ਐਸ਼ ਅਸ਼ੋਕ ਭੌਰਾ
ਕਈ ਬੰਦੇ ਮੇਲਾ ਤਾਂ ਵੇਖਣ ਗਏ ਸਨ ਪਰ ਮੇਲੀ ਨਾ ਬਣ ਸਕਣ ਕਾਰਨ ਮੇਲੇ ਦੀ ਮੌਜ ਨਹੀਂ ਮਾਣ ਸਕੇ। ਇਵੇਂ ਕਈਆਂ ਨੇ ਜ਼ਿੰਦਗੀ ਦੇ ਮੇਲੇ ਵਿਚ ਕੋਈ ਯੋਗਦਾਨ ਨਹੀਂ ਪਾਇਆ, ਸਗੋਂ ਖੂਬਸੂਰਤ ਰੰਗਾਂ ਦੀ ਹੋਲੀ ਖੇਡਣ ਵਾਲਿਆਂ ਹੱਥੋਂ ਰੰਗ ਹੀ ਖੋਹਣ ਦੀ ਕੋਸ਼ਿਸ਼ ਕੀਤੀ ਹੈ।ਬਹੁਤਿਆਂ ਨੇ ਆਪਣੀ ਜ਼ਿੰਦਗੀ ਦੀ ਹਾਲਤ ਉਹੀ ਕਰੀ ਰੱਖੀ ਹੈ ਕਿ ਜਿਵੇਂ ਮੂਰਖ ਡਾਕਟਰ ਛੋਟੇ ਜ਼ਖ਼ਮ ‘ਤੇ ਵੱਡੀ ਪੱਟੀ ਕਰ ਦਿੰਦੇ ਹਨ। ਖੈਰ! ਜਦੋਂ ਯਾਦਾਂ ਤੁਹਾਡੀ ਜ਼ਿੰਦਗੀ ਵਿੱਚ ਰੰਗਲਾ ਪੀੜ੍ਹਾ ਡਾਹ ਕੇ ਬੈਠ ਜਾਣ ਤਾਂ ਫਿਰ ਇਨ੍ਹਾਂ ਦੀ ਮਿਣਤੀ ਸੁਆਦ ਲਈ ਗਜ਼ਾਂ ਵਿਚ ਨਹੀਂ, ਸਗੋਂ ਫੁੱਟਾਂ ਵਿਚ ਕਰਨੀ ਚਾਹੀਦੀ ਹੈ।
ਕਹੀ ਤਾਂ ਜਾਂਦੇ ਹਨ ਕਿ ਯੁਧਿਸ਼ਟਰ ਸਵਰਗ ਗਿਆ ਸੀ, ਪਰ ਹਾਲੇ ਤੱਕ ਤਸਦੀਕ ਇਸ ਕਰ ਕੇ ਨਹੀਂ ਹੋ ਸਕਿਆ ਕਿ ਵਿਗਿਆਨਕ ਯੁੱਗ ਵਿਚ ਵੀ ‘ਈ-ਮੇਲ’ ਧਰਮ ਰਾਜ ਨੂੰ ਭੇਜਣ ਦੀ ਵਿਵਸਥਾ ਨਹੀਂ ਹੈ ਤੇ ਨਾ ਹੀ ਹਾਲੇ ਤੀਕਰ ਕਿਸੇ ਡਾਕਖਾਨੇ ਵਿਚ ਸਵਰਗ ਜਾਂ ਨਰਕ ਤੋਂ ਕਿਸੇ ਨੇ ਖ਼ਤ ਆਉਣ ਦੀ ਗੱਲ ਆਖੀ ਹੈ। ‘ਜਰਮਨ ਸ਼ੈਫਰਡ’ ਜਾਂ ‘ਲੈਬਰਾਡੌਗ’ ਵਰਗੇ ਨਸਲੀ ਕੁੱਤਿਆਂ ਨੂੰ ਪਾਲਣ ਦਾ ਨੇਮ ਤਾਂ ਬੜੇ ਚਾਅ ਨਾਲ ਕੀਤਾ ਜਾਂਦਾ ਹੈ ਪਰ ਹਾਲੇ ਤੀਕਰ ਕਿਸੇ ਵੀ ਵਫ਼ਾਦਾਰ ਕੁੱਤੇ ਨੇ ਆਪਣੇ ਮਾਲਕ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਦਾ ਕੋਈ ਭਰਾ ਯੁਧਿਸ਼ਟਰ ਨਾਲ ਸਵਰਗ ਨੂੰ ਵੀ ਗਿਆ ਸੀ। ਸੋ, ਜ਼ਿੰਦਗੀ ਉਹ ਥੀਏਟਰ ਹੈ ਜਿੱਥੇ ਖੇਡਦੇ ਤਾਂ ਸਾਰੇ ਨੇ ਪਰ ਕਰਮਾਂ ਦੀ ਖੇਡ ਦੱਸ ਕੇ ਨਾਟਕਕਾਰ ਵਿਧ-ਮਾਤਾ ਨੂੰ ਹੀ ਮੰਨੀ ਜਾਂਦੇ ਹਨ।
ਪਿੱਛੇ ਜਿਹੇ ਮੈਂ ਜ਼ਿੰਦਗੀ ਨੂੰ ਅਲਵਿਦਾ ਕਹਿਣ ਲੱਗਾ ਸਾਂ, ਪਰ ਉਸ ਨੇ ਮੈਨੂੰ ਘੁੱਟ ਕੇ ਜੱਫੀ ਐਂ ਪਾ ਲਈ ਜਿਵੇਂ ਪ੍ਰੇਮਿਕਾ ਪ੍ਰੇਮੀ ਨੂੰ ਪਿਆਰ ਕਰਨ ਦੇ ਪਹਿਲੇ ਦਿਨ ਮਿਲਦੀ ਹੈ। ਇਸੇ ਲਈ ਮੈਂ ਆਪਣੀ ਜੀਵਨ-ਜਾਚ ‘ਚੋਂ ਸੰਗੀਤਕ ਪਰਤਾਂ ਫਰੋਲਦਿਆਂ ਅਨੰਦ ਹੀ ਨਹੀਂ, ਪ੍ਰਸੰਨਤਾ ਵੀ ਕਬੂਲਦਾ ਹਾਂ।
ਸਕੂਲੀ ਜੀਵਨ ਦਾ ਜਦੋਂ ਮੈਂ ਫੌਜੀਆਂ ਵਾਂਗ ਬਿਸਤਰਾ ਬੰਨ੍ਹਿਆਂ ਤਾਂ ਦੋ ਗੱਲਾਂ ਪਜਾਮੇ-ਕਮੀਜ਼ ਵਾਂਗ ਮੇਰੇ ਨਾਲ ਜੁੜ ਗਈਆਂ ਸਨ। ਪਹਿਲੀ ਇਹ ਕਿ ਜਿਸ ਹੱਥ ਨਾਲ ਮੈਨੂੰ ਪੰਤਾਲੀ ਸਾਲ ਕਲਮ ਚਲਾਉਂਦਿਆਂ ਗੁਜ਼ਰ ਚੱਲੇ ਹਨ, ਜਾਣੀ ਸੱਜੇ ਹੱਥ ਦਾ ਮੇਰਾ ਅੰਗੂਠਾ ਸਾਈਜ਼ ਵਿਚ ਅੱਧੇ ਤੋਂ ਘੱਟ ਹੈ; ਇਹ ਜਮਾਂਦਰੂ ਛੋਟਾ ਨਹੀਂ, ਸਗੋਂ ਮੈ ਚਾਰ ਕੁ ਸਾਲ ਦਾ ਸਾਂ ਜਦੋਂ ਇਹ ਸ਼ਰਾਰਤਾਂ ਕਰਦੇ ਨੇ ਪੱਠੇ ਕੁਤਰਨ ਵਾਲੀ ਮਸ਼ੀਨ ਨਾਲ ਵਢਾ ਲਿਆ ਸੀ । ਵੱਢੀ ਤਾਂ ਨਾਲ ਦੀ ਅੱਧੀ ਉਂਗਲ ਵੀ ਗਈ ਸੀ ਪਰ ਉਹ ਨਾਲ ਲਟਕਦੀ ਰਹਿਣ ਕਰ ਕੇ ਟਾਂਕੇ ਲਾਉਣ ਨਾਲ ਬਚ ਗਈ ਸੀ। ਉਂਜ ਅੰਗੂਠੇ ਦਾ ਅਗਲਾ ਹਿੱਸਾ ਪੱਠਿਆਂ ‘ਚੋਂ ਬੇਬੇ ਨੇ ਕਈ ਦਿਨਾਂ ਪਿੱਛੋਂ ਲੱਭਿਆ ਸੀ। ਉਸ ਨੇ ਸੰਭਾਲ ਕੇ ਵੀ ਇਹ ਗਹਿਣਿਆਂ ਵਾਂਗ ਆਪਣੇ ਇਕ ਰੇਸ਼ਮੀ ਰੁਮਾਲ ਵਿਚ ਰੱਖਿਆ ਹੋਇਆ ਸੀ ਜਿਸ ਨੂੰ ਮੈਂ ਵਿਆਹ ਤੋਂ ਇਕ ਵਰ੍ਹੇ ਪਹਿਲਾਂ ਸਤਲੁਜ ਦਰਿਆ ਵਿਚ ਰੋੜ੍ਹ ਆਇਆ ਸਾਂ।
ਹਾਲਾਂ ਕਿ ਮੇਰੇ ਸਿਧਰੇ ਜਿਹੇ ਬਾਪੂ ਨੂੰ ਪਿੰਡ ਦੇ ਲੋਕ ਕਿਹਾ ਕਰਦੇ ਸਨ, ਪਈ ਤੇਰੇ ਮੁੰਡੇ ਦਾ ਵਿਆਹ ਨਹੀਂ ਹੋਣਾ। ਜੇ ਹੋ ਗਿਆ ਤਾਂ ਕੰਗਣਾਂ ਕਿਵੇਂ ਖੋਲ੍ਹੇਗਾ? ਬਾਪੂ ਨੂੰ ਇਸ ਗੱਲ ਦਾ ਝੋਰਾ ਨਹੀਂ ਸੀ ਕਿ ਵਿਆਹ ਹੋਵੇਗਾ ਕਿ ਨਹੀਂ, ਪਰ ਉਹ ਉਦਾਸ ਇਸ ਕਰ ਕੇ ਹੋ ਜਾਂਦਾ ਸੀ ਕਿ ਇਹ ਲਿਖ-ਪੜ੍ਹ ਨਹੀਂ ਸਕੇਗਾ। ਖੈਰ! ਬਾਪੂ ਉਸੇ ਸਾਲ ਬੱਸ ਕੁਝ ਕੁ ਚਿਰ ਬਿਮਾਰ ਰਹਿ ਕੇ ਪਰਿਵਾਰ ਦਾ ਸਾਥ ਛੱਡ ਗਿਆ ਸੀ, ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਮੁੰਡਾ ਇਸੇ ਅੱਧੇ ਅੰਗੂਠੇ ਨਾਲ ਭੱਠੇ ਦੀਆਂ ਇੱਟਾਂ ਵਾਂਗ ਅੱਖਰਾਂ ਦੇ ਚੱਕੇ ਲਗਾ ਦੇਵੇਗਾ। ਮੈਨੂੰ ਯਾਦ ਹੈ ਕਿ ਮੇਰੇ ਵਿਆਹ ‘ਤੇ ਜਦੋਂ ਅਖ਼ਬਾਰਾਂ ਵਿਚ ਖ਼ਬਰ ਛਪੀ ਸੀ ਕਿ ‘ਵਿਆਹ ਭੌਰੇ ਦਾ, ਬਰਾਤ ਕਲਾਕਾਰਾਂ ਦੀ’ ਤਾਂ ਬੇਬੇ ਨੇ ਉਦੋਂ ਮਾਣਕ ਦਾ ਮੋਢਾ ਫੜ ਕੇ ਕਿਹਾ ਸੀ ਕਿ ਮਰਨ ਵਾਲਾ ਕਹਿੰਦਾ ਹੁੰਦਾ ਸੀ, ਇਹ ਪੜ੍ਹ-ਲਿਖ ਨਹੀਂ ਸਕੇਗਾ; ਵੇਖ ਲਾ, ਇਹ ਜਗਰਾਵਾਂ ਦੀ ਰੌਸ਼ਨੀ ਅਤਿਵਾਦ ਦੇ ਨੇਰ੍ਹਿਆਂ ਵਿਚ ਇਹਨੇ ਆਪਣੇ ਪਿੰਡ ਈ ਲਾ ਦਿਤੀ ਆ।
ਸਕੂਲ ਪੜ੍ਹਦੇ ਸਾਰ ਹੀ ਦੂਜੀ ਗੱਲ ਜਿਹੜੀ ਪਰਮਾਣੂ ਬੰਬ ਫਟਣ ਵਰਗੀ ਸੀ, ਇਉਂ ਵਾਪਰੀ ਕਿ ਸਾਡੇ ਗੁਆਂਢੀਆਂ ਦੀ ਇਕ ਕੁੜੀ ਬਲਵਿੰਦਰ ਕੌਰ ਜੇæਬੀæਟੀæ ਕਰਨ ਕਿਤੇ ਰਿਸ਼ਤੇਦਾਰੀ ‘ਚੋਂ ਆ ਗਈ। ਸੀਗੀ ਰੱਜ ਕੇ ਸੁਨੱਖੀ। ਮੇਰੇ ਹੀ ਪਿੰਡ ਦਾ ਇਕ ਅਧਿਆਪਕ ਹਾਲੇ ਨਵਾਂ ਨਵਾਂ ਲੱਗਾ ਸੀ। ਕਹਿਣ ਲੱਗਾ, “ਜੇ ਕਿਤੇ ਮੇਰੇ ਨਾਲ ਇਹਦਾ ਵਿਆਹ ਹੋ ਜੇ ਤਾਂ ਕਿਆ ਬਾਤ।” ਉਨ੍ਹਾਂ ਦਿਨਾਂ ਵਿਚ ਕੇæ ਐਸ਼ ਕੂਨਰ ਦਾ ਗੀਤ ਆਇਆ ਸੀ, “ਗੋਰਾ ਗੋਰਾ ਰੰਗ ਅੱਖਾਂ ਬਿੱਲੀਆਂ, ਸਾਡੇ ਪਿੰਡ ‘ਚ ਪ੍ਰਾਹੁਣੀ ਇਕ ਆ ਗਈæææ।” ਉਹਦੀਆਂ ਅੱਖਾਂ ਤਾਂ ਬਿੱਲੀਆਂ ਘੱਟ ਸਨ ਪਰ ਪ੍ਰਾਹੁਣੀ ਜ਼ਰੂਰ ਆਈ ਹੋਈ ਸੀ। ਆਂਢ-ਗੁਆਂਢ ਵਿਚ ਉਦੋਂ ਦੁਬਈ ਮਾਰਕਾ ਟੇਪਾਂ ਦੀ ਬੜੀ ਚੜ੍ਹਾਈ ਸੀ। ਗਲੀ ਮੁਹੱਲੇ ‘ਚ ਹਰ ਤੀਜੇ ਘਰ ਉਦੋਂ ਇਹੀ ਗੀਤ ਵੱਜਿਆ ਕਰੇ। ਸਾਡੇ ਨਾਲ ਦੇ ਪਿੰਡ ਨੌਰੇ ਉਦੋਂ ਜੇæਬੀæਟੀæ ਦੀ ਟ੍ਰੇਨਿੰਗ ਹੁੰਦੀ ਸੀ। ਹਾਲਾਤ ਇਹ ਬਣੇ ਕਿ ਉਮੀਦਵਾਰ ਹੋਰ ਸਨ ਤੇ ਵੋਟਾਂ ਕਿਤੇ ਹੋਰ ਪੈ ਗਈਆਂ। ਪੜ੍ਹ ਕੇ ਆਉਂਦੀ ਇਕ ਦਿਨ ਉਹ ਮੈਨੂੰ ਪੁੱਛਣ ਲੱਗੀ, “ਤੁਹਾਡੇ ਕੋਲ ਕੋਈ ਪੜ੍ਹਨ ਵਾਲਾ ਰਸਾਲਾ ਹੈ।” ਬਾਂਦਰ ਦੇ ਸਵੈਟਰ ਪਾਉਣ ਵਾਲੀ ਗੱਲ ਹੋ ਗਈ। ਮੈਂ ਚਾਮਲ੍ਹ ਗਿਆ। ਰਾਂਝਾ ਜਿਵੇਂ ਕੈਦੋਂ ਦੇ ਘਰ ਜੰਮ ਪਿਆ ਹੋਵੇ। ਮੈਨੂੰ ਵੀ ਲਗਦਾ ਸੀ ਕਿ ਚੂਰੀ ਸੁੱਕੀ ਕੁੱਟੀ ਗਈ ਹੈ। ਸਰਬਾਲਾ ਲਾੜਾ ਬਣਨ ਦਾ ਭਰਮ ਪਾਲ ਬੈਠਾ ਸੀ। ਅਗਲੇ ਦਿਨ ਮੈਂ ਉਸ ਨੂੰ ਦਿੱਲੀ ਤੋਂ ਛਪਦੇ ‘ਕੌਮੀ ਏਕਤਾ’ ਰਸਾਲੇ ਦੀ ਕਾਪੀ ਭੇਂਟ ਕਰ ਦਿੱਤੀ। ਮੁੰਡ੍ਹੀਰ ਨੇ ਵੇਖ ਲਿਆ। ਰੌਲਾ ਜਿਹਾ ਪੈ ਗਿਆ ਜਿਵੇਂ ਦਮਯੰਤੀ ਨੇ ਰਾਜਾ ਨਲ ਲੱਭ ਲਿਆ ਹੋਵੇ। ਹਫ਼ਤੇ ਕੁ ਬਾਅਦ ਜਦੋਂ ਉਸ ਪ੍ਰਾਹੁਣੀ ਨੇ ਉਹੋ “ਕੌਮੀ ਏਕਤਾ’ ਮੈਨੂੰ ਵਾਪਸ ਕੀਤਾ ਤਾਂ ਸ਼ੇਅਰ ਤਾਂ ਉਹਨੇ ਕਈ ਵਰਕਿਆਂ ‘ਤੇ ਲਿਖੇ ਹੋਏੇ ਸਨ, ਪਰ ਉਨ੍ਹਾਂ ‘ਚੋਂ ਚੇਤੇ ਮੈਨੂੰ ਇਕ ਹੀ ਹੈ। ਉਹਨੇ ਬੜਾ ਘਰੋੜ ਕੇ ਲਿਖਿਆ ਸੀ ਜਿਵੇਂ ਪੀਂਘ ਦਰਖ਼ਤ ਵਾਲੀ ਨਹੀਂ, ਮੀਂਹ ਪੈਣ ਤੋਂ ਪਿੱਛੋਂ ਮਾਈ ਬੁੱਢੀ ਦੀ ਪੈ ਗਈ ਹੋਵੇ। ਸ਼ੇਅਰ ਸੀ:
ਦਿਲ ਇਕ ਸੀ ਇਕ ਨੂੰ ਦੇ ਦਿੱਤਾ
ਰੋਜ਼ ਰੋਜ਼ ਨਹੀਂ ਦਿਲ ਵਟਾਏ ਜਾਂਦੇ
ਇਕ ਲਾ ਲਿਆ ਗ਼ਮ ਅਸ਼ੋਕ ਤੇਰਾ
ਰੋਜ਼ ਨਵੇਂ ਨਹੀਂ ਗ਼ਮ ਲਗਾਏ ਜਾਂਦੇæææ।
ਕਰੇਲਿਆਂ ਦੀ ਵੇਲ ਤੋਂ ਭਲਾ ਹਦਵਾਣੇ ਦਾ ਭਾਰ ਚੁੱਕ ਹੁੰਦੈ! ਕੱਚੀ ਉਮਰ ਦਾ ਇਕਪਾਸੜ ਪਿਆਰ ਖਿੱਲਰ ਗਿਆ। ਘਰਦਿਆਂ ਨੇ ਉਹਨੂੰ ਰਿਸ਼ਤੇਦਾਰੀ ‘ਚੋਂ ਕੱਢ ਨੌਰੇ ਪਿੰਡ ‘ਚ ਕਮਰਾ ਵੀ ਲੈ ਕੇ ਦਿੱਤਾ, ਪਰ ਉਹ ਭਰਿੰਡ ਵਾਂਗ ਜਿਵੇਂ ਚਿੰਬੜਦੀ ਜਾਂਦੀ ਹੋਵੇ। ਮਜਬੂਰਨ ਘਰਦਿਆਂ ਨੇ ਜੇæਬੀæਟੀæ ਨੂੰ ਵਿਚਾਲੇ ਮੋਛਾ ਪਾ ਕੇ ਉਹਨੂੰ ਹਟਾ ਕੇ ਵਿਆਹੁਣ ਦੀ ਕੀਤੀ। ਮੇਰੀ ਹਾਲਤ ਇਹ ਸੀ ਜਿਵੇਂ ਕਿਸੇ ਨੇ ਦੀਵੇ ਦੀ ਥਾਂ ਥੜ੍ਹੇ ਉਤੇ ਤੇਲ ਡੋਲ੍ਹ ਕੇ ਚਿਰਾਗ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਖੈਰ! ਮਾਲ੍ਹ ਤੋਂ ਬਿਨਾਂ ਚਰਖਾ ਤਾਂ ਕੀ ਚੱਲਣਾ ਸੀ, ਪੂਣੀ ਕੱਤਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਤੱਕਲਾ ਹੀ ਵਿੰਗਾ ਕਰਵਾ ਲਿਆ!
ਕਹਾਣੀ ਦਾ ਮੌਜੂ ਮੈਂ ਹੋਰ ਪਾਸੇ ਲੈ ਗਿਆਂ ਹਾਂ। ਮਾਹਿਲ ਗਹਿਲਾਂ ਦਾ ਸਕੂਲ ਛੱਡਣ ਤੋਂ ਪਹਿਲਾਂ ਹੋਈ ਇਕ ਜੱਗੋਂ ਸੋਲਵੀਂ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਉਨੀ ਸੌ ਸਤੱਤਰ ਵਿਚ ਅੱਠਵੀਂ ਦੀ ਪ੍ਰੀਖਿਆ ਬੋਰਡ ਨੇ ਬੜੇ ਚਿਰਾਂ ਬਾਅਦ ਲੈਣ ਦਾ ਫੈਸਲਾ ਕੀਤਾ ਸੀ, ਪਰ ਜਦੋਂ ਮੈਂ ਸਕੂਲ ‘ਚੋਂ ਅੱਵਲ ਆਇਆ ਤਾਂ ਮੇਰੀ ਮਾਂ ਨੇ ਮੈਨੂੰ ਫਾਂਟਾਂ (ਲਾਈਨਾਂ) ਵਾਲਾ ਪਜਾਮਾ ਸੁਆ ਕੇ ਦਿੱਤਾ। ਪਹਿਲੇ ਦਿਨ ਜਦੋਂ ਮੈਂ ਇਹ ਪਜਾਮਾ ਪਾ ਕੇ ਸਕੂਲ ਗਿਆ ਤਾਂ ਨਾਲ ਦੇ ਮੁੰਡੇ ਜੋ ਮੇਰੇ ਹੀ ਪਿੰਡ ਤੋਂ ਸਨ, ਗੁਆਂਢੀ ਵੀ ਸੀ, ਨੇ ਵਿਆਹ ‘ਤੇ ਜਾਣਾ ਸੀ। ਅਸੀਂ ਅੱਧੀ ਛੁੱਟੀ ਨੂੰ ਜਦੋਂ ਘਰ ਆਏ ਤਾਂ ਉਹ ਕਹਿਣ ਲੱਗਾ, “ਤੂੰ ਮੈਨੂੰ ਆਪਣਾ ਨਵਾਂ ਪਜਾਮਾ ਦੇ ਦੇ। ਪਰਸੋਂ ਨੂੰ ਆ ਕੇ ਮੋੜ ਦਿਆਂਗਾ।” ਪਜਾਮਾ ਤਾਂ ਮੈਂ ਲਾਹ ਕੇ ਉਹਨੂੰ ਦੇ ਦਿੱਤਾ, ਪਰ ਮਾਂ ਨੇ ਦੂਜਾ ਪਜਾਮਾ ਧੋਣ ਲਈ ਸੋਢੇ ‘ਚ ਭਿਉਂ ਰੱਖਿਆ ਸੀ। ਪੈਂਟ ਤਾਂ ਦੂਰ ਦੀ ਗੱਲ, ਤੀਜਾ ਪਜਾਮਾ ਵੀ ਹੈ ਨਹੀਂ ਸੀ। ਸਕੂਲੋਂ ਛੁੱਟੀ ਤਾਂ ਅੱਧੀ ਕਰ ਲੈਂਦਾ, ਪਰ ਝੋਲਾ ਜਮਾਤ ‘ਚ ਪਿਆ ਸੀ। ਬੇਬੇ ਊਂ ਉਬਲੇ, ਪਈ ਤੂੰ ਵੱਡਾ ਬਿਰਲਾ ਜਿਹੜਾ ਲੋਕਾਂ ਨੂੰ ਵਿਆਹ ਲਈ ਲੀੜੇ ਦਿੰਨਾਂ।
ਮਾੜੀ ਕਿਸਮਤ ਕਛਹਿਰੇ ਸਣੇ ਸਕੂਲ ਚਲਾ ਗਿਆ। ਕਮੀਜ਼ ਉਦਾਂ ਥੋੜ੍ਹੀ ਲੰਮੀ ਸੀ। ‘ਕੱਠਾ ਜਿਹਾ ਹੋ ਕੇ ਪਿੱਛੇ ਜਿਹੇ ਨੂੰ ਬਹਿ ਗਿਆ। ਬਾਹਰ ਪਿੱਪਲ ਛਾਂਵੇਂ ਕਲਾਸ ਲੱਗੀ ਹੋਈ। ਮੋਹਨ ਸਿੰਘ ਸ਼ੇਰਗਿਲ ਮਾਸਟਰ ਦਾ ਪੀਰੀਅਡ ਆ ਗਿਆ ਸਮਾਜਕ ਦਾ। ਉਨ੍ਹਾਂ ਦਿਨਾਂ ‘ਚ ਸਾਡੇ ਸਕੂਲ ਵਿਚ ਟੌਹਰ ਤੇ ਆਕੜ ਵੀ ਉਹਦੇ ਵਰਗੀ ਕਿਸੇ ਦੀ ਨਹੀਂ ਸੀ। ਵਿਦਿਆਰਥੀਆਂ ‘ਚ ਦਹਿਸ਼ਤ ਰੱਜ ਕੇ। ਪਿੰਡ ਉਹਦਾ ਦਾਰਾ ਸਿੰਘ ਪਹਿਲਵਾਨ ਦੇ ਉਸਤਾਦ ਹਰਬੰਸ ਸਿੰਘ ਵਾਲਾ ਰਾਏਪੁਰ ਡੱਬਾ। ਮੁੱਛਾਂ ਦੇ ਵੱਟ ‘ਚ ਏਨੀ ਜਾਨ, ਪਈ ਮੁੱਛ ‘ਤੇ ਕਿਤੇ ਨਿੰਬੂ ਟਿਕਾ ਲਵੇ ਤਾਂ ਦੰਦਾਂ ਨਾਲ ਘੜਾ ਚੱਕਦੀਆਂ ਮੁਟਿਆਰਾਂ ਵਾਂਗ ਹਿੱਲਣ ਨਾ ਦੇਵੇ। ਫੁੱਟ ਗਏ ਮੁਕੱਦਰ; ਸੁਣਨ ਲੱਗ ਪਿਆ, “ਮੁਹੰਮਦ ਤੁਗਲਕ ਨੂੰ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਕਿਉਂ ਕਹਿੰਦੇ ਸਨ?” ਆ ਗਈ ਵਾਰੀ ਮੇਰੀ। ਜਦੋਂ ਮੈਂ ਇਸ ਪ੍ਰਸ਼ਨ ਦਾ ਉਤਰ ਸੁਣਾਉਣ ਲਈ ਖੜ੍ਹਾ ਹੋਇਆ ਤਾਂ ਮੇਰੀਆਂ ਨੰਗੀਆਂ ਲੱਤਾਂ ਦੇਖ ਕੇ ਬਲ ਗਿਆ ਅੱਗ ਦੀ ਨਾਲ, “ਉਏ ਤੂੰ ਨੰਗਾ ਸਕੂਲ ਪੜ੍ਹਨ ਆ ਗਿਆ? ਹਰਦੂ ਲਾਹਣਤ ਤੇਰੇ। ਕੁੜੀਆਂ ਦੀ ਕਲਾਸ ‘ਚ ਤੈਨੂੰ ਸ਼ਰਮ ਨ੍ਹੀ ਆਈ?” ਮੈਂ ਕੰਬਦੇ ਤੇ ਡਰਦੇ ਨੇ ਹੌਲੀ ਦੇਣੀ ਕਿਹਾ, “ਸਰ ਹੇਠਾਂ ਕਛਹਿਰਾ ਹੈਗਾ।” ਕਹਿੰਦਾ, “ਚੱਕਿਆ ਕਛਿਹਰੇ ਦਾ। ਤੇਰਾ ਪਜਾਮਾ ਕਿੱਥੇ ਹੈ?”
ਜੀਭ ਤਾਲੂਏ ਨਾਲ ਜਾ ਲੱਗੀ, “ਸਰ ਸੁਰਿੰਦਰ ਪਾਲ ਮੰਗ ਕੇ ਲੈ ਗਿਆ। ਵਿਆਹ ਜਾਣਾ ਸੀ ਉਹਨੇ।”
“ਚੱਕ ਝੋਲਾ ਤੇ ਨਿਕਲ ਜਾ ਸਕੂਲੋਂ। ਉਦੋਂ ਤੱਕ ਸਕੂਲ ਨਾ ਵੜੀਂ ਜਦੋਂ ਤੱਕ ਪਜਾਮਾ ਵਿਆਹ ਤੋਂ ਨਹੀਂ ਆਉਂਦਾ।”
ਜਿਸ ਦਿਨ ਸਕੂਲ ‘ਚ ਮੇਰੇ ਨਾਲ ਇਹ ਮਾੜੇ ਢੱਗੇ ਵਾਂਗ ਰੱਜ ਕੇ ਕੁਪੱਤ ਹੋਈ ਸੀ, ਯਕੀਨ ਕਰਿਉ! ਉਸ ਤੋਂ ਅਗਲੇ ਦਿਨ ‘ਅਕਾਲੀ ਪੱਤ੍ਰਿਕਾ’ ਵਿਚ ਮੇਰਾ ਮੁੱਖ ਪੰਨੇ ‘ਤੇ ਲੇਖ ਛਪਿਆ ਸੀ, “ਫੈਸ਼ਨਾਂ ਨੇ ਅੱਤ ਚੁੱਕ ਲਈ।”
ਉਨ੍ਹਾਂ ਬੰਦਿਆਂ ਨੇ ਜ਼ਿੰਦਗੀ ਵਿਚ ਦੂਜਿਆਂ ਤੋਂ ਕਦੇ ਮਦਦ ਦੀ ਆਸ ਹੀ ਨਹੀਂ ਰੱਖੀ ਜਿਹੜੇ ਸ਼ੀਸ਼ੇ ਮੂਹਰੇ ਖੜ੍ਹੇ ਹੋ ਕੇ ਸ਼ੀਸ਼ੇ ਤੋਂ ਤਸਦੀਕ ਕਰਾਉਂਦੇ ਰਹੇ ਨੇ ਕਿ “ਆਹ ਹੀ ਬੰਦਾ ਸਾਡੀ ਮੱਦਦ ਕਰੇਗਾ।”
ਜਦੋਂ ਮੈਂ ਓਵਰਸੀਅਰ ਬਣਨ ਲਈ ਫਗਵਾੜੇ ਦੇ ਰਾਮਗੜ੍ਹੀਆ ਪੌਲੀਟੈਕਨਿਕ ਵਿਚ ਅਰਜ਼ੀ ਦਿੱਤੀ ਤਾਂ ਮਲਕੜੇ ਜਿਹੇ ਮੈਥੋਂ ਸੌ ਅੰਕ ਪਿੱਛੇ ਰਹਿਣ ਵਾਲੇ ਮੇਰੇ ਉਸ ਪੇਂਡੂ ਜਮਾਤੀ ਨੇ ਵੀ ਨਾਲ ਈ ਪੰਗਾ ਲੈ ਲਿਆ ਜੋ ਮੇਰੇ ਨਾਲ ਲੋਹੜੀ ਮੰਗਦਾ ਹੁੰਦਾ ਸੀ, ਹਾਲਾਂਕਿ ਉਹਨੇ ਵਿਆਹ ਪਤੰਦਰ ਨੇ ਦਸਵੀਂ ਜਮਾਤ ‘ਚ ਪੜ੍ਹਦੇ ਨੇ ਹੀ ਕਰਵਾ ਲਿਆ ਸੀ!
ਮੇਰਾ ਭਰਾ ਤੇ ਕੁਝ ਹੋਰ ਨੇੜਲੇ ਰਿਸ਼ਤੇਦਾਰ ਚਾਹੁੰਦੇ ਸਨ ਕਿ ਮੈਂ ਸਿਵਲ ਇੰਜੀਨੀਅਰ ਬਣਾਂ, ਕਿਉਂਕਿ ਪੜ੍ਹ ਕੇ ਬੰਦਾ ਜਦੋਂ ਓਵਰਸੀਅਰ ਲਗਦੈ ਤਾਂ ਸੜਕਾਂ ਤੇ ਪੁਲਾਂ ਦੀ ਬਣਾਈ, ਚਣਾਈ ‘ਚ ਦੋ ਨੰਬਰ ਦਾ ਪੈਸਾ ਬਹੁਤ ਰਲਦੈ। ਊਂ ਮੈਥੋਂ ਪਹਿਲਾਂ ਸਾਡੇ ਪਿੰਡ ਦਾ ਇਕ ਮੁੰਡਾ ਸਿਵਲ ਕਰ ਕੇ ਮੋਟੀ ਕਮਾਈ ਕਰਨ ਨਾਲ ਸਿੱਧਾ ਜਲੰਧਰ ਈ ਕੋਠੀ ਪਾ ਕੇ ਟਿਕ ਗਿਆ ਸੀ, ਪਰ ਮੇਰਾ ਬਿਜਲੀ ਬੋਰਡ ‘ਚ ਲੱਗਾ ਗਜ਼ਟਿਡ ਅਫ਼ਸਰ ਮਾਮਾ ਚਾਹੁੰਦਾ ਸੀ ਕਿ ਮੈਂ ਮਕੈਨੀਕਲ ਜਾਂ ਇਲੈਕਟ੍ਰੀਕਲ ਟਰੇਡ ਵਿਚ ਜਾਵਾਂ, ਕਿਉਂਕਿ ਆਉਣ ਵਾਲਾ ਸਮਾਂ ਮਸ਼ੀਨਰੀ ਦਾ ਆਵੇਗਾ। ਕੰਪਿਊਟਰ ਯੁੱਗ ਦਾ ਤਾਂ ਕਿਸੇ ਨੂੰ ਚੇਤਾ ਵੀ ਨਹੀਂ ਸੀ ਉਦੋਂ। ਦਾਖਲੇ ਲਈ ਐਂਟਰੈਂਸ ਟੈਸਟ ਤਾਂ ਚੱਲੇ ਵੀ ਨਹੀਂ ਸਨ, ਪਰ ਲੋਕਾਂ ਦਾ ਇਧਰ ਰੁਝਾਨ ਵਧਣ ਕਰ ਕੇ ਮੈਰਿਟ ਕਾਫੀ ਉਚੀ ਜਾਣ ਲੱਗ ਪਈ ਸੀ। ਲਿਸਟ ਲੱਗੀ ਤਾਂ ਮੇਰਾ ਤੇਰਵਾਂ ਨੰਬਰ ਸੀ ਤੇ ਤੀਹ ਸੀਟਾਂ ਸਨ। ਇੰਟਰਵਿਊ ਵੇਲੇ ਮੈਂ ਆਪਣੀ ਪਸੰਦ ਨਾਲ ਮਕੈਨੀਕਲ ਵਿਚ ਦਾਖਲਾ ਲੈ ਲਿਆ, ਪਰ ਮੈਨੂੰ ਮੈਡੀਕਲ ਵਿਚ ਛਾਤੀ ਪੂਰੀ ਨਾ ਫੁੱਲਣ ਕਾਰਨ ਕੱਢ ਦਿੱਤਾ ਗਿਆ। ਮੈਂ ਘਰੇ ਬੈਠ ਗਿਆ। ਦੋ ਦਿਨ ਬਾਅਦ ਸਾਡੇ ਤਾਏ ਦਾ ਦੋਹਤਾ ਸਤਨਾਮ ਚੁੰਬਰ ਜੋ ਹੁਣ ਅਮਰੀਕਾ ‘ਚ ਹੀ ਹੈ, ਪਿੰਡ ਆਇਆ। ਉਦੋਂ ਉਹ ਆਈæਟੀæਆਈæ ਵਿਚ ਪੜ੍ਹਦਾ ਸੀ। ਉਹਨੂੰ ਮੈਂ ਸਾਰੀ ਗੱਲ ਦੱਸੀ ਕਿ ਜਾਂ ਤਾਂ ਇਹ ਸਾਡੇ ਪਿੰਡ ਵਾਲੇ ਹਮਜਮਾਤੀ ਨੇ ਸ਼ਰਾਰਤ ਕੀਤੀ ਐ, ਕਿਉਂਕਿ ਉਹਦਾ ਭਰਾ ਪਟਵਾਰੀ ਲੱਗਾ ਹੋਇਆ ਸੀ, ਜਾਂ ਰਾਮਗੜ੍ਹੀਆਂ ਨੇ ਆਪਣੇ ਕਿਸੇ ਖਾਸ ਨੂੰ ਅਡਜਸਟ ਕਰਨੈਂ। ਸਤਨਾਮ ਨੇ ਗੱਲ ਐਸ਼ਐਫ਼ਆਈæ ਦੇ ਮੱਖਣ ਸਿੰਘ ਸੰਧੂ ਤੇ ਕੁਲਵੰਤ ਸਿੰਘ ਸੰਧੂ ਨਾਲ ਕੀਤੀ। ਪ੍ਰਿੰਸੀਪਲ ਮਾਨ ਸਿੰਘ ਨੇ ਮੈਡੀਕਲ ਫਾਰਮ ਦੇ ਦਿਤੇ। ਅਗਲੇ ਦਿਨ ਅਸੀਂ ਸਿਵਲ ਹਸਪਤਾਲ ਤੋਂ ਵੀਹ ਰੁਪਏ ‘ਚ ਮੈਡੀਕਲ ਕਰਵਾਇਆ ਤੇ ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਬਣ ਗਿਆ।
ਚਲੋ, ਸਰਕਾਰੀ ਸਕੂਲ ਵਿਚ ਪੰਜਾਬੀ ਮਾਧਿਅਮ ਪੜ੍ਹ ਕੇ ਅੰਗਰੇਜ਼ੀ ‘ਚ ਤੁਰਨਾ ਔਖਾ ਤਾਂ ਸੀ, ਪਰ ਗੱਡੀ ਰਿੜ੍ਹ ਪਈ।
ਪਹਿਲੇ ਦੋ ਚਾਰ ਦਿਨਾਂ ਵਿਚ ਹੀ ਪੂਰੇ ਕਾਲਜ ਵਿਚ ਪਤਾ ਲੱਗ ਗਿਆ ਕਿ ਕੋਈ ਅਜਿਹਾ ਮੁੰਡਾ ਵੀ ਦਾਖਲ ਹੋਇਆ ਹੈ ਜੋ ਅਖ਼ਬਾਰਾਂ ‘ਚ ਚੰਗੇ ਲੇਖ ਲਿਖਦੈ। ਉਨ੍ਹਾਂ ਦਿਨਾਂ ਵਿਚ, ਜਾਣੀ ਸੰਨ 1979 ਵਿਚ ‘ਅਜੀਤ’ ਅਖ਼ਬਾਰ ਦੇ ਬਾਨੀ ਸੰਪਾਦਕ ਸਾਧੂ ਸਿੰਘ ਹਮਦਰਦ ਐਤਵਾਰ ਨੂੰ ਗ਼ਜ਼ਲਾਂ ਦਾ ਪੰਨਾ ਛਾਪਦੇ ਸਨ। ਉਹ ਆਪ ਵੀ ਕਿਉਂਕਿ ਵਧੀਆ ਗ਼ਜ਼ਲ ਲਿਖਦੇ ਸਨ, ਇਸ ਲਈ ਉਨ੍ਹਾਂ ਦਿਨਾਂ ਵਿਚ ਸ਼ਸ਼ ਮੀਸ਼ਾ, ਪ੍ਰਿੰਸੀਪਲ ਤਖਤ ਸਿੰਘ, ਡਾਕਟਰ ਜਗਤਾਰ, ਦੀਪਕ ਜੈਤੋਈ, ਉਲਫ਼ਤ ਬਾਜਵਾ, ਆਰਿਫ਼ ਗੋਬਿੰਦਪੁਰੀ, ਬੀਬੀ ਪ੍ਰਕਾਸ਼ ਕੌਰ ਆਦਿ ਨਾਂਵਾਂ ਦੀ ਬੜੀ ਚੜ੍ਹਤ ਸੀ। ਸੁਰਜੀਤ ਪਾਤਰ ਇਨ੍ਹਾਂ ਤੋਂ ਬਾਅਦ ਦੀ ਗੱਲ ਸੀ। ਸਾਡੇ ਕਾਲਜ ਵਿਚ ਮਾੜਕੂ ਜਿਹਾ ਇੰਸਟਰੱਕਟਰ ਅਜੀਤ ਸਿੰਘ ਚੱਗਰ ਹਿਰਖੀ ਉਨ੍ਹੀਂ ਦਿਨੀਂ ਸਾਹਿਤਕ ਸਰਗਰਮੀਆਂ ਲਈ ਕਾਲਜ ਦੀ ਰੀੜ੍ਹ ਦੀ ਹੱਡੀ ਸੀ। ਕਾਲਜ ਮੈਗਜ਼ੀਨ ‘ਵਿਸ਼ਵਾ ਕਿਰਤੀ’ ਦੇ ਪੰਜਾਬੀ ਵਿਭਾਗ ਦਾ ਉੁਹ ਮੁਖੀ ਸੀ। ਅੱਧੀ ਛੁੱਟੀ ਵੇਲੇ ਉਹ ਗ਼ਜ਼ਲ, ਬਹਿਰ, ਪਿੰਗਲ ਬਾਰੇ ਜਾਣਕਾਰੀ ਵੀ ਦਿੰਦਾ ਸੀ। ਉਹਨੇ ਵਿਦਿਆਰਥੀਆਂ ਦਾ ਮਿੰਨੀ ਕਹਾਣੀ ਦਾ ਮੁਕਾਬਲਾ ਕਰਵਾਇਆ ਤਾਂ ਮੇਰੀ ਕਹਾਣੀ ‘ਇਸ਼ਕ ਮਰ ਨਹੀਂ ਸਕਦਾ’ ਪਹਿਲੇ ਨੰਬਰ ‘ਤੇ ਆ ਗਈ। ਪ੍ਰਿੰਸੀਪਲ ਤੋਂ ਚੰਗਾ ਸਨਮਾਨ ਮਿਲਿਆ, ਪਰ ਨਾਲ ਲਗਦੇ ਹੀ ਇਹ ਹਾਲਤ ਬਣੀ ਕਿ ਘੁਮਾਰੀ ਪੈਂਦੀ ਸੱਟੇ ਗਧੇ ਤੋਂ ਡਿੱਗ ਪਈ।
ਕਾਲਜ ਮੈਗਜ਼ੀਨ ਪਤਾ ਨਹੀਂ ਕਦੋਂ ਤਿਆਰ ਹੋ ਰਿਹਾ ਸੀ ਕਿ ਮੈਨੂੰ ਮੇਰਾ ਇਕ ਹਮਜਮਾਤੀ ਆਂਹਦਾ, ਲਿਆ ਤੇਰੀ ਕੋਈ ਰਚਨਾ ਛਪਾ ਦਿੰਨੇ ਆਂ। ਪ੍ਰਿੰਟਿੰਗ ਪ੍ਰੈਸ ਰਾਮਗੜ੍ਹੀਆਂ ਦੀ ਆਪਣੀ ਐ ਤੇ ਮੇਰਾ ਡੈਡੀ ਉਥੇ ਲੱਗਿਆ ਹੋਇਐ।”
ਸਟੂਡੈਂਟ ਐਡੀਟਰ ਜੋਗਿੰਦਰ ਸੈਣੀ ਫਾਈਨਲ ਯੀਅਰ ਦਾ ਵਿਦਿਆਰਥੀ, ਹੈ ਤਾਂ ਸਾਡੇ ਪਿੰਡਾਂ ਵੱਲ ਦਾ ਸੀ, ਪਰ ਮੇਰੇ ਨਾਲ ਕੋਈ ਗੱਲਬਾਤ ਨਹੀਂ ਸੀ। ਮੈਂ ਗੀਤ ਇਕ ਤਰਜ਼ ‘ਤੇ ਲਿਖ ਕੇ ਉਸ ਮੁੰਡੇ ਨੂੰ ਦੇ’ਤਾ। ਜਿਵੇਂ ਤੀਜੇ ਦਿਨ ਅਨਾਰ ਪਟਾਕੇ ਸਣੇ ਚੱਲ ਗਿਆ ਹੋਵੇ! ਉਸ ਪ੍ਰੋæ ਅਜੀਤ ਹਿਰਖੀ ਨੇ ਮੈਨੂੰ ਡਰਾਇੰਗ ਦੇ ਪੀਰੀਅਡ ਵਿਚ ਸੱਦ ਲਿਆ। ਆਂਹਦਾ, “ਤੂੰ ਐਂ ਅਸ਼ੋਕ?”
“ਹਾਂ ਜੀ ਸਰ।” ਮੈਂ ਨੀਵੀਂ ਪਾ ਕੇ ਕਿਹਾ।
“ਆਹ ਗੀਤ ਤੈਂ ਲਿਖਿਆ?” ਉਹਨੇ ਕੰਪੋਜ ਕੀਤਾ ਗੀਤ ਮੇਰੇ ਮੱਥੇ ‘ਤੇ ਮਾਰਿਆ, “ਸ਼ਰਮ ਕਰੋ ਕੁਛ। ਪੜ੍ਹਨ ਕੀ ਆਏ ਓਂ ਤੇ ਕਰਦੇ ਕੀ ਓਂ?” ਜਿਵੇਂ ਅੱਲੇ ਜ਼ਖ਼ਮ ਤੋਂ ਪੱਟੀ ਖਿੱਚ ਕੇ ਲਾਹ ਦਿੱਤੀ ਹੋਵੇ। ਮੈਂ ਮਰਨ ਨੂੰ ਥਾਂ ਟੋਲਾਂ। ਸਾਰੀ ਜਮਾਤ ਸਾਹਮਣੇ ਮੇਰੀ ਰੱਜ ਕੇ ਬੇਇੱਜ਼ਤੀ ਹੋਈ ਸੀ। ਉਹਦੀ ਇਕ ਗੱਲ ਮੈਨੂੰ ਹਾਲੇ ਤੱਕ ਵੀ ਰੜਕਦੀ ਐ ਕਿ ‘ਤੂੰ ਏਦਾਂ ਦੇ ਲੋਕਾਂ ‘ਚ ਈ ਬਹਿੰਦਾ ਹੋਣੈ?’
ਦਰਅਸਲ ਹੋਇਆ ਇਹ ਸੀ ਕਿ ਉਨ੍ਹੀਂ ਦਿਨੀਂ ਇਕ ਗੀਤ ਦੁਬਈ-ਮਸਕਟ ਤੋਂ ਆਉਣ ਵਾਲਿਆਂ ਨੇ ਟੇਪਾਂ ‘ਚ ਵਜਾ ਵਜਾ ਕੇ ਘਸਾ ਸੁੱਟਿਆ ਸੀ। ਗੀਤ ਸੀ ‘ਦੋਗਾਣਾ’:
ਗੱਡੀ ਲੱਦ ਕਲਕੱਤੇ ਵੜਦਾ
ਮੁੜ ਕੇ ਪਤਾ ਨ੍ਹੀ ਲੈਂਦਾ ਘਰਦਾ
ਸਹੁਰਾ ਨਿੱਤ ਮੇਰੇ ਨਾਲ ਲੜਦਾ
ਮੈਨੂੰ ਸੱਸ ਬੁਲਾਵੇ ਨਾæææ
ਨਾਲ ਡਰਾਇਵਰ ਨੀ ਕੁੜੀਓ
ਕੋਈ ਵਿਆਹ ਕਰਵਾਏ ਨਾæææ।
ਇਸੇ ਗੀਤ ਦੀ ਤਰਜ਼ ‘ਤੇ ਜਿਹੜਾ ਗੀਤ ਮੈਂ ਲਿਖ ਕੇ ਦਿੱਤਾ ਸੀ ਤੇ ਜੀਹਨੇ ਕਲਾਸ ‘ਚ ਝਾੜ ਝੰਬ ਕਰਾਈ ਸੀ, ਉਹਦਾ ਮੁਖੜਾ ਸੀ:
ਜਦ ਮੈਂ ਦਸ ਜਮਾਤਾਂ ਪੜ੍ਹ ਗਈ
ਭੱਜ ਕੇ ਇਸ਼ਕ ਦੀ ਪੌੜੀ ਚੜ੍ਹ ਗਈ
ਮੇਰੀ ਅੱਖ ਜੀਹਦੇ ਨਾਲ ਲੜ ਗਈ
ਹੁਣ ਉਹ ਅੱਖ ਮਿਲਾਵੇ ਨਾæææ
ਨਾਲ ਕਾਲਜ ਦੇ ਮੁੰਡੇ ਦੇ ਕੋਈ
ਯਾਰੀ ਲਾਵੇ ਨਾæææ।
ਪ੍ਰਿੰਸੀਪਲ ਦੇ ਕਮਰੇ ਵਿਚ ਲਿਜਾ ਕੇ ਪ੍ਰੋæ ਹਿਰਖੀ ਨੇ ਇੱਦਾਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕੋਈ ਲੋਫਰ ਜਿਹਾ ਮੁੰਡਾ ਕਾਲਜ ‘ਚ ਆ ਗਿਆ ਹੈ। ਉਹ ਇਸ ਗੱਲ ‘ਤੇ ਵੀ ਅੜਿਆ ਰਿਹਾ ਕਿ ‘ਤੂੰ ਇਹ ਦੱਸ, ਇਹ ਤੇਰਾ ਗੀਤ ਬਾਹਰੋ-ਬਾਹਰ ਪ੍ਰੈਸ ਵਿਚ ਕਿਵੇਂ ਪੁੱਜਾ?’ ਪਰ ਮੈਂ ਮਾੜੇ ਮੁਜਰਮ ਵਾਂਗ ਦੰਦ ਘੁੱਟੀ ਰੱਖੇ।
ਹੈਰਾਨੀ ਇਹ ਸੀ ਕਿ ਇਸੇ ਪ੍ਰੋਫੈਸਰ ਨੇ ਫਿਰ ਅਗਲੇ ਸਾਲਾਂ ਵਿਚ ਮੈਨੂੰ ਕਾਲਜ ਮੈਗਜ਼ੀਨ ਦਾ ਐਡੀਟਰ ਬਣਾ ਦਿੱਤਾ ਸੀ!
Leave a Reply