ਢੀਂਡਸਿਆਂ ਵਲੋਂ ਬਾਦਲਾਂ ਖਿਲਾਫ ਆਰ-ਪਾਰ ਦੀ ਲੜਾਈ ਦਾ ਅਹਿਦ

ਸੰਗਰੂਰ: ਸੁਖਦੇਵ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਇਥੇ ‘ਪੰਜਾਬ ਬਚਾਓ-ਪੰਥ ਬਚਾਓ’ ਨਾਂ ਹੇਠ ਵੱਡੀ ਰੈਲੀ ਕਰ ਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਢੀਂਡਸਿਆਂ ਨੇ ਇਸ ਮੌਕੇ ਲੋਕਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ ਤੇ ਬਾਦਲਾਂ ਨੂੰ ਉਨ੍ਹਾਂ ਦੇ ਹੀ ਅੰਦਾਜ਼ ‘ਚ ਸਿਆਸੀ ਭਾਜੀ ਮੋੜ ਦਿੱਤੀ।

ਦੋ ਫਰਵਰੀ ਨੂੰ ਇਸੇ ਥਾਂ ਉਤੇ ਢੀਂਡਸਾ ਪਿਤਾ-ਪੁੱਤਰ ਖਿਲਾਫ ਅਕਾਲੀ ਦਲ ਨੇ ਮਤੇ ਪਾਸ ਕਰਵਾਏ ਸਨ। ਰੈਲੀ ਦੌਰਾਨ ਅਕਾਲ ਤਖਤ ਸਾਹਿਬ, ਐਸ਼ਜੀ.ਪੀ.ਸੀ. ਅਤੇ ਹੋਰ ਪੰਥਕ ਸੰਸਥਾਵਾਂ ਨੂੰ ਇਕ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਲਿਆ ਗਿਆ। ਇਸ ਨੂੰ ਸੰਗਰੂਰ ਦੀ ਧਰਤੀ ਤੋਂ ਗੁਰਦੁਆਰਾ ਸੁਧਾਰ ਲਹਿਰ ਦੀ ਮੁੜ ਸ਼ੁਰੂਆਤ ਕਰਾਰ ਦਿੱਤਾ ਗਿਆ। ਇਸ ਮੌਕੇ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮੁੱਦੇ ਵੀ ਉੱਭਰੇ। ਬਾਦਲ ਪਰਿਵਾਰ ਹੀ ਜ਼ਿਆਦਾਤਰ ਬੁਲਾਰਿਆਂ ਦੇ ਨਿਸ਼ਾਨੇ ਉਤੇ ਰਿਹਾ। ਰੈਲੀ ਦੌਰਾਨ ਦੋ ਗੁਰਸਿੱਖ ਚੋਲੇ ਪਾ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (ਐਸ਼ ਜੀ. ਪੀ. ਸੀ.) ਨੂੰ ਗੁਲਾਮ ਦਰਸਾਉਂਦਿਆਂ ਸੰਗਲਾਂ ‘ਚ ਜਕੜੇ ਹੋਏ ਖੜ੍ਹੇ ਸਨ। ਪਰਮਿੰਦਰ ਸਿੰਘ ਢੀਂਡਸਾ ਨੇ ਦੋਵਾਂ ਨੂੰ ‘ਗੁਲਾਮੀ ਤੋਂ ਆਜ਼ਾਦ ਕਰਾਉਣ ਦੀ ਰਸਮ’ ਵੀ ਅਦਾ ਕੀਤੀ। ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਉਤੇ ਨਿਸ਼ਾਨਾ ਲਾਉਂਦਿਆਂ ਕਿਹਾ ‘ਜੇਕਰ ਇਕ ਵਿਅਕਤੀ ਦੀ ਕਾਰਗੁਜ਼ਾਰੀ ਖਿਲਾਫ ਬੋਲਣਾ ਪਿੱਠ ‘ਚ ਛੁਰਾ ਮਾਰਨਾ ਹੈ ਤਾਂ ਅਸੀਂ ਪਿੱਠ ਵਿਚ ਛੁਰਾ ਜ਼ਰੂਰ ਮਾਰਿਆ ਹੈ ਪਰ ਜਿਨ੍ਹਾਂ ਨੇ ਸਿੱਖ ਕੌਮ ਤੇ ਸਿੱਖ ਪਰੰਪਰਾ ਦਾ ਘਾਣ ਕਰ ਦਿੱਤਾ, ਉਨ੍ਹਾਂ ਨੂੰ ਸਵਾਲ ਕੌਣ ਕਰੇਗਾ?’
ਉਨ੍ਹਾਂ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਵਲੋਂ ਇਸ ਥਾਂ ‘ਤੇ ਰੈਲੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਅੰਤਿਮ ਅਰਦਾਸ ਕਰਾਰ ਦਿੱਤਾ ਗਿਆ ਸੀ ਪਰ ਉਹ ਆਪਣੇ ਦੁਸ਼ਮਣ ਬਾਰੇ ਵੀ ਅਜਿਹਾ ਨਹੀਂ ਸੋਚ ਸਕਦੇ। ਉਹ ਬਾਦਲ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹਨ। ਸ੍ਰੀ ਢੀਂਡਸਾ ਨੇ ਸੰਗਤ ਤੋਂ ਮੁਆਫੀ ਵੀ ਮੰਗੀ ਕਿ ਉਨ੍ਹਾਂ ਨੂੰ ਫੈਸਲਾ ਲੈਣ ‘ਚ ਦੇਰੀ ਹੋਈ ਹੈ। ਪਰਮਿੰਦਰ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਕਿ ਉਹ ਅਕਾਲੀ ਦਲ ਵੱਲੋਂ ਐਸ਼ਜੀ.ਪੀ.ਸੀ. ਚੋਣਾਂ ਕਰਵਾਉਣ ਲਈ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਣ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਕੇਂਦਰ ‘ਚ ਭਾਈਵਾਲ ਭਾਜਪਾ ਨੂੰ ਐਸ਼ਜੀ.ਪੀ.ਸੀ. ਚੋਣਾਂ ਕਰਵਾਉਣ ਤੋਂ ਰੋਕ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਉਤੇ ਬੇਅਦਬੀ ਤੇ ਨਸ਼ਿਆਂ ਖਿਲਾਫ ਪੜਤਾਲਾਂ ਠੱਪ ਕਰਵਾਉਣ ਦਾ ਦੋਸ਼ ਲਾਇਆ। ਪਰਮਿੰਦਰ ਨੇ ਦੋਸ਼ ਲਾਇਆ ਕਿ ਐਸ਼ਜੀ.ਪੀ.ਸੀ. ਪ੍ਰਧਾਨ ਗੁਰੂ ਘਰਾਂ ਦੀ ਸੇਵਾ ਛੱਡ ਬਾਦਲ ਪਰਿਵਾਰ ਦੀ ਸੇਵਾ ਵਿਚ ਜੁਟਿਆ ਹੋਇਆ ਹੈ।
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰੈਲੀ ਨੇ ਸੁਖਬੀਰ ਬਾਦਲ ਦਾ ਹੰਕਾਰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਰਵੀਇੰਦਰ ਸਿੰਘ, ਐਚ.ਐਸ਼ ਫੂਲਕਾ ਸਮੇਤ ਸਾਰੀਆਂ ਹਮਖਿਆਲ ਧਿਰਾਂ ਨਾਲ ਮਿਲ ਕੇ ਪਹਿਲਾਂ ਐਸ਼ਜੀ.ਪੀ.ਸੀ. ਚੋਣਾਂ ਲੜੀਆਂ ਜਾਣਗੀਆਂ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਧਰਮ ਨੂੰ ਬਚਾਉਣ ਦੀ ਹੈ ਅਤੇ ਅਗਲੇ ਮਹੀਨੇ ਦੇ ਪਹਿਲੇ ਹਫਤੇ ਕਈ ਵੱਡੀਆਂ ਹਸਤੀਆਂ ਉਨ੍ਹਾਂ ਦੇ ਕਾਫਲੇ ‘ਚ ਸ਼ਾਮਲ ਹੋਣਗੀਆਂ। ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਨੂੰ ਮੁਆਫੀ ਦਿਵਾ ਕੇ ਸਮੁੱਚੇ ਪੰਥ ਨਾਲ ਦਗਾ ਕਮਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੋਈ ਵੀ ਅਣਖੀ ਸ਼ਖਸੀਅਤ ਸੁਖਬੀਰ ਬਾਦਲ ਨਾਲ ਨਹੀਂ ਚੱਲ ਸਕਦੀ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਤੋਂ ਮੁੜ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਹੈ। ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਜਦ ਤੱਕ ਗੁਰੂ ਘਰਾਂ ਨੂੰ ਇਕ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਨਹੀਂ ਕਰਵਾ ਲਿਆ ਜਾਂਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਵੀ ਬਾਦਲਾਂ ਉਤੇ ਹੀ ਨਿਸ਼ਾਨਾ ਸਾਧਿਆ। ਰੈਲੀ ਦੌਰਾਨ ਗੁਰਬਚਨ ਸਿੰਘ ਬਚੀ ਵਲੋਂ 12 ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।
______________________________________
ਰੈਲੀ ਵਿਚ ਕਈ ਅਹਿਮ ਮਤੇ ਪਾਸ
ਸੰਗਰੂਰ: ਰੈਲੀ ਵਿਚ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਮਤਾ ਪਾਸ ਕੀਤਾ ਗਿਆ। ਅਕਾਲ ਤਖਤ ਸਾਹਿਬ ਦੀ ਸ਼ਾਨ ਬਹਾਲ ਕਰਵਾਉਣ, ਸ਼੍ਰੋਮਣੀ ਕਮੇਟੀ ‘ਚ ਹੋਏ ਘੁਟਾਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਕਮੇਟੀ ਨੂੰ ਇਕ ਪਰਿਵਾਰ ਦੇ ਕਬਜ਼ੇ ‘ਚੋਂ ਮੁਕਤ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਰਵਾਉਣ ਦੀ ਮੰਗ ਵੀ ਕੀਤੀ ਗਈ। ਮਤਾ ਪਾਸ ਕਰ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਤੇ ਰਿਹਾਈ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਬੇਅਦਬੀਆਂ, ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦੇਣ ਬਾਰੇ ਵੀ ਮਤਾ ਪਾਸ ਕੀਤਾ ਗਿਆ। ਅਸਾਮ ਵਿਚ ਗੁਰਦੁਆਰਾ ਡਾਂਗਮਾਰ, ਉੜੀਸਾ ‘ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂ ਮੱਠ, ਯੂਪੀ ਵਿਚ ਗੁਰਦੁਆਰਾ ਗਿਆਨ ਗੋਦੜੀ ਜਿਹੇ ਮਾਮਲਿਆਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਹੱਲ ਕਰਨ ਦੀ ਮੰਗ ਵੀ ਕੀਤੀ ਗਈ। ਪੰਜਾਬ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ, ਭ੍ਰਿਸ਼ਟਾਚਾਰ ਘਟਾਉਣ, ਬਿਜਲੀ ਸਸਤੀ ਕਰਨ, ਬਿਜਲੀ ਸਮਝੌਤੇ ਰੱਦ ਕਰਨ, ਮੁਲਾਜ਼ਮਾਂ, ਕਿਸਾਨਾਂ ਨਾਲ ਜੁੜੀਆਂ ਮੰਗਾਂ ਵੀ ਮਤਿਆਂ ਵਿਚ ਸ਼ਾਮਲ ਸਨ।
______________________________________
ਰੈਲੀ ‘ਚ ਕਾਂਗਰਸ ਤੇ ‘ਆਪ’ ਦਾ ਇਕੱਠ ਹੋਇਆ: ਲੌਂਗੋਵਾਲ
ਟੱਲੇਵਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸੰਗਰੂਰ ਵਿਚ ਢੀਂਡਸਾ ਪਰਿਵਾਰ ਵਲੋਂ ਕੀਤੀ ਰੈਲੀ ਵਿਚਲਾ ਇਕੱਠ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸਾਂਝਾ ਇਕੱਠ ਸੀ। ਲੌਂਗੋਵਾਲ ਨੇ ਕਿਹਾ ਕਿ ਸੰਗਰੂਰ ਰੈਲੀ ਲਈ ਢੀਂਡਸਾ ਪਰਿਵਾਰ ਵਲੋਂ ਸ਼ਰਾਬ ਅਤੇ ਮੀਟ ਆਦਿ ਵੰਡ ਕੇ ਇਕੱਠ ਕੀਤਾ ਗਿਆ ਹੈ ਜਿਸ ਵਿਚ ‘ਆਪ’ ਤੇ ਕਾਂਗਰਸ ਨੇ ਸਾਥ ਦਿੱਤਾ ਹੈ। ਢੀਂਡਸਾ ਪਰਿਵਾਰ ਕਾਂਗਰਸ ਪਾਰਟੀ ਦਾ ਹੱਥ ਠੋਕਾ ਬਣ ਚੁੱਕਿਆ ਹੈ ਅਤੇ ਮਸਤੂਆਣਾ ਦੇ ਸੰਤ ਅਤਰ ਸਿੰਘ ਗੁਰਦੁਆਰਾ ਸਾਹਿਬ ਅਤੇ ਕਾਲਜ ਨੂੰ ਵੀ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ।