ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਦਿਲ ਦੀਆਂ ਬਾਤਾਂ ਫਰੋਲਦਿਆਂ ਨਸੀਹਤ ਕੀਤੀ ਸੀ, “ਦਿਲ ਦੇ ਵਰਕਿਆਂ ਨੂੰ ਕਦੇ ਵੀ ਗੈਰਾਂ ਨਾਲ ਨਾ ਫਰੋਲੋ, ਕਿਉਂਕਿ ਗੈਰ ਤਾਂ ਗੈਰ ਹੁੰਦੇ। ਕਦੇ ਨਹੀਂ ਆਪਣੇ ਬਣਦੇ। ਨਿਜ ਪੂਰਤੀ ਲਈ ਉਹ ਕੁਝ ਵੀ ਕਰ ਸਕਦੇ।”
ਹਥਲੇ ਲੇਖ ਵਿਚ ਡਾ. ਭੰਡਾਲ ਨੇ ਬੰਦੇ ਦੇ ਚਰਿੱਤਰ ਦੀ ਵਿਆਖਿਆ ਕੀਤੀ ਹੈ। ਕੀ ਹੈ ਚਰਿੱਤਰ? ਉਹ ਕਹਿੰਦੇ ਹਨ, “ਚਰਿੱਤਰ ਸੁੰਦਰਤਾ, ਸਾਦਗੀ, ਸਹਿਜ, ਸੰਜੀਦਗੀ ਅਤੇ ਸਿਆਣਪ ਦੇ ਸੰਗਮ ਵਿਚੋਂ ਉਪਜਿਆ ਤੇਜ, ਜਿਸ ਸਾਹਵੇਂ ਸਭ ਰੰਗ ਫਿੱਕੜੇ। ਇਸ ਦੀ ਲਿਸ਼ਕੋਰ ਵਿਚ ਚੁੰਧਿਆ ਜਾਂਦੀਆਂ ਲਿਸ਼ਕ ਹੀਣ ਅੱਖਾਂ।…ਚਰਿੱਤਰ ਦਾ ਇਸ ਤੋਂ ਵੀ ਪਤਾ ਲਗਦਾ ਕਿ ਆਪਣੇ ਭੈਣ ਭਰਾਵਾਂ ਨਾਲ ਕਿਹੋ ਜਿਹਾ ਵਰਤਾਓ ਹੈ? ਮਾਪਿਆਂ ਜਾਂ ਬਜੁਰਗਾਂ ਪ੍ਰਤੀ ਮਨ ਵਿਚ ਕਿੰਨਾ ਅਦਬ ਹੈ? ਅਧਿਆਪਕਾਂ ਪ੍ਰਤੀ ਮਨ ‘ਚ ਕਿੰਨਾ ਕੁ ਸਤਿਕਾਰ ਹੈ? ਅਕੀਦੇ ਪ੍ਰਤੀ ਕਿੰਨੇ ਕੁ ਸਮਰਪਿਤ ਹੋ? ਅਸੂਲਾਂ ‘ਤੇ ਕਿੰਨਾ ਪਹਿਰਾ ਦਿੰਦੇ ਹੋ?” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਚਰਿੱਤਰ ਸਿਰਫ ਆਚਰਣ ਨਹੀਂ ਹੁੰਦਾ। ਇਹ ਤਾਂ ਆਦਰਸ਼, ਅਚਾਰ, ਆਤਮਕਤਾ ਤੇ ਅੰਤਰੀਵੀ ਸੋਝੀ ਦਾ ਗਿਆਨ ਅਤੇ ਮਨੁੱਖ ਦੀ ਸਮੁੱਚੀ ਪਛਾਣ। ਚਰਿੱਤਰ ਚੰਨ ਚਾਨਣੀ, ਚਹਿਕਦਾ ਚਿਹਰਾ ਅਤੇ ਚਾਂਦੀ ਰੰਗੀਆਂ ਅਦਾਵਾਂ ‘ਚੋਂ ਵੀ ਪ੍ਰਗਟ ਹੁੰਦਾ, ਜੋ ਸ਼ਖਸੀਅਤ ਨੂੰ ਪਰਿਭਾਸ਼ਤ ਕਰ ਮਾਣ ਮਹਿਸੂਸ ਕਰਦੀਆਂ।
ਚਰਿੱਤਰ ਚਾਹਨਾ, ਚਾਅ, ਚੰਗਿਆਈ ਅਤੇ ਚੰਨ ਚੰਦੋਆ, ਜਿਸ ਨੇ ਸਰੀਰਕ ਸੁਹੱਪਣ ਨੂੰ ਚਾਰ ਚੰਨ ਲਾਉਣੇ ਹੁੰਦੇ। ਚਰਿੱਤਰ ਸੌੜੀਆਂ ਵਲਗਣਾਂ ਤੋਂ ਦੂਰ, ਨਿੱਕੇ ਦਾਇਰਿਆਂ ਵਿਚ ਬੱਝਣ ਤੋਂ ਆਕੀ ਅਤੇ ਆਪਣੀ ਵਸੀਹ ਪਛਾਣ ਨੂੰ ਸੀਮਤ ਕਰਨ ਵਾਲਿਆਂ ਤੋਂ ਨਾਬਰ।
ਚਰਿੱਤਰ, ਚੌਗਿਰਦੇ ‘ਚ ਫੈਲਦੀ ਆਭਾ ਜਿਸ ਵਿਚ ਰੰਗਿਆ ਸਮੁੱਚ, ਆਪਣੇ ਰੰਗ ‘ਚ ਆਲੇ ਦੁਆਲੇ ਨੂੰ ਰੰਗ ਕੇ ਰੰਗਲਾ ਸੰਸਾਰ ਸਿਰਜਣ ਵਿਚ ਸਭ ਤੋਂ ਅੱਗੇ। ਚਰਿੱਤਰ, ਸਰਘੀ ਵਿਚ ਟਹਿਕਦੇ ਫੁੱਲਾਂ ਦੀ ਕਿਆਰੀ, ਪੱਤੀਂ ਪਈ ਤ੍ਰੇਲ ‘ਚੋਂ ਡਲਕਦੇ ਰੰਗ, ਜਿਸ ਕਾਰਨ ਚਮਨ ਨੂੰ ਆਪਣੀ ਰੰਗਤਾ ਦਾ ਅਭਿਮਾਨ। ਮਹਿਕ ਪਰੁੱਚੀ ਪੌਣ, ਸੁਖਨ ਸੰਧਾਰਾ ਲੈ ਕੇ ਕਿਰ ਰਹੀ ਕਿਰਨ ਦੀ ਆਰਤੀ ਉਤਾਰਦੀ।
ਚਰਿੱਤਰ, ਮਨ ਬਨੇਰੇ ਤੋਂ ਠੁਮਕ ਠੁਮਕ ਉਤਰਦੀ ਧੁੱਪ ਦੀ ਪੈੜ, ਜੋ ਮਸਤਕ ਨੂੰ ਰੁਸ਼ਨਾਉਂਦੀ, ਵਿਹੜੇ ‘ਚ ਰੌਸ਼ਨ ਰਾਗ ਉਪਜਾ ਕੇ ਸਮੇਂ ਨੂੰ ਸੇਧ ਅਤੇ ਸੁੰਦਰਤਾ ਬਖਸ਼ਦੀ। ਚਰਿੱਤਰ ਸੁੰਦਰਤਾ, ਸਾਦਗੀ, ਸਹਿਜ, ਸੰਜੀਦਗੀ ਅਤੇ ਸਿਆਣਪ ਦੇ ਸੰਗਮ ਵਿਚੋਂ ਉਪਜਿਆ ਤੇਜ, ਜਿਸ ਸਾਹਵੇਂ ਸਭ ਰੰਗ ਫਿੱਕੜੇ। ਇਸ ਦੀ ਲਿਸ਼ਕੋਰ ਵਿਚ ਚੁੰਧਿਆ ਜਾਂਦੀਆਂ ਲਿਸ਼ਕ ਹੀਣ ਅੱਖਾਂ।
ਚਰਿੱਤਰ, ਸੁਪਨ ਸਾਧਨਾ, ਸਮਰਪਣ ਤੇ ਸਫਲਤਾ ਦੇ ਸੁਗਮ ਸੰਦੇਸ਼ ਵਿਚੋਂ ਉਪਜੀ ਸ਼ਖਸੀ ਪਛਾਣ, ਜਿਸ ਨੂੰ ਲੁਕੋਇਆ ਨਹੀਂ ਜਾ ਸਕਦਾ। ਚਰਿੱਤਰ, ਮਨ ਦੀ ਚਾਹਨਾ, ਰੂਹ ਦੀ ਆਸਥਾ, ਮਸਤਕ ਧਰਾਤਲ ਵਿਚ ਪੁੰਗਾਰੇ ਲਈ ਅਹੁਲਦਾ ਬੀਜ। ਇਸ ਦੇ ਫਲਣ ਫੁੱਲਣ ‘ਚੋਂ ਹੀ ਮਹਿਕਦੇ ਵਿਅਕਤੀ ਦਾ ਨਿਰਮਾਣ, ਜੋ ਚਰਿੱਤਰ ਦਾ ਉਚਾ ਚਬੂਤਰਾ ਹੁੰਦਾ।
ਚਰਿੱਤਰ ਬਹੁ ਪਰਤੀ, ਬਹੁ ਰੰਗਾ ਅਤੇ ਬਹੁਤ ਵਿਧਾਵਾਂ ‘ਚ ਰੂਪਮਾਨ ਹੁੰਦਾ। ਇਸ ਦੀ ਇਕ ਹੀ ਝਲਕ ਮਨੁੱਖ ਦੇ ਸਮੁੱਚੇ ਦੀਦਾਰ ਕਰਵਾ ਦਿੰਦੀ। ਚਰਿੱਤਰ ਬੰਦਗੀ, ਬੰਦਿਆਈ ਅਤੇ ਬਹਾਦਰੀ ਨੂੰ ਆਪਣੇ ਵਿਚ ਸਮਾ, ਚਰਿੱਤਰ ਦੇ ਨਵੇਂ ਪੈਮਾਨੇ ਸਿਰਜ ਜਾਂਦਾ, ਜਿਸ ਰਾਹੀਂ ਮਨੁੱਖ ਨੂੰ ਮਨੁੱਖ ਹੋਣ ਦਾ ਮਾਣ ਹੁੰਦਾ।
ਚਰਿੱਤਰ, ਮਨੁੱਖ ਨੂੰ ਇਨਸਾਨੀਅਤ ਦੇ ਰਾਹ ਤੋਰਦਾ। ਪਰਮ ਮਨੁੱਖ ਬਣਨ ਵੰਨੀਂ ਪ੍ਰੇਰਦਾ। ਮਨ ਤਰੰਗਾਂ ਕੁਝ ਅਜਿਹਾ ਕਰਨ ਲਈ ਪ੍ਰੇਰਦੀਆਂ ਕਿ ਇਕ ਸੱਚੇ, ਸੁੱਚੇ ਅਤੇ ਸਮਰਪਿਤ ਮਨੁੱਖ ਦਾ ਬਿੰਬ ਉਭਰਦਾ।
ਚਰਿੱਤਰ ਮਨ ਦੀ ਉਡਾਣ ਜਾਂ ਨੀਵਾਣ, ਫੁੱਟਦੀ ਸਵੇਰ ਜਾਂ ਉਤਰਦਾ ਹਨੇਰ, ਪੈਰਾਂ ‘ਚ ਉਗਿਆ ਸਫਰ ਜਾਂ ਖੜੋਤ, ਸੋਚ ਇੰਦਰੀਆਂ ‘ਤੇ ਕੰਟਰੋਲ ਜਾਂ ਬੇਲਗਾਮਤਾ, ਸਮਾਜ ਪ੍ਰਤੀ ਸਮਰਪਣ ਜਾਂ ਬੇਲਾਗਤਾ ਆਦਿ ਬਹੁਤ ਕੁਝ ਰਾਹੀਂ ਪ੍ਰਗਟ ਹੁੰਦਾ। ਮਨੁੱਖ ਦਾ ਕਿਹੜਾ ਚਰਿੱਤਰ ਦ੍ਰਿਸ਼ਮਾਨ ਹੁੰਦਾ, ਇਹ ਮਨੁੱਖ ‘ਤੇ ਨਿਰਭਰ।
ਚਰਿੱਤਰ ਜਾਹਰ ਕਰਦਾ ਕਿ ਤੁਸੀਂ ਘਰ, ਪਰਿਵਾਰ, ਸਕੂਲ, ਖੇਡ ਮੈਦਾਨ, ਪੜ੍ਹਾਈ, ਕਾਰਜ ਸਥਾਨ ਜਾਂ ਆਪਣੀ ਕਾਰਜਸ਼ੈਲੀ ਵਿਚ ਕਿਨ੍ਹਾਂ ਸਰੋਕਾਰਾਂ ਨੂੰ ਆਦਰਸ਼ ਮੰਨਦੇ ਹੋ। ਚਰਿੱਤਰਹੀਣ ਅਤੇ ਚਰਿੱਤਰ ਵਾਲੇ ਮਨੁੱਖਾਂ ਵਿਚ ਸਿਰਫ ਮਨੁੱਖੀ ਕਰਮਸ਼ੈਲੀ ਦਾ ਹੀ ਫਰਕ। ਇਹ ਫਰਕ ਬਹੁਤ ਵੱਡੇ ਆਪਸ ਵਿਰੋਧੀ ਅਰਥ ਮਨੁੱਖੀ ਮੱਥੇ ‘ਤੇ ਉਘਾੜਦਾ। ਚਮਕਦੇ ਮੱਥੇ ਅਤੇ ਕਾਲਖੀ ਚਿਹਰੇ ਦੇ ਵੱਖੋ ਵੱਖ ਅਰਥ।
ਚਰਿੱਤਰ ਸਿਰਜਣਾ ਵਿਚ ਮਾਪੇ, ਘਰ ਦਾ ਚੌਗਿਰਦਾ, ਸਮਾਜਕ ਆਲਾ ਦੁਆਲਾ, ਅਧਿਆਪਕਾਂ, ਦੋਸਤਾਂ ਮਿੱਤਰਾਂ ਦਾ ਸਭ ਤੋਂ ਵੱਡਾ ਅਸਰ ਅਤੇ ਯੋਗਦਾਨ। ਤੁਸੀਂ ਕਿਸ ਤਰ੍ਹਾਂ ਦੀ ਸੰਗਤ ਮਾਣਦੇ ਹੋ, ਕਿਹੜੀਆਂ ਕਿਤਾਬਾਂ ਪੜ੍ਹਦੇ ਹੋ, ਕਿਸ ਤਰ੍ਹਾਂ ਦੇ ਵਿਚਾਰਵਾਨ ਲੋਕਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋ, ਬਚਪਨ ਦੇ ਸਾਥੀ ਕਿਹੋ ਜਿਹੇ ਸਾਥੀ ਸਨ ਅਤੇ ਕਿਨ੍ਹਾਂ ਹਾਲਾਤ ਵਿਚ ਜੀਵਨ ਸੇਧ ਨੂੰ ਮਿਥਿਆ, ਕਿਨ੍ਹਾਂ ਚੁਣੌਤੀਆਂ ਅਤੇ ਔਕੜਾਂ ਵਿਚ ਤੁਸੀਂ ਤਰਾਸ਼ੇ ਗਏ ਆਦਿ ਚਰਿੱਤਰ ਉਸਾਰੀ ਵਿਚ ਬਹੁਤ ਅਹਿਮ।
ਚਰਿੱਤਰ ਕੈਸਾ ਹੈ, ਇਹ ਇਸ ‘ਤੇ ਵੀ ਨਿਰਭਰ ਕਰਦਾ ਕਿ ਜੀਵਨ ਦੇ ਪਹਿਲੇ ਪੜਾਅ ‘ਚ ਕਿਹੜੀਆਂ ਤੰਗੀਆਂ ਤੁਰਸ਼ੀਆਂ ਦੀ ਪੀੜਾ ਅਵਚੇਤਨ ਵਿਚ ਬਹਿ ਗਈ? ਕਿਤੇ ਆਤਮਿਕ ਗਿਲਾਨੀ ਦਾ ਸ਼ਿਕਾਰ ਤਾਂ ਨਹੀਂ ਹੋਏ? ਸਮਾਜਕ ਨਾ ਬਰਾਬਰੀ ਅਤੇ ਨਾ ਇਨਸਾਫੀ ਦੇ ਦਾਗ, ਮਨ ‘ਤੇ ਕਿੰਨੇ ਕੁ ਗੂੜ੍ਹੇ ਉਕਰੇ ਗਏ? ਕਿਵੇਂ ਨਾ ਸਾਜ਼ਗਾਰ ਹਾਲਾਤ ਵਿਚੋਂ ਖੁਦ ਨੂੰ ਉਭਾਰ ਕੇ, ਬੁਲੰਦੀਆਂ ਦਾ ਮਾਣ ਬਣਨ ਲਈ ਜੀਵਨ ਸਫਰ ਨੂੰ ਨਵੀਆਂ ਤਰਕੀਬਾਂ ਦਿਤੀਆਂ? ਬਹੁਤ ਕੁਝ ਹੁੰਦਾ, ਚਰਿੱਤਰ ਚੰਗੇਰ ‘ਚ।
ਚਰਿੱਤਰ ਦਾ ਇਸ ਤੋਂ ਵੀ ਪਤਾ ਲਗਦਾ ਕਿ ਆਪਣੇ ਭੈਣ ਭਰਾਵਾਂ ਨਾਲ ਕਿਹੋ ਜਿਹਾ ਵਰਤਾਓ ਹੈ? ਮਾਪਿਆਂ ਜਾਂ ਬਜੁਰਗਾਂ ਪ੍ਰਤੀ ਮਨ ਵਿਚ ਕਿੰਨਾ ਅਦਬ ਹੈ? ਅਧਿਆਪਕਾਂ ਪ੍ਰਤੀ ਮਨ ‘ਚ ਕਿੰਨਾ ਕੁ ਸਤਿਕਾਰ ਹੈ? ਅਕੀਦੇ ਪ੍ਰਤੀ ਕਿੰਨੇ ਕੁ ਸਮਰਪਿਤ ਹੋ? ਅਸੂਲਾਂ ‘ਤੇ ਕਿੰਨਾ ਪਹਿਰਾ ਦਿੰਦੇ ਹੋ? ਕੀ ਨਿਜੀ ਮੁਫਾਦ ਲਈ ਅਸੂਲਾਂ ਨੂੰ ਤੋੜਿਆ ਹੈ? ਕੀ ਸਮਝੌਤਾਵਾਦੀ ਰੁਚੀਆਂ ਨੂੰ ਜੀਵਨ ਸ਼ੈਲੀ ਬਣਾਇਆ ਹੈ?
ਚਰਿੱਤਰ ਦੀ ਘਾੜਤ ਵਿਚ ਭਲਿਆਈ, ਭਲੇਮਾਣਸੀ, ਭਰਾਤਰੀਭਾਵ ਅਤੇ ਭਾਵ ਭਾਵਨਾ ਤੇ ਭਰਮ ਮੁੱਕਤੀ ਪ੍ਰਮੁੱਖ। ਇਸ ਤੋਂ ਬੇਮੁੱਖਤਾ ਮਨੁੱਖ ਵਿਚ ਹਉਮੈ, ਈਰਖਾ, ਵੈਰ ਵਿਰੋਧ, ਰੰਜਿਸ਼ ਅਤੇ ਮੁਫਾਦ ਦਾ ਟਕਰਾਓ ਪੈਦਾ ਕਰਦੀ। ਇਹ ਚਰਿੱਤਰਹੀਣਤਾ ਹੀ ਹੈ ਕਿ ਅਸੀਂ ਨਿਜੀ ਮੁਫਾਦ ਲਈ ਆਪਣਿਆਂ ਦਾ ਕਤਲ ਕਰਦੇ ਹਾਂ, ਰਿਸ਼ਤਿਆਂ ਵਿਚ ਜ਼ਹਿਰ ਘੋਲਦੇ ਹਾਂ, ਘਰ ਦੀਆਂ ਨੀਂਹਾਂ ਵਿਚ ਬਜੁਰਗਾਂ ਦੀ ਨੇਕ ਨੀਤੀ ਨੂੰ ਦਫਨ ਕਰਦੇ ਹਾਂ ਜਾਂ ਪੈਲੀਆਂ ਵਿਚ ਵੱਟਾਂ ਉਗਾ ਕੇ ਮਾਪਿਆਂ ਦੀਆਂ ਜਿਉਂਦੀਆਂ ਰੂਹਾਂ ਨੂੰ ਬੇਆਰਾਮ ਕਰਦੇ ਹਾਂ।
ਚਰਿੱਤਰ ਹੁੰਦਾ, ਮਨ ਵਿਚ ਫਰਜ਼ਾਂ ਪ੍ਰਤੀ ਜਿੰਮੇਵਾਰੀ, ਕਰਮ ਧਰਮ ਵਿਚ ਦਿਆਨਤਦਾਰੀ, ਸਮੁੱਚ ਦੀ ਪਾਰਦਰਸ਼ਤਾ, ਕਲੇਸ਼ ਤੋਂ ਦੂਰੀ ਅਤੇ ਕਥਨੀ ਤੇ ਕਰਨੀ ਵਿਚ ਸੰਪੂਰਨ। ਸੱਚ ਝੂਠ, ਗਲਤ ਠੀਕ ਦੇ ਨੱਕੇ ਥੀਂ ਪਛਾਣਿਆ ਜਾਂਦਾ ਚਰਿੱਤਰ। ਚਰਿੱਤਰ ਕਿਸੇ ਕੌਮ, ਸਮਾਜ ਅਤੇ ਦੇਸ਼ ਦੀ ਪਛਾਣ। ਚਰਿੱਤਰ ‘ਚ ਆਈ ਗਿਰਾਵਟ ਹੀ ਕਿਸੇ ਕੌਮ ਦੇ ਗਰਕਣ ਦੀ ਗਵਾਹ।
ਚਰਿੱਤਰ ਸਦਾ ਚਮਕਦਾ ਰਹਿੰਦਾ ਜਦ ਬੰਦਾ ਇਸ ਜਹਾਨ ਤੋਂ ਵੀ ਕੂਚ ਕਰ ਜਾਂਦਾ। ਇਸ ਦੀ ਚਰਚਾ ਗੱਲਾਂ, ਕਥਾ, ਇਤਿਹਾਸ, ਮਿਥਿਹਾਸ ਅਤੇ ਲੋਕਾਂ ਦੇ ਮੂੰਹਾਂ ‘ਤੇ ਬਹੁਤ ਦੇਰ ਤੀਕ ਰਹਿੰਦੀ,
ਚਰਿੱਤਰ ਅੰਬਰ ਜੂਹ ਦਾ ਤਾਰਾ
ਮੱਸਿਆ ਰਾਤੇ ਹੋਂਦ ਜਤਾਵੇ
ਚਰਿੱਤਰ ਪੱਤਝੱੜ ਦੇ ਮੌਸਮੀ
ਬਾਤ ਬਹਾਰ ਦੀ ਪਾਵੇ
ਚਰਿੱਤਰ ਐਸਾ ਰੰਗ ਅਨੂਠਾ
ਚੜ੍ਹੇ ਤਾਂ ਰੂਪ ਹੰਢਾਵੇ
ਚਰਿੱਤਰ ਕਦੇ ਤਾਂ ਚਾਅ ਚਾਸ਼ਣੀ
ਮਿੱਠੜੇ ਬੋਲ ਸੁਣਾਵੇ
ਚਰਿੱਤਰ ਚੌਂਕੇ ਚੜ੍ਹੀ ਕੜਾਹੀ
ਸਭ ਦੀ ਭੁੱਖ ਮਿਟਾਵੇ
ਚਰਿੱਤਰ ਚਮਨ ਦੀ ਮਹਿਕ ਸੰਦੀਲੀ
ਜਿਉਣ ਰੁੱਤ ਹੰਢਾਵੇ
ਤੇ ਬੰਦੇ ਦੀ ਅੰਦਰਲੀ ਟੁੱਟ ਭੱਜ
ਸਾਬਤ ਸੀਰਤ ਬਣਾਵੇ
ਚਰਿੱਤਰ ਚਹਿਕੇ ਤਾਂ ਸੁੰਨ ਦੀ ਵੱਖੀ
ਬੋਲ ਆਰ ਲਾ ਜਾਵੇ
ਤੇ ਚੌਗਿਰਦੇ ਚਿਪਕੀ ਚੁੱਪ ਵੀ
ਜੀਵਨ ਨਾਦ ਬਣ ਜਾਵੇ
ਚਰਿੱਤਰ ਚਿੜੀਆਂ ਦਾ ਚੰਬਾ
ਉਡੇ ਪਰਤ ਨਾ ਆਵੇ
ਚਰਿੱਤਰ ਤਾਂ ਡਾਲ ਚੰਬੇ ਦੀ
ਰੰਗਾਂ ਸੰਗ ਨਹਾਵੇ
ਤੇ ਬੰਦੇ ਦੀ ਖਾਲੀ ਬੁੱਗਚੀ
ਲੱਪ ਮਹਿਕਾਂ ਦੀ ਪਾਵੇ
ਚਰਿੱਤਰ ਦੀ ਖੂਹੀ ਦਾ ਪਾਣੀ
ਅੰਮ੍ਰਿਤ ਅਰਘ ਚੜ੍ਹਾਵੇ
ਤੇ ਜਿੰ.ਦਗੀ ਦੇ ਸੁੱਚਮ, ਸੁਖਨ ਨੂੰ
ਹਰ ਸਾਹ ਦੇ ਨਾਂ ਲਾਵੇ।
ਚਰਿੱਤਰ ਨੂੰ ਅੰਤਰੀਵ ਵਿਚ ਉਤਾਰਨ ਲਈ ਖੁਦ ਨੂੰ ਸੰਬੋਧਨ ਹੋਣਾ ਪੈਂਦਾ। ਖੁਦ ‘ਚੋਂ ਖੁਦ ਨੂੰ ਪਛਾਣਨ ਦੀ ਲੋੜ? ਖੁਦ ਦੀਆਂ ਕਮੀਆਂ ਅਤੇ ਖੁਨਾਮੀਆਂ ਦੀ ਨਿਸ਼ਾਨਦੇਹੀ। ਤਕੜਾਈ ਅਤੇ ਚੰਗਿਆਈ ਵਾਲੇ ਰਾਹਾਂ ਦੀ ਸੋਅ ਤੇ ਸੂਝ। ਖੁਦ ਵਿਚੋਂ ਖੁਦ ਨੂੰ ਪ੍ਰਗਟਾਉਣ ਵਾਲੇ ਹੀ ਚਰਿੱਤਰ ਦੇ ਘੜਨਹਾਰੇ।
ਚਰਿੱਤਰ ਉਸਾਰੀ ਵਿਚ ਜਿਥੇ ਆਲੇ ਦੁਆਲੇ ਦਾ ਬਹੁਤ ਪ੍ਰਭਾਵ, ਉਥੇ ਸਵੈ ਨੂੰ ਇਸ ਦੇ ਹਾਣ ਦਾ ਬਣਾਉਣ ਲਈ ਖੁਦ ਨਾਲ ਸੰਵਾਦ ਰਚਾਉਣ, ਸੂਖਮ ਤੇ ਸੁਗਮ ਸੰਦੇਸ਼ਾਂ ਨੂੰ ਆਤਮਕ ਜੂਹ ਵਿਚ ਗੁਣਗੁਣਾਉਣ ਤੇ ਇਸ ਨੂੰ ਰੂਹ ਰੰਗਤਾ ਦੇ ਨਾਂ ਲਾਉਣ ਦੀ ਚੇਸ਼ਟਾ ਵੀ ਪੈਦਾ ਕਰਨੀ ਪੈਂਦੀ। ਇਹ ਇਕਪਾਸੜ ਨਹੀਂ, ਬਹੁਪਾਸੜ। ਸਾਰੇ ਪੱਖਾਂ ਨੂੰ ਵਿਚਾਰ ਪਰਖ ਕੇ ਆਪਣੀਆਂ ਰਾਹਾਂ ਖੁਦ ਸਿਰਜਣ ਅਤੇ ਚਰਿੱਤਰ ਦੀਆਂ ਹੱਦਾਂ ਅਤੇ ਸੇਧਾਂ ਨੂੰ ਸਿਰਜਣਾ ਪੈਂਦਾ।
ਚਰਿੱਤਰ ਇਹ ਵੀ ਕਿ ਕੋਈ ਸਮੇਂ ਦਾ ਕਿੰਨਾ ਪਾਬੰਦ? ਸਮੇਂ ਦੀ ਕਿੰਨੀ ਕਦਰ ਕਰਦਾ? ਸਮੇਂ ਨੂੰ ਸਾਰਥਕ ਬਣਾਉਣ ਤੇ ਇਸ ਦੀ ਸਮੁੱਚਤਾ ਵਿਚੋਂ ਖੁਦ ਨੂੰ ਨਿਖਾਰਨ ਲਈ ਕਿੰਨਾ ਕੁ ਉਦਮ ਕਰਦਾ? ਹਿੰਮਤ ਨੂੰ ਯਾਰ ਕਿਵੇਂ ਬਣਾਉਂਦਾ? ਸਮੇਂ ਨੂੰ ਸੋਹਣੀ ਤਰ੍ਹਾਂ, ਸਮਝਦਾਰੀ ਅਤੇ ਸੰਭਾਵਨਾਵਾਂ ਭਰਪੂਰ ਤਰੀਕੇ ਨਾਲ ਵਰਤਣ ਵਾਲੇ ਹੀ ਸੁਪਨਿਆਂ ਦਾ ਸੱਚ ਹੁੰਦੇ। ਸਮਾਂ ਚਰਿੱਤਰ ਦੇ ਮੱਥੇ ‘ਤੇ ਚਮਕਦਾ ਸੂਰਜ, ਜੋ ਜੀਵਨ ਤੋਰ ਨੂੰ ਨਿੱਘ ਅਤੇ ਚਾਨਣ ਨਾਲ ਭਰਦਾ।
ਚਰਿੱਤਰ ਨੂੰ ਬਾਹਰੀ ਦਿੱਖ ਹੋਰ ਸੁੰਦਰ ਬਣਾਉਣ ਤੀਕ ਸੀਮਤ ਕਰਨਾ ਚਰਿੱਤਰ ਦੀ ਘੋਰ ਨਿਰਾਦਰੀ। ਚਰਿੱਤਰ ਤਾਂ ਅੰਤਰੀਵੀ ਸੁੰਦਰਤਾ ਦਾ ਆਧਾਰ। ਅੰਦਰ ਨੂੰ ਖਿਆਲਾਂ, ਖੁਆਬਾਂ ਅਤੇ ਖਬਤ ਦਾ ਖਜਾਨਾ ਬਣਾਉਣਾ ਤੇ ਕਰਮ ਜਾਚਨਾ ਵਿਚ ਸ਼ੁਭ ਕਰਮਨ ਦਾ ਜਾਗ ਲਾਉਣਾ।
ਚਰਿੱਤਰ, ਬੁਝਦੇ ਚਿਰਾਗਾਂ ਵਿਚ ਤੇਲ ਪਾਉਣਾ ਤੇ ਜਗਾਉਣਾ। ਚੁੰਨੀ ਵਿਹੂਣੀਆਂ ਅਬਲਾਵਾਂ ਲਈ ਇੱਜਤ ਚੰਦੋਆ। ਰੋਂਦੇ ਬਾਲ ਨੂੰ ਵਰਾਉਣਾ, ਅੱਥਰੂ ਪੂੰਝਣਾ ਜਾਂ ਦਰਦਮੰਦਾਂ ਲਈ ਮਿੱਤਰ ਮੋਢਾ ਬਣਨਾ। ਅਜਿਹੇ ਲੋਕ ਉਚ ਦੁਮਾਲੜੇ ਚਰਿੱਤਰ ਦਾ ਨਾਮਕਰਣ।
ਚਰਿੱਤਰ, ਲੋੜਵੰਦ ਦੀ ਮਦਦ ਕਰਨਾ, ਸਾਧਨਹੀਣ ਲਈ ਸਾਧਨ ਬਣਨਾ ਅਤੇ ਥੁੜ੍ਹੇ ਲਈ ਸਹਾਰਾ ਬਣਨਾ। ਦਰਅਸਲ ਸਰਬੱਤ ਦੇ ਭਲੇ ਦਾ ਵਿਚਾਰ ਮਨ ਵਿਚ ਵਸਾਉਣ ਵਾਲੇ ਹੀ ਮਦਦ ਲਈ ਬਹੁੜਦੇ। ਖੜ ਕੇ ਤਮਾਸ਼ਾ ਦੇਖਣ ਵਾਲੇ ਅਤੇ ਗਰੀਬ ਦੀ ਖਿੱਲੀ ਉਡਾਉਣ ਵਾਲੇ ਚਰਿੱਤਰਹੀਣ, ਜੋ ਮਾਨਵਤਾ ਦਾ ਮਾਤਮੀ ਚਿਹਰਾ ਹੁੰਦੇ।
ਚਰਿੱਤਰ ਉਸਾਰੀ ਵਿਚ ਧਰਮ ਦਾ ਵੀ ਵੱਡਾ ਰੋਲ। ਧਰਮ, ਮਾਨਵੀ ਕਦਰਾਂ ਕੀਮਤਾਂ ਪ੍ਰਤੀ ਸੁਚੇਤ ਕਰਦਾ, ਸੁੱਚੀ ਤੇ ਸਾਰਥਕ ਜੀਵਨ ਸ਼ੈਲੀ ਨੂੰ ਅਪਨਾਉਣ ਅਤੇ ਜੀਵਨ ਨੂੰ ਅਰਥਮਈ ਬਣਾਉਣ ਵਿਚ ਵੀ ਵੱਡੀ ਭੂਮਿਕਾ ਨਿਭਾਉਂਦਾ ਬਸ਼ਰਤੇ ਧਰਮ ਨੂੰ ਸਹੀ ਅਰਥਾਂ ਵਿਚ ਸਮਝਿਆ ਤੇ ਅਪਨਾਇਆ ਜਾਵੇ। ਧਰਮ ਦਾ ਅਡੰਬਰ ਰਚਣ ਵਾਲੇ ਵਧੇਰੇ ਚਰਿੱਤਰਹੀਣ ਹੀ ਹੁੰਦੇ।
ਚੰਗੇ ਚਰਿੱਤਰ ਕਾਰਨ ਚਮਕਦੀ ਹੈ ਮਨੁੱਖੀ ਹੈਸੀਅਤ, ਹਸਤੀ ਅਤੇ ਹੋਂਦ। ਮੁਖੜੇ ਤੋਂ ਝਰਦਾ ਹੈ ਨੂਰ। ਕਦਮਾਂ ‘ਚ ਵਿਛ ਜਾਂਦੀਆਂ ਮੰਜ਼ਿਲ ਰਾਹਾਂ। ਨੈਣਾਂ ਵਿਚ ਉਗਦੀ, ਸੁਪਨ ਸਾਜ਼ੀ। ਸੁਨਹਿਰੀ ਵਰਕਿਆਂ ਨੂੰ ਇਬਾਰਤ ‘ਤੇ ਮਾਣ, ਜੋ ਇਬਾਦਤ ਬਣ ਸੁਰਖ ਪੰਨਿਆਂ ਦਾ ਪਰਾਗਾ ਜੁ ਹੁੰਦੀ।
ਚਰਿੱਤਰ ਨੂੰ ਕਪਟੀ, ਕੋਝਾ, ਕੁਲਹਿਣਾ, ਕਾਲਖੀ, ਕੁਰਹਿਤ, ਕੁਲੱਛਣਾ ਅਤੇ ਕੁਕਰਮੀ ਬਣਾਉਣ ਵਿਚ ਮਨੁੱਖੀ ਲਾਲਚ, ਵਾਸ਼ਨਾ, ਕਰੋਧ, ਈਰਖਾ, ਧਨ ਦੀ ਲਾਲਸਾ ਅਤੇ ਸਭ ਕੁਝ ‘ਤੇ ਕਾਬਜ ਹੋਣ ਦੀ ਭਾਵਨਾ ਸਭ ਤੋਂ ਵੱਧ ਅਸਰ ਅੰਦਾਜ਼। ਇਸ ਨੇ ਚਰਿੱਤਰ ਨੂੰ ਅਰਥਹੀਣ ਬਣਾ ਦਿਤਾ। ਜਦ ਪੈਸਾ, ਸ਼ੋਹਰਤ, ਕੁਰਸੀ, ਹੰਕਾਰ ਅਤੇ ਰੁਤਬਾ ਕਿਸੇ ਹਯਾਤੀ ਦੇ ਪੈਮਾਨੇ ਬਣ ਜਾਂਦੇ ਤਾਂ ਚਰਿੱਤਰ ਜ਼ਾਰੋ ਜ਼ਾਰ ਰੋਂਦਾ। ਅਜਿਹਾ ਤਾਂ ਸਾਡੇ ਹੀ ਸਮਿਆਂ ਵਿਚ ਹੋਣਾ ਸੀ।
ਚਰਿੱਤਰ ਅਜਿਹਾ ਹੋਵੇ ਕਿ ਪੈੜਾਂ ਨੂੰ ਪੈਗੰਬਰੀ ਹਾਸਲ ਹੋਵੇ, ਮਨੁੱਖੀ ਪ੍ਰਵਚਨਾਂ ਵਿਚ ਪਾਕੀਜ਼ਗੀ ਬੋਲੇ, ਕਰਮਾਂ ਵਿਚੋਂ ਉਸ ਦੇ ਚੱਜ ਅਚਾਰ ਦੀ ਸੋਚ ਦਾ ਝਲਕਾਰਾ ਪ੍ਰਗਟੇ ਅਤੇ ਲੋਕ ਰਾਹ ਬਣ ਕੇ ਲੋਕ ਚਾਅ ਦਾ ਹਕੂਕੀ ਹਾਸਲ ਹੋਵੇ।
ਚਰਿੱਤਰ ਹੋਵੇ ਉਨ੍ਹਾਂ ਯੋਧਿਆਂ ਜਿਹਾ, ਜੋ ਜੁਲਮ ਦਾ ਟਾਕਰਾ ਕਰਦਿਆਂ ਸੀਸ ਭੇਟ ਕਰ ਗਏ, ਜਿਨ੍ਹਾਂ ਦੇ ਨੈਣਾਂ ਵਿਚ ਜੁਲਮ ਨੂੰ ਦੇਖ ਕੇ ਰੋਹ ਉਤਰਿਆ, ਜਿਨ੍ਹਾਂ ਜ਼ਾਲਮਾਂ ਦੇ ਸੀਰਮੇ ਪੀਤੇ, ਜਿਨ੍ਹਾਂ ਦੇ ਲਲਕਾਰੇ ‘ਚ ਲਾਸ਼ ਬਣ ਗਈ ਕੁਕਰਮੀ ਦਹਾੜ, ਜਿਨ੍ਹਾਂ ਦੀਆਂ ਪੈੜਾਂ ਨੂੰ ਇਤਿਹਾਸ ਸਿਜਦਾ ਕਰਦਾ ਅਤੇ ਜਿਨ੍ਹਾਂ ਦੇ ਕਾਰਨਾਮਿਆਂ ਨਾਲ ਤਹਿਜ਼ੀਬ ਦੇ ਪੰਨਿਆਂ ‘ਤੇ ਹਜਾਰਾਂ ਸੂਰਜ ਉਗ ਆਏ, ਜੋ ਸਦੀਆਂ ਤੋਂ ਮਨੁੱਖਤਾ ਦਾ ਮਾਰਗ ਰੁਸ਼ਨਾ ਰਹੇ ਨੇ ਅਤੇ ਸਦੀਆਂ ਤੀਕ ਚਾਨਣ ਦਾ ਵਣਜ ਕਰਦੇ ਰਹਿਣਗੇ।
ਚਰਿੱਤਰ ਦਾ ਸੱਚ ਤੁਹਾਡੀ ਤੋਰ, ਹਾਵ ਭਾਵ, ਬੋਲ ਬਾਣੀ ਅਤੇ ਕਿਰਤ ਪ੍ਰਣਾਲੀ ਵਿਚੋਂ ਪ੍ਰਗਟ ਹੁੰਦਾ। ਬਿਨਾ ਬੋਲੇ ਤੋਂ ਹੀ ਸਭ ਕੁਝ ਸਮਝ ਆ ਜਾਂਦਾ ਕਿਉਂਕਿ ਚਰਿੱਤਰ, ਚੁਗਲੀ ਹੀ ਤਾਂ ਕਰਦਾ ਹੈ, ਮਨੁੱਖੀ ਕਿਰਦਾਰ ਦੀ। ਸੁੰਦਰਤਾ ਸਿਰਫ ਧਿਆਨ ਖਿੱਚਦੀ, ਪਰ ਚਰਿੱਤਰ ਸਿੱਧਾ ਦਿਲ ‘ਤੇ ਅਸਰ ਕਰਦਾ। ਗਿਆਨ ਤੁਹਾਡੀ ਤਾਕਤ ਜਦ ਕਿ ਚਰਿੱਤਰ ਆਦਰ ਅਤੇ ਸਤਿਕਾਰ ਦਾ ਸਬੱਬ।
ਤਿੜਕੇ ਚਰਿੱਤਰ ਵਿਚ ਸਦਾ ਤਰੇੜ ਰਹਿ ਜਾਂਦੀ। ਚੀਰਹਰਣ ਹੋਣ ‘ਤੇ ਕੁਝ ਨਹੀਂ ਬਚਦਾ। ਟੁੱਟੇ ਦੀ ਮੁਰੰਮਤ ਨਹੀਂ ਹੁੰਦੀ, ਜੋੜ ਸਾਫ ਨਜ਼ਰ ਆਉਂਦੇ। ਧੋਤਿਆਂ ਵੀ ਨਹੀਂ ਲੱਥਦੀ ਮੈਲ। ਇੱਜਤ ਦੀ ਥਾਂ ਚਰਿੱਤਰ ਵੰਨੀਂ ਵੱਧ ਤਵੱਜੋ ਦਿਓ, ਕਿਉਂਕਿ ਇੱਜਤ ਦੂਜਿਆਂ ਦੇ ਦੀਦਿਆਂ ਵਿਚ ਤੁਹਾਡਾ ਬਿੰਬ ਹੁੰਦਾ, ਜਦ ਕਿ ਚਰਿੱਤਰ ਤਾਂ ਤੁਹਾਡੇ ਲਈ ਤੁਹਾਡੇ ਬਿੰਬ ਦਾ ਅਰਥ ਹੁੰਦਾ।
ਚਰਿੱਤਰਵਾਨ ਬੰਦਾ ਸਭ ਤੋਂ ਅਮੀਰ। ਪੈਸੇ ਵਾਲੇ ਬਹੁਤ ਲੋਕ ਹੁੰਦੇ, ਜਿਨ੍ਹਾਂ ਦੀ ਸ਼ੱਰੇ ਬਾਜ਼ਾਰ ਬੋਲੀ ਵੀ ਲੱਗਦੀ ਅਤੇ ਉਹ ਵਿਕਣ ਲਈ ਹਰਦਮ ਤਿਆਰ, ਪਰ ਚਰਿੱਤਰਵਾਨ ਅਸੂਲਾਂ ‘ਤੇ ਪਹਿਰਾ ਦਿੰਦਾ। ਉਹ ਵਿਕਾਊ ਨਹੀਂ।
ਆਪਣੇ ਚਰਿੱਤਰ ਦੀ ਦੂਜਿਆਂ ਦੇ ਚਰਿੱਤਰ ਨਾਲ ਤੁਲਨਾ ਨਾ ਕਰੋ, ਕਿਉਂਕਿ ਹਰ ਵਿਅਕਤੀ ਹੀ ਵਿਸ਼ੇਸ਼ ਅਤੇ ਵੱਖਰਾ। ਤੁਸੀਂ ‘ਉਹ’ ਨਹੀਂ ਹੋ ਸਕਦੇ ਅਤੇ ‘ਉਹ’, ਤੁਸੀਂ ਨਹੀਂ ਬਣ ਸਕਦੇ।
ਚਰਿੱਤਰ ਚਮਚਾਗਿਰੀ ਨਹੀਂ ਚਾਹੁੰਦਾ, ਕਿਉਂਕਿ ਚਮਚਾਗਿਰੀ ਕਰਨ ਵਾਲੇ ਸਿਰਫ ਨਿਜੀ ਲਾਭਾਂ ਲਈ ਜੁੜਦੇ ਅਤੇ ਇਸ ਦੀ ਪੂਰਤੀ ਪਿਛੋਂ ਤੁਹਾਡੀ ਬਦਖੋਹੀ ਕਰਨ ਵਿਚ ਸਭ ਤੋਂ ਮੋਹਰੀ।
ਚਰਿੱਤਰ ਉਸਾਰੀ ਵਿਚ ਔਕੜਾਂ, ਮੁਸ਼ਕਿਲਾਂ, ਗਰੀਬੀ ਤੇ ਤੰਗਦਸਤੀ ਦਾ ਅਹਿਮ ਰੋਲ। ਇਨ੍ਹਾਂ ਦੇ ਰੂਬਰੂ ਹੋ ਕੇ ਮਨੁੱਖ ਨੂੰ ਆਪਣੀ ਅਸਲੀਅਤ, ਸਮਰੱਥਾ, ਸਹਿਣਸ਼ੀਲਤਾ ਅਤੇ ਤਾਕਤ ਦਾ ਸਹੀ ਅੰਦਾਜ਼ਾ ਹੁੰਦਾ, ਜੋ ਉਸ ਦੇ ਚਰਿੱਤਰ ਨੂੰ ਹੋਰ ਨਿਖਾਰਦਾ, ਸੰਵਾਰਦਾ ਅਤੇ ਦੁਲਾਰਦਾ। ਖੁਦ ‘ਤੇ ਨਾਜ਼ ਹੋਣਾ ਚੰਗੇ ਚਰਿੱਤਰ ਵਾਲੇ ਦੀ ਨਿਸ਼ਾਨੀ।
ਚਰਿੱਤਰ ਹੀ ਮਿਥਦਾ ਕਿ ਜੀਵਨ ਵਿਚ ਕਿਨ੍ਹਾਂ ਬੁਲੰਦੀਆਂ ਦਾ ਮਾਣ ਬਣਨਾ। ਲਿਆਕਤ ਨਾਲ ਤੁਸੀਂ ਪੈਰਾਂ ‘ਤੇ ਖੜੇ ਹੁੰਦੇ, ਪਰ ਚਰਿੱਤਰ ਨਾਲ ਬੁਲੰਦੀ ਦੀ ਉਚਾਈ ਨਿਸ਼ਚਿਤ ਹੁੰਦੀ। ਚਰਿੱਤਰ ਜਦ ਕਲੰਕੀ ਹੋ ਜਾਂਦਾ ਤਾਂ ਸਭ ਕੁਝ ਤਬਾਹ ਹੋ ਜਾਂਦਾ, ਜਦੋਂ ਕਿ ਸਿਹਤ ਵਿਗੜਦੀ ਤਾਂ ਕੁਝ ਨੁਕਸਾਨ ਹੀ ਹੁੰਦਾ ਕਿਉਂਕਿ ਫਿਰ ਸਿਹਤਮੰਦ ਹੋਣਾ ਸੰਭਵ ਹੁੰਦਾ। ਧਨ ਦੇ ਗਵਾਚਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
ਚਰਿੱਤਰਵਾਨ ਲੋਕ ਆਪ ਨਹੀਂ ਬਦਲਦੇ, ਸਗੋਂ ਦੁਨੀਆਂ ਨੂੰ ਬਦਲਦੇ ਕਿਉਂਕਿ ਉਨ੍ਹਾਂ ਵਿਚ ਅਸੂਲਾਂ ‘ਤੇ ਪਹਿਰਾ ਦੇਣ ਦਾ ਦਮ ਹੁੰਦਾ ਭਾਵੇਂ ਇਕੱਲੇ ਵੀ ਹੋਣ। ਕਾਫਲੇ ਆਪਣੇ ਆਪ ਹੀ ਬਣ ਜਾਂਦੇ।
ਚਰਿੱਤਰ ਤਾਂ ਉਹ ਜਦੋਂ ਆਪਣੇ ਕੋਲ ਕਿਸੇ ਚੀਜ਼ ਦੀ ਬਹੁਲਤਾ, ਸਹੂਲਤਾਂ ਵਿਹੂਣੇ ਲੋਕਾਂ ਲਈ ਬੁਨਿਆਦੀ ਲੋੜ ਪੂਰਤੀ ਦਾ ਸਬੱਬ ਬਣੇ। ਦੱਖਣੀ ਅਫਰੀਕਾ ਦਾ ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀ ਬਹੁਤ ਅਮੀਰ ਹੈ। ਉਸ ਕੋਲ ਪੁਰਾਣਾ ਫੋਨ ਸੀ, ਜੋ ਟੁੱਟ ਚੁਕਾ ਸੀ। ਕਿਸੇ ਨੇ ਕਿਹਾ ਨਵਾਂ ਫੋਨ ਲੈ ਲਾ। ਜਵਾਬ ਸੀ, ਮੈਂ ਇਸ ਦੀ ਮੁਰੰਮਤ ਕਰਵਾ ਲਵਾਂਗਾ ਕਿਉਂਕਿ ਮੈਂ ਆਪਣੀ ਦੌਲਤ ਉਨ੍ਹਾਂ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਵਰਤਣੀ ਚਾਹੁੰਦਾਂ, ਜੋ ਇਨ੍ਹਾਂ ਤੋਂ ਵਿਹੂਣੇ ਹਨ। ਮੈਂ ਗਰੀਬੀ ਦੇਖੀ ਹੈ ਅਤੇ ਮੈਨੂੰ ਪਤਾ ਹੈ ਕਿ ਗਰੀਬੀ ਕੀ ਹੈ? ਅਜਿਹੇ ਚਰਿੱਤਰ ਵਾਲੇ ਕਿੰਨੇ ਕੁ ਅਮੀਰ ਲੋਕ ਹਨ, ਜੋ ਦਾਨੀ ਬਣ ਕੇ ਆਪਣੇ ਹਮਵਤਨਾਂ ਦੀ ਜ਼ਿੰਦਗੀ ਨੂੰ ਰੁਸ਼ਨਾ ਕੇ ਆਪਣੇ ਰੂਹ ਚਿਰਾਗਾਂ ਨੂੰ ਬਲਦਾ ਰੱਖਣ ਲਈ ਯਤਨਸ਼ੀਲ ਹਨ। ਇਹ ਹੈ ਚਰਿੱਤਰ ਦਾ ਕ੍ਰਿਸ਼ਮਾ, ਜੋ ਵਿਰਲਿਆਂ ਦੇ ਹਿੱਸੇ ਆਇਆ।
ਮਾਈਕਰੋਸਾਫਟ ਦਾ ਬਾਨੀ ਬਿੱਲ ਗੇਟਸ ਵੀ ਆਪਣੀ ਕਮਾਈ ਦਾ ਵੱਡਾ ਹਿੱਸਾ ਸਮਾਜ ਸੇਵੀ ਕੰਮਾਂ ‘ਤੇ ਖਰਚ ਰਿਹਾ ਹੈ, ਪਰ ਬਹੁਤੇ ਅਮੀਰ ਭਾਰਤੀਆਂ ਵਿਚ ਧਨ ਦੇ ਅੰਬਾਰ ਲਾਉਣ ਦੀ ਹੀ ਹੋੜ ਹੈ। ਸ਼ਾਇਦ ਇਹ ਉਨ੍ਹਾਂ ਦਾ ਚਰਿੱਤਰ ਹੀ ਹੈ ਕਿ ਉਨ੍ਹਾਂ ਦੀ ਅੱਖ ਗਰੀਬ ਨੂੰ ਦੇਖ ਕੇ ਸਿੱਲੀ ਨਹੀਂ ਹੁੰਦੀ। ਉਹ ਕਿਸੇ ਗਰੀਬ ਬੱਚੇ ਦੇ ਤਿੜਕਦੇ ਸੁਪਨਿਆਂ ਦੀ ਤਾਮੀਰਦਾਰੀ ਲਈ ਤਿਜੋਰੀਆਂ ਨੂੰ ਹਵਾ ਲਵਾਉਣ ਤੋਂ ਤ੍ਰਹਿੰਦੇ।
ਚਰਿੱਤਰ ਚੰਮ ਦੀਆਂ ਚਲਾਉਣਾ ਨਹੀਂ, ਚਲਾਕੀਆਂ ਨਾਲ ਉਚਮਤਾ ਦਿਖਾਉਣਾ ਨਹੀਂ, ਚੌਧਰ ਲਈ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਅਤੇ ਨਾ ਹੀ ਚੰਦਰੀਆਂ ਆਦਤਾਂ ਕਾਰਨ ਚਗਲੀਆਂ ਚਾਹਤਾਂ ਨਾਲ ਜੀਵਨ ‘ਚ ਧੁੰਦਲਕਾ ਉਪਜਾਉਣਾ। ਚਰਿੱਤਰ ਤਾਂ ਸੁੱਚਮ, ਸਹਿਜ, ਸੱਚ, ਸੁਚੱਜ ਅਤੇ ਸਾਧੂ ਬਿਰਤੀ ਵਿਚੋਂ ਝਰਦਾ। ਧਰਤ ‘ਤੇ ਕਿਰਨ ਵਿਛਾਈ ਕਰਦਾ, ਜਿਸ ਕਾਰਨ ਧਰਤ ਨੂੰ ਆਪਣੀ ਦਰਵੇਸ਼ੀ ਅਤੇ ਮਹਾਨਤਾ ਦਾ ਆਭਾਸ ਹੁੰਦਾ।
ਕਦੇ ਸੂਰਜ, ਚੰਦ, ਧਰਤੀ, ਦਰਿਆ ਜਾਂ ਸਮੁੰਦਰ ਜਿਹਾ ਚਰਿੱਤਰ ਬਣਾਉਣ ਦੀ ਚਾਹਨਾ ਮਨ ਵਿਚ ਪੈਦਾ ਕਰਨੀ, ਕਿਉਂਕਿ ਇਹ ਸਾਰੇ ਮਨੁੱਖ ਨੂੰ ਨਿਆਮਤਾਂ ਬਖਸ਼ਦੇ। ਸਿਰਫ ਦਿੰਦੇ, ਮੰਗਦੇ ਕੁਝ ਨਹੀਂ।
ਕੀ ਮਾਨਵੀ ਚਰਿੱਤਰ ਵੀ ਅਜਿਹਾ ਹੋ ਸਕਦਾ?