ਪ੍ਰਿੰ. ਸਰਵਣ ਸਿੰਘ
ਲੱਖਾਂ ਦੇ ਇਨਾਮਾਂ ਵਾਲੀਆਂ ਪੁਰੇਵਾਲ ਖੇਡਾਂ 29 ਫਰਵਰੀ ਅਤੇ ਪਹਿਲੀ ਮਾਰਚ ਨੂੰ ਜਗਤਪੁਰ ਦੇ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਵਿਚ ਹੋ ਰਹੀਆਂ ਹਨ। ਪੁਰੇਵਾਲ ਸਪੋਰਟਸ ਕਲੱਬ ਅਤੇ ਇਲਾਕੇ ਦੇ ਖੇਡ ਪ੍ਰੋਮੋਟਰਾਂ ਵਲੋਂ 25ਵੀਆਂ ਖੇਡਾਂ ਲਈ 25 ਲੱਖ ਰੁਪਏ ਦੇ ਇਨਾਮ ਰੱਖੇ ਗਏ ਹਨ। ਦੋਵੇਂ ਦਿਨ ਦੇਸ਼-ਵਿਦੇਸ਼ ਦੇ ਖਿਡਾਰੀ ਖੇਡਾਂ ਦੇ ਜੌਹਰ ਵਿਖਾਉਣਗੇ ਅਤੇ ਕਬੱਡੀ ਦੀਆਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਆਪਸ ਵਿਚ ਭਿੜਨਗੀਆਂ। ਕਬੱਡੀ ਦਾ ਪਹਿਲਾ ਇਨਾਮ 3 ਲੱਖ ਰੁਪਏ ਤੇ ਦੂਜਾ 2 ਲੱਖ ਰੁਪਏ ਦਾ ਹੈ। ਖੇਤੀਬਾੜੀ ਦੇ ਵਿਸ਼ਵ ਪ੍ਰਸਿੱਧ ਆਰਥਕ ਮਾਹਿਰ ਡਾ. ਸਰਦਾਰਾ ਸਿੰਘ ਜੌਹਲ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪੁੱਜਣਗੇ।
ਹਕੀਮਪੁਰ ਦੇ ਪੁਰੇਵਾਲ ਭਰਾਵਾਂ-ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਨੇ ਆਪਣੇ ਪਿਤਾ ਸ਼ ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿਚ ਇਹ ਖੇਡਾਂ 1988 ਵਿਚ ਸ਼ੁਰੂ ਕੀਤੀਆਂ ਸਨ। ਉਦੋਂ ਕਬੱਡੀ ਦਾ ਇਨਾਮ ਪਹਿਲੀ ਵਾਰ ਲੱਖ ਰੁਪਏ ਰੱਖਣ ਨਾਲ ਇਹ ਲੱਖਾਂ ਦੇ ਇਨਾਮਾਂ ਵਾਲੀਆਂ ਖੇਡਾਂ ਮਸ਼ਹੂਰ ਹੋ ਗਈਆਂ। ਇਨ੍ਹਾਂ ਵਿਚ ਅਜੋਕੀਆਂ ਖੇਡਾਂ ਨਾਲ ਵਿਰਾਸਤੀ ਖੇਡਾਂ ਦੇ ਮੁਕਾਬਲੇ ਅਤੇ ਪ੍ਰਦਰਸ਼ਨੀਆਂ ਵੀ ਹੁੰਦੀਆਂ ਹਨ। ਵਿਦੇਸ਼ੀ ਖਿਡਾਰੀਆਂ ਦੀ ਸ਼ਮੂਲੀਅਤ ਕਰਕੇ ਪੁਰੇਵਾਲ ਖੇਡਾਂ ਕੌਮਾਂਤਰੀ ਖੇਡਾਂ ਵੀ ਕਹੀਆਂ ਜਾਂਦੀਆਂ ਹਨ। ਕਿਲਾ ਰਾਏਪੁਰ ਦੀਆਂ ਖੇਡਾਂ ਦੀ ਤਰਜ਼ ‘ਤੇ ਇਹ ਦੁਆਬੇ ਦੀ ਪੇਂਡੂ ਉਲੰਪਿਕਸ ਕਹੀ ਜਾਂਦੀ ਹੈ।
ਪੁਰੇਵਾਲ ਭਰਾ ਕਬੱਡੀ ਦੇ ਨਾਮੀ ਖਿਡਾਰੀ ਸਨ, ਜੋ ਪਹਿਲਾਂ ਭਾਰਤ ਤੇ ਫਿਰ ਕੈਨੇਡਾ ਦੀਆਂ ਟੀਮਾਂ ਵਿਚ ਖੇਡਦੇ ਰਹੇ। ਉਹ ਕਬੱਡੀ ਤੇ ਕੁਸ਼ਤੀ ਦੇ ਸੁਹਿਰਦ ਪ੍ਰੋਮੋਟਰ ਹਨ ਅਤੇ ਕੈਨੇਡਾ ਦੀ ਕਬੱਡੀ ਦੇ ਵਿਕਾਸ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਦਾ ਬਾਬਾ ਊਧਮ ਸਿੰਘ ਆਪਣੇ ਸਮੇਂ ਦਾ ਤਕੜਾ ਭਾਰ ਚੁਕਾਵਾ ਸੀ। ਪੁਰੇਵਾਲ ਆਪਣੀ ਕਿਰਤ ਕਮਾਈ ਦਾ ਦਸਵੰਧ ਖੇਡਾਂ ਨਮਿੱਤ ਲਾਉਣਾ ਆਪਣਾ ਧਰਮ ਕਰਮ ਸਮਝਦੇ ਹਨ।
ਪੁਰੇਵਾਲ ਖੇਡਾਂ ‘ਚ ਜਿਥੇ ਕੁਸ਼ਤੀ ਦੇ ਓਲੰਪਿਕ ਚੈਂਪੀਅਨ ਡੇਨੀਅਲ ਇਗਾਲੀ ਉਰਫ ਤੂਫਾਨ ਸਿੰਘ ਅਤੇ ਓਲੰਪਿਕਸ ਖੇਡਾਂ ‘ਚੋਂ ਮੈਡਲ ਜਿੱਤਣ ਵਾਲੇ ਸੁਸ਼ੀਲ ਕੁਮਾਰ ਜਿਹੇ ਪਹਿਲਵਾਨ ਪੁੱਜਦੇ ਰਹੇ, ਉਥੇ ਅਨੇਕਾਂ ਕੌਮਾਂਤਰੀ ਪੱਧਰ ਦੇ ਖਿਡਾਰੀ ਹਿੱਸਾ ਲੈਂਦੇ ਰਹੇ। ਨਾਇਜ਼ੀਰੀਆ, ਜਾਰਜੀਆ ਤੇ ਮੰਗੋਲੀਆ ਦੇ ਪਹਿਲਵਾਨ ਪੰਜਾਬੀ ਦਰਸ਼ਕਾਂ ਨੂੰ ਕੁਸ਼ਤੀਆਂ ਵਿਖਾਉਂਦੇ ਰਹੇ। ਪਾਕਿਸਤਾਨ ਦੀ ਕਬੱਡੀ ਟੀਮ ਵੀ ਇਨ੍ਹਾਂ ਖੇਡਾਂ ਵਿਚ ਸ਼ਾਮਲ ਹੁੰਦੀ ਰਹੀ। ਪੁਰੇਵਾਲ ਭਰਾ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਚ ਹਰਬੰਸ ਸਿੰਘ ਪੁਰੇਵਾਲ ਕੁਸ਼ਤੀ ਅਕਾਦਮੀ ਵੀ ਚਲਾ ਰਹੇ ਹਨ।
ਪੁਰੇਵਾਲ ਖੇਡਾਂ ‘ਚ ਕੁਸ਼ਤੀਆਂ ਦੇ ਸੱਤ ਟਾਈਟਲਾਂ ਲਈ ਕਰੀਬ 10 ਲੱਖ ਰੁਪਏ ਦੇ ਇਨਾਮ ਰੱਖੇ ਗਏ ਹਨ। ਮਹਾਂਭਾਰਤ ਕੇਸਰੀ ਹਕੀਮਪੁਰ ਦਾ ਪਹਿਲਾ ਇਨਾਮ 75 ਹਜ਼ਾਰ, ਦੂਜਾ 50 ਹਜ਼ਾਰ, ਤੀਜਾ 25 ਹਜ਼ਾਰ ਤੇ ਚੌਥਾ 15 ਹਜ਼ਾਰ ਰੁਪਏ ਦਾ ਹੈ। ਲੜਕੀਆਂ ਦੀ ਕੁਸ਼ਤੀ ਦੇ ਮਹਾਂਭਾਰਤ ਕੇਸਰੀ ਦੇ ਇਨਾਮ 50 ਹਜ਼ਾਰ, 30 ਹਜ਼ਾਰ, 20 ਹਜ਼ਾਰ ਤੇ 10 ਹਜ਼ਾਰ ਰੁਪਏ ਦੇ ਹਨ। ਵਿਸ਼ਵ ਵੁਮਨ ਬਾਕਸਿੰਗ ਚੈਂਪੀਅਨਸ਼ਿਪ ‘ਚੋਂ ਕਾਂਸੇ ਦਾ ਤਮਗਾ ਜਿੱਤਣ ਵਾਲੀ ਪਿੰਡ ਚਕਰ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਉਰਫ ‘ਸਿਮਰ ਚਕਰ’ ਨੂੰ 25 ਹਜ਼ਾਰ ਰੁਪਏ ਦਾ ਮਾਤਾ ਸੁਰਜੀਤ ਕੌਰ ਪੁਰੇਵਾਲ ਅਵਾਰਡ ਦਿੱਤਾ ਜਾਵੇਗਾ ਅਤੇ 1998 ਵਿਚ 400 ਮੀਟਰ ਦੌੜ ਦਾ ਨਵਾਂ ਨੈਸ਼ਨਲ ਰਿਕਾਰਡ ਰੱਖਣ ਵਾਲੇ ਅਥਲੀਟ ਪਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਹੋਣਹਾਰ ਜੂਨੀਅਰ ਖਿਡਾਰੀਆਂ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਣਗੇ।
ਬੈਲਗੱਡੀਆਂ ਦੀ ਦੌੜ, ਹਲਟ ਦੌੜ, ਕੁੱਤਿਆਂ ਦੀ ਦੌੜ, ਘੋੜ ਦੌੜ, ਨੇਜ਼ਾਬਾਜ਼ੀ ਤੇ ਰੱਸਾਕਸ਼ੀ ਦੀਆਂ ਪੇਂਡੂ ਖੇਡਾਂ ਲਈ 5 ਲੱਖ ਰੁਪਏ ਦੇ ਇਨਾਮ ਹਨ। ਅਥਲੈਟਿਕਸ ਈਵੈਂਟਾਂ ਦੇ ਇਨਾਮ 4000, 3000, 2000 ਰੁਪਏ ਦੇ ਹਨ। ਕੋਈ ਅਥਲੀਟ ਕੌਮੀ/ਕੌਮਾਂਤਰੀ ਰਿਕਾਰਡ ਤੋੜੇ ਤਾਂ 50,000 ਤੋਂ 100,000 ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਇਨ੍ਹਾਂ ਖੇਡਾਂ ਵਿਚ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲੱਗਣਗੀਆਂ ਅਤੇ ਬਾਜ਼ੀਗਰਾਂ ਦੀਆਂ ਬਾਜ਼ੀਆਂ ਪੈਣਗੀਆਂ ਤੇ ਗਤਕੇ ਦੇ ਜੌਹਰ ਵਿਖਾਏ ਜਾਣਗੇ।
ਪੁਰੇਵਾਲ ਖੇਡਾਂ ਦਾ ਉਹ ਨਜ਼ਾਰਾ ਕਮਾਲ ਦਾ ਹੁੰਦਾ ਹੈ, ਜਦੋਂ ਇਕ ਪਾਸੇ ਬੈਲਗੱਡੀਆਂ ਦੀਆਂ ਦੌੜਾਂ ਹੋ ਰਹੀਆਂ ਹੁੰਦੀਆਂ ਹਨ, ਦੂਜੇ ਪਾਸੇ ਹਲਟ ਦੌੜਾਂ, ਤੀਜੇ ਪਾਸੇ ਕੁੱਤਿਆਂ ਦੀਆਂ ਦੌੜਾਂ ਤੇ ਚੌਥੇ ਪਾਸੇ ਰੱਸਾਕਸ਼ੀ ਹੋ ਰਹੀ ਹੁੰਦੀ ਹੈ। ਬਾਜ਼ੀਗਰ ਬਾਜ਼ੀਆਂ ਪਾਉਂਦੇ, ਨਿਹੰਗ ਨੇਜ਼ਾਬਾਜ਼ੀ ਦੇ ਜੌਹਰ ਵਿਖਾਉਂਦੇ, ਘੋੜੇ ਨਾਚ ਕਰਦੇ, ਹਾਥੀ ਮੇਲ੍ਹਦੇ ਆਪਣੀਆਂ ਸੁੰਡਾਂ ਨਾਲ ਸਲਾਮੀਆਂ ਦਿੰਦੇ ਹਨ। ਜੁਆਨ ਅਹਿਰਨਾਂ ਦੇ ਬਾਲੇ ਕੱਢਦੇ, ਬੋਰੀਆਂ ਚੁੱਕਦੇ ਤੇ ਕਸਬੀ ਕਲਾਕਾਰ ਦੰਗ ਕਰ ਦੇਣ ਵਾਲੇ ਕਰਤਬ ਵਿਖਾਉਂਦੇ ਹਨ। ਅਥਲੀਟ ਟਰੈਕ ਵਿਚ ਦੌੜਦੇ, ਬਜੁਰਗ ਮੂੰਗਲੀਆਂ ਫੇਰਦੇ, ਪਹਿਲਵਾਨ ਘੋਲ ਘੁਲਦੇ ਤੇ ਕਬੱਡੀ ਦੇ ਖਿਡਾਰੀ ਦਾਇਰੇ ਵਿਚ ਰੇਡਾਂ ਪਾਉਂਦੇ ਤੇ ਜੱਫੇ ਲਾਉਂਦੇ ਹਨ। ਕੁਸ਼ਤੀ ਦੇ ਰਿੰਗ ਵਿਚ ਰੁਸਤਮ ਪਹਿਲਵਾਨ ਜ਼ੋਰ ਅਜ਼ਮਾਈ ਕਰਦੇ ਹਨ। ਦੇਸ਼-ਵਿਦੇਸ਼ ਦੇ ਅਨੇਕਾਂ ਖੇਡ ਪ੍ਰੋਮੋਟਰ ਮੇਲੇ ਵਿਚ ਪੁੱਜ ਰਹੇ ਹਨ, ਜਿਥੇ ਉਨ੍ਹਾਂ ਦਾ ਯੋਗ ਮਾਣ ਸਨਮਾਨ ਕੀਤਾ ਜਾਵੇਗਾ। ਜਗਤਪੁਰ ਸਟੇਡੀਅਮ ਫਿਲੌਰ ਤੇ ਫਗਵਾੜੇ ਤੋਂ 20 ਕਿਲੋਮੀਟਰ ਤੇ ਬੰਗੇ ਤੋਂ 10 ਕਿਲੋਮੀਟਰ ਹੈ।