ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ ਮੌਕੇ ਦਿੱਲੀ ਵਿਚ ਘੱਟ ਗਿਣਤੀਆਂ ਦੇ ਹੋਇਆ ਕਤਲੇਆਮ ਇਕ ਵਾਰ ਮੁੜ 20 ਮਾਰਚ 2000 ਵਿਚ ਉਸ ਸਮੇਂ ਦੇ ਅਮਰੀਕੀ ਸਦਰ ਬਿੱਲ ਕਲਿੰਟਨ ਦੇ ਦੌਰੇ ਦੀਆਂ ਡਰਾਉਣੀਆਂ ਯਾਦਾਂ ਨੂੰ ਤਾਜ਼ਾ ਕਰ ਗਿਆ। ਫਰਕ ਸਿਰਫ ਇੰਨਾ ਹੈ ਕਿ ਉਸ ਸਮੇਂ ਘੱਟ ਗਿਣਤੀ ਸਿੱਖ, ਸਰਕਾਰਾਂ ਦੇ ਸਿਆਸੀ ਮੁਫਾਦਾਂ ਦਾ ਨਿਸ਼ਾਨਾ ਬਣੇ ਤੇ ਇਸ ਵਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਖੂਨ ਨਾਲ ਦਿੱਲੀ ਦੀ ਧਰਤੀ ਲਾਲ ਹੋਈ। ਯਾਦ ਰਹੇ ਕਿ 2000 ਵਿਚ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀਸਿੰਘਪੁਰਾ ਪਿੰਡ ਵਿਚ ਕਲਿੰਟਨ ਦੇ ਭਾਰਤ ਫੇਰੀ ਮੌਕੇ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ
ਤੇ ਅੱਜ ਤੱਕ ਖੁਫੀਆ ਏਜੰਸੀਆਂ ਨੂੰ ਇਨ੍ਹਾਂ ਬੇਗੁਨਾਹਾਂ ਦੇ ਕਾਤਲ ਨਹੀਂ ਲੱਭੇ। ਇਸੇ ਤਰ੍ਹਾਂ ਦਾ ਮਾਹੌਲ ਟਰੰਪ ਦੀ ਫੇਰੀ ਦੌਰਾਨ ਵੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ ਵਿਚ ਇਕ ਪਾਸੇ ਟਰੰਪ ਦੀ ਭਾਰਤ ਯਾਤਰਾ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਉਤੇ ਅੰਨ੍ਹੇਵਾਹ ਗੋਲੀਆਂ ਚੱਲ ਰਹੀਆਂ ਸਨ। ਇਸ ਗੋਲੀਬਾਰੀ ਤੇ ਹਿੰਸਾ ਵਿਚ 13 ਤੋਂ ਵੱਧ ਮੌਤਾਂ ਹੋ ਗਈਆਂ ਤੇ 200 ਬੰਦੇ ਫੱਟੜ ਹੋ ਗਏ। ਉਤਰ-ਪੂਰਬੀ ਦਿੱਲੀ ਹਿੰਸਾ ਦੀਆਂ ਘਟਨਾਵਾਂ ਵਿਚ ਸੜ ਕੇ ਸੁਆਹ ਹੋ ਗਈ।
ਰਾਜਧਾਨੀ ਵਿਚ 1984 ਦੇ ਸਿੱਖ ਕਤਲੇਆਮ ਵਰਗੇ ਹਾਲਾਤ ਬਣੇ ਨਜ਼ਰ ਆਏ। ਇਸ ਹਿੰਸਾ ਨੂੰ ਨਾਗਰਿਕਤਾ ਸੋਧ ਦੇ ਵਿਰੋਧੀਆਂ ਤੇ ਹਮਾਇਤੀਆਂ ਵਿਚ ਟਕਰਾਅ ਵਜੋਂ ਪ੍ਰਚਾਰਿਆ ਗਿਆ ਪਰ ਟਰੰਪ ਦੀ ਦਿੱਲੀ ਆਮਦ ਦੇ ਮੱਦੇਨਜ਼ਰ ਰਾਜਧਾਨੀ ਵਿਚ ਭਾਰੀ ਚੌਕਸੀ ਦੇ ਬਾਵਜੂਦ ਨਾਗਰਿਕਤਾ ਸੋਧ ਦੇ ਹਮਾਇਤੀਆਂ ਦੇ ਹੱਥਾਂ ਵਿਚ ਹਥਿਆਰ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ। ਦਿੱਲੀ ਵਿਚ ਹੁਣ ਹਾਲਾਤ ਇਹ ਹਨ ਕਿ ਪ੍ਰਦਰਸ਼ਨਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਸਵਾਲ ਇਹ ਕੀਤਾ ਜਾ ਰਿਹਾ ਹੈ ਕਿ 2 ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਉਤੇ ਟਰੰਪ ਦੀ ਆਮਦ ਉਤੇ ਹੀ ਇਹ ਜੁਲਮ ਕਿਉਂ ਹੋਇਆ ਤੇ ਭਾਰਤੀ ਹਾਕਮਾਂ ਨੂੰ ਇਸ ਹਿੰਸਾ ਤੋਂ ਕੀ ਫਾਇਦਾ ਹੋਇਆ। ਸਿਆਸੀ ਮਾਹਿਰ ਰਾਏ ਦੇ ਰਹੇ ਹਨ ਕਿ ਮੋਦੀ ਸਰਕਾਰ, ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਵਿਖਾਉਣ ਵਿਚ ਸਫਲ ਰਹੀ ਕਿ ਨਾਗਰਿਕਤਾ ਕਾਨੂੰਨ ਦੇ ਨਾਮ ਉਤੇ ਲੋਕ ਖਾਸਕਰ ਮੁਸਲਿਮ ਭਾਈਚਾਰਾ ਕਿਵੇਂ ਹਿੰਸਾ ਦੇ ਰਾਹ ਤੁਰਿਆ ਹੋਇਆ ਹੈ। ਦੂਜਾ, ਸਰਕਾਰ ਮੀਡੀਆ ਕਵਰੇਜ਼ ਨੂੰ ਵੀ ਹਿੰਸਾ ਵਾਲੇ ਪਾਸੇ ਮੋੜਨ ਵਿਚ ਸਫਲ ਰਹੀ। ਇਸ ਤੋਂ ਵੀ ਵੱਡੀ ਨਮੋਸ਼ੀ ਵਾਲੀ ਗੱਲ ਇਹ ਰਹੀ ਕਿ ਟਰੰਪ ਘੱਟ ਗਿਣਤੀ ਭਾਈਚਾਰੇ ਉਤੇ ਹੋਏ ਇਸ ਜੁਲਮ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸ ਕੇ ਚੱਲਦੇ ਬਣੇ।
ਯਾਦ ਰਹੇ ਕਿ ਟਰੰਪ ਦੇ ਅਮਰੀਕਾ ਤੋਂ ਚਾਲੇ ਪਾਉਣ ਤੋਂ ਪਹਿਲਾਂ ਵ੍ਹਾਈਟ ਹਾਊਸ ਵੱਲੋਂ ਬਿਆਨ ਆਇਆ ਸੀ ਕਿ ਅਮਰੀਕੀ ਰਾਸ਼ਟਰਪਤੀ ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਬਾਰੇ ਮੋਦੀ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਨ। ਪਰ ਟਰੰਪ ਇਕ ਸਿਆਸੀ ਆਗੂ ਦੀ ਥਾਂ ਇਕ ਕਾਰੋਬਾਰੀ ਵਾਂਗ ਹੀ ਵਿਚਰੇ। ਦਰਅਸਲ, ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ‘ਅਮਰੀਕਾ ਫਸਟ’ ਪ੍ਰਧਾਨ ਡੋਨਲਡ ਟਰੰਪ ਦਾ ਉਹ ਨਾਅਰਾ ਰਿਹਾ ਹੈ, ਜਿਸ ਨੇ ਉਸ ਨੂੰ ਜਿੱਤਾ ਦਿੱਤਾ ਹੈ ਤੇ ਇਧਰ ਪ੍ਰਧਾਨ ਮੰਤਰੀ ਮੋਦੀ ਦਾ ‘ਸਭ ਕਾ ਸਾਥ’ ਉਨ੍ਹਾਂ ਨੂੰ ਜੇਤੂ ਬਣਾ ਕੇ ਲੋਕਤੰਤਰ ਦੇ ਮੈਦਾਨ ਵਿਚ ਸਭ ਤੋਂ ਜ਼ਿਆਦਾ ਹਰਮਨਪਿਆਰਾ ਕਰ ਦਿੱਤਾ। ਸਵਾਲ ਇਹ ਹੈ ਕਿ ਇੰਜ ਤਤਕਾਲੀ ਨਾਅਰਿਆਂ ਨਾਲ ਚੋਣਾਂ ਜਿੱਤ ਕੇ ਲੋਕ ਮੁੱਦੇ ‘ਤੇ ਆਮ ਆਦਮੀ ਦੀ ਕਲਿਆਣਕਾਰੀ ਸਰਕਾਰ ਦੀ ਜਮਹੂਰੀ ਨਜ਼ਰ ਤੇ ਸੀਰਤ ਕਿਥੇ ਛਿਪ ਜਾਂਦੀ ਹੈ। ਦੋਵਾਂ ਮੁਲਕਾਂ- ਭਾਰਤ ਤੇ ਅਮਰੀਕਾ ਵਿਚ ਇਹੋ ਚੱਲ ਗਿਆ ਹੈ। ਪ੍ਰਧਾਨ ਟਰੰਪ ‘ਤੇ ਅਮਰੀਕਾ ਵਿਚ ਅਗਲੀਆਂ ਚੋਣਾਂ ਨੂੰ ਜਿੱਤਣ ਦਾ ਦਬਾਅ ਹੈ ਤੇ ਮੋਦੀ ਲਈ ਸੀæਏæਏ, ਪਾਕਿਸਤਾਨ ਤੇ ਕਸ਼ਮੀਰ ਮੁੱਦਿਆਂ ਨੂੰ ਲੈ ਕੇ ਅਲੱਗ ਮੁਸੀਬਤ ਬਣੀ ਹੋਈ ਹੈ।
ਅਸਲ ਵਿਚ ਅੱਜ ਵੀ ਅਮਰੀਕਾ ਵਿਚ 30 ਫੀਸਦੀ ਡਾਕਟਰ ਤੇ ਮੈਡੀਕਲ ਸੇਵਾਵਾਂ ‘ਚ ਭਾਰਤੀ ਹਨ। 42 ਪ੍ਰਤੀਸ਼ਤ ਤਕਨੀਕੀ ਤੇ ਦੂਸਰੇ ਖੇਤਰਾਂ ‘ਚ ਹਨ। ਅਮਰੀਕਾ ਦੀਆਂ ਵਿਸ਼ਵ ਪ੍ਰਸਿੱਧ ਵੱਡੀਆਂ ਕੰਪਨੀਆਂ ‘ਚ 17 ਪ੍ਰਤੀਸ਼ਤ ਭਾਰਤੀ ਹਨ। ਅਮਰੀਕੀ ਫਿਲਮੀ ਜਗਤ ਤੇ ਮਨੋਰੰਜਨ ਵਿਚ ਵੀ ਚਾਰ ਫੀਸਦੀ ਭਾਰਤੀ ਹਨ। ਭਾਰਤ ਮੂਲ ਦੇ ਲੋਕ 7 ਪ੍ਰਤੀਸ਼ਤ ਪ੍ਰਸ਼ਾਸਨ ‘ਚ ਹਨ। ਇਹ ਅੰਕੜਾ ਦੱਸ ਰਿਹਾ ਹੈ ਕਿ ਇਹ ਵਸੋਂ ਟਰੰਪ ਨੂੰ ਆਉਣ ਵਾਲੇ ਚੋਣ ਇਮਤਿਹਾਨ ‘ਚ ਜੇਤੂ ਬਣਾ ਸਕਦੀ ਹੈ। ਇਸ ‘ਤੇ ਅਮਰੀਕੀ ਪ੍ਰਸ਼ਾਸਨ ਤੇ ਅਮਰੀਕੀ ਪ੍ਰਧਾਨ ਟਰੰਪ ਦੀ ਸਿੱਧੀ ਨਜ਼ਰ ਹੈ। ਪਿਛਲੀਆਂ ਚੋਣਾਂ ‘ਚ ਪ੍ਰਧਾਨ ਓਬਾਮਾ ਦੀ ਜਿੱਤ ਵਿਚ ਵੀ ਏਸ਼ਿਆਈ ਵਿਸ਼ੇਸ਼ ਕਰ ਭਾਰਤੀਆਂ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ। ਪ੍ਰਧਾਨ ਟਰੰਪ ਦਾ ਅਮਰੀਕੀ ਦੌਰਾ ਅਸਲ ਵਿਚ ਦੋਵਾਂ ਆਗੂਆਂ ਟਰੰਪ ਤੇ ਮੋਦੀ ਦੀ ਨਿੱਜੀ ਇੱਜ਼ਤ ਦਾ ਸਵਾਲ ਬਣਿਆ ਹੈ।