ਗੁਲਜ਼ਾਰ ਸਿੰਘ ਸੰਧੂ
ਇਸ ਵਾਰ ਦਾ ਕੌਮਾਂਤਰੀ ਮਾਂ ਬੋਲੀ ਦਿਵਸ ਪੰਜਾਬੀ ਬੋਲੀ ਦੀਆਂ ਬਰਕਤਾਂ ਉਤੇ ਫੁੱਲ ਚੜ੍ਹਾ ਕੇ ਪੰਜਾਬ ਦੇ ਕੋਨੇ ਕੋਨੇ ਵਿਚ ਮਨਾਇਆ ਗਿਆ। 14 ਫਰਵਰੀ 2020 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਰਚਾਏ ਗਏ ਸਮਾਗਮ ਤੋਂ ਲੈ ਕੇ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵਾਲੇ ਸਮਾਗਮ ਤੱਕ ਦਿਲ ਦੇ ਵਲਵਲਿਆਂ ਤੇ ਅੰਦਰੂਨੀ ਭਾਵਨਾਵਾਂ ਨੂੰ ਸੁਰਜੀਤ ਰੱਖਣ ਵਾਲੀ ਪੰਜਾਬੀ ਭਾਸ਼ਾ ਦੀ ਦੇਣ ਹੀ ਚੇਤੇ ਨਹੀਂ ਕੀਤੀ ਗਈ, ਇਸ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲੀਆਂ ਛੇ ਦਰਜਨ ਤੋਂ ਵਧ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਨ੍ਹਾਂ ਵਿਚ ਮੰਨੇ ਪ੍ਰਮੰਨੇ ਸਾਹਿਤਕਾਰ ਸੁਰਜੀਤ ਪਾਤਰ, ਵਰਿਆਮ ਸੰਧੂ ਤੇ ਸੁਖਵਿੰਦਰ ਅੰਮ੍ਰਿਤ ਹੀ ਨਹੀਂ, ਪੰਜਾਬੀ ਕਾਵਿ ਜਗਤ ਦੇ ਰੌਸ਼ਨ ਸਿਤਾਰੇ ਮੋਹਨਜੀਤ, ਰਵਿੰਦਰ ਭੱਠਲ, ਵਨੀਤਾ, ਸ੍ਰੀਰਾਮ ਅਰਸ਼, ਰੁਬੀਨਾ ਸ਼ਬਨਮ, ਵਿਜੈ ਵਿਵੇਕ, ਮਨਜੀਤ ਇੰਦਰਾ, ਸੁਰਜੀਤ ਜੱਜ ਤੇ ਹੋਰ ਵੀ ਸ਼ਾਮਲ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ 17 ਫਰਵਰੀ ਵਾਲੇ ਸਮਾਗਮ ਵਿਚ ਕਰਨੈਲ ਸਿੰਘ ਥਿੰਦ ਤੇ ਗੁਰਬਖਸ਼ ਫਰੈਂਕ ਜਿਹੇ ਮਹਾਰਥੀਆਂ ਦੇ ਨਾਲ ਦਿੱਲੀ ਨਿਵਾਸੀ ਰਵੇਲ ਸਿੰਘ ਤੇ ਬਲਬੀਰ ਮਾਧੋਪੁਰੀ ਨੂੰ ਚੇਤੇ ਕਰਨਾ ਵੀ ਸਨਮਾਨਾਂ ਦੀ ਲੜੀ ਵਿਚ ਸ਼ਾਮਲ ਸੀ। ਪੰਜਾਬੀ ਭਾਸ਼ਾ ਨੂੰ ਪ੍ਰਨਾਏ ਪਟਿਆਲਾ ਸ਼ਹਿਰ ਵਾਲਾ ਪ੍ਰਥਮ ਸਮਾਗਮ ਰੰਗਮੰਚ ਤੇ ਨਾਟਕ ਕਲਾ ਨੂੰ ਸਮਰਪਿਤ ਸੀ, ਜਿੱਥੇ ਡਾ. ਆਤਮਜੀਤ, ਸਵਰਾਜਬੀਰ, ਜਤਿੰਦਰ ਕੌਰ, ਨੀਨਾ ਟਿਵਾਣਾ, ਸੁਨੀਤਾ ਧੀਰ, ਬਲਕਾਰ ਸਿੱਧੂ, ਗੁਰਚਰਨ ਚੰਨੀ, ਮਨਜੀਤ ਔਲਖ ਅਤੇ ਸਤੀਸ਼ ਵਰਮਾ ਜਿਹੇ ਹਰਮਨ ਪਿਆਰੇ ਰੰਗ ਕਰਮੀਆਂ ਦੀ ਕਦਰ ਕੀਤੀ ਗਈ।
ਇਕ ਆਮ ਨਾਲੋਂ ਹਟਵਾਂ ਪ੍ਰੋਗਰਾਮ 19 ਫਰਵਰੀ 2020 ਨੂੰ ਗੁਰੂ ਨਾਨਕ ਭਵਨ, ਲੁਧਿਆਣਾ ਵਿਚ ਕੀਤਾ ਗਿਆ, ਜਿੱਥੇ ਮਲਕੀਤ ਡੌਲੀ ਦਾ ਗਿੱਧੇ, ਬਲਕਾਰ ਸਿੱਧੂ ਦਾ ਭੰਗੜੇ, ਕਰਮਜੀਤ ਬੱਗਾ ਦਾ ਅਲਗੋਜ਼ਾ ਵਾਦਨ ਤੇ ਭੁਪਿੰਦਰ ਬੱਬਲ ਦਾ ਗਾਇਕ ਕਲਾ ਦੇ ਯੋਗਦਾਨ ਲਈ ਸਨਮਾਨ ਕੀਤਾ ਗਿਆ। ਮਾਂ ਬੋਲੀ ਦਿਵਸ ਨੂੰ ਸਮਰਪਿਤ ਇਨ੍ਹਾਂ ਪ੍ਰੋਗਰਾਮਾਂ ਲਈ ਪੰਜਾਬ ਸਰਕਾਰ ਤੋਂ ਭਰਪੂਰ ਸਹਿਯੋਗ ਮਿਲਿਆ।
ਇਨ੍ਹਾਂ ਪ੍ਰੋਗਰਾਮਾਂ ਦੀ ਸਮਾਪਤੀ ਮਹਿੰਦਰ ਸਿੰਘ ਰੰਧਾਵਾ ਵਲੋਂ ਸਥਾਪਤ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਵਿਚ ਹੋਈ, ਜਿੱਥੇ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਥੇ ਵੀ ਪੰਜਾਬੀ ਸਾਹਿਤ, ਸਭਿਆਚਾਰ ਤੇ ਪੱਤਰਕਾਰੀ ਨਾਲ ਜੁੜੀਆਂ ਸ਼ਖਸੀਅਤਾਂ-ਜੰਗ ਬਹਾਦਰ ਗੋਇਲ, ਸਤਨਾਮ ਸਿੰਘ ਮਾਣਕ, ਐਸ਼ ਐਨ. ਸੇਵਕ, ਅਮਰਜੀਤ ਗਰੇਵਾਲ, ਵਿਦਵਾਨ ਸਿੰਘ ਸੋਨੀ, ਨੂਰ ਮੁਹੰਮਦ ਨੂਰ ਤੇ ਧਨਵੰਤ ਕੌਰ ਦਾ ਸਨਮਨ ਕੀਤਾ ਗਿਆ, ਜਿਨ੍ਹਾਂ ਵਿਚ ਮੈਂ ਵੀ ਸ਼ਾਮਲ ਸਾਂ।
ਇਕ ਹਫਤਾ ਚੱਲੇ ਇਨ੍ਹਾਂ ਸਮਾਗਮਾਂ ਨੂੰ ਸਫਲ ਕਰਨ ਲਈ ਪੰਜਾਬ ਸਰਕਾਰ ਨੇ ਆਪਣੇ ਸਭਿਆਚਾਰਕ ਮੰਤਰੀ ਨੂੰ ਹਰ ਤਰ੍ਹਾਂ ਦੀ ਖੁਲ੍ਹ ਦਿੱਤੀ ਅਤੇ ਉਨ੍ਹਾਂ ਨੇ ਮਾਂ ਬੋਲੀ ਦੇ ਵਿਕਾਸ ਵਿਚ ਕੀਤੀਆਂ ਜਾਣ ਵਾਲੀਆਂ ਅਗਲੀਆਂ ਸਗਰਮੀਆਂ ਉਤੇ ਹਰ ਸੰਭਵ ਪਹਿਰਾ ਦੇਣ ਦਾ ਵਚਨ ਦਿੱਤਾ। ਇਨ੍ਹਾਂ ਵਿਚ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਵਿਸ਼ੇ ਨੂੰ ਲਾਜ਼ਮੀ ਕਰਨ ਅਤੇ ਰਾਜ ਦੇ ਸਭ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਸੂਚਨਾ ਬੋਰਡਾਂ ਵਿਚ ਪੰਜਾਬੀ ਨੂੰ ਪਹਿਲ ਦੇਣ ਦਾ ਵਚਨ ਵੀ ਸ਼ਾਮਲ ਸੀ। ਮੰਤਰੀ ਨੇ ਭਰੀ ਮਹਿਫਿਲ ਵਿਚ ਪੈਂਤੀ ਅੱਖਰੀ ਦਾ ਉਚਾਰਨ ਕਰਕੇ ਭਾਵਕ ਹੁੰਦਿਆਂ ਕਿਹਾ ਕਿ ਜੇ ਅਸੀਂ ਇਹ ਵੀ ਗਵਾ ਲਏ ਤਾਂ ਸਾਡਾ ਜਿਉਣਾ ਕਾਹਦਾ ਜਿਉਣਾ ਹੋਇਆ!
ਇਨ੍ਹਾਂ ਸਮਾਗਮਾਂ ਵਿਚ ਨੌਜਵਾਨਾਂ ਤੇ ਬੱਚਿਆਂ ਦੇ ਆਨ ਲਾਈਨ ਕਵਿਤਾ ਮੁਕਾਬਲੇ ਕਰਨ ਦੀ ਪਹਿਲ ਵੀ ਕੀਤੀ ਗਈ। ਸਾਰੇ ਮੰਚ ਸੰਚਾਲਕਾਂ ਤੇ ਬੁਲਾਰਿਆਂ ਨੇ ਪੰਜਾਬ ਤੋਂ ਬਾਹਰ ਦੇ ਰਾਜਾਂ ਵਿਚ ਹੀ ਨਹੀਂ, ਭਾਰਤ ਤੋਂ ਬਾਹਰਲੇ ਉਨ੍ਹਾਂ ਦੇਸ਼ਾਂ ਵਿਚ ਵੀ, ਜਿੱਥੇ ਪੰਜਾਬੀ ਵਸਦੇ ਹਨ, ਮਾਂ ਬੋਲੀ ਪੰਜਾਬੀ ਦੀ ਮਾਣ ਮਰਿਆਦਾ ਬਣਾਈ ਰੱਖਣ ਦਾ ਹੋਕਾ ਦਿੱਤਾ।
ਇਨ੍ਹਾਂ ਪ੍ਰੋਗਰਾਮਾਂ ਵਿਚ ਮੋਢੀ ਰੋਲ ਹਰਮਨ ਪਿਆਰੇ ਕਵੀ ਸੁਰਜੀਤ ਪਾਤਰ ਦੀ ਅਗਵਾਈ ਵਾਲੀ ਪੰਜਾਬ ਕਲਾ ਪ੍ਰੀਸ਼ਦ ਦਾ ਰਿਹਾ। ਜਿੱਥੇ ਇਸ ਤੋਂ ਪਹਿਲਾਂ 2 ਤੋਂ 6 ਫਰਵਰੀ 2020 ਤੱਕ ਐਮ. ਐਸ਼ ਰੰਧਾਵਾ ਉਤਸਵ ਰਚਾ ਕੇ ਅਜੀਤ ਕੌਰ, ਗੁਰਬਚਨ ਸਿੰਘ ਭੁੱਲਰ, ਮੋਹਨ ਭੰਡਾਰੀ, ਦਵਿੰਦਰ ਦਮਨ ਤੇ ਕੰਵਰਜੀਤ ਕੰਗ ਨੂੰ ਪੰਜਾਬ ਗੌਰਵ ਸਨਮਾਨ ਨਾਲ ਨਿਵਾਜ ਕੇ ਸ਼ ਰੰਧਾਵਾ ਦੀ ਸਾਹਿਤ, ਸਭਿਆਚਾਰ ਤੇ ਕਲਾ ਪ੍ਰਤੀ ਸੋਚ ਅਤੇ ਧਾਰਨਾ ਉਤੇ ਫੁੱਲ ਚੜ੍ਹਾਏ।
ਚੰਡੀਗੜ੍ਹ ਵਿਚ ਰੰਗ ਮੰਚ ਮਹੀਨਾ: ਇਸ ਵਾਰੀ ਪੰਜਾਬ ਕਲਾ ਭਵਨ ਤੋਂ ਬਿਨਾ ਚੰਡੀਗੜ੍ਹ ਦਾ ਬਾਲ ਭਵਨ ਵੀ ਨਾਟਕਾਂ ਦਾ ਗੜ੍ਹ ਰਿਹਾ। ਸੁਦੇਸ਼ ਸ਼ਰਮਾ ਦੀ ਅਗਵਾਈ ਵਾਲੀ ਸੰਸਥਾ ‘ਥੀਏਟਰ ਫਾਰ ਥੀਏਟਰ’ ਨੇ ਇਸ ਭਵਨ ਦੇ ਅੰਦਰ ਅਤੇ ਬਾਹਰ ਮਹੀਨਾ ਭਰ ਨਾਟਕਾਂ ਦੇ ਪ੍ਰੋਗਰਾਮ ਰਚਾ ਕੇ ਸ਼ਹਿਰ ਦੇ ਕਲਾ ਪ੍ਰੇਮੀਆਂ ਨੂੰ ਹੀ ਨਹੀਂ, ਮੁਹਾਲੀ, ਪੰਚਕੂਲਾ ਤੇ ਜ਼ੀਰਕਪੁਰ ਤੱਕ ਦੇ ਦਰਸ਼ਕਾਂ ਨੂੰ ਨਿਹਾਲ ਕੀਤਾ।
ਮਹੀਨਾ ਭਰ ਚੱਲੇ ਇਨ੍ਹਾਂ ਪ੍ਰੋਗਰਾਮਾਂ ਦੀ ਸਮਾਪਤੀ ਚੰਡੀਗੜ੍ਹ ਕਮਿਸ਼ਨ ਫਾਰ ਚਾਈਲਡ ਰਾਈਟਸ ਦੀ ਰੂਹੇ-ਰਵਾਂ ਬੀਬੀ ਹਰਜਿੰਦਰ ਕੌਰ ਦਾ ਜਨਮ ਦਿਨ ਮਨਾ ਕੇ ਕੀਤੀ ਗਈ। ਬੀਬੀ ਹਰਜਿੰਦਰ ਕੌਰ ਦੇ ਕੋਮਲ ਕਲਾਵਾਂ ਵਿਚ ਪਾਏ ਯੋਗਦਾਨ ਤੋਂ ਬਿਨਾ ਚੰਡੀਗੜ੍ਹ ਦੀ ਮੇਅਰ ਹੁੰਦਿਆਂ ਰੰਗ ਮੰਚ ਨੂੰ ਦਿੱਤੇ ਬੜ੍ਹਾਵੇ ਨੂੰ ਵੀ ਚੇਤੇ ਕੀਤਾ ਗਿਆ। ਗਦਰੀ ਬਾਬਿਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਦੁਆਬਾ ਖੇਤਰ ਦੀ ਜੰਮੀ ਜਾਈ ਹਰਜਿੰਦਰ ਕੌਰ ਨੇ ਆਪਣਾ ਜੀਵਨ ਕੋਮਲ ਕਲਾਵਾਂ ਦੇ ਵਿਕਾਸ ਦੇ ਲੇਖੇ ਲਾ ਕੇ ਆਪਣੀ ਜਨਮ ਭੂਮੀ ਕਪੂਰਥਲਾ ਦੇ ਸੀਸ ਉਤੇ ਇੱਕ ਵੱਖਰਾ ਤਾਜ ਸਜਾਇਆ ਹੈ।
ਅੰਤਿਕਾ: ਸੁਰਜੀਤ ਪਾਤਰ
ਮੈਂ ਰਾਹਾਂ ‘ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।
ਜੁਗਾਂ ਤੋਂ ਕਾਫਲੇ ਆਉਂਦੇ
ਇਸ ਗੱਲ ਦੇ ਗਵਾਹ ਬਣਦੇ।
ਇਹ ਤਪਦੀ ਰੇਤ ਦੱਸਦੀ ਹੈ
ਕਿ ਰਸਤਾ ਠੀਕ ਹੈ ਮੇਰਾ,
ਇਹ ਸੜਦੇ ਪੈਰ ਸੜਦੇ ਦਿਲ
ਮੇਰੇ ਸੱਚ ਦੇ ਗਵਾਹ ਬਣਦੇ।