ਪੰਜਾਬੀ ਗੀਤਕਾਰੀ ਦਾ ਧਰੂ-ਤਾਰਾ ਮੱਖਣ ਲੋਹਾਰ

ਇਕਬਾਲ ਸਿੰਘ ਜੱਬੋਵਾਲੀਆ, ਨਿਊ ਯਾਰਕ
ਗੀਤ-ਸੰਗੀਤ ਇਨਸਾਨ ਦੀ ਰੂਹ ਦੀ ਖੁਰਾਕ ਹੈ। ਇਸ ਬਿਨਾ ਸਮਾਜ, ਸਭਿਆਚਾਰ ਅਧੂਰਾ ਹੈ। ਜਦੋਂ ਧੜੱਲੇਦਾਰ ਗੀਤਕਾਰ ਤੇ ਧੱਕੜ ਗਾਇਕ ਦਾ ਸੁਮੇਲ ਹੋ ਜਾਵੇ ਤਾਂ ਕਮਾਲ ‘ਤੇ ਕਮਾਲ ਹੋ ਜਾਂਦੀ ਹੈ। ਇਨਸਾਨੀ ਕਦਰਾਂ-ਕੀਮਤਾਂ ਦੀ ਨਬਜ਼ ਪਛਾਣਦੇ ਥੰਮ੍ਹ ਗੀਤਕਾਰ ਜਦੋਂ ਕਲਮਾਂ ਨਾਲ ਤਰੰਗਾਂ ਪਾਉਂਦੇ ਲੋਕਾਂ ਦੀ ਕਸਵੱਟੀ ‘ਤੇ ਪੂਰਾ ਉਤਰਨ ਤਾਂ ਕਦਰਦਾਨ ਪਲਕਾਂ ‘ਤੇ ਬਿਠਾ ਲੈਂਦੇ ਹਨ। ਲੋਕਾਂ ਦੀਆਂ ਆਸਾਂ ਤੇ ਉਮੀਦਾਂ ‘ਤੇ ਖਰਾ ਉਤਰਨ ਵਾਲਾ ਅਤੇ ਅਸ਼ਲੀਲ ਗੀਤਕਾਰੀ ਤੋਂ ਹਮੇਸ਼ਾ ਸੰਕੋਚ ਕਰਨ ਵਾਲਾ ਗੀਤਕਾਰ ਮੱਖਣ ਲੋਹਾਰ ਆਪਣੇ ਆਪ ਵਿਚ ਇਕ ਮਿਸਾਲ ਹੈ।

ਮੱਖਣ ਲੋਹਾਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਪੋਟਿਆਂ ‘ਤੇ ਗਿਣੇ ਜਾਣ ਵਾਲੇ ਨਾਂਵਾਂ ਵਿਚੋਂ ਇਕ ਹੈ। ਉਹਦੀ ਕਲਮ ਨੇ ਹਮੇਸ਼ਾ ਸਾਫ-ਸੁਥਰੀ ਗੀਤਕਾਰੀ ਪੰਜਾਬੀਆਂ ਦੀ ਝੋਲੀ ਪਾਈ ਹੈ। ਮੋਤੀਆਂ ਦੀ ਮਾਲਾ ਵਾਂਗ ਲਫਜ਼ਾਂ ਨੂੰ ਗੀਤਾਂ ‘ਚ ਪਰੋਣ ਦੀ ਮੁਹਾਰਤ ਰੱਖਣ ਵਾਲੇ ਮੱਖਣ ਲੋਹਾਰ ਨੇ ਹਮੇਸ਼ਾ ਪਰਿਵਾਰਾਂ ‘ਚ ਬਹਿ ਕੇ ਸੁਣਨ ਵਾਲੇ ਗੀਤ ਲਿਖੇ ਹਨ।
ਬਚਪਨ ਦੀਆਂ ਤੰਗੀਆਂ ਤੁਰਸ਼ੀਆਂ ਤੇ ਗਰੀਬੀ ਦੇ ਥਪੇੜੇ ਝੱਲਣ ਵਾਲੇ ਮੱਖਣ ਲੋਹਾਰ ਨੇ ਜ਼ਿੰਦਗੀ ਦੇ ਖੱਟੇ-ਮਿੱਠੇ ਤਜਰਬਿਆਂ ਤੇ ਸਮਾਜਕ ਬੁਰਾਈਆਂ ਨੂੰ ਉਜਾਗਰ ਕੀਤਾ। ਸ਼ੁਰੂ ਵਿਚ ਉਸ ਨੇ ਗੁਰੂ ਰਵਿਦਾਸ ਜੀ ਬਾਰੇ ਧਾਰਮਿਕ ਗੀਤ ਲਿਖੇ। ਫਿਰ ਬੀ. ਆਰ. ਅੰਬੇਡਕਰ ਦੇ ਮਿਸ਼ਨਰੀ ਗੀਤ, ਸਿੱਖ ਇਤਿਹਾਸ ਤੇ ਜੁਝਾਰੂ ਸੂਰਮਿਆਂ ਦੀਆਂ ਕੁਰਬਾਨੀਆਂ ਬਾਰੇ ਉਸ ਦੇ ਲਿਖੇ ਗੀਤਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਉਨ੍ਹੇ ਜ਼ਿੰਦਗੀ ਦਾ ਹਰ ਪੱਖ ਪੂਰਨ ਦੀ ਕੋਸ਼ਿਸ਼ ਕੀਤੀ। 9ਵੀਂ, 10ਵੀਂ ਕਲਾਸ ‘ਚ ਪੜ੍ਹਦੇ ਦੀ ਕਲਮ ਨੇ ਪੈੜਾਂ ਪਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਜੁਆਨੀ ‘ਚ ਪੈਰ ਧਰਦਿਆਂ ਹੀ ਗੀਤਕਾਰੀ ਦੀ ਦੁਨੀਆਂ ‘ਚ ਚਮਕਣ ਲੱਗਾ,
ਚਾਬੀਏ ਸੰਦੂਕ ਦੀਏ, ਗੋਲੀਏ ਬੰਦੂਕ ਦੀਏ,
ਵੱਜ ਕੇ ਯਾਰਾਂ ਦੇ ਸੀਨੇ ਨਿਕਲੀ ਤੂੰ ਪਾਰ ਨੀ।
ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰ ਨੀ।
ਸਮਾਜਕ ਨਾ-ਬਰਾਬਰੀ ਤੇ ਅਮੀਰ ਗਰੀਬ ਦੇ ਪਾੜੇ ਨੂੰ ਨਿਹਾਰਦੇ ਇਸ ਗੀਤ ਨਾਲ ਮੱਖਣ ਲੋਹਾਰ ਦੀ ਕਲਮ ਤੇ ਸੁਖਵਿੰਦਰ ਪੰਛੀ ਦੇ ਨਾਂ ਫਿਜ਼ਾਵਾਂ ‘ਚ ਗੂੰਜਣ ਲੱਗੇ। ਸੰਨ 1994 ਦਾ ਉਹ ਕੈਸਿਟ ਯੁਗ ਸੀ। ਇਲੈਕਟ੍ਰਾਨਿਕ ਮੀਡੀਆ ਵੀ ਨਹੀਂ ਸੀ ਹੁੰਦਾ ਤੇ ਨਾ ਹੀ ਸ਼ੋਸ਼ਲ ਮੀਡੀਏ ਦਾ ਯੁੱਗ ਸੀ। ਇਸ ਦੇ ਬਾਵਜੂਦ ਇਸ ਕੈਸਿਟ ਦੀ ਮਾਰਕੀਟ ਵਿਚ ਬੇਤਹਾਸ਼ਾ ਮੰਗ ਰਹੀ। ਇਸ ਗੀਤ ਨੂੰ ਜਲੰਧਰ ਦੂਰਦਰਸ਼ਨ ‘ਤੇ ਲੋਕਾਂ ਨੇ ਬੇਹੱਦ ਪਸੰਦ ਕੀਤਾ।
ਪ੍ਰਸਿੱਧ ਮਿਉਜ਼ਿਕ ਡਾਇਰੈਕਟਰ ਸੁਖਜਿੰਦਰ ਸ਼ਿੰਦਾ ਤੇ ਜੈਜ਼ੀ ਬੈਂਸ ਕੈਲੀਫੋਰਨੀਆ ਸ਼ੋਅ ਕਰਨ ਆਏ ਹੋਏ ਸਨ। ਪ੍ਰੋਮੋਟਰ ਜੱਸੀ ਬੰਗਾ ਤੇ ਮੱਖਣ ਲੋਹਾਰ ਵੀ ਉਥੇ ਬੈਠੇ ਸਨ। ਰਸਮੀ ਗੱਲਾਂ-ਬਾਤਾਂ ਪਿਛੋਂ ਸੁਖਜਿੰਦਰ ਸ਼ਿੰਦਾ ਮੱਖਣ ਲੋਹਾਰ ਨੂੰ ਕਹਿਣ ਲੱਗਾ, “ਮੱਖਣ ਜੀ, ਸੁਖਵਿੰਦਰ ਪੰਛੀ ਦੇ ‘ਸ਼ਾਹਾਂ ਦੀਏ ਕੁੜੀਏ’ ਗੀਤ ਨੇ ਬੜੀ ਪ੍ਰਸਿੱਧੀ ਖੱਟੀ ਹੈ। ਅਜਿਹਾ ਗੀਤ ਜੈਜ਼ੀ ਬੈਂਸ ਨੂੰ ਵੀ ਦਿਓ। ਜੇ ਪੰਛੀ ਕੁਲਦੀਪ ਮਾਣਕ ਦਾ ਸ਼ਾਗਿਰਦ ਹੈ ਤਾਂ ਜੈਜ਼ੀ ਵੀ ਮਾਣਕ ਦਾ ਸ਼ਾਗਿਰਦ ਹੈ।”
ਮੱਖਣ ਨੇ ਜੈਜ਼ੀ ਨੂੰ ‘ਨਾਗ ਸਾਂਭ ਲੈ ਜ਼ੁਲਫਾਂ ਦੇ’ ਗੀਤ ਦਿਤਾ। ਇਸ ਗੀਤ ਨੇ ਸਫਲਤਾ ਦੇ ਸਾਰੇ ਹੱਦ ਬੰਨੇ ਪਾਰ ਕਰ ਦਿਤੇ ਤੇ ਜੈਜ਼ੀ ਦੀ ਹੋਰ ਭੱਲ ਬਣ ਗਈ। ਇਸ ਗੀਤ ਨੇ ਵਿਆਹਾਂ, ਸ਼ਾਦੀਆਂ ‘ਤੇ ਖੂਬ ਧੁੰਮਾਂ ਪਾਈਆਂ ਤੇ ਵੀਹਾਂ ਸਾਲਾਂ ਪਿਛੋਂ ਵੀ ਪੈ ਰਹੀਆਂ ਹਨ। ਗੀਤ ਜਲੰਧਰ ਦੂਰਦਰਸ਼ਨ ‘ਤੇ ਵੀ ਬੜਾ ਚੱਲਿਆ। ਮੱਖਣ ਦੇ ਗੀਤਾਂ ਦੀ ਕਿਤਾਬ ਧੜਾ ਧੜ ਵਿਕੀ। ਉਸ ਦਾ ਦੂਜਾ ਐਡੀਸ਼ਨ ਵੀ ਛਪ ਚੁਕਾ ਹੈ।
ਟੋਰਾਂਟੋ ਰਹਿੰਦੇ ‘ਪਿੱਸਟੂ ਸਟੂਡੀਓ’ ਵਾਲੇ ਗੁਰਸ਼ਿੰਦਰ ਸ਼ਿੰਦਾ ਨੇ ਕਿਹਾ ਕਿ ਇਹ ਗੀਤ ਬੇਹਤਰੀਨ ਗੀਤਾਂ ਵਿਚੋਂ ਇਕ ਹੈ। ਅੱਜ ਵੀ ਇਹ ਗੀਤ ਨੌਜਵਾਨ ਪੀੜ੍ਹੀ ਦੇ ਮੂੰਹ ਚੜ੍ਹ ਬੋਲ ਰਿਹਾ ਹੈ।
ਜੈਜ਼ੀ ਬੈਂਸ, ਕਲੇਰ ਕੰਠ, ਰਣਜੀਤ ਮਣੀ, ਅੰਮ੍ਰਿਤਾ ਵਿਰਕ, ਸੁਖਦੇਵ ਸਾਹਿਲ, ਫਿਰੋਜ਼ ਖਾਨ, ਰਣਜੀਤ ਰਾਣਾ, ਮੰਗਜੀਤ ਮੰਗਾ, ਐਚ. ਐਸ਼ ਭਜਨ, ਬਲਵਿੰਦਰ ਸਫਰੀ (ਯੂ. ਕੇ.), ਮਿੱਕੀ ਨਰੂਲਾ (ਜਸਪਿੰਦਰ ਨਰੂਲਾ ਦਾ ਭਰਾ), ਸਿਮਰਨ ਢਿੱਲੋਂ, ਐਸ਼ ਐਸ਼ ਅਜ਼ਾਦ, ਦਿਲਜਾਨ, ਗੁਰਬਖਸ਼ ਸ਼ੌਕੀ, ਦੁਰਗਾ ਰੰਗੀਲਾ, ਪੰਮੀ ਬਾਈ, ਬੱਬੂ ਗੁਰਪਾਲ ਯੂ. ਐਸ਼ ਏ., ਸੁਖਵੰਤ ਸੁੱਖੀ, ਤਰਲੋਕ ਸਿੰਘ, ਚੰਦਨ ਸਿੰਘ, ਅਮਰ ਅਰਸ਼ੀ ਤੇ ਪਾਕਿਸਤਾਨੀ ਪ੍ਰਸਿੱਧ ਗਾਇਕ ਸ਼ੌਕਤ ਅਲੀ ਖਾਨ ਤੇ ਕਈ ਹੋਰ ਗਾਇਕਾਂ ਨੇ ਮੱਖਣ ਦੇ ਗੀਤਾਂ ਨੂੰ ਅਵਾਜ਼ ਦਿੱਤੀ ਹੈ।
ਪਰਦੇਸੀ ਪੁੱਤਾਂ ਦੀ ਕਮਾਈ ਨਾਲ ਘਰਾਂ ਦੇ ਬਦਲੇ ਹਾਲਾਤ ਬਾਰੇ ਮੱਖਣ ਲੋਹਾਰ ਨੇ ਗੀਤ ਲਿਖਿਆ,
ਤੈਨੂੰ ਭੇਜਿਆ ਪੁੱਤ ਪਰਦੇਸਾਂ ਨੂੰ
ਕੀ ਕਰਦੇ ਇਹ ਮਜਬੂਰੀ ਸੀ।
ਘਰ ਦੀਆਂ ਤੰਗੀਆਂ ਕੱਟਣ ਲਈ
ਪੈਸਾ ਵੀ ਬਹੁਤ ਜਰੂਰੀ ਸੀ।
ਓਦੋਂ ਆਪਣੇ ਵੀ ਸਨ ਗੈਰ ਹੋਏ
ਅੱਜ ਗੈਰ ਵੀ ਬਣ ਗਏ ਘਰ ਦੇ ਨੇ।
ਹੁਣ ਤਾਂ ਪੰਚਾਇਤੀ ਵੀ ਪੁੱਛ ਕੇ
ਤੇਰੇ ਬਾਪੂ ਨੂੰ ਗੱਲ ਕਰਦੇ ਨੇ।
ਦੁਰਗਾ ਰੰਗੀਲੇ ਦੇ ਗਾਏ ਅਤੇ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਨੇ ਇਸ ਗੀਤ ਨੂੰ ਸਦਾ ਬਹਾਰ ਬਣਾ ਦਿੱਤਾ।
ਮੱਖਣ ਨੇ ਪੰਜਾਬੀਆਂ ਦੀ ਮਨ ਭਾਉਂਦੀ ਖੇਡ ਕਬੱਡੀ ਬਾਰੇ ਵੀ ਕਲਮ ਚਲਾਈ। ਇਸ ਗੀਤ ਨੂੰ ਖੇਡ-ਪ੍ਰੇਮੀਆਂ ਨੇ ਬੜਾ ਪਿਆਰ ਦਿਤਾ। ਨਿਊ ਯਾਰਕ, ਨਿਊ ਜਰਸੀ ਰਹਿੰਦੇ ਜੇ. ਸਨਿਕ ਨੇ ਇਸ ਗੀਤ ਨੂੰ ਧੜੱਲੇਦਾਰ ਅਵਾਜ਼ ਦਿਤੀ ਹੈ,
ਵਿਚ ਮੈਦਾਨਾਂ ਭੇੜ ਹੁੰਦਾ ਜਦੋਂ ਬੱਬਰ ਸ਼ੇਰਾਂ ਦਾ,
ਜੋਰ ਪਰਖਿਆ ਜਾਂਦਾ ਏ ਫਿਰ ਮਰਦ ਦਲੇਰਾਂ ਦਾ,
ਨਾਲੇ ਪਰਖੀ ਜਾਂਦੀ ਤਾਕਤ ਹੱਡੀ ਦੀ।
ਸ਼ੇਰਾਂ ਦੇ ਦੰਗਲ ਵਾਂਗੂੰ ਖੇਡ ਕਬੱਡੀ ਦੀ।
ਮੱਖਣ ਲੋਹਾਰ ਦੇ ਹੁਣ ਤੱਕ ਕੋਈ ਢਾਈ ਸੌ ਗੀਤ ਰਿਕਾਰਡ ਹੋ ਚੁਕੇ ਹਨ। ਉਸ ਨੇ 1990 ਵਿਚ ਲਿਖਣਾ ਸ਼ੁਰੂ ਕੀਤਾ, ਹਾਲੇ ਵੀ ਲਿਖੀ ਜਾ ਰਿਹਾ ਹੈ। ਗੀਤਕਾਰੀ ਉਹਨੂੰ ਰੱਬੀ ਦੇਣ ਹੈ। ਅਮਰੀਕਾ ਆਉਣ ਤੋਂ ਪਹਿਲਾਂ ਉਸ ਨੇ ਜਗਤਪੁਰ ਜੱਟਾਂ ਦੇ ਇੰਦਰਜੀਤ ਜੀਤ ਤੋਂ ਗੀਤਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਉਹਦੇ ਚਾਹੁਣ ਵਾਲਿਆਂ ਦਾ ਦਾਇਰਾ ਵਿਸ਼ਾਲ ਹੈ। ਦੁਨੀਆਂ ਦੇ ਕੋਨੇ ਕੋਨੇ ‘ਚ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜਗ੍ਹਾ ਬਣਾਈ ਹੋਈ ਹੈ। ਸਪਰਿੰਗਫੀਲਡ, ਓਹਾਇਓ ਵਸਦੇ ਪੇਂਡੂ ਅਵਤਾਰ ਸਿੰਘ (ਬੱਬੂ) ਨੇ ਵੀ ਹਾਮੀ ਭਰੀ ਕਿ ਮੱਖਣ ਨੇ ਪਿੰਡ ਲੋਹਾਰ (ਨੇੜੇ ਗੁਰਾਇਆ) ਦੀ ਪਛਾਣ ਬਣਾ ਦਿਤੀ ਹੈ।
ਮੱਖਣ ਲੋਹਾਰ ਦੀਆਂ ਦੋ ਭੈਣਾਂ ਤੇ ਤਿੰਨ ਭਾਈ ਹਨ। ਉਹ, ਗੁਰਮੁਖ ਸਿੰਘ ਤੇ ਤੀਜਾ ਭਰਾ ਇਟਲੀ ਰਹਿੰਦਾ ਹੈ। ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਿਹਾ ਛੋਟਾ ਵੀਰ ਗੁਰਮੁਖ ਸਿੰਘ ਵੀ ਲਿਖਣ ਦਾ ਸ਼ੌਕ ਰੱਖਦਾ ਹੈ। ਮੱਖਣ ਲੋਹਾਰ ਕੈਲੀਫੋਰਨੀਆ ਰਹਿੰਦਾ ਹੈ। ਮਾਤਾ ਪਿਆਰ ਕੌਰ ਤੇ ਪਿਤਾ ਗੁਰਮੀਤ ਰਾਮ ਵੀ ਉਸ ਕੋਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਮੱਖਣ ਨੇ ਗੁਰਾਇਆ ਵਿਖੇ ‘ਐਮ ਟਰੈਕ ਐਂਟਰਟੇਨਮੈਂਟ’ ਨਾਂ ਦੀ ਕੰਪਨੀ ਬਣਾਈ ਹੋਈ ਹੈ।
ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰ ਚੁਕੇ ਮੱਖਣ ਲੋਹਾਰ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਦਾਇਰੇ ਵਿਚ ਰਹਿ ਕੇ ਪਰਿਵਾਰਕ, ਸਮਾਜਕ, ਸਭਿਆਚਾਰਕ, ਧਾਰਮਿਕ ਤੇ ਖੇਡਾਂ ਦੇ ਖੇਤਰ ਵਿਚ ਰੂਹ ਨਾਲ ਲਿਖਿਆ ਤੇ ਰੱਜ ਕੇ ਲੋਕਾਂ ਦਾ ਪਿਆਰ ਖੱਟਿਆ। ਉਸ ਨੇ ਕਿਹਾ ਕਿ ਉਹ ਹਮੇਸ਼ਾ ਸਾਫ-ਸੁਥਰੇ ਗੀਤ ਲਿਖਦਾ ਆਇਆ ਹੈ ਤੇ ਹਮੇਸ਼ਾ ਲਿਖਦਾ ਰਹੇਗਾ, ਕਿਸੇ ਨੂੰ ਸ਼ਿਕਵੇ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਵੇਗਾ।
ਲੋਕ ਦਿਲਾਂ ‘ਚ ਵਸਾ ਲੈਂਦੇ
ਜਿਸ ਕਲਮ ‘ਚ ਸਮਾਜ ਦਾ ਰੰਗ ਹੋਵੇ।
ਸਭਿਆਚਾਰ ਵਿਰਸਾ ਕਰੇ ਸਲਾਮਾਂ
ਜਿਸ ਨੂੰ ਲਿਖਣ ਦਾ ਢੰਗ ਹੋਵੇ।
ਬੇਖੌਫ, ਬੇਦਾਗ ਕਲਮਾਂ ਦੀਆਂ
‘ਜੱਬੋਵਾਲੀਆ’ ਕਦਰਾਂ ਪੈਂਦੀਆਂ ਨੇ,
ਚਲਦੀਆਂ ਜੋ ਸਮੇਂ ਦੀ ਮੰਗ ਹੋਵੇ।