ਸੰਤੋਖ ਮਿਨਹਾਸ
ਫੋਨ: 559-283-6376
ਹਰ ਮਨੁੱਖ ਦੀ ਸਭ ਤੋਂ ਵੱਡੀ ਖਾਹਸ਼ ਏਹੀ ਹੁੰਦੀ ਹੈ ਕਿ ਉਸ ਦੀ ਜ਼ਿੰਦਗੀ ਵਿਚ ਸੁੱਖ-ਚੈਨ ਸਦਾ ਬਣਿਆ ਰਹੇ, ਪਰ ਜ਼ਿੰਦਗੀ ਇੱਕ ਸਾਰ ਨਹੀਂ ਚਲਦੀ; ਬੜੀ ਟੇਡੀ ਮੇਡੀ ਹੈ। ਕਦੇ ਵੀ ਮੰਜ਼ਿਲ ‘ਤੇ ਪਹੁੰਚਣ ਲਈ ਸਿੱਧਾ ਰਾਹ ਨਹੀਂ ਮਿਲਦਾ। ਮਨੁੱਖ ਦੀ ਸਾਰੀ ਉਮਰ ਇਸ ਭਟਕਣ ਵਿਚ ਹੀ ਗਵਾਚ ਜਾਂਦੀ ਹੈ ਕਿ ਕਦੋਂ ਸੁੱਖ ਦਾ ਸਾਹ ਆਵੇਗਾ, ਪਰ ਮਨੁੱਖ ਨੂੰ ਇਸ ਦਾ ਥਹੁ ਨਹੀਂ ਪੈ ਰਿਹਾ।
ਇਹ ਸੁੱਖ-ਚੈਨ ਹੈ ਕੀ? ਇਸ ਦੀ ਪਰਿਭਾਸ਼ਾ ਕੀ ਹੈ? ਜਦੋਂ ਮੈਂ ਇਹ ਸੋਚਦਾਂ, ਇਸ ਦੀ ਕੀ ਪਰਿਭਾਸ਼ਾ ਮਿਥੀ ਜਾਵੇ? ਸੋਚ ਵਿਚ ਇੱਕ ਉੱਤਰ ਉਭਰਦਾ ਹੈ ਕਿ ਸੁੱਖ-ਚੈਨ ਦੀ ਪਰਿਭਾਸ਼ਾ ਨੂੰ ਕਿਸੇ ਇੱਕ ਬੰਦੇ ਦੇ ਸ਼ਬਦਾਂ ਵਿਚ ਨਹੀਂ ਬੰਨਿਆ ਜਾ ਸਕਦਾ। ਜੇ ਕੋਈ ਸੁੱਖ-ਚੈਨ ਦੀ ਪਰਿਭਾਸ਼ਾ ਸਿਰਜਦਾ ਹੈ, ਹੋ ਸਕਦਾ ਬਹੁਤ ਸਾਰੇ ਬੰਦਿਆਂ ਦੇ ਅਨੁਕੂਲ ਨਾ ਬੈਠੇ। ਇਸ ਲਈ ਇਸ ਸ਼ਬਦ ਦਾ ਪਾਰਾਵਾਰ ਖੋਜਣ ਲਈ ਮਨੁੱਖ ਨੂੰ ਆਪਣੇ ਹੀ ਅੰਦਰ ਝਾਕਣਾ ਪਵੇਗਾ।
ਅਸੀਂ ਆਮ ਹੀ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਬੜੀਆਂ ਰੀਝਾਂ ਨਾਲ ਆਪਣੇ ਬੱਚਿਆਂ ਦਾ ਨਾਂ ਸੁੱਖਚੈਨ ਰੱਖਦੇ ਹਨ। ਉਨ੍ਹਾਂ ਦੇ ਮਨ ਵਿਚ ਉਮੀਦ ਉਮਡਦੀ ਹੈ ਕਿ ਬੱਚੇ ਦੇ ਭਾਗਾਂ ਵਿਚ ਸਦਾ ਸੁੱਖ-ਚੈਨ ਬਣਿਆ ਰਹੇ। ਔਝੜ ਰਾਹਾਂ ਦੀ ਧੂੜ ਕਦੇ ਵੀ ਉਹਦੇ ਪੈਰਾਂ ਨੂੰ ਨਾ ਛੂਹੇ। ਸੁਨਹਿਰੀ ਪਲਾਂ ਦੀ ਬਰਕਤ ਸਦਾ ਉਸ ਦੇ ਨਾਲ ਨਾਲ ਰਹੇ। ਹਰ ਪਲ ਦਾ ਉਹ ਹਾਣੀ ਹੋ ਨਿਬੜੇ, ਪਰ ਜਿਵੇਂ ਅਸੀਂ ਸੋਚਦੇ ਹਾਂ ਜਾਂ ਚਿਤਵਦੇ ਹਾਂ, ਉਵੇਂ ਵਾਪਰਦਾ ਨਹੀਂ। ਪਤਾ ਨਹੀਂ ਕਿੰਨੇ ਸੁੱਖਚੈਨ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦੋ ਹੱਥ ਹੁੰਦੇ ਨਿਤਾਣੇ ਬਣ ਕੇ ਰਹਿ ਗਏ ਹਨ। ਫਿਰ ਵੀ ਇਸ ਦੀ ਤਲਾਸ਼ ਬਣੀ ਰਹਿੰਦੀ ਹੈ।
ਜ਼ਿੰਦਗੀ ਵਿਚ ਖੁਸ਼ੀ ਦੇ ਦੋ ਪਲ ਲੱਭਦੇ ਲੱਭਦੇ ਕਈ ਤਾਂ ਉਮਰਾਂ ਗਵਾ ਗਏ। ਸੁੱਖ ਨੇ ਫਿਰ ਵੀ ਸਾਥ ਨਿਭਾਇਆ ਨਹੀਂ। ਇਹ ਹੋਣੀ ਇੱਕ ਮਨੁੱਖ ਦੀ ਨਹੀਂ ਹੈ, ਸਗੋਂ ਬਹੁਗਿਣਤੀ ਇਸ ਅਵਸਥਾ ਨੂੰ ਭੋਗ ਰਹੀ ਹੈ। ਇਹ ਵਰਤਾਰਾ ਹਰ ਘਰ ਦੇ ਜੀਅ ਦਾ ਹੈ। ਅਸੀਂ ਸੁੱਖ ਦੀ ਭਾਲ ਵਿਚ ਪਿੰਡ, ਕਸਬੇ ਛੱਡ ਸ਼ਹਿਰਾਂ ਨੂੰ ਭੱਜਦੇ ਹਾਂ, ਇਹ ਸੋਚ ਪਿੰਡਾਂ ਨਾਲੋਂ ਸ਼ਹਿਰਾਂ ਵਿਚ ਸਹੂਲਤਾਂ ਦਾ ਵਸੇਬਾ ਵੱਧ ਹੈ, ਜਿਨ੍ਹਾਂ ਨੂੰ ਪ੍ਰਾਪਤ ਕਰ ਸੁੱਖ-ਚੈਨ ਦੀ ਜ਼ਿੰਦਗੀ ਜੀਵਾਂਗੇ, ਪਰ ਜਦੋਂ ਸ਼ਹਿਰ ਦੇ ਸੁੱਖ ਵੀ ਨਸੀਬ ਦਾ ਹਿੱਸਾ ਨਹੀਂ ਬਣਦੇ ਤਾਂ ਅਸੀਂ ਹੋਰ ਵਡੇਰੀ ਥਾਂ ਦੀ ਤਲਾਸ਼ ਵਿਚ ਨਿੱਕ-ਸੁੱਕ ਸਾਂਭ ਤੁਰ ਪੈਂਦੇ ਹਾਂ। ਇਸੇ ਦੌੜ ਵਿਚ ਹੀ ਅਸੀਂ ਪਰਦੇਸਾਂ ਵਲ ਮੂੰਹ ਕੀਤਾ ਹੈ। ਇਹ ਪੈਰਾਂ ਦਾ ਸਫਰ ਨਿੰਰਤਰ ਜਾਰੀ ਹੈ, ਪਰ ਝੋਲੀ ਸਾਡੀ ਅਜੇ ਵੀ ਸੁੱਖ ਤੋਂ ਸੱਖਣੀ ਹੈ।
ਪਰਦੇਸ ਆ ਅਸੀਂ ਵੱਡੇ ਵੱਡੇ ਘਰ ਬਣਾ ਲਏ; ਬਿਜਨਸ ਖੋਲ੍ਹ ਲਏ। ਪੈਸੇ ਵੀ ਇੱਕਠੇ ਕਰ ਲਏ, ਪਰ ਮਨ ਦਾ ਚੈਨ ਫਿਰ ਵੀ ਨਹੀਂ ਮਿਲਿਆ। ਭੱਜ ਦੌੜ ਏਨੀ, ਅਸੀਂ ਰਿਸ਼ਤਿਆਂ ਤੋਂ ਵੀ ਵਾਂਝੇ ਹੋ ਗਏ ਹਾਂ। ਚੈਨ ਤਾਂ ਰਹੀ ਦੂਰ ਦੀ ਗੱਲ, ਅਸੀਂ ਆਪਣੇ ਬੱਚੇ ਵੀ ਗਵਾ ਲਏ ਹਨ। ਉਹ ਕਿਹੜੀ ਲੋੜ ਹੈ, ਜੀਹਦੀ ਤੰਦ ਸਾਥੋਂ ਫੜੀ ਨਹੀਂ ਜਾ ਰਹੀ। ਇਹ ਹੱਥੋਂ ਖੁਸਦੀ ਜਾ ਰਹੀ ਤਾਂਘ ਹੀ ਸਾਡੇ ਚੈਨ ਦੀ ਚੋਰ ਹੈ।
ਜਦੋਂ ਅਸੀਂ ਦੇਖਦੇ ਕਿ ਹਰ ਮਨੁੱਖ ਬਾਹਰੀ ਜਗਤ ਦੇ ਦਿਖਾਵੇ ਦੀਆਂ ਵਸਤਾਂ ਵਿਚੋਂ ਸੁੱਖ-ਚੈਨ ਭਾਲਣ ਦੇ ਆਹਰ ਵਿਚ ਹੈ। ਅਸੀਂ ਦੁਨਿਆਵੀ ਚਮਕ ਦਮਕ ਨੂੰ ਹੀ ਖੁਸ਼ੀਆਂ ਦਾ ਸਰੋਤ ਸਮਝਣ ਲੱਗ ਪਏ ਹਾਂ। ਇਸ ਲਈ ਮਨੁੱਖ ਨੇ ਵੱਡੇ ਵੱਡੇ ਘਰ ਬਣਾ ਲਏ ਤੇ ਘਰਾਂ ਵਿਚ ਸਜਾਵਟਾਂ ਦੇ ਅੰਬਾਰ ਲਾਈ ਜਾਂਦਾ ਹੈ। ਘਰ, ਘਰ ਨਾ ਹੋ ਕੇ ਅਜਾਇਬ ਘਰ ਵੱਧ ਲੱਗਦੇ ਹਨ। ਘਰ ਆਏ ਮਹਿਮਾਨਾਂ ਨਾਲ ਬਣਾਵਟੀ ਜਿਹਾ ਵਿਹਾਰ। ਕਿਸੇ ਨਾਟਕ ਦੇ ਪਾਤਰ ਜਿਹਾ ਰੋਲ। ਉਚੇਚ ਪ੍ਰਗਟਾਉਣ ਲਈ ਪ੍ਰਾਹੁਣਚਾਰੀ ਵਿਚ ਸਹਿਜ, ਪਿਆਰ ਅਪਣਤ ਘੱਟ। ਬੋਲ-ਚਾਲ ਦੇ ਸ਼ਬਦਾਂ ਦੇ ਪ੍ਰਯੋਗ ਵਿਚ ਉਚੇਚ ਲਗਦੇ ਬੋਲਾਂ ਦੀ ਭਰਮਾਰ। ਜਦੋਂ ਮਨੁੱਖ ਦਾ ਜਿਉਣ ਢੰਗ ਹੀ ਬਹੁ-ਰੂਪੀਆ ਹੋ ਗਿਆ ਹੈ, ਫਿਰ ਅਸਲੀ ਮਨੁੱਖ ਦਾ ਅੰਦਰੋਂ ਗਵਾਚ ਜਾਣਾ ਲਾਜ਼ਮੀ ਹੈ। ਅਸਲ ਵਿਚ ਅੰਦਰੋ ਬਾਹਰੋਂ ਇੱਕ ਜੀਵਨ ਜਿਉਣ ਵਾਲਾ ਬੰਦਾ ਹੀ ਸੁੱਖ-ਚੈਨ ਦੇ ਨੇੜੇ ਤੇੜੇ ਪਹੁੰਚ ਸਕਦਾ ਹੈ।
ਜਦੋਂ ਮਨੁੱਖ ਕੋਲੋਂ ਮਾਨਵੀ ਕਦਰਾਂ ਕੀਮਤਾਂ ਗਵਾਚ ਜਾਣ, ਉਦੋਂ ਹੰਕਾਰ ਤੇ ਵੈਰ ਵਿਰੋਧ ਦੀ ਭਾਵਨਾ ਪ੍ਰਬਲ ਹੋ ਉਠਦੀ ਹੈ। ਅਸੀਂ ਸ਼ੀਸ਼ੇ ਨੂੰ ਤਾਂ ਹਰ ਰੋਜ਼ ਸਾਫ ਕਰਦੇ ਹਾਂ, ਪਰ ਆਪਣੇ ਚਿਹਰੇ ਦੀ ਮਿੱਟੀ ਨੂੰ ਕਦੇ ਸਾਫ ਨਹੀਂ ਕਰਦੇ। ਮੁਖੌਟਿਆਂ ਦੀ ਪਰਤ ਦਰ ਪਰਤ ਸਾਡੇ ਚਿਹਰੇ ‘ਤੇ ਜੰਮੀ ਜਾ ਰਹੀ ਹੈ। ਅਸੀਂ ਉਧਾਰੇ ਚਿਹਰਿਆਂ ਨੂੰ ਲੈ ਕੇ ਦੌੜੀ ਜਾ ਰਹੇ ਹਾਂ। ਜਦੋਂ ਸਾਡੇ ਕੋਲ ਸਾਡਾ ਅਸਲ ਨਹੀਂ ਹੈ, ਫਿਰ ਤਾਂ ਅੱਕੀਂ ਪਲਾਹੀ ਹੱਥ ਮਾਰਨ ਵਾਲੀ ਗੱਲ ਹੈ। ਸੱਪ ਦੀ ਖੁੱਡ ਵਿਚੋਂ ਕਦੇ ਮੇਵੇ ਨਹੀਂ ਲਭਦੇ। ਅੰਬਰ ‘ਤੇ ਤਾਰੇ ਦੇਖੇ ਤਾਂ ਜਾ ਸਕਦੇ ਹਨ, ਹੱਥ ਨਾਲ ਤੋੜੇ ਨਹੀਂ ਜਾ ਸਕਦੇ, ਪਰ ਅਸੀਂ ਤਾਂ ਮਨ ਵਿਚ ਤਾਰੇ ਤੋੜਨ ਦੇ ਦਾਈਏ ਲਾਈ ਬੈਠੇ ਹਾਂ। ਪਹੁੰਚ ਤੋਂ ਬਾਹਰੀ ਚੀਜ਼ ਥੂ ਕੌੜੀ ਹੁੰਦੀ ਹੈ। ਇਸੇ ਲਈ ਸੁੱਖ ਦਾ ਪਰਾਗਾ ਸਾਡੀ ਝੋਲੀ ਨਹੀਂ ਪੈਂਦਾ। ਅਰਦਾਸ ਤਾਂ ਹੱਥ ਜੋੜਨ ਤਕ ਸੀਮਤ ਹੋ ਕੇ ਰਹਿ ਜਾਂਦੀ ਹੈ। ਖਾਲੀ ਹੱਥ ਝਾੜਦਾ ਬੰਦਾ ਹੰਭਿਆ ਪਿਆ ਹੈ।
ਅਸੀਂ ਕਈ ਵਾਰ ਆਪਣਾ ਸੁੱਖ-ਚੈਨ ਦੂਜੇ ਦੀਆਂ ਖੁਸ਼ੀਆਂ ਜਾਂ ਉਸ ਦੇ ਚੰਗੇ ਦਿਸਦੇ ਠਾਠ-ਬਾਠ ਨੂੰ ਵੇਖ ਕੇ ਸਹਿਣ ਨਾ ਕਰਦੇ ਹੋਏ ਗਵਾ ਬੈਠਦੇ ਹਾਂ। ਜਦੋਂ ਦੂਜੇ ਦਾ ਚੰਗਾ ਜਾਂ ਖੁਸ਼ੀ ਸਾਡੇ ਦੁੱਖ ਦਾ ਕਾਰਨ ਬਣਦੇ ਹਨ ਤਾਂ ਇਹ ਘ੍ਰਿਣਾ, ਇਹ ਅਸਹਿਣਸ਼ੀਲਤਾ ਸਾਡੇ ਕੋਲੋਂ ਬਹੁਤ ਕੁੱਝ ਖੋਹੰਦੀ ਹੈ। ਅੰਦਰ ਭਰਿਆ ਹੀਣ ਭਾਵ ਜ਼ਹਿਰ ਦੀ ਨਿਆਈ ਹੈ। ਇਹ ਦਰਦ ਵਿੰਨੇ ਕਲੇਸ਼ ਮਨੁੱਖ ਆਪ ਸਹੇੜਦਾ ਹੈ, ਜਿਸ ਤੋਂ ਬਚਿਆ ਜਾ ਸਕਦਾ ਹੈ, ਪਰ ਮਨੁੱਖ ਫੋਕੀ ਆਕੜ ਚੁੱਕੀ ਇਸ ਜੱਗ ਵਿਚ ਆਏਂ ਵਿਚਰਦਾ ਹੈ, ਜਿਵੇਂ ਮੇਰੇ ਜਿਹਾ ਕੋਈ ਹੋਰ ਹੈ ਹੀ ਨਹੀਂ। ਮੈਂ ਹੀ ਇਸ ਸੰਸਾਰ ਦਾ ਮੁੱਖ ਪ੍ਰਾਹੁਣਾ ਹਾਂ।
ਕਈ ਵਾਰ ਇੱਥੋਂ ਹੀ ਦੁਵੱਲੇ ਸੰਕਟਾਂ ਦੀ ਸ਼ੁਰੂਆਤ ਹੁੰਦੀ ਹੈ, ਜਿਸ ਨਾਲ ਘਰ ਦਾ ਸੁੱਖ-ਚੈਨ ਅਤੇ ਖੁਸ਼ੀਆਂ ਅਲਵਿਦਾ ਕਹਿ ਜਾਂਦੀਆਂ ਹਨ ਤੇ ਸਾਡੇ ਕੋਲ ਬੱਚ ਜਾਂਦਾ ਹੈ, ਦੁੱਖ-ਦਰਦ, ਕਲੇਸ਼ ਨੂੰ ਜੀ ਆਇਆਂ ਕਹਿਣਾ। ਅਸਲ ਵਿਚ ਅਸੀਂ ਜਿਉਣ ਦੇ ਚੱਜ-ਸਲੀਕੇ ਦੀ ਮੁਹਾਰਨੀ ਪੜ੍ਹਨਾ ਭੁੱਲ ਗਏ ਹਾਂ। ਅਸੀਂ ਤਾਂ ਰੋਜ਼ ਦੂਜਿਆਂ ਦੇ ਜਿਉਣ ਢੰਗ ਨੂੰ ਪਹਿਨਦੇ ਹਾਂ। ਫੋਕੇ ਦੰਭ ਸਾਡੀ ਜ਼ਿੰਦਗੀ ਦਾ ਪਹੀਆ ਬਣ ਗਏ ਹਨ, ਜਿਸ ਸਹਾਰੇ ਅਸੀਂ ਇਸ ਜੀਵਨ ਲੀਲਾ ਗੱਡੀ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫੋਕੀ ਸ਼ੁਹਰਤ ਦੀ ਦਲਦਲ ਵਿਚ ਫਸੀ ਗੱਡੀ ਨਿਕਲਣ ਦਾ ਨਾਂ ਨਹੀਂ ਲੈਂਦੀ। ਸਾਨੂੰ ਲੱਗਦਾ ਕਿ ਅਸੀਂ ਸਮੇਂ ਨਾਲ ਨਜਿੱਠ ਰਹੇ ਹਾਂ, ਪਰ ਮੁਕਾਬਲੇ ਦਾ ਖੋਰਾ ਅਸਲ ਵਿਚ ਸਾਡੇ ਸਾਰੇ ਸੁੱਖਾਂ ਨੂੰ ਘੁਣ ਵਾਂਗ ਖਾ ਜਾਂਦਾ ਹੈ। ਬਾਹਰੋਂ ਬੰਦਾ ਲਿਫਾਫੇ ਨਿਆਈਂ ਭਰਿਆ ਤਾਂ ਲੱਗਦਾ ਹੈ, ਅੰਦਰ ਕੀ ਕੂੜ ਕਬਾੜ ਹੈ, ਖੁਦ ਬੰਦਾ ਜਾਣਦਾ ਹੁੰਦਾ। ਇਹ ਕੂੜਾ ਹੀ ਸੁੱਖ ਦੀ ਥਾਂ ਮੱਲੀ ਬੈਠਾ ਹੈ। ਸੁੱਖ-ਚੈਨ ਵਰਦਾਨ ਨਹੀਂ ਹੈ, ਜੋ ਕਿਸੇ ਤੋਂ ਆਸ ਰੱਖੀਏ। ਬੰਦਾ ਆਪ ਹੀਲੇ ਵਸੀਲੇ ਜੁਟਾਉਣ ਦੀ ਥਾਂ ਦੂਜਿਆਂ ਦੇ ਕੀਤੇ ਦੀ ਤਵੱਕੋ ਵਿਚੋਂ ਕੁੱਝ ਹਾਸਲ ਕਰਨ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਇਸ ਲਈ ਸੋਖੇ ਸਾਧਨਾਂ ਦੀ ਭਾਲ ਕਰਦਾ ਹੈ। ਸਾਧਾਂ ਸੰਤਾਂ ਦੇ ਡੇਰਿਆ ‘ਤੇ ਇਸੇ ਲਈ ਲੋਕਾਂ ਦੀ ਭਰਮਾਰ ਵੇਖਣ ਨੂੰ ਮਿਲਦੀ ਹੈ। ਇੱਥੇ ਆ ਕੇ ਇੱਕ ਵਾਰ ਸੁੱਖ ਦਾ ਭਰਮ ਤਾਂ ਪੈਦਾ ਹੈ, ਪਰ ਮਨੁੱਖ ਦੀ ਅੰਦਰਲੀ ਖੋਹ ਨਹੀਂ ਮੁੱਕਦੀ।
ਸੁੱਖ ਬਾਰੇ ਗੁਰੂ ਅਰਜਨ ਦੇਵ ਜੀ ਲਿਖਦੇ ਹਨ, “ਸੁਖੁ ਨਾਹੀ ਬਹੁਤੈ ਧਨਿ ਖਾਏ॥ ਸੁਖੁ ਨਾਹੀ ਪੇਖੇ ਨਿਰਤਿ ਨਾਏ॥ ਸੁਖੁ ਨਾਹੀ ਬਹੁ ਦੇਸ ਕਮਾਏ॥ ਸਰਬ ਸੁਖਾ ਹਰਿ ਹਰਿ ਗੁਣ ਗਾਏ॥” ਸਵਾਮੀ ਦਿਆਨੰਦ ਕਹਿਦੇ ਹਨ, “ਆਪਣੇ ਸੁੱਖ ਲਈ ਦੂਸਰਿਆਂ ਨੂੰ ਦੁੱਖ ਦੇਣਾ ਪਾਪ ਹੈ। ਮਨੁੱਖ ਫਿਰ ਵੀ ਆਪਣੇ ਸੁੱਖ ਲਈ ਜਾਨਵਰਾਂ ਦੀ ਬਲੀ ਤਾਂ ਕੀ, ਆਦਮਜਾਤ ਨੂੰ ਵੀ ਮਾਰਨ ਲਈ ਤਤਪਰ ਰਹਿੰਦਾ ਹੈ।” ਫਿਰ ਸੁੱਖ ਦਾ ਖਜਾਨਾ ਹੈ ਕਿੱਥੇ? ਜਿਹੜਾ ਬੰਦੇ ਦੇ ਹੱਥ ਨਹੀਂ ਲੱਗ ਰਿਹਾ। ਮਹਾਤਮਾ ਗਾਂਧੀ ਲਿਖਦੇ ਹਨ, “ਸੱਚਾ ਸੁੱਖ ਬਾਹਰ ਤੋਂ ਨਹੀਂ ਮਿਲਦਾ, ਅੰਦਰ ਤੋਂ ਮਿਲਦਾ ਹੈ।” ਐਮਰਸਨ ਦੇ ਵਿਚਾਰ ਹਨ, “ਸੁੱਖ ਅਤੇ ਅਨੰਦ ਅਜਿਹੇ ਇਤਰ ਹਨ, ਜਿਨ੍ਹਾਂ ਨੂੰ ਜਿੰਨਾ ਵੱਧ ਦੂਜਿਆਂ ‘ਤੇ ਛਿੜਕਾਂਗੇ, ਉਨੀ ਸੁਗੰਧ ਸਾਡੇ ਅੰਦਰ ਸਮਾ ਜਾਵੇਗੀ।”
ਇਸ ਤਰ੍ਹਾਂ ਬਹੁਤ ਸਾਰੇ ਵਿਦਵਾਨਾਂ ਨੇ ਸੁੱਖ ਦੀ ਤਲਾਸ਼ ਸਬੰਧੀ ਆਪਣੇ ਵਿਚਾਰ ਲੋਕਾਈ ਸਾਹਮਣੇ ਰੱਖੇ ਹਨ ਤਾਂ ਕਿ ਸੁੱਖ ਮਨੁੱਖ ਦਾ ਨਸੀਬ ਬਣ ਸਕੇ। ਗੱਲ ਇੱਥੇ ਮੁੱਕਦੀ ਲਗਦੀ ਹੈ, ਜਿੰ.ਦਗੀ ਜਿਉਣ ਦੀ ਜਾਚ ਜਾਂ ਸਲੀਕੇ ਦੀ ਹੈ, ਜਿਨ੍ਹਾਂ ਨੂੰ ਵਲ ਆ ਗਿਆ, ਉਨ੍ਹਾਂ ਦੇ ਘਰ ਸਾਰੇ ਸੰਸਾਰ ਦੇ ਸੋਹਣੇ ਸੁੱਖ ਸੁਪਨੇ ਹਮੇਸ਼ਾ ਲਈ ਵਸ ਜਾਂਦੇ ਹਨ।