ਚੰਡੀਗੜ੍ਹ: ਕਾਂਗਰਸ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੋਈ ਦੁਰਗਤੀ ਨੇ ਕੈਪਟਨ ਸਰਕਾਰ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਿਰਫ ਦੋ ਸਾਲ ਹੀ ਬਾਕੀ ਹਨ। ਕਾਂਗਰਸੀ ਵਿਧਾਇਕਾਂ ਨੂੰ ਫਿਕਰ ਸਤਾਉਣ ਲੱਗਾ ਹੈ ਕਿ ਉਹ ਕਿਹੜਾ ਮੂੰਹ ਲੈ ਕੇ ਦੁਬਾਰਾ ਵੋਟਾਂ ਮੰਗਣ ਜਾਣਗੇ।
ਦੱਸ ਦਈਏ ਕਿ ਕੈਪਟਨ ਸਰਕਾਰ ਦੌਰਾਨ ਪੰਜਾਬ ਦੀ ਆਰਥਿਕ ਹਾਲਤ ਵਿਚ ਹੀ ਨਿਘਾਰ ਨਹੀਂ ਆਇਆ, ਸਗੋਂ ਪੰਜਾਬ ਦੇ ਲੋਕਾਂ ਵਿਚ ਇਹ ਪ੍ਰਭਾਵ ਵੀ ਬਣ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਵਿਚ ਕੋਈ ਆਪਸੀ ‘ਸਾਂਝ’ ਹੈ, ਜਿਸ ਕਾਰਨ ਇਸ ਤੋਂ ਪਹਿਲੇ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਵਿਚ ਹੋਈਆਂ ਗੜਬੜੀਆਂ ਬਾਰੇ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹਾਲਾਂਕਿ ਕਾਂਗਰਸ ਸਰਕਾਰ ਹੋਂਦ ਵਿਚ ਹੀ ਅਕਾਲੀ ਸਰਕਾਰ ਵੇਲੇ ਬਣੇ ਕਈ ਤਰ੍ਹਾਂ ਦੇ ਮਾਫੀਏ ਤੋਂ ਉਪਜੀ ਨਿਰਾਸ਼ਤਾ ਕਾਰਨ ਆਈ ਸੀ। ਅੱਜ ਵੀ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਹੈ।
ਨਸ਼ਿਆਂ ਬਾਰੇ ਸਰਕਾਰੀ ਅੰਕੜੇ ਕੁਝ ਵੀ ਕਹਿੰਦੇ ਹੋਣ ਪਰ ਮੌਤਾਂ ਅਜੇ ਵੀ ਜਾਰੀ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਤਾਂ ਕੀ ਘਟਣੀਆਂ ਸਨ ਪਰ ਛੋਟੇ ਦੁਕਾਨਦਾਰ ਤੇ ਮਜ਼ਦੂਰਾਂ ਵਿਚ ਵੀ ਖੁਦਕੁਸ਼ੀਆਂ ਦੇ ਰੁਝਾਨ ਵਿਚ ਵਾਧਾ ਹੋਇਆ ਹੈ।
ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਤੇ ਹੋਰ ਮਾਫੀਏ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਅਜੇ ਤੱਕ ਕਿਸੇ ਸਿਰੇ ਨਹੀਂ ਲੱਗਾ। ਵਿਧਾਇਕ ਅਫਸਰਸ਼ਾਹੀ ਦੇ ਵਤੀਰੇ ਤੋਂ ਪਰੇਸ਼ਾਨ ਹਨ। ਇਨ੍ਹਾਂ ਵਿਚ ਕੈਪਟਨ ਵਿਰੋਧੀ ਹੀ ਨਹੀਂ ਸਗੋਂ ਮੁੱਖ ਮੰਤਰੀ ਦੇ ਆਪਣੇ ਕਰੀਬੀ ਵਿਧਾਇਕ ਵੀ ਹਨ ਜੋ ਕੁਝ ਅਫਸਰਾਂ ਦੀ ਕਾਰਗੁਜ਼ਾਰੀ ਦੇ ਖਿਲਾਫ ਬੋਲ ਰਹੇ ਹਨ। ਇਸੇ ਦਬਾਅ ਅਧੀਨ ਹੁਣ ਮੁੱਖ ਮੰਤਰੀ ਨੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਪੰਜਾਬ ਵਲੋਂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਆਪਣੀ ਹੀ ਸਰਕਾਰ ਖਿਲਾਫ ਖੁੱਲ੍ਹ ਕੇ ਬੋਲਣ ਵਾਲਿਆਂ ਵਿਚ ਦੋ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਸ਼ਾਮਲ ਹਨ।
ਉਨ੍ਹਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕਹਿ ਚੁੱਕੇ ਹਨ ਜਦੋਂ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਭਾਵੇਂ ਇਕ ਪਾਸੇ ਇਹ ਕਹਿ ਰਹੇ ਹਨ ਕਿ ਉਹ ਅੱਜ ਜਿਸ ਪੁਜ਼ੀਸ਼ਨ ‘ਤੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਹਨ ਪਰ ਉਹ ਅਫਸਰਸ਼ਾਹੀ ਦੇ ਖਿਲਾਫ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ, ਸੁਰਜੀਤ ਸਿੰਘ ਧੀਮਾਨ, ਰਣਦੀਪ ਸਿੰਘ ਨਾਭਾ, ਨਿਰਮਲ ਸਿੰਘ ਸ਼ੁਤਰਾਣਾ ਤੇ ਕੁਝ ਹੋਰ ਵਿਧਾਇਕ ਵੀ ਸਮੇਂ-ਸਮੇਂ ਉਤੇ ਆਪਣਾ ਗੁੱਸਾ ਦਿਖਾ ਚੁੱਕੇ ਹਨ। ਇਸ ਵੇਲੇ ਸਭ ਤੋਂ ਵੱਧ ਚਰਚਾ ਵਿਚ ਖਿਡਾਰੀ ਤੋਂ ਰਾਜਨੀਤੀਵਾਨ ਬਣੇ ਵਿਧਾਇਕ ਪ੍ਰਗਟ ਸਿੰਘ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਹੈ, ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ, ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰਨ ਤੇ ਅਕਾਲੀ ਦਲ ਨਾਲ ਮਿਲੀਭੁਗਤ ਦਾ ਬਣਿਆ ਪ੍ਰਭਾਵ ਖਤਮ ਕਰਨ, ਬੇਅਦਬੀ ਦੇ ਮਾਮਲੇ ਸਿਰੇ ਲਾਉਣ ਆਦਿ ਦੀ ਮੰਗ ਕੀਤੀ ਸੀ। ਹੁਣ ਕੈਪਟਨ ਤੇ ਪ੍ਰਗਟ ਸਿੰਘ ਦੀ ਮੁਲਾਕਾਤ ਪਿਛੋਂ ਵੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਵਿਚ ਹਿਟਲਰ ਦਾ ਏਜੰਡਾ ਲਾਗੂ ਕਰ ਰਹੀ ਹੈ। ਜੇ ਕਾਂਗਰਸ ਲੋਕਾਂ ਦਾ ਵਿਸ਼ਵਾਸ ਜਿੱਤਣ ਵਿਚ ਫੇਲ੍ਹ ਰਹੀ ਤਾਂ ਇਹ ਏਜੰਡਾ ਪੰਜਾਬ ‘ਤੇ ਵੀ ਲਾਗੂ ਹੋ ਸਕਦਾ ਹੈ।
_____________________________________
ਹੁਣ ਤਾਂ ਕੰਮ ਕਰਨ ਵਾਲਿਆਂ ਦੇ ਹੀ ਪੈਰ ਲੱਗਣਗੇ: ਬਾਜਵਾ
ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਅਜੋਕੇ ਸਮੇਂ ‘ਚ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਪਸੰਦ ਨਹੀਂ ਕਰਦੇ। ਹਾਲਾਤ ਇਹ ਬਣ ਗਏ ਹਨ ਕਿ ਹੁਣ ਤਾਂ ਕੰਮ ਕਰਨ ਵਾਲਿਆਂ ਦੇ ਹੀ ਪੈਰ ਲੱਗਿਆ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਬਿਹਤਰ ਤਸਵੀਰ ਲਈ ਚੰਗੀ ਲੀਡਰਸ਼ਿਪ ਦੀ ਲੋੜ ਹੈ। ਇਸ ਕਰ ਕੇ ਗੱਲਾਂ ਦੀ ਥਾਂ ਕੰਮ ਕਰਕੇ ਦਿਖਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਹਾਲਾਤ ਬਹੁਤ ਮਾੜੇ ਹਨ, ਜੇ ਕੈਪਟਨ ਸਾਹਿਬ ਨੇ ਵੀ ਮੌਕਾ ਨਾ ਸੰਭਾਲਿਆ ਤਾਂ ਪਾਰਟੀ ਨੂੰ ਨੁਕਸਾਨ ਝੱਲਣਾ ਪਵੇਗਾ। ਸ੍ਰੀ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਬਿਜਲੀ ਸਬੰਧੀ ਵ੍ਹਾਈਟ ਪੇਪਰ ਹੀ ਨਾ ਲਿਆਉਣ ਬਲਕਿ ਬਿਜਲੀ ਸਬੰਧੀ ਬਾਦਲਾਂ ਵੱਲੋਂ ਕੀਤੇ ਗਏ ਸਾਰੇ ਸਮਝੌਤੇ ਰੱਦ ਕਰਨ।
________________________________________
ਪਰਗਟ ਸਿੰਘ ਵਲੋਂ ਕੈਪਟਨ ਨੂੰ ਮੌਕਾ ਸਾਂਭਣ ਦੀ ਸਲਾਹ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਬਾਗੀ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੂੰ ਵੱਖ-ਵੱਖ ਮੁੱਦਿਆਂ ਦਾ ਹੱਲ ਕਰਨ ਲਈ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਕੋਲੋਂ ਬਹੁਤ ਆਸਾਂ ਸਨ ਪਰ ਉਸ ਦਿਸ਼ਾ ਵਿਚ ਕੁਝ ਨਹੀਂ ਹੋ ਰਿਹਾ, ਜਿਸ ਕਰਕੇ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਮੁੱਦੇ ਉਤੇ ਐਸ਼ਟੀ.ਐਫ਼ ਮੁਖੀ ਦੀ ਰਿਪੋਰਟ ਅਤੇ ਇਕ ਹੋਰ ਪੁਲਿਸ ਅਧਿਕਾਰੀ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਬੰਦ ਲਿਫਾਫੇ ਵਿਚ ਪਈ ਹੈ। ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ ਵਕੀਲ ਆਪਸੀ ਸਹਿਮਤੀ ਨਾਲ ਤਰੀਕਾਂ ਲੈ ਰਹੇ ਹਨ, ਅਜਿਹੀ ਸਥਿਤੀ ਵਿਚ ਕੀ ਇਨਸਾਫ ਹੋਵੇਗਾ? ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਫੌਰੀ ਲੋੜ ਹੈ। ਇਹੀ ਹਾਲਾਤ ਹੋਰ ਮਾਮਲਿਆਂ ਉਤੇ ਬਣੇ ਹੋਏ ਹਨ।