ਕੈਪਟਨ ਵਲੋਂ ਸਿਆਸੀ ਮੁਫਾਦਾਂ ਲਈ ਕਰਤਾਰਪੁਰ ਲਾਂਘੇ ਦੀ ਓਟ

ਇਕ ਵਾਰ ਫਿਰ ਅਤਿਵਾਦ ਦਾ ਹਊਆ ਖੜ੍ਹਾ ਕਰਨ ਦਾ ਯਤਨ
ਚੰਡੀਗੜ੍ਹ: ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਵਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਸਬੰਧੀ ਦਿੱਤੇ ਵਿਵਾਦਿਤ ਬਿਆਨ ਤੋਂ ਸੂਬੇ ਦੀ ਸਿਆਸਤ ਭਖੀ ਹੋਈ ਹੈ। ਪੁਲਿਸ ਮੁਖੀ ਨੇ ਇਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲਾ ਸ਼ਰਧਾਲੂ ਸਿਰਫ 6 ਘੰਟਿਆਂ ਵਿਚ ਅਤਿਵਾਦੀ ਬਣ ਕੇ ਪਰਤ ਸਕਦੇ ਹਨ।

ਹੁਣ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਤੱਕ 50 ਹਜ਼ਾਰ ਤੋਂ ਵੱਧ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਤੇ ਉਨ੍ਹਾਂ ਵਿਚੋਂ ਕਿੰਨੇ ਅਤਿਵਾਦੀ ਬਣ ਕੇ ਪਰਤੇ? ਪੁਲਿਸ ਮੁਖੀ ਨੇ ਇਹ ਬਿਆਨ ਕਿਸ ਆਧਾਰ ਉਤੇ ਦਿੱਤਾ? ਕਿਉਂਕਿ ਨਾ ਤਾਂ ਖੁਫੀਆ ਏਜੰਸੀਆਂ ਨੇ ਅਜਿਹੀ ਕੋਈ ਸੂਹ ਦਿੱਤੀ ਤੇ ਨਾ ਹੀ ਹੁਣ ਤੱਕ ਅਜਿਹੀ ਕੋਈ ਘਟਨਾ ਸਾਹਮਣੇ ਆਈ। ਗੁਪਤਾ ਨੇ ਅਗਲੇ ਹੀ ਦਿਨ ਬਿਆਨ ਜਾਰੀ ਕਰਕੇ ਇਹ ਕਬੂਲ ਵੀ ਕਰ ਲਿਆ ਕਿ ਉਸ ਤੋਂ ਅਨਜਾਣੇ ਵਿਚ ਇਹ ਗੱਲ ਆਖੀ ਗਈ। ਇਸ ਤੋਂ ਵੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਇਸ ਮੁੱਦੇ ਉਤੇ ਹੁਣ ਤੱਕ ਚੁੱਪ ਬੈਠੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਇਹ ਕਹਿ ਕੇ ਗੱਲ ਨਿਬੇੜ ਦਿੱਤੀ ਕਿ ਉਸ ਤੋਂ (ਪੁਲਿਸ ਮੁਖੀ) ਜੇ ਭੁੱਲ ਹੋ ਗਈ ਤਾਂ ਮੁਆਫੀ ਵੀ ਮੰਗ ਲਈ ਹੈ ਤੇ ਰੌਲਾ ਪਾਉਣ ਦੀ ਕੋਈ ਤੁਕ ਨਹੀਂ ਬਣਦੀ।
ਭਾਵੇਂ ਗੁਪਤਾ ਦੇ ਬਿਆਨ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਕੈਪਟਨ ਸਰਕਾਰ ਨੂੰ ਪੁਲਿਸ ਮੁਖੀ ਦੀ ਇਹ ਫਿਰਕੂ ਟਿੱਪਣੀ ਕਾਫੀ ਰਾਸ ਆ ਗਈ। ਦਰਅਸਲ, ਗੁਪਤਾ ਦਾ ਬਿਆਨ ਉਸ ਸਮੇਂ ਆਇਆ ਜਦੋਂ ਪੰਜਾਬ ਦਾ ਬਜਟ ਇਜਲਾਸ ਸ਼ੁਰੂ ਹੋਣ ਵਾਲਾ ਸੀ ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ 3 ਸਾਲਾਂ ਦੀਆਂ ਨਾਲਾਇਕੀਆਂ ਉਤੇ ਘੇਰਨ ਲਈ ਕਮਰਕੱਸੇ ਕੀਤੇ ਹੋਏ ਸਨ। ਇਜਲਾਸ ਸ਼ੁਰੂ ਹੋਇਆ ਤਾਂ ਵਿਰੋਧੀ ਧਿਰਾਂ ਸਰਕਾਰ ਦੀ ਤੈਅ ਰਣਨੀਤੀ ਮੁਤਾਬਕ ਹੀ ਭੁਗਤੀਆਂ।
ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ (ਆਪ), ਅਕਾਲੀ ਦਲ ਟਕਸਾਲੀ ਅਤੇ ਹੋਰਨਾਂ ਪਾਰਟੀਆਂ ਡੀæਜੀæਪੀæ ਮੁਰਦਾਬਾਦ ਦੇ ਬੈਨਰ ਫੜ ਕੇ ਵਿਧਾਨ ਸਭਾ ਦੇ ਬਾਹਰ ਤੇ ਅੰਦਰ ਆ ਖੜ੍ਹੀਆਂ। ਹੋਰ ਸਾਰੇ ਮੁੱਦੇ ਵਿਸਰ ਗਏ ਤੇ ਕੈਪਟਨ ਸਰਕਾਰ ਦੀਆਂ ਨਾਲਾਇਕੀਆਂ ਖਿਲਾਫ ਝੰਡਾ ਚੁੱਕਣ ਦੀ ਥਾਂ ਇਹ ਸੈਸ਼ਨ ਡੀæਜੀæਪੀæ ਦੇ ਬਿਆਨ ਦੁਆਲੇ ਹੀ ਘੁੰਮ ਗਿਆ। ਸਿੱਖ ਚਿੰਤਕ ਹੁਣ ਆਮ ਲੋਕਾਂ ਦੇ ਕੰਨੀ ਇਹ ਗੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਬਿਆਨ ਤੈਅ ਰਣਨੀਤੀ ਤਹਿਤ ਆਇਆ ਤੇ ਆਪਣੀ ਮਕਸਦ ਪੂਰਾ ਵੀ ਕਰ ਗਿਆ।
ਬਿਆਨ ਨੂੰ ਇਸ ਪਾਸੇ ਵੀ ਜੋੜਿਆ ਜਾ ਰਿਹਾ ਹੈ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਇਸ ਲਾਂਘੇ ਨੂੰ ਬੰਦ ਕਰਾਉਣ ਲਈ ਸਾਜ਼ਿਸ਼ਾਂ ਰਚ ਰਹੀਆਂ ਹਨ ਤੇ ਡੀæਜੀæਪੀæ ਦਾ ਬਿਆਨ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਸਿੱਖ ਜਥੇਬੰਦੀਆਂ ਇਹ ਵੀ ਸਵਾਲ ਕਰ ਰਹੀਆਂ ਹਨ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਕਰੀਬ ਸਾਰੇ ਨੁਮਾਇੰਦੇ (ਮੁੱਖ ਮੰਤਰੀ ਸਮੇਤ), ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ, ਵਿਧਾਇਕ ਅਤੇ ਉਚ ਅਧਿਕਾਰੀ ਵੀ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਆਏ ਹਨ, ਕੀ ਉਹ ਸਾਰੇ ਅਤਿਵਾਦੀ ਰੰਗ ‘ਚ ਰੰਗੇ ਗਏ।
ਯਾਦ ਰਹੇ ਕਿ ਭਾਰਤ ਦੀਆਂ ਸਿਆਸੀ ਧਿਰਾਂ ਕਦੇ ਵੀ ਇਹ ਲਾਂਘਾ ਖੋਲ੍ਹਣ ਦੇ ਹੱਕ ਵਿਚ ਨਹੀਂ ਰਹੀਆਂ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਭਾਰਤੀ ਹਾਕਮਾਂ ਨੇ ਇਸ ਦੇ ਰਾਹ ਵਿਚ ਅੜਿੱਕੇ ਡਾਹੁਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਦੀ ਅਰਦਾਸ ਪੂਰੀ ਕਰਨ ਲਈ ਅਜਿਹੀ ਸ਼ਿੱਦਤ ਨਾਲ ਕੰਮ ਕੀਤਾ ਕਿ ਭਾਰਤੀ ਹਾਕਮਾਂ ਨੂੰ ਵੀ ਪਿੱਛੇ ਤੁਰਨਾ ਪਿਆ। ਪੁਲਵਾਮਾ ਹਮਲੇ ਤੋਂ ਬਾਅਦ ਭਾਜਪਾ ਆਗੂਆਂ ਨੇ ਸ਼ਰੇਆਮ ਇਸ ਲਾਂਘੇ ਦਾ ਕੰਮ ਇਥੇ ਹੀ ਰੋਕਣ ਦੀਆਂ ਅਪੀਲਾਂ ਕੀਤੀਆਂ। ਲਾਂਘੇ ਦੇ ਉਦਘਾਟਨ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਵੱਲੋਂ ਲਾਂਘੇ ਰਾਹੀਂ ਅਤਿਵਾਦੀ ਭੇਜਣ ਦੇ ਦਾਅਵੇ ਕਰ ਰਹੇ ਪਰ ਜਦੋਂ ਲਾਂਘਾ ਖੁੱਲ੍ਹਿਆ ਤੇ ਕੈਪਟਨ ਆਪਣੇ ਵਜ਼ੀਰਾਂ ਸਮੇਤ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਗਏ ਤਾਂ ਉਹ ਇਮਰਾਨ ਖਾਨ ਦੀਆਂ ਤਰੀਫਾਂ ਦੇ ਪੁਲ ਬੰਨ੍ਹਦੇ ਵਾਪਸ ਪਰਤੇ। ਕੈਪਟਨ ਦੇ ਹੁਕਮਾਂ ਉਤੇ ਪੂਰੇ ਸੂਬੇ ਵਿਚ ਵੱਡੇ ਵੱਡੇ ਅਪੀਲੀ ਬੋਰਡ ਲਗਾ ਕੇ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦੀ ਬੇਨਤੀ ਕੀਤੀ ਗਈ। ਹੁਣ ਡੀæਜੀæਪੀæ ਦਾ ਅਜਿਹਾ ਬਿਆਨ ਇਹੀ ਇਸ਼ਾਰਾ ਕਰਦਾ ਹੈ ਕਿ ਇਹ ਸਿਰਫ ਵਿਰੋਧੀ ਧਿਰਾਂ ਨੂੰ ਆਹਰੇ ਲਾਉਣ ਦੀ ਰਣਨੀਤੀ ਸੀ।
ਦਰਅਸਲ, ਡੀæਜੀæਪੀæ ਦਾ ਇਹ ਮੰਦਭਾਗਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਾਂਘੇ ਨੇ ਆਪਣੇ 100 ਦਿਨ ਪੂਰੇ ਕਰ ਲਏ ਹਨ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਜਾ ਕੇ ਦੋਵਾਂ ਮੁਲਕਾਂ ਦੀਆਂ ਸਰਕਾਰ ਨੂੰ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਸਮੇਤ ਹੋਰ ਸਮੱਸਿਆਵਾਂ ਦੇ ਹੱਲ ਲਈ ਅਪੀਲ ਕਰ ਰਹੇ ਸਨ। ਕੌਮਾਂਤਰੀ ਭਾਈਚਾਰੇ ਵੱਲੋਂ ਲਾਂਘੇ ਲਈ ਪਾਕਿਸਤਾਨ ਸਰਕਾਰ ਦੀਆਂ ਤਰੀਫ ਕੀਤੀ ਜਾ ਰਹੀ ਹੈ। ਇਸੇ ਹਫਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟਰੇਜ਼ ਨੇ ਵੀ ਇਥੇ ਦਰਸ਼ਨ ਕਰਕੇ ਇਸ ਨੂੰ ਵਿਸ਼ਵ ਸ਼ਾਂਤੀ ਦਾ ਸੋਮਾ ਕਰਾਰ ਦਿੱਤਾ ਤੇ ਇਮਰਾਨ ਖਾਨ ਦੇ ਇਸ ਅਮਨ ਦੇ ਸੁਨੇਹੇ ਨੂੰ ਸਲਾਮ ਕੀਤੀ। ਸਿੱਖ ਚਿੰਤਕ ਸਵਾਲ ਕਰ ਰਹੇ ਹਨ ਕਿ ਜੇਕਰ ਇਕ ਅੰਤਰਰਾਸ਼ਟਰੀ ਆਗੂ ਇਸ ਦੀ ਸ਼ਲਾਘਾ ਕਰ ਰਿਹਾ ਹੈ ਤਾਂ ਫਿਰ ਪੰਜਾਬ ਦਾ ਇਕ ਸਮਰੱਥ ਅਧਿਕਾਰੀ ਇਸ ਦੀ ਨਿੰਦਾ ਕਿਵੇਂ ਕਰ ਸਕਦਾ ਹੈ?

ਬਾਕਸ
ਪਾਕਿਸਤਾਨ ‘ਚ 5 ਦਿਨ ਰਹਿ ਕੇ ਮੈਂ ਤਾਂ ਅਤਿਵਾਦੀ ਨਹੀਂ ਬਣਿਆ: ਜਥੇਦਾਰ
ਪਾਕਿਸਤਾਨ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਹਗਾ ਸਰਹੱਦ ਰਾਹੀਂ ਵਤਨ ਪਰਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਡੀæਜੀæਪੀæ ਆਖ ਰਹੇ ਹਨ ਕਿ ਲਾਂਘੇ ਰਾਹੀਂ ਪਾਕਿਸਤਾਨ ਵਿਚ ਜਾਣ 6 ਘੰਟਿਆਂ ਵਿਚ ਅੱਤਵਾਦੀ ਬਣ ਕੇ ਪਰਤਦੇ ਹਨ ਪਰ ਉਹ ਤਾਂ ਪੰਜ ਦਿਨ ਰਹਿ ਕੇ ਆਏ ਹਨ, ਅੱਤਵਾਦੀ ਨਹੀਂ ਬਣੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਖਾਸ ਕਰਕੇ ਸਿੱਖ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਨਾਲ ਕੋਈ ਵਧੀਕੀ ਨਹੀਂ ਹੁੰਦੀ ਤੇ ਆਪਣੀ ਜਿੰਦਗੀ ਵਿਚ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ 5 ਦਿਨ ਪਾਕਿਸਤਾਨ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਏ ਹਨ ਤੇ ਉਥੇ ਵੱਸਦੇ ਸਿੱਖਾਂ ਨਾਸ ਗੱਲ ਵੀ ਕੀਤੀ। ਹਰ ਕਿਸੇ ਨੇ ਕਿਹਾ ਕਿ ਉਹ ਇਥੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਡੀæਜੀæਪੀæ ਨੂੰ ਆਪਣੇ ਮਦਭਾਗੇ ਬਿਆਨ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਹੈ।