ਫਾਇਨਾਂਸ਼ੀਅਲ ਟਾਸਕ ਫੋਰਸ ਵੱਲੋਂ ਪਾਕਿਸਤਾਨ ਮੁੜ ਸਲੇਟੀ ਸੂਚੀ ‘ਚ ਸ਼ਾਮਲ

ਨਵੀਂ ਦਿੱਲੀ: ਆਲਮੀ ਪੱਧਰ ਉਤੇ ਅਤਿਵਾਦ ਨੂੰ ਵਿੱਤੀ ਮਦਦ ਦੇਣ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ‘ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ’ ਨੇ ਅਤਿਵਾਦ ਨੂੰ ਫੰਡ ਮੁਹੱਈਆ ਕਰਾਉਣ ਦਾ ਸਿਲਸਿਲਾ ਰੋਕਣ ‘ਚ ਨਾਕਾਮ ਰਹਿਣ ਉਤੇ ਪਾਕਿਸਤਾਨ ਨੂੰ ਅਜੇ ਵੀ ‘ਸਲੇਟੀ ਸੂਚੀ’ ਵਿੱਚ ਰੱਖਿਆ ਹੈ।

ਜੇ ਪਾਕਿਸਤਾਨ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨੂੰ ਮਿਲਦੇ ਫੰਡ ਰੋਕਣ ‘ਚ ਨਾਕਾਮ ਰਹਿੰਦਾ ਹੈ, ਤਾਂ ਉਸ ਖਿਲਾਫ ਹੋਰ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਫੈਸਲਾ ਪੈਰਿਸ ਵਿਚ ਹੋਈ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਮੀਟਿੰਗ ਵਿਚ ਲਿਆ ਗਿਆ।
ਸੂਤਰਾਂ ਮੁਤਾਬਕ ਫਾਇਨਾਂਸ਼ੀਅਲ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਮੁੜ ‘ਸਲੇਟੀ ਸੂਚੀ’ ਵਿਚ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਇਸ ਨੇ ਜੂਨ ਤੱਕ ਫੋਰਸ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਇਸ ਨੂੰ ਵੱਡਾ ਜੋਖਮ ਝੱਲਣਾ ਪੈ ਸਕਦਾ ਹੈ। ਫੋਰਸ ਨੇ ਕਿਹਾ ਕਿ ਅਤਿਵਾਦੀ ਸੰਗਠਨਾਂ ਨੂੰ ਫੰਡਿੰਗ ਰੋਕਣ ਲਈ ਪਾਕਿਸਤਾਨ ਨੂੰ 27 ਕਾਰਵਾਈਆਂ ਕਰਨ ਲਈ ਆਖਿਆ ਗਿਆ ਸੀ ਪਰ ਇਸ ਨੇ ਇਨ੍ਹਾਂ ਵਿਚੋਂ ਕੁਝ ਹੀ ਕੰਮ ਹੀ ਕੀਤੇ ਹਨ। ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਭਾਰਤ ਉਤੇ ਲੜੀਵਾਰ ਹਮਲਿਆਂ ਲਈ ਜ਼ਿੰਮੇਵਾਰ ਹਨ।
ਐਫ਼ਏ.ਟੀ.ਐਫ਼ ਨੇ ਆਖਿਆ ਕਿ ਪਾਕਿਸਤਾਨ ਜੂਨ ਤੱਕ ਤੇਜ਼ੀ ਨਾਲ ਫੋਰਸ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਵੇ। ਪਾਕਿਸਤਾਨ ਨੂੰ ਸਲੇਟੀ ਸੂਚੀ ਵਿਚ ਲਗਾਤਾਰ ਰੱਖੇ ਜਾਣ ਕਾਰਨ ਇਸ ਮੁਲਕ ਨੂੰ ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ਼), ਵਿਸ਼ਵ ਬੈਂਕ, ਦਿ ਏ.ਡੀ.ਬੀ. ਅਤੇ ਦਿ ਯੂਰਪੀਅਨ ਯੂਨੀਅਨ ਵੱਲੋਂ ਦਿੱਤੀ ਜਾਂਦੀ ਮਾਲੀ ਸਹਾਇਤਾ ਮਿਲਣ ‘ਚ ਔਖ ਆਵੇਗੀ। ਇਸ ਤਰ੍ਹਾਂ ਇਸ ਮੁਲਕ ਨੂੰ ਵਿੱਤੀ ਸੰਕਟ ਨਾਲ ਨਜਿੱਠਣ ਲਈ ਭਾਰੀ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਸੂਤਰਾਂ ਮੁਤਾਬਕ ਜੇ ਪਾਕਿਸਤਾਨ ਐਫ਼ਏ.ਟੀ.ਐਫ਼ ਦੇ ਨਿਰਦੇਸ਼ ਮੰਨਣ ‘ਚ ਮੁੜ ਨਾਕਾਮ ਰਹਿੰਦਾ ਹੈ ਤਾਂ ਆਲਮੀ ਇਕਾਈ ਇਸ ਮੁਲਕ ਨੂੰ ਉਤਰੀ ਕੋਰੀਆ ਤੇ ਈਰਾਨ ਵਾਂਗ ਕਾਲੀ ਸੂਚੀ ਵਿਚ ਸ਼ਾਮਲ ਕਰ ਦੇਵੇਗੀ। ਭਾਰਤ ਲਗਾਤਾਰ ਇਹ ਗੱਲ ਜ਼ੋਰ ਦੇ ਕੇ ਕਹਿੰਦਾ ਆਇਆ ਹੈ ਕਿ ਪਾਕਿਸਤਾਨ ਦਾ ਅਤਿਵਾਦ ਸੰਗਠਨਾਂ ਨੂੰ ਪੂਰਾ ਸਹਿਯੋਗ ਹੈ। ਇਨ੍ਹਾਂ ਸੰਗਠਨਾਂ ਦਾ ਮੁੱਖ ਨਿਸ਼ਾਨਾ ਹਮੇਸ਼ਾਂ ਭਾਰਤ ਰਿਹਾ ਹੈ। ਭਾਰਤ ਲਗਾਤਾਰ ਐਫ਼ਏ.ਟੀ.ਐਫ਼ ਨੂੰ ਅਪੀਲ ਕਰਦਾ ਰਿਹਾ ਹੈ ਕਿ ਇਸਲਾਮਾਬਾਦ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਭਾਰਤ ਇਸ ਸਬੰਧੀ ਸਬੂਤ ਵੀ ਜੁਟਾਉਂਦਾ ਰਿਹਾ ਹੈ।
________________________________________
ਚੀਨ ਵੱਲੋਂ ਪਾਕਿਸਤਾਨ ਦਾ ਬਚਾਅ
ਪੇਈਚਿੰਗ: ਚੀਨ ਆਪਣੇ ‘ਗੂੜ੍ਹੇ ਮਿੱਤਰ’ ਪਾਕਿਸਤਾਨ ਦੀ ਹਮਾਇਤ ਵਿਚ ਆ ਗਿਆ ਹੈ। ਉਸ ਨੇ ਪਾਕਿਸਤਾਨ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਇਸ ਨੇ ਅਤਿਵਾਦ ਨੂੰ ਮਿਲਦੇ ਫੰਡ ਰੋਕਣ ਲਈ ਪੂਰੀ ਵਾਹ ਲਾਈ ਹੈ। ਚੀਨ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਹੈ, ਜਦੋਂ ਫਾਇਨਾਂਸ਼ੀਅਲ ਟਾਸਕ ਫੋਰਸ ਨੇ ਅਤਿਵਾਦ ਨੂੰ ਫੰਡਿੰਗ ਰੋਕਣ ‘ਚ ਲਗਾਤਾਰ ਨਾਕਾਮ ਰਹਿਣ ਉਤੇ ਪਾਕਿਸਤਾਨ ਨੂੰ ‘ਸਲੇਟੀ ਸੂਚੀ’ ਵਿੱਚ ਮੁੜ ਸ਼ਾਮਲ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੈਂਗ ਸ਼ੂਹਾਂਗ ਨੇ ਕਿਹਾ ਕਿ ਪਾਕਿਸਤਾਨ ਨੇ ਅਤਿਵਾਦ ਲਈ ਮਿਲਦੇ ਫੰਡ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਐਫ਼ਏ.ਟੀ.ਐਫ਼ ਨੇ ਪਾਕਿਸਤਾਨ ਨੂੰ ਜੂਨ ਤੱਕ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ ਅਤੇ ਚੀਨ ਅਤਿਵਾਦ ਖਿਲਾਫ ਇਸ ਕਾਰਵਾਈ ਵਿਚ ਪਾਕਿਸਤਾਨ ਦਾ ਪੂਰਾ ਸਾਥ ਦੇਵੇਗਾ।