ੍ਹ ਕੇ ਗਾਲ੍ਹਾਂ ਕੱਢਦਾ ਹੈ। ਇਹ ਵੀ ਘੱਟ ਅਸਚਰਜ ਦੀ ਗੱਲ ਨਹੀਂ ਕਿ ਅਜਿਹੇ ਲੋਕੀ ਗੁਰਬਾਣੀ ਤੇ ਗਾਲ੍ਹਾਂ ਨੂੰ ਇਕੋ ਵੇਲੇ ਆਪਣੇ ਮੂੰਹ ਵਿਚ ਰੱਖਣ ਦੀ ਸਮਰੱਥਾ ਰਖਦੇ ਹਨ। ਮੈਨੂੰ ਸਵੇਰੇ ਦੀ ਸੈਰ ਵੇਲੇ ਬਜ਼ੁਰਗ ਸੱਜਣ ਮਿਲ ਜਾਂਦੇ ਹਨ। ਉਹ ਸੈਰ ਕਰਦੇ ਹੋਏ ਪਾਠ ਕਰਦੇ ਰਹਿੰਦੇ ਹਨ। ਕਈ ਵਾਰੀ ਮੈਨੂੰ ਰੋਕ ਕੇ ਦੇਸ਼ ਤੇ ਪੰਥ ਦੀ ਅਜੋਕੀ ਹਾਲਤ ਬਾਰੇ ਆਪਣਾ ਤਬਸਰਾ ਕਰਦੇ ਹੋਏ ਉਹ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਲੀਡਰਾਂ ਦੀਆਂ ਮਾਂਵਾਂ-ਭੈਣਾਂ ਦੀ ਅਹੀ-ਤਹੀ ਕਰ ਦਿੰਦੇ ਹਨ। ਫਿਰ ਸੈਰ ਲਈ ਅੱਗੇ ਤੁਰ ਪੈਂਦੇ ਹਨ ਤੇ ਅਧੂਰਾ ਛੱਡਿਆ ਪਾਠ ਮੁੜ ਆਰੰਭ ਕਰ ਲੈਂਦੇ ਹਨ।
ਪਾਠ ਦੀ ਗੱਲ ਤੋਂ ਇਕ ਹੋਰ ਵਾਕਿਆ ਚੇਤੇ ਆਉਂਦਾ ਹੈ। ਮੈਨੂੰ ਦਿੱਲੀ ਦੇ ਕੁਝ ਬੜੇ ਮੰਨੇ-ਪ੍ਰਮੰਨੇ ਆਗੂਆਂ ਨਾਲ ਕਾਰ ਰਾਹੀਂ ਲੰਮੀ ਯਾਤਰਾ ਕਰਨ ਦਾ ਮੌਕਾ ਮਿਲਿਆ। ਸਵੇਰ ਦਾ ਵੇਲਾ ਸੀ। ਉਨ੍ਹਾਂ ਵਿਚ ਕੁਝ ਚੰਗੇ ਨਿਤਨੇਮੀ ਵੀ ਸਨ। ਰਾਹ ਵਿਚ ਆਪਣਾ ਨਿਤਨੇਮ ਪੂਰਾ ਕਰਨ ਲਈ ਉਨ੍ਹਾਂ ਨੇ ਗੁਟਕੇ ਵੀ ਨਾਲ ਰੱਖ ਲਏ ਸਨ। ਕਾਰ ਤੁਰੀ ਤਾਂ ਨਿਤਨੇਮ ਤੋਂ ਪਹਿਲਾਂ ਗਾਲ੍ਹਾਂ ਦਾ ਨੇਮ ਸ਼ੁਰੂ ਹੋ ਗਿਆ। ਰਾਹ ਵਿਚ ਆਪਣੇ ਧੜੇ ਅਤੇ ਮੁਖਾਲਿਫ ਧੜੇ ਦੇ ਲੋਕਾਂ ਦਾ ਜ਼ਿਕਰ ਆਉਣਾ ਹੀ ਸੀ। ਇਹ ਜ਼ਿਕਰ ਉਨ੍ਹਾਂ ਦੀਆਂ ਮਾਂਵਾਂ-ਭੈਣਾਂ ਨੂੰ ਯਾਦ ਕੀਤੇ ਬਗ਼ੈਰ ਹੋ ਨਹੀਂ ਸੀ ਸਕਦਾ। ਸਿੱਖ ਰਾਜਨੀਤੀ ਦਾ ਮਿਆਰ ਅਜਿਹੀ ਧੜੇਬੰਦੀ ਤੋਂ ਉਤਾਂਹ ਕਦੀ ਜਾਂਦਾ ਹੀ ਨਹੀਂ। ਦੇਸ਼-ਵਿਦੇਸ਼ ਵਿਚ ਕੀ ਹੋ ਰਿਹਾ ਹੈ, ਸੰਸਾਰ ਵਿਚ ਆਪਣੀ ਹੋਂਦ ਲਈ ਜੂਝਣ ਵਾਲੀਆਂ ਕੌਮਾਂ ਉਤੇ ਕੀ ਗੁਜ਼ਰ ਰਿਹਾ ਹੈ, ਅਜੋਕੇ ਸਿੱਖ-ਸੰਕਟ ਦੀ ਸ਼ਿੱਦਤ ਕਿੰਨੀ ਤੇ ਕਿਹੋ ਜਿਹੀ ਹੈ-ਅਜਿਹੇ ਸਵਾਲਾਂ ਨਾਲ ਉਨ੍ਹਾਂ ਦਾ ਬਹੁਤਾ ਸਰੋਕਾਰ ਨਹੀਂ ਹੁੰਦਾ। ‘ਧੜਾ ਧਰਮ ਹੈ ਮੇਰਾ’ ਤੋਂ ਉਤਾਂਹ ਉੱਠ ਕੇ ਸਿੱਖ ਆਗੂ ਕੁਝ ਸੋਚਦੇ ਹੀ ਨਹੀਂ। ‘ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ॥’ ਵਾਲੀ ਗੱਲ ਇਨ੍ਹਾਂ ‘ਤੇ ਲਾਗੂ ਹੁੰਦੀ ਹੈ।
ਉਸ ਯਾਤਰਾ ਵਿਚ ਮੈਂ ਵੇਖਿਆ ਕਿ ਨਿਤਨੇਮ ਤੇ ਕੋਝੀਆਂ ਗਾਲ੍ਹਾਂ ਦੀ ਬਰਖਾ ਨਾਲੋ-ਨਾਲ ਚੱਲ ਰਹੀ ਸੀ। ਕੀ ਗੁਰਬਾਣੀ ਰਚਣ ਵਾਲਿਆਂ ਨੇ ਆਪਣੇ ਸਿੱਖਾਂ ਕੋਲੋਂ ਅਜਿਹੇ ਅਨੂਠੇ ਸੰਜੋਗ ਦੀ ਗੱਲ ਸੋਚੀ ਹੋਵੇਗੀ? ਸ਼ੁਰੂ ਵਿਚ ਹੀ ਮੈਂ ਸੰਸਕਾਰਾਂ ਦੀ ਗੱਲ ਕੀਤੀ ਸੀ। ਪੰਜਾਬੀ ਸਮਾਜ ਦੇ ਬੜੇ ਵੱਡੇ ਹਿੱਸੇ ਉਤੇ ਗਾਲ੍ਹਾਂ ਭਰਿਆ ਇਹ ਕੋਝਾ ਆਚਾਰ ਛਾਇਆ ਹੋਇਆ ਹੈ। ਇਸ ਸਭਿਆਚਾਰ (ਜਾਂ ਕੋਝਾਚਾਰ) ਦੀ ਪਕੜ ਸਿਰਫ ਅਨਪੜ੍ਹ ਜਾਂ ਅੱਧਪੜ ਲੋਕਾਂ ਤੱਕ ਹੀ ਨਹੀਂ; ਪੜ੍ਹੇ-ਲਿਖੇ, ਵਕੀਲ, ਡਾਕਟਰ, ਪ੍ਰੋਫੈਸਰ, ਅਫਸਰ ਤੇ ਵਪਾਰੀ ਵੀ ਇਸ ਆਦਤ ਵਿਚ ਕਿਸੇ ਤੋਂ ਪਿੱਛੇ ਨਹੀਂ। ਜਦੋਂ ਮੈਂ ਕਿਸੇ ਬੰਦੇ ਨੂੰ ਅਜਿਹੇ ਕੁਬੋਲ ਬੋਲਦਾ ਸੁਣਦਾ ਹਾਂ ਤਾਂ ਮੈਨੂੰ ਜਾਪਦਾ ਹੈ ਕਿ ਇਸ ਦੇ ਸੰਸਕਾਰਾਂ ਵਿਚ ਕਿਤੇ ਬੜੀ ਵੱਡੀ ਘਾਟ ਰਹਿ ਗਈ ਹੈ। ਸ਼ਾਇਦ ਇਸ ਬੰਦੇ ਦੇ ਘਰ ਵਿਚ ਅਜਿਹੀ ਚਾਲ ਪਿਤਾ-ਪੁਰਖੀ ਚਲੀ ਆ ਰਹੀ ਹੋਵੇਗੀ। ਸ਼ਾਇਦ ਇਸ ਦੀ ਧਾਰਮਿਕ ਤੇ ਸੰਸਾਰੀ ਸਿੱਖਿਆ ਨੇ ਇਸ ਨੂੰ ਇਹ ਸੂਝ ਨਹੀਂ ਦਿੱਤੀ ਕਿ ਉਹ ਅਜਿਹੀ ਆਦਤ ਤੋਂ ਛੁਟਕਾਰਾ ਪਾ ਸਕੇ ਜਾਂ ਸ਼ਾਇਦ ਗੁਰਬਾਣੀ ਦੇ ਪ੍ਰਕਾਸ਼ ਦੀ ਕੋਈ ਕਿਰਨ ਵੀ ਇਸ ਦੇ ਅੰਦਰ ਨਹੀਂ ਗਈ। ਗੁਰਬਾਣੀ ਆਖਦੀ ਹੈ-
ਜਿਤੁ ਬੋਲਿਐ ਪਤਿ ਪਾਈਐ
ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ, ਸੁਣਿ ਮੂਰਖ ਮਨ ਅਜਾਣ॥
ਜਿਨ੍ਹਾਂ ਦਾ ਪ੍ਰਭਾਤ ਵੇਲਾ ਹੀ ਫਿਕੇ, ਕੌੜੇ ਤੇ ਕੋਝੇ ਬੋਲਾਂ ਤੋਂ ਆਰੰਭ ਹੁੰਦਾ ਹੈ; ਅਜਿਹੇ ਬੰਦੇ ਜੇ ਕਿਸੇ ਕੌਮ ਦੇ ਲੀਡਰ ਬਣ ਜਾਣਗੇ ਤਾਂ ਉਸ ਕੌਮ ਦਾ ਕੀ ਹਸ਼ਰ ਹੋਵੇਗਾ? ਚੰਗੇ ਸੰਸਕਾਰ ਬਣਾਉਣ ਲਈ ਚੰਗੇ ਆਦਰਸ਼ਾਂ ਦੀ ਲੋੜ ਹੁੰਦੀ ਹੈ। ਗੁਰਬਾਣੀ ਨੇ ਅਜਿਹਾ ਸਰਵ-ਵਿਆਪੀ ਆਦਰਸ਼ ਸਾਡੇ ਸਾਹਮਣੇ ਰੱਖਿਆ। ਗੁਰੂ ਅਰਜਨ ਦੇਵ ਜੀ ਨੇ ਆਪਣੇ ਮਨ ਵਿਚ ਕਲਪਿਤ ਅਕਾਲ ਪੁਰਖ ਨੂੰ ਇਸ ਰੂਪ ਵਿਚ ਚਿਤਰਿਆ-
ਮਿਠ ਬੋਲੜਾ ਜੀ
ਹਰਿ ਸਜਣੁ ਸੁਆਮੀ ਮੇਰਾ॥
ਹਉ ਸੰਮਲਿ ਥੱਕੀ ਜੀ
Aਹੁ ਕਦੇ ਨ ਬੋਲੈ ਕਉਰਾ॥
ਕੀ ਇਸ ਬਾਰੇ ਸਾਨੂੰ ਮਿਲ-ਜੁਲ ਕੇ ਵਿਚਾਰ ਕਰਨ ਦੀ ਲੋੜ ਨਹੀਂ ਕਿ ਅਸੀਂ ਕਿਹੜੇ ਸੱਭਿਆਚਾਰ ਦੇ ਵਾਰਸ ਹਾਂ? ਜਿਹੋ ਜਿਹੀ ਜੀਵਨ ਜਾਚ ਸਾਨੂੰ ਗੁਰਬਾਣੀ ਰਾਹੀਂ ਮਿਲੀ ਸੀ, ਕੀ ਸਾਡਾ ਅੱਜ ਦਾ ਵਰਤਾਰਾ ਉਸ ਦੇ ਅਨੁਕੂਲ ਹੈ? ਕੀ ਸੰਸਕਾਰ-ਹੀਣਤਾ ਦੇ ਮਾਹੌਲ ਵਿਚ ਜੰਮੇ-ਪਲੇ ਅਜਿਹੇ ਆਗੂ ਆਪਣੇ ਸਮਾਜ ਦੀ ਨਵੀਂ ਪਨੀਰੀ ਵਿਚ ਚੰਗੇ ਆਚਾਰ ਨੂੰ ਉਸਾਰਨ ਦੀ ਸਮਰੱਥਾ ਰੱਖਦੇ ਹਨ? ਅਸੀਂ ਕਿਹੋ ਜਿਹੇ ਸਮਾਜ ਤੇ ਸੱਭਿਆਚਾਰ ਦੀ ਸਿਰਜਣਾ ਕਰ ਰਹੇ ਹਾਂ?
Leave a Reply