ਪ੍ਰੋ. ਪ੍ਰੀਤਮ ਸਿੰਘ
ਆਮ ਆਦਮੀ ਪਾਰਟੀ (ਆਪ) ਨੂੰ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੋਂ ਚਾਰ ਸੀਟਾਂ ਮਿਲਣ ਸਦਕਾ ਕੌਮੀ ਸਿਆਸਤ ਵਿਚ ਵੱਡਾ ਹੁਲਾਰਾ ਮਿਲਿਆ ਸੀ, ਹਾਲਾਂਕਿ ਹੋਰ ਸਭਨੀਂ ਥਾਈਂ ਇਸ ਦੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਤਕ ਜ਼ਬਤ ਹੋ ਗਈਆਂ ਸਨ। ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੋਈ ਤਾਜ਼ਾ ਜਿੱਤ ਤੋਂ ਬਾਅਦ ਇਸ ਦੀ ਮੁੜ-ਸੁਰਜੀਤੀ ਦੀਆਂ ਉਮੀਦਾਂ ਜਾਗਣੀਆਂ ਸੁਭਾਵਿਕ ਹੀ ਹਨ ਕਿ ਇਹ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ, ਦੋਹਾਂ ਦੇ ਮੁਕਾਬਲੇ ਤੀਜੇ ਸੰਭਾਵੀ ਬਦਲ ਵਜੋਂ ਸਾਹਮਣੇ ਆਵੇ। ਦਿੱਲੀ ਵਿਚ ‘ਆਪ’ ਦੀ ਜਿੱਤ ਜਾਂ ਆਖੀਏ ਕਿ ‘ਆਪ’ ਦੀ ਜਿੱਤ ਕਾਰਨ ਭਾਜਪਾ ਦੀ ਹੋਈ ਹਾਰ ਨੂੰ ਦੇਸ਼-ਵਿਆਪੀ ਨਜ਼ਰੀਏ ਤੋਂ ਸਵਾਗਤਯੋਗ ਘਟਨਾ ਵਜੋਂ ਦੇਖਿਆ ਜਾ ਸਕਦਾ ਹੈ, ਕਿਉਂਕਿ ਇਸ ਨੇ ਭਾਵੇਂ ਕੁਝ ਵਕਤ ਲਈ ਹੀ ਸਹੀ, ਭਾਜਪਾ ਦੇ ਫੁੱਟ-ਪਾਊ ਹਿੰਦੂਤਵੀ ਏਜੰਡੇ ਨੂੰ ਠੱਲ੍ਹ ਪਾ ਦਿੱਤੀ ਹੈ। ਫਿਰ ਵੀ ਪੰਜਾਬ ਵਿਚ ਇਸ (ਆਪ) ਦਾ ਸਵਾਗਤ ਬਹੁਤ ਸਾਵਧਾਨੀ ਨਾਲ ਹੀ ਹੋਣਾ ਚਾਹੀਦਾ ਹੈ।
ਇਸ ਚੌਕਸੀ ਦੀ ਲੋੜ ਦੋ ਕਾਰਨਾਂ ਕਰਕੇ ਹੈ: ਇਕ, ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਜਾਂ ਇਸ ਦੇ ਦਿੱਲੀ ਆਧਾਰਤ ਸਹਾਇਕਾਂ ਬਾਬਤ ਪੁਰਾਣਾ ਤਜਰਬਾ ਇਹ ਹੈ ਕਿ ਇਹ ਲੋਕ ਪਾਰਟੀ ਦੀ ਪੰਜਾਬ ਇਕਾਈ ਉਤੇ ਇੰਨੀ ਸਖਤ ਪਕੜ ਰੱਖਦੇ ਹਨ ਕਿ ਇਸੇ ਕਾਰਨ ਹੀ ਪੰਜਾਬ ਇਕਾਈ ਕਈ ਵਾਰ ਵੰਡੀ ਗਈ। ਦੂਜਾ, ਪੰਜਾਬ ਲਈ ਅਜਿਹੇ ਤੀਜੇ ਬਦਲ ਦੀ ਲੋੜ ਹੈ ਜਿਹੜਾ ਅੰਦਰੂਨੀ ਤੌਰ ‘ਤੇ ਪੰਜਾਬ ਦੀਆਂ ਮਾਲੀ ਤੇ ਸਿਆਸੀ ਵੰਗਾਰਾਂ ਦੇ ਤਜਰਬੇ ‘ਤੇ ਆਧਾਰਤ ਹੋਵੇ, ਨਾ ਕਿ ਦਿੱਲੀ-ਕੇਂਦਰਿਤ ਪਾਰਟੀ ਦੀ ਅਗਵਾਈ ਹੇਠ ਬਹਿਰੂਨੀ ਤੌਰ ਤੇ ਠੋਸੇ ਗਏ ਏਜੰਡੇ ‘ਤੇ। ਇਹ ਦੋਵੇਂ ਪੱਖ ਭਾਵੇਂ ਕੁਝ ਹੱਦ ਤੱਕ ਵਖੋ-ਵਖਰੇ ਹਨ ਪਰ ਇਹ ਆਪਸ ਵਿਚ ਗੂੜ੍ਹਾ ਸਬੰਧ ਰੱਖਦੇ ਹਨ।
ਦਿੱਲੀ-ਕੇਂਦਰਿਤ ਕੋਈ ਵੀ ਪਾਰਟੀ, ਆਪਣੀ ਬਣਤਰ ਪੱਖੋਂ ਇਲਾਕਾਈ ਸਿਆਸੀ ਅਤੇ ਮਾਲੀ ਰੀਝਾਂ ਦੀ ਮੁਖਾਲਿਫ ਹੀ ਹੋਵੇਗੀ। ਰੱਫੜ ਵਾਲੀ ਇਹ ਗੱਲ ਉਦੋਂ ਹੋਰ ਵੱਡੀ ਹੋ ਜਾਂਦੀ ਹੈ, ਜੇ ਦਿੱਲੀ-ਕੇਂਦਰਿਤ ਪਾਰਟੀ ਆਪਣੇ ਕੰਮ-ਢੰਗ ਪੱਖੋਂ ‘ਆਪ’ ਵਾਂਗ ਤਾਨਾਸ਼ਾਹੀ ਰਵੱਈਏ ਵਾਲੀ ਹੋਵੇ। ਦਿੱਲੀ-ਕੇਂਦਰਿਤ ਸਾਰੀਆਂ ਹੀ ਪਾਰਟੀਆਂ- ਕਾਂਗਰਸ, ਭਾਜਪਾ, ਸੀ.ਪੀ.ਆਈ., ਸੀ.ਪੀ.ਐਮ. ਆਦਿ – ਵਖ-ਵਖ ਢੰਗ ਨਾਲ ਹੱਦੋਂ ਵੱਧ ਕੇਂਦਰੀਕ੍ਰਿਤ ਹਨ। ‘ਆਪ’ ਨੇ ਸ਼ੁਰੂ ਵਿਚ ਕੰਮ-ਢੰਗ ਦੇ ਜਮਹੂਰੀ ਅਤੇ ਹਿੱਸੇਦਾਰੀ ਵਾਲੇ ਤਰੀਕਿਆਂ ਦੀਆਂ ਆਸਾਂ ਬੰਨ੍ਹਾਈਆਂ ਸਨ ਪਰ ਮਗਰੋਂ ਇਹ ਤਾਂ ਸਗੋਂ ਕਿਤੇ ਜ਼ਿਆਦਾ ਕੇਂਦਰੀਕ੍ਰਿਤ ਪਾਰਟੀ ਵਜੋਂ ਸਾਹਮਣੇ ਆਈ ਹੈ। ਇਹ ਹੱਦੋਂ ਵੱਧ ਕੇਂਦਰੀਕਰਨ ਇਕ ਤਰ੍ਹਾਂ ਤਾਨਾਸ਼ਾਹੀ ਦਾ ਰੂਪ ਧਾਰ ਗਿਆ ਜੋ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਜ਼ਾਤੀ ਸਿਆਸੀ ਕੰਮ-ਢੰਗ ਕਾਰਨ ਹੈ। ਕਿਸੇ ਪਾਰਟੀ ਵਿਚ ਇਸ ਦੀ ਲੀਡਰਸ਼ਿਪ ਦਾ ਰਵੱਈਆ ਹੀ ਭਾਵੇਂ ਇਸ ਦੇ ਕੰਮ-ਢੰਗ ਦੀ ਤਰਜ਼ ਨੂੰ ਤੈਅ ਨਹੀਂ ਕਰਦਾ, ਤਾਂ ਵੀ ਇਹ ਪਾਰਟੀ ਦੇ ਕੰਮ-ਢੰਗ ਦੀ ਤਰਜ਼ ਨੂੰ ਸੇਧ ਦੇਣ ਵਿਚ ਅਹਿਮ ਰੋਲ ਜ਼ਰੂਰ ਨਿਭਾਉਂਦਾ ਹੈ।
‘ਆਪ’ ਦੀ ਪੰਜਾਬ ਇਕਾਈ ਅੰਦਰ ਪਈਆਂ ਫੁੱਟਾਂ ਦਾ ਮੂਲ ਕਾਰਨ ਕੇਜਰੀਵਾਲ ਵਲੋਂ ਸਿਆਸਤ ਦਾ ਤਾਨਾਸ਼ਾਹ ਅੰਦਾਜ਼ ਸੀ। ਇਹ ਰਵੱਈਆ ਅਸਹਿਮਤੀ ਅਤੇ ਆਜ਼ਾਦ ਵਿਚਾਰਾਂ ਨੂੰ ਕਦੇ ਮਨਜ਼ੂਰ ਨਹੀਂ ਕਰਦਾ। ‘ਆਪ’ ਪੰਜਾਬ ਦੇ ਲਗਪਗ ਸਾਰੇ ਮੋਹਰੀ ਆਗੂਆਂ ਨੂੰ ਇਕ-ਇਕ ਕਰਕੇ ਕਿਨਾਰੇ ਹੀ ਨਹੀਂ ਕੀਤਾ ਸਗੋਂ ਬੇਇਜ਼ਤ ਵੀ ਕੀਤਾ ਗਿਆ; ਮਿਸਾਲ ਵਜੋਂ ਸੁੱਚਾ ਸਿੰਘ ਛੋਟੇਪੁਰ ਹਨ ਜਿਨ੍ਹਾਂ ਨੂੰ ਸ਼ੁਰੂਆਤੀ ਦੌਰ ਵਿਚ ਪਾਰਟੀ ਦੀ ਪੰਜਾਬ ਇਕਾਈ ਦਾ ਮੁਖੀ ਥਾਪਿਆ ਗਿਆ ਸੀ। ਇਸ ਮਾਮਲੇ ਵਿਚ ਇਕੋ-ਇਕ ਅਪਵਾਦ ਸੰਸਦ ਮੈਂਬਰ ਭਗਵੰਤ ਮਾਨ ਦਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਦਾ ਇਹ ਤਾਨਾਸ਼ਾਹ ਰਵੱਈਆ ਕੌਮੀ ਪੱਧਰ ‘ਤੇ ਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਕਿਉਂਕਿ ਦਿੱਲੀ ਵਿਚ ਵੀ ਕਈ ਨਾਮੀ ਆਗੂਆਂ ਨੂੰ ਗਲਤ ਤਰੀਕੇ ਨਾਲ ਪਾਰਟੀ ਤੋਂ ਬਾਹਰ ਕੀਤਾ ਗਿਆ। ਇਸ ਮਾਮਲੇ ਵਿਚ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਵਰਗਿਆਂ ਦੇ ਨਾਂ ਮੁੱਖ ਹਨ ਜਿਨ੍ਹਾਂ ਖਿਲਾਫ ਅਜਿਹੀ ਕਾਰਵਾਈ ਇਨ੍ਹਾਂ ਆਗੂਆਂ ਵਲੋਂ ਕੁਝ ਵਾਜਬ ਮੁੱਦੇ ਉਠਾਏ ਜਾਣ ਕਾਰਨ ਕੀਤੀ ਗਈ। ਇਨ੍ਹਾਂ ਆਗੂਆਂ ਨੇ ਪਾਰਟੀ ਦਾ ਕੰਮ-ਕਾਜ ਸਹੀ ਢੰਗ ਨਾਲ ਨਾ ਚਲਾਏ ਜਾਣ ਦੇ ਮੁੱਦੇ ਹੀ ਤਾਂ ਉਭਾਰੇ ਸਨ।
ਇਉਂ ਪਾਰਟੀ ਦਾ ਇਹ ਤਾਨਾਸ਼ਾਹ ਰੰਗ-ਢੰਗ ਪੰਜਾਬ ਵਿਚ ‘ਆਪ’ ਦੀ ਮੁੜ-ਸੁਰਜੀਤੀ ਲਈ ਜ਼ਿਆਦਾ ਜੋਸ਼ ਨਹੀਂ ਪੈਦਾ ਕਰਦਾ, ਭਾਵੇਂ ਦਿੱਲੀ ਵਿਚ ‘ਆਪ’ ਦੀ ਜ਼ੋਰਦਾਰ ਜਿੱਤ ਨੇ ਇਸ ਸਬੰਧੀ ਉਮੀਦ ਜ਼ਰੂਰ ਜਗਾਈ ਹੈ। ਦਿੱਲੀ-ਕੇਂਦਰਿਤ ‘ਆਪ’ ਅਤੇ ਪੰਜਾਬ-ਆਧਾਰਤ ‘ਆਪ’ ਵਿਚਕਾਰ ਵਾਰ-ਵਾਰ ਡੋਲਦਾ ਤਾਲਮੇਲ, ਸਿਆਸੀ ਕੰਟਰੋਲ ਲਈ ਅਪਣਾਏ ਜਾਂਦੇ ਤਾਨਾਸ਼ਾਹ ਤੌਰ-ਤਰੀਕਿਆਂ ਦੇ ਨਾਂਹਪੱਖੀ ਨਤੀਜਿਆਂ ਤੋਂ ਵੀ ਅਗਾਂਹ ਨਿਕਲ ਗਿਆ ਹੈ। ਇਹ ਢੰਗ-ਤਰੀਕਾ ਹੁਣ ਕੇਜਰੀਵਾਲ ਦੀ ਲੀਡਰਸ਼ਿਪ ਦੀ ਖਾਸੀਅਤ ਬਣ ਚੁੱਕਾ ਹੈ। ਦਿੱਲੀ-ਕੇਂਦਰਿਤ ‘ਆਪ’ ਅਤੇ ਪੰਜਾਬ-ਤਵੱਜੋ ਵਾਲੀ ‘ਆਪ’ ਵਿਚਕਾਰ ਉਭਰ ਰਿਹਾ ਨਾਂਹਪੱਖੀ ਪ੍ਰਭਾਵ, ਬੁਨਿਆਦੀ ਤੌਰ ‘ਤੇ ਕੇਂਦਰੀਕ੍ਰਿਤ ਸਿਆਸਤ ਅਤੇ ਖੇਤਰੀ ਸੇਧ ਵਾਲੀ ਸਿਆਸਤ ਦਰਮਿਆਨ ਟਕਰਾਅ ਕਾਰਨ ਹੈ।
ਕਾਂਗਰਸ ਤੇ ਭਾਜਪਾ ਹੱਦੋਂ ਵੱਧ ਕੇਂਦਰੀਕ੍ਰਿਤ ਪਾਰਟੀਆਂ ਹਨ। ਕਾਂਗਰਸ ਦੇ ਸਿਆਸੀ ਰੰਗ-ਢੰਗ ਨੇ ਬਸਤੀਵਾਦ ਵਿਰੋਧੀ ਸੰਘਰਸ਼ ਦੌਰਾਨ ਆਕਾਰ ਲਿਆ। ਕਾਂਗਰਸ ਅੰਦਰ ਕੇਂਦਰੀਕਰਨ ਆਜ਼ਾਦੀ ਪਿਛੋਂ 1960ਵਿਆਂ ਤੋਂ ਬਾਅਦ ਹੌਲੀ-ਹੌਲੀ ਉਭਰਿਆ ਪਰ ਭਾਰਤੀ ਸਿਆਸਤ ‘ਚ ਖੇਤਰੀਵਾਦ ਦੇ ਉਭਾਰ ਤੋਂ ਬਾਅਦ ਇਸ ਅੰਦਰ ਬਹੁਤ ਤੇਜ਼ੀ ਆਈ। ਦੂਜੇ ਪਾਸੇ ਭਾਜਪਾ ਵੀ ਇਨ੍ਹਾਂ ਇਲਾਕਾਈ ਪਛਾਣਾਂ ਅਤੇ ਪਾਰਟੀਆਂ ਦੇ ਅਟੱਲ ਉਭਾਰ ਨੂੰ ਰੋਕਣ ਤੇ ਕੌਮੀ ਏਕਤਾ ਦਾ ਪ੍ਰਭਾਵ ਬਣਾਈ ਰੱਖਣ ਲਈ ਹਿੰਦੂ ਧਰਮ ਨੂੰ ਇਕ ਤਰ੍ਹਾਂ ਪੱਕੇ ਤੌਰ ‘ਤੇ ਵਰਤ ਰਹੀ ਹੈ। ਉਂਜ, ਭਾਜਪਾ ਨੂੰ ਆਪਣੇ ਇਸ ਮਿਸ਼ਨ ਵਿਚ ਇਸ ਕਾਰਨ ਮੁਸ਼ਕਿਲ ਆ ਰਹੀ ਹੈ, ਕਿਉਂਕਿ ਪਾਰਟੀ ਦਾ ਸਭਿਆਚਾਰਕ ਅਤੇ ਸਿਆਸੀ ਆਧਾਰ ਮੁੱਖ ਤੌਰ ‘ਤੇ ਦੇਸ਼ ਦੇ ਅਖੌਤੀ ਹਿੰਦੀ ਖੇਤਰ ਅਤੇ ਪੱਛਮੀ ਖੇਤਰ (ਗੁਜਾਰਾਤ ਤੇ ਮਹਾਰਾਸ਼ਟਰ) ਵਿਚ ਹੀ ਕੇਂਦਰਿਤ ਹੈ।
ਦਿੱਲੀ ਵਿਚ ਚੋਣ ਸਫਲਤਾ ਹਾਸਲ ਕਰਨ ਤੋਂ ਬਾਅਦ ‘ਆਪ’ ਦੀ ਦਿਲੀ ਖਾਹਿਸ਼ ਇਹੋ ਹੈ ਕਿ ਉਹ ਦੋਵਾਂ, ਭਾਵ ਪਹਿਲਾਂ ਹੀ ਸੁੰਗੜ ਰਹੀ ਕਾਂਗਰਸ ਅਤੇ ਨਾਲ ਹੀ ਹਾਲੇ ਵੀ ਮਜ਼ਬੂਤ ਬਣੀ ਹੋਈ ਭਾਜਪਾ ਨੂੰ ਪਛਾੜ ਕੇ ਨਵੀਂ ‘ਕੌਮੀ’ ਪਾਰਟੀ ਵਜੋਂ ਉਭਰੇ ਪਰ ‘ਆਪ’ ਲਈ ਆਪਣਾ ਇਹ ਟੀਚਾ ਪੂਰਾ ਕਰਨ ਵਿਚ ਸਭ ਤੋਂ ਵੱਡੀ ਚੁਣੌਤੀ ਇਹੋ ਹੈ ਕਿ ਇਹ ਭਾਰਤੀ ਸਿਆਸਤ ਦੇ ਵਿਕਾਸ ਦੇ ਉਸ ਦੌਰ ਦੌਰਾਨ ਪੈਦਾ ਹੋਈ ਹੈ, ਜਿਥੇ ਰੁਝਾਨ ਖੇਤਰਵਾਦੀ ਸਿਆਸਤ ਵਲ ਹੈ। ਇਸ ਦੌਰ ਨੂੰ ਭਾਰਤ ਵਰਗੇ ਵੰਨ-ਸਵੰਨਤਾ ਨਾਲ ਭਰੇ ਮੁਲਕ ਦੇ ਸਿਆਸੀ ਵਿਕਾਸ ਪੱਖੋਂ ਕੁਦਰਤੀ ਮੰਨਿਆ ਜਾਣਾ ਚਾਹੀਦਾ ਹੈ।
ਇਹ ਉਹ ਇਤਿਹਾਸਕ ਹਾਲਾਤ ਹਨ ਜਿਨ੍ਹਾਂ ਕਾਰਨ ਪੰਜਾਬ ਨੂੰ ਖਾਸ ਖੇਤਰੀ ਪਾਰਟੀ ਦੀ ਲੋੜ ਹੈ, ਕਿਉਂਕਿ ਇਸ ਦੀਆਂ ਇਲਾਕਾਈ ਮਾਲੀ, ਸਿਆਸੀ ਅਤੇ ਸਭਿਆਚਾਰਕ ਹਕੀਕਤਾਂ, ਲੋੜਾਂ ਤੇ ਖਾਹਿਸ਼ਾਂ ਦਾ ‘ਆਪ’ ਦੀਆਂ ‘ਕੁੱਲ ਹਿੰਦ’ ਮੁਖੀ ਖਾਹਿਸ਼ਾਂ ਨਾਲ ਟਕਰਾਅ ਹੈ। ਬੀਤੇ ਅਨੇਕਾਂ ਦਹਾਕਿਆਂ ਦੌਰਾਨ ਅਕਾਲੀ ਦਲ ਨੇ ਪੰਜਾਬ ਦੀ ਇਕੋ-ਇਕ ਖੇਤਰੀ ਪਾਰਟੀ ਹੋਣ ਦੇ ਨਾਤੇ ਇਨ੍ਹਾਂ ਜ਼ਰੂਰਤਾਂ ਨੂੰ ਕਾਫੀ ਹੱਦ ਤੱਕ ਪੂਰਾ ਕੀਤਾ, ਭਾਵੇਂ ਇਹ ਮੁਕੰਮਲ ਤੌਰ ‘ਤੇ ਅਜਿਹਾ ਨਹੀਂ ਕਰ ਸਕਿਆ, ਕਿਉਂਕਿ ਇਸ ਦਾ ਮੁੱਖ ਚੋਣ ਆਧਾਰ ਪੰਜਾਬ ਦਾ ਇਕ ਧਾਰਮਿਕ ਭਾਈਚਾਰਾ ਹੀ ਹੈ। ਹੁਣ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਤਾਂ ਆਪਣੇ ਆਪ ਨੂੰ ਕੇਂਦਰੀਕ੍ਰਿਤ ਭਾਜਪਾ ਨਾਲ ਇੰਨਾ ਘੁੱਟ ਕੇ ਨੂੜ ਲਿਆ ਕਿ ਇਸ ਨੇ ਆਪਣੀ ਸੀਮਤ ਇਲਾਕਾਈ ਭੂਮਿਕਾ ਅਤੇ ਸਮਰੱਥਾ ਸਬੰਧੀ ਵੀ ਸਮਝੌਤਾ ਕਰ ਲਿਆ ਹੈ। ਕੁਝ ਸਮੇਂ ਲਈ ਜਾਪਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਸ਼ਾਇਦ ਪੰਜਾਬ ਦੀਆਂ ਇਨ੍ਹਾਂ ਇਲਾਕਾਈ ਖਾਹਿਸ਼ਾਂ ਨੂੰ ਪੂਰਾ ਕਰੇ ਪਰ ਦਿੱਲੀ-ਕੇਂਦਰਿਤ ਪਾਰਟੀ ਦੇ ਕੰਟਰੋਲ ਵਾਲੀ ਸੂਬਾਈ ਇਕਾਈ ਦੀਆਂ ਢਾਂਚਾਗਤ ਹੱਦਾਂ ਨੇ ਉਨ੍ਹਾਂ ਨੂੰ ਇਸ ਸਮਰੱਥਾ ਦਾ ਇਸਤੇਮਾਲ ਨਹੀਂ ਕਰਨ ਦਿੱਤਾ।
ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ ਹੁਣ ਵਕਤ ਪੰਜਾਬ ਵਿਚ ਇਕ ਵਾਜਬ ਖੇਤਰੀ ਪਾਰਟੀ ਦੇ ਉਭਾਰ ਨੂੰ ਸੱਦਾ ਦੇ ਰਿਹਾ ਹੈ, ਇਕ ਅਜਿਹੀ ਪਾਰਟੀ ਜਿਹੜੀ ਸਾਰੇ ਪੰਜਾਬੀਆਂ ਦੀਆਂ ਆਸਾਂ-ਉਮੀਦਾਂ ਦੀ ਨੁਮਾਇੰਦਾ ਹੋਵੇ। ਅਜਿਹੀ ਸਿਆਸੀ ਪਾਰਟੀ ਨੂੰ ਯਕੀਨਨ ਮਾੜੀ ਮਾਲੀ ਹਾਲਤ, ਬੇਯਕੀਨੀ ਵਾਲੇ ਸਿਆਸੀ ਭਵਿਖ, ਵਾਤਾਵਰਨ ਦੇ ਉਜਾੜੇ, ਸਮਾਜਿਕ ਹਫੜਾ-ਦਫੜੀ ਅਤੇ ਸਭਿਆਚਾਰਕ ਗਿਰਾਵਟ ਨਾਲ ਦੋ ਦੋ ਹੱਥ ਕਰਨੇ ਪੈਣਗੇ, ਕਿਉਂਕਿ ਇਹ ਅਜੋਕੇ ਪੰਜਾਬ ਦੀ ਹਕੀਕਤ ਹੈ।
ਇਸ ਲਈ ਅੱਜ ਪੰਜਾਬ ਵਿਚ ਵਿਦਵਾਨਾਂ, ਬੁੱਧੀਜੀਵੀਆਂ, ਪੱਤਰਕਾਰਾਂ, ਸਥਾਪਤ ਸਿਆਸੀ ਆਗੂਆਂ ਵਿਚਕਾਰ ਵਿਆਪਕ ਬਹਿਸ ਅਤੇ ਵਿਚਾਰ-ਵਟਾਂਦਰੇ ਦੀ ਲੋੜ ਹੈ। ਇਹ ਲੋਕ ਅਜਿਹੇ ਹੋਣ ਜਿਹੜੇ ਆਪਣੇ ਤੰਗ ਸਿਆਸੀ ਰਿਸ਼ਤਿਆਂ ਅਤੇ ਆਪਣੀ ਲੀਡਰਸ਼ਿਪ ਚਮਕਾਉਣ ਦੀਆਂ ਨਿਜੀ ਲਾਲਸਾਵਾਂ ਤੋਂ ਉਪਰ ਉਠ ਸਕਣ। ਇਨ੍ਹਾਂ ਵਿਚ ਖਾਸਕਰ ਉਹ ਨੌਜਵਾਨ ਵਰਗ ਹੋਵੇ ਜੋ ਪੰਜਾਬ ਲਈ ਇਕ ਖਾਸ ਖੇਤਰੀ ਪਾਰਟੀ ਕਾਇਮ ਕਰਨ ਦਾ ਖਾਹਿਸ਼ਮੰਦ ਹੋਵੇ, ਅਜਿਹੀ ਖੇਤਰੀ ਪਾਰਟੀ ਜਿਹੜੀ ਪੰਜਾਬ ਲਈ ਦਰਪੇਸ਼ ਇਸ ਇਤਿਹਾਸਕ ਮਿਸ਼ਨ ਨੂੰ ਪੂਰਾ ਕਰਨ ਲਈ ਢੁਕਵੀਂ ਹੋਵੇ। ਪੰਜਾਬ ਦੇ ਮਾਲੀ, ਸਿਆਸੀ ਤੇ ਸਭਿਆਚਾਰਕ ਭਵਿਖ ਦੀਆਂ ਡੋਰਾਂ ‘ਆਪ’ ਵਰਗੀ ਦਿੱਲੀ-ਕੇਂਦਰਿਤ ਪਾਰਟੀ ਉਤੇ ਛੱਡਣ ਦੀ ਥਾਂ ਅਜਿਹਾ ਕਰਨਾ ਪੰਜਾਬ ਲਈ ਵੱਧ ਲਾਹੇਵੰਦ ਹੋਵੇਗਾ। ਉਂਜ, ਇਹ ਤੱਥ ਅਜੇ ਬੜਾ ਜ਼ੋਰਦਾਰ ਹੈ ਕਿ ਦਿੱਲੀ ਜਿੱਤ ਤੋਂ ਬਾਅਦ ਇਹ ਪਾਰਟੀ ਪੰਜਾਬੀਆਂ ਨੂੰ ਕਾਫੀ ਲੁਭਾਉਣੀ ਲੱਗ ਸਕਦੀ ਹੈ।