ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
“ਸੋਨੂੰ ਦੀ ਬੇਬੇ ਗੱਲ ਸੁਣ ਮੇਰੀ, ਮੁੰਡੇ ਨੂੰ ਸਮਝਾ ਲੈ, ਨਹੀਂ ਤਾਂ ਚਿੜੀਆਂ ਨੇ ਖੇਤ ਚੁਗ ਜਾਣਾ ਅਤੇ ਮੁੰਡੇ ਨੇ ਜਵਾਨੀ ਪਹਿਰੇ ਹੀ ਤੁਰ ਜਾਣਾ।” ਗੇਲੇ ਨੇ ਆਪਣੀ ਘਰ ਵਾਲੀ ਨੂੰ ਕਿਹਾ।
“ਕੀ ਹੋ ਗਿਆ ਤੈਨੂੰ, ਚੌਵੀ ਘੰਟੇ ਜੁਆਕ ਮਗਰ ਪਿਆ ਰਹਿੰਨਾਂ। ਹੁਣ ਕੀ ਉਹਨੇ ਕਿਲ੍ਹਾ ਢਾਹ ਦਿੱਤਾ ਤੇਰਾ, ਜਿਹੜਾ ਤੂੰ ਬੂਹੇ ਵੜਦਾ ਹੀ ਤੰਦੂਰ ਵਾਂਗ ਤਪੀ ਜਾਨਾਂ।” ਸ਼ਿੰਦੋ ਨੇ ਕਰਾਰੇ ਬੋਲਾਂ ਨਾਲ ਜਵਾਬ ਦਿੱਤਾ।
“ਤੇਰਾ ਆਹ ‘ਸੋਨੂੰ ਪੁੱਤ’ ਚਿੱਟਾ ਪੀਣ ਲੱਗ ਗਿਆ। ਸਮਝਾ ਲੈ ਇਹਨੂੰ, ਨਹੀਂ ਤਾਂ ਮੂੰਹ ਵਿਚੋਂ ਝੱਗ ਨਿਕਲੂ, ਜਿਸ ਦਿਨ ਨਸ਼ੇ ਦੀ ਓਵਰਡੋਜ਼ ਕਰ ਗਿਆ। ਅਖਬਾਰਾਂ ਵਿਚ ਖਬਰ ਲੱਗ ਜਾਊਗੀ, ਅਖੇ ਇਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ।” ਗੇਲੇ ਨੇ ਤਰਲੇ ਨਾਲ ਕਿਹਾ।
“ਵੇ ਤੈਨੂੰ ਕਿਹੜਾ ਨਪੁੱਤਾ ਕਹਿੰਦਾ, ਮੇਰਾ ਜੁਆਕ ਚਿੱਟਾ ਪੀਂਦਾ। ਲੋਕਾਂ ਤੋਂ ਤਾਂ ਜਰਿਆ ਨਹੀਂ ਜਾਂਦਾ ਬੱਸ, ਮੇਰਾ ਸੋਨੇ ਵਰਗਾ ਪੁੱਤ! ਮੇਰਾ ਜੁਆਕ ਤਾਂ ਤੱਤੀ ਚਾਹ ਨਹੀਂ ਪੀਂਦਾ, ਤੂੰ ਚਿੱਟੇ ਦੀ ਗੱਲ ਕਰਦਾਂ। ਲਿਆ ਮੇਰੇ ਮੂੰਹ ‘ਤੇ ਜਿਹੜਾ ਕੰਜਰ ਤੈਨੂੰ ਅਜਿਹੀਆਂ ਝੂਠੀਆਂ ਕਹਾਣੀਆਂ ਸੁਣਾਉਂਦਾ।” ਸ਼ਿੰਦੋ ਦਾ ਪਾਰਾ ਹੁਣ ਅਸਮਾਨੀਂ ਚੜ੍ਹ ਚੁੱਕਾ ਸੀ।
ਗੇਲਾ ਹੋਰ ਗੱਲ ਕੀਤੇ ਬਿਨਾ ਹੀ ਬੂਹਾ ਟੱਪਿਆ ਤੇ ਖੇਤ ਨੂੰ ਤੁਰ ਗਿਆ। ਪਿਛੋਂ ਸ਼ਿੰਦੋ ਨੇ ਸ਼ਰੀਕਾਂ ਦੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਸਾਰਾ ਪਿੰਡ ਸਿਰ ‘ਤੇ ਚੁੱਕਣਾ ਕੀਤਾ ਪਿਆ ਸੀ। ਕਈਆਂ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸ਼ਿੰਦੋ ਪੁੱਤ ਦੀ ਬੁਰਾਈ ਕਿਵੇਂ ਸੁਣ ਸਕਦੀ ਸੀ!
ਗੇਲੇ ਦੇ ਦੋ ਧੀਆਂ ਅਤੇ ਇਕ ਪੁੱਤ ਸੀ। ਦੋਵੇਂ ਧੀਆਂ ਕਾਲਜ ਪੜ੍ਹਦੀਆਂ ਸਨ ਅਤੇ ਸੋਨੂੰ ਪਿੰਡ ਵਾਲੇ ਹਾਇਰ ਸੈਕੰਡਰੀ ਵਿਚ ਪੜ੍ਹਦਾ ਸੀ। ਦਸਵੀਂ ਤੱਕ ਤਾਂ ਉਹ ਵਧੀਆ ਪੜ੍ਹਦਾ ਰਿਹਾ, ਪਰ ਜਦੋਂ ਗਿਆਰਵੀਂ ਦੇ ਅੱਧ ‘ਚ ਗਿਆ ਤਾਂ ਉਹਨੂੰ ਲਾਗਲੇ ਪਿੰਡ ਵਾਲੇ ਗੋਰੇ ਨੇ ਆਪਣੇ ਜਾਲ ਵਿਚ ਫਸਾ ਲਿਆ। ਕਿਸੇ ਦਾ ਚੋਰੀ ਕੀਤਾ ਫੋਨ ਸੋਨੂੰ ਨੂੰ ਦੇ ਦਿੱਤਾ। ਗੋਰਾ ਚੰਗੇ ਘਰ ਦਾ ਮੁੰਡਾ ਸੀ, ਪੈਸਿਆਂ ਦੀ ਕੋਈ ਘਾਟ ਨਹੀਂ ਸੀ, ਕਈ ਵਾਰ ਫੇਲ੍ਹ ਹੋ ਚੁੱਕਾ ਸੀ। ਉਹਦੇ ਨਾਲ ਦੇ ਤਾਂ ਕਾਲਜ ਪਹੁੰਚ ਗਏ ਸੀ। ਗੱਲ ਇਹ ਵੀ ਸੀ ਕਿ ਗੋਰਾ ਸੋਨੂੰ ਦੀ ਵੱਡੀ ਭੈਣ ਰਿੰਪੀ ਦਾ ਜਮਾਤੀ ਸੀ ਅਤੇ ਰਿੰਪੀ ਨੂੰ ਪਸੰਦ ਕਰਦਾ ਸੀ, ਪਰ ਰਿੰਪੀ ਨੂੰ ਗੋਰੇ ਦੀਆਂ ਕਰਤੂਤਾਂ ਦੀ ਜਾਣਕਾਰੀ ਸੀ। ਉਹ ਉਸ ਤੋਂ ਦੂਰ ਹੀ ਰਹਿੰਦੀ ਸੀ, ਪਰ ਗੋਰਾ ਖਹਿੜਾ ਨਹੀਂ ਛੱਡਦਾ ਸੀ।
ਰਿੰਪੀ ਹਾਇਰ ਸੈਕੰਡਰੀ ਸਕੂਲ ਪਾਸ ਕਰਕੇ ਕਾਲਜ ਚਲੀ ਗਈ ਅਤੇ ਗੋਰੇ ਨੇ ਹੌਲੀ-ਹੌਲੀ ਸੋਨੂੰ ਨਾਲ ਯਾਰੀ ਗੰਢ ਲਈ। ਪਹਿਲਾਂ ਫਿਲਮਾਂ ਦਿਖਾਉਂਦਾ ਰਹਿੰਦਾ, ਫਿਰ ਕੱਪੜੇ ਲੈ ਕੇ ਦੇਣ ਲੱਗ ਪਿਆ। ਹੌਲੀ-ਹੌਲੀ ਉਹ ਸੋਨੂੰ ਨਾਲ ਉਹਦੇ ਘਰ ਜਾਣ ਲੱਗ ਪਿਆ। ਸੋਨੂੰ ਨੂੰ ਗੋਰੇ ਦੀ ਯਾਰੀ ਪਸੰਦ ਸੀ ਕਿਉਂਕਿ ਉਹ ਜੋ ਕੁੱਝ ਮੰਗਦਾ, ਗੋਰਾ ਝੱਟ ਲੈ ਦਿੰਦਾ ਸੀ। ਗੋਰਾ ਘਰ ਤਾਂ ਆਉਣ ਲੱਗ ਪਿਆ ਪਰ ਰਿੰਪੀ ਨੇ ਫਿਰ ਵੀ ਗੋਰੇ ਨੂੰ ਨੇੜੇ ਨਹੀਂ ਆਉਣ ਦਿੱਤਾ। ਸਾਰੇ ਦਾਅ ਫੇਲ੍ਹ ਹੋਣ ਪਿਛੋਂ ਗੋਰੇ ਨੇ ਸੋਨੂੰ ਨੂੰ ਚਿੱਟੇ ‘ਤੇ ਲਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ-ਪਹਿਲਾਂ ਤਾਂ ਸੋਨੂੰ ਨੇ ਨਾਂਹ-ਨੁੱਕਰ ਕੀਤੀ, ਫਿਰ ਚਿੱਟਾ ਪੀਣ ਲੱਗ ਗਿਆ। ਕੱਖਾਂ ਥੱਲੇ ਅੱਗ ਲੁਕਾਈ ਕਿਥੇ ਰਹਿੰਦੀ ਹੈ? ਸਾਰੇ ਪਿੰਡ ਵਿਚ ਧੂੰਆਂ ਹੋ ਗਿਆ ਕਿ ਗੇਲੇ ਦਾ ਪੁੱਤ ਨਸ਼ਾ ਪੀਣ ਲੱਗ ਪਿਆ ਹੈ। ਗੱਲ ਮੂੰਹੋਂ-ਮੂੰਹ ਹੁੰਦੀ ਗੇਲੇ ਕੋਲ ਪਹੁੰਚ ਗਈ। ਗੇਲਾ ਝੱਟ ਦੇਣੇ ਘਰ ਨੂੰ ਆਇਆ ਤੇ ਸ਼ਿੰਦੋ ਨਾਲ ਗੱਲ ਕੀਤੀ ਪਰ ਸ਼ਿੰਦੋ, ਮਮਤਾ ਦੀ ਗਾਗਰ, ਆਪਣੇ ਪੁੱਤ ਦੀ ਬੁਰਾਈ ਕਿਵੇਂ ਸੁਣੇ! ਸ਼ਿੰਦੋ ਨੇ ਭਾਵੇਂ ਸੋਨੂੰ ਦੇ ਬਦਲੇ ਲੱਛਣ ਦੇਖ ਲਏ ਸਨ, ਪਰ ਅੱਖਾਂ ਤੋਂ ਅੰਨ੍ਹੀ ਅਤੇ ਕੰਨਾਂ ਤੋਂ ਬੋਲੀ ਹੋਈ ਰਹੀ।
ਇਉਂ ਸੋਨੂੰ ਹੌਲੀ-ਹੌਲੀ ਨਸ਼ੇ ਦੀ ਦਲਦਲ ਵਿਚ ਧਸਦਾ ਗਿਆ, ਜਿਸ ਦੀ ਅਖੀਰ ਮੌਤ ਸੀ। ਦੂਜੇ ਬੰਨੇ ਗੋਰਾ ਹੁਣ ਪਿਆਰ ਦੀ ਬੋਲੀ ਛੱਡ ਕੇ ਧੱਕੇ ਨਾਲ ਰਿੰਪੀ ਨੂੰ ਹਾਸਲ ਕਰਨਾ ਚਾਹੁੰਦਾ ਸੀ। ਉਸ ਨੇ ਸੋਨੂੰ ਨੂੰ ਚਿੱਟਾ ਦੇਣ ਤੋਂ ਨਾਂਹ ਕਰ ਦਿੱਤੀ। ਸੋਨੂੰ ਸੱਜਰੀ ਸੂਈ ਮੱਝ ਦੇ ਕੱਟੇ ਵਾਂਗ ਗੋਰੇ ਦੁਆਲੇ ਘੁੰਮਦਾ ਰਹਿੰਦਾ ਪਰ ਗੋਰਾ ਲੱਤ ਮਾਰ ਜਾਂਦਾ। ਜਦੋਂ ਕਈ ਦਿਨ ਬੀਤ ਗਏ ਤਾਂ ਸੋਨੂੰ ਦੀ ਸਿਹਤ ਖਰਾਬ ਹੋ ਗਈ। ਗੇਲੇ ਨੇ ਫਿਰ ਸ਼ਿੰਦੋ ਨੂੰ ਕਿਹਾ ਕਿ ਹੁਣ ਵੀ ਵੇਲਾ ਹੈ, ਆਪਾਂ ਇਸ ਦਾ ਇਲਾਜ ਕਰਵਾ ਲਈਏ, ਪੁੱਤ ਬਚ ਜਾਊਗਾ; ਨਹੀਂ ਤਾਂ ਪੱਲੇ ਕੀਰਨੇ ਰਹਿ ਜਾਣਗੇ, ਪਰ ਸ਼ਿੰਦੋ ਵੀ ਹੋਰ ਮਾਂਵਾਂ ਵਾਂਗ ਪੁੱਤ ਦਾ ਹਰ ਗੁਨਾਹ ਮੁਆਫ ਕਰਦੀ ਰਹੀ। ਪਿੰਡ ਵਾਲੇ ਡਾਕਟਰ ਤੋਂ ਟੀਕੇ ਲਵਾ ਦਿੱਤੇ। ਗੋਰੇ ਨੇ ਲੋਹਾ ਗਰਮ ਦੇਖ ਕੇ ਸੱਟ ਮਾਰਨੀ ਸਹੀ ਸਮਝੀ। ਉਹ ਸ਼ਾਮ ਨੂੰ ਸੋਨੂੰ ਕੋਲ ਆ ਗਿਆ ਅਤੇ ਪਸੂਆਂ ਵਾਲੇ ਪਾਸੇ ਲਿਜਾ ਕੇ ਚਿੱਟਾ ਲਵਾ ਦਿੱਤਾ। ਜਿਹੜਾ ਸੋਨੂੰ ਜੰਗਲ ਪਾਣੀ ਜਾਣ ਲੱਗਿਆਂ ਵੀ ਸਹਾਰਾ ਭਾਲਦਾ ਸੀ, ਉਹ ਹੁਣ ਫੋਰਡ ਟਰੈਕਟਰ ਵਾਂਗ ਫੱਰਾਟੇ ਮਾਰਨ ਲੱਗ ਪਿਆ। ਸੋਨੂੰ ਦੇ ਮੁੱਖ ‘ਤੇ ਆਈ ਲਾਲੀ ਦੇਖ ਕੇ ਸ਼ਿੰਦੋ ਗੋਰੇ ਨੂੰ ਬੋਲੀ, “ਵੇ ਗੋਰਿਆ! ਪੁੱਤ ਤੂੰ ਘਰ ਆਇਆ, ਸੋਨੂੰ ਦੇ ਮੁੱਖ ‘ਤੇ ਰੌਣਕ ਆ ਗਈ। ਕਈ ਦਿਨ ਤੂੰ ਆਇਆ ਨਹੀਂ, ਤੇ ਇਹ ਮਰੇ ਕੁੱਤੇ ਵਾਂਗ ਪਿਆ ਰਹਿੰਦਾ ਸੀ। ਤੂੰ ਰੋਜ਼ ਗੇੜਾ ਮਾਰ ਜਾਇਆ ਕਰ।”
ਰਿੰਪੀ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਸਨ। ਉਹ ਸੋਨੂੰ ਤੇ ਗੋਰੇ ਤੋਂ ਬੇਖਬਰ ਪੜ੍ਹਾਈ ਵਿਚ ਡੁੱਬੀ ਰਹਿੰਦੀ। ਹੁਣ ਗੋਰੇ ਤੋਂ ਹੋਰ ਉਡੀਕ ਨਹੀਂ ਸੀ ਹੁੰਦੀ। ਉਸ ਨੇ ਸੋਨੂੰ ਤੋਂ ਚਿੱਟੇ ਦੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਸੋਨੂੰ ਮਾਂ ਤੋਂ ਝੂਠ-ਤੂਫਾਨ ਬੋਲ ਕੇ ਪੈਸੇ ਲੈ ਜਾਂਦਾ ਤੇ ਗੋਰੇ ਤੋਂ ਚਿੱਟਾ ਪੀ ਲੈਂਦਾ। ਸਮਾਂ ਬੀਤਿਆ, ਮਾਂ ਦੁੱਧ ਵੇਚ ਕੇ ਪੁੱਤ ਨੂੰ ਚਿੱਟਾ ਖਰੀਦ ਕੇ ਦੇਈ ਜਾਂਦੀ ਪਰ ਦੁੱਧ ਤੇ ਚਿੱਟੇ ਦੀ ਕੀਮਤ ਦਾ ਫਰਕ ਮਾਂ ਕਿਵੇਂ ਕੱਢਦੀ! ਅਖੀਰ ਮਾਂ ਸੋਨੂੰ ਨੂੰ ਘੂਰਨ ਲੱਗੀ ਅਤੇ ਸੋਨੂੰ ਅੱਗਿਓਂ ਮਾਰਖੁੰਡੀ ਮੱਝ ਵਾਂਗ ਪੈਂਦਾ। ਫਿਰ ਕੀ ਸੀ, ਸੋਨੂੰ ਨੇ ਘਰ ਦੀਆਂ ਚੀਜ਼ਾਂ ਵੇਚ ਕੇ ਚਿੱਟਾ ਪੀਣਾ ਸ਼ੁਰੂ ਕਰ ਦਿੱਤਾ।
ਇਕ ਦਿਨ ਗੇਲੇ ਨੇ ਗੋਰੇ ਅਤੇ ਸੋਨੂੰ ਨੂੰ ਤੂੜੀ ਵਾਲੇ ਕੋਠੇ ਵਿਚ ਚਿੱਟਾ ਲਾਉਂਦਿਆਂ ਫੜ ਲਿਆ। ਗੋਰਾ ਤਾਂ ਕੰਧ ਟੱਪ ਗਿਆ, ਪਰ ਉਹਨੇ ਸੋਨੂੰ ਨੂੰ ਚੰਗਾ ਸੋਧਾ ਲਾਇਆ। ਮਾਂ ਪੇਕਿਆਂ ਤੋਂ ਮੁੜੀ, ਸੋਨੂੰ ਨੂੰ ਕੁਝ ਕਹਿਣ ਦੀ ਥਾਂ ਗੇਲੇ ਨੂੰ ਪੈ ਨਿਕਲੀ। ਗੇਲੇ ਨੇ ਫਿਰ ਬਥੇਰੇ ਹਾੜ੍ਹੇ ਕੱਢੇ, ਪਰ ਸ਼ਿੰਦੋ ਦੇ ਕੰਨੀਂ ਜੂੰ ਨਾ ਸਰਕੀ। ਉਧਰ, ਅੱਜ ਕੱਲ੍ਹ ਕੋਈ ਬੰਦਾ ਕਿਸੇ ਦੀ ਧੀ-ਭੈਣ ਜਾਂ ਪੁੱਤ ਦੀ ਮਾੜੀ ਆਦਤ ਦੱਸਣ ਲੱਗਿਆਂ ਡਰਦਾ ਹੈ ਕਿ ਅਗਲਾ ਗਲ ਪੈ ਜਾਵੇਗਾ। ਇਸੇ ਡਰੋਂ ਲੋਕ ਸ਼ਰੀਕੇ-ਕਬੀਲੇ ਵਿਚ ਇਕ-ਦੂਜੇ ਦੇ ਜੁਆਕਾਂ ਦੀ ਖਬਰ ਮਾਪਿਆਂ ਦੇ ਕੰਨੀ ਨਹੀਂ ਪਾਉਂਦੇ। ਪਹਿਲੇ ਸਮਿਆਂ ਵਿਚ ਬਜੁਰਗ ਗੱਲਾਂ ਨਾਲ ਹੀ ਸਮਝਾ ਦਿੰਦੇ ਸੀ; ਜਿਵੇਂ ਕਿਸੇ ਮੁੰਡੇ ਦੀ ਕਿਸੇ ਦੀ ਕੁੜੀ ਨਾਲ ਪਿਆਰ-ਮੁਹੱਬਤ ਦੀ ਗੱਲ ਹੋ ਗਈ ਤਾਂ ਕਹਿੰਦੇ ਸੀ, ‘ਪਿਆਰਿਆ! ਖਿਆਲ ਰੱਖੀਂ, ਪੁੱਤ ਦਾ ਲੱਗਦਾ ਹਲਦੀ ਦੀ ਗੱਠੀ ਮਿਲ ਗਈ ਹੈ। ਦੇਖੀਂ ਕਿਤੇ ਪੰਸਾਰੀ ਨਾ ਬਣ ਜਾਵੇ’, ਭਾਵ ਕੋਈ ਚੰਨ੍ਹ ਨਾ ਚਾੜ੍ਹ ਦੇਵੇ! ਇਹ ਸੁਣ ਕੇ ਅਗਲਾ ਆਪਣੇ ਮੁੰਡੇ ਜਾਂ ਕੁੜੀ ਦਾ ਖਿਆਲ ਰੱਖ ਕੇ ਮਾੜੇ ਸਮੇਂ ਤੋਂ ਬਚਾ ਲੈਂਦਾ ਸੀ, ਪਰ ਅੱਜ ਸਮਾਂ ਬਦਲ ਚੁੱਕਾ ਹੈ। ਪਿਆਰ ਮੁਹੱਬਤ ਭਾਈਚਾਰਾ ਖੰਭ ਲਾ ਕੇ ਉਡ ਗਿਆ ਹੈ।
ਗੋਰੇ ਨੇ ਸੋਨੂੰ ਨੂੰ ਇਕ ਦਿਨ ਸਿੱਧਾ ਹੀ ਆਖ ਦਿੱਤਾ ਕਿ ਤੂੰ ਆਪਣੀ ਭੈਣ ਰਿੰਪੀ ਨਾਲ ਮੇਰੀ ਗੱਲ ਕਰਵਾ ਦੇ, ਨਹੀਂ ਤਾਂ ਮੈਂ ਤੈਨੂੰ ਚਿੱਟਾ ਨਹੀਂ ਦੇਣਾ। ਨਸ਼ੇੜੀ ਬੰਦੇ ਨੂੰ ਸਭ ਤੋਂ ਪਹਿਲਾਂ ਨਸ਼ਾ ਪਿਆਰਾ ਹੁੰਦਾ ਹੈ। ਉਹ ਨਸ਼ੇ ਦੀ ਤੋੜ ਵਿਚ ਬਹੁਤ ਵੱਡੀਆਂ ਸਹੁੰਆਂ ਖਾ ਜਾਂਦਾ ਹੈ, ਬਹੁਤ ਝੂਠ ਬੋਲਦਾ ਹੈ, ਆਪਣੀ ਇੱਜਤ ਵੀ ਗੁਆ ਲੈਂਦਾ ਹੈ। ਗੋਰੇ ਨੇ ਰਿੰਪੀ ਨੂੰ ਕਿਹਾ ਕਿ ਅੱਜ ਸ਼ਾਮ ਨੂੰ ਸ਼ਹਿਰ ਮਿਲ, ਤੈਨੂੰ ਕੁਝ ਦਿਖਾਉਣਾ ਹੈ, ਤੇਰੇ ਕੰਮ ਦੀਆਂ ਚੀਜ਼ਾਂ ਨੇ। ਰਿੰਪੀ ਨੇ ਪਹਿਲਾਂ ਤਾਂ ਜੁਆਬ ਦੇ ਦਿੱਤਾ, ਪਰ ਜਦੋਂ ਗੋਰੇ ਨੇ ਕਿਹਾ ਕਿ ਉਸ ਦੀਆਂ ਕੁਝ ਤਸਵੀਰਾਂ ਨੇ, ਬਿਨਾ ਵਸਤਰਾਂ ਤੋਂ, ਤਾਂ ਰਿੰਪੀ ਦੇ ਸਿਰ ਜਿਵੇਂ ਅਸਮਾਨ ਡਿੱਗ ਪਿਆ ਹੋਵੇ, ਜਿਵੇਂ ਧਰਤੀ ਪਾਟ ਗਈ ਹੋਵੇ।
ਉਸ ਸ਼ਾਮ ਰਿੰਪੀ ਗੋਰੇ ਨੂੰ ਸ਼ਹਿਰ ਮਿਲੀ। ਗੋਰੇ ਨੇ ਰਿੰਪੀ ਨੂੰ ਉਸ ਦੀਆਂ ਕੱਪੜੇ ਬਦਲਦੀ ਅਤੇ ਨਹਾਉਂਦੀ ਦੀਆਂ ਫੋਟੋਆਂ ਦਿਖਾ ਦਿੱਤੀਆਂ। ਇਹ ਫੋਟੋਆਂ ਗੋਰੇ ਨੇ ਸੋਨੂੰ ਤੋਂ ਫੋਨ ਦੇ ਕੈਮਰੇ ਨਾਲ ਖਿਚਵਾਈਆਂ ਸਨ। ਰਿੰਪੀ ਵਿਚਾਰੀ ਸਿਖਰ ਦੁਪਹਿਰ ਲੁੱਟੀ ਗਈ। ਭਰਾ ਦੀਆਂ ਹਰਕਤਾਂ ਯਾਦ ਆਈਆਂ ਪਰ ਕੀ ਕਰਦੀ! ਗੋਰੇ ਨਾਲ ਨਾ ਚਾਹੁੰਦੀ ਹੋਈ ਵੀ ਹਮਬਿਸਤਰ ਹੋ ਗਈ। ਗੋਰਾ ਪਹਿਲਾਂ ਤਾਂ ਘਰੋਂ ਬਾਹਰ ਮਿਲਦਾ, ਫਿਰ ਹੌਲੀ-ਹੌਲੀ ਘਰੇ ਹੀ ਆਉਣ ਲੱਗ ਗਿਆ। ਸੋਨੂੰ ਕੋਲ ਨਹੀਂ, ਰਿੰਪੀ ਦੇ ਕਮਰੇ ਵਿਚ, ਰਿੰਪੀ ਲਈ। ਰਿੰਪੀ ਨੇ ਕਈ ਵਾਰ ਸੋਚਿਆ ਕਿ ਮਾਂ-ਪਿਓ ਨਾਲ ਗੱਲ ਕਰਾਂ ਪਰ ਗੋਰੇ ਨੇ ਡਰਾਇਆ ਸੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਫੋਟੋਆਂ ਵਾਇਰਲ ਕਰ ਦੇਣੀਆਂ। ਵਿਚਾਰੀ ਕੈਨੇਡਾ, ਅਮਰੀਕਾ ਦੇ ਸੁਪਨੇ ਲੈਂਦੀ ਸੀ, ਪਰ ਭਰਾ ਦੀਆਂ ਕਰਤੂਤਾਂ ਕਾਰਨ ਨਸ਼ੇੜੀ ਦੇ ਹੱਥ ਚੜ੍ਹ ਗਈ। ਗੋਰਾ ਹੁਣ ਸੋਨੂੰ ਨੂੰ ਮੂੰਹ ਨਾ ਲਾਉਂਦਾ ਅਤੇ ਰਿੰਪੀ ਨੂੰ ਗਲੋਂ ਨਾ ਲਾਹੁੰਦਾ।
ਗੇਲੇ ਦੇ ਕੰਨ ਵਲੇਲ ਤਾਂ ਪੈ ਗਈ ਸੀ, ਪਰ ਸ਼ਿੰਦੋ ਨੇ ਫਿਰ ਵੀ ਗੱਲ ਆਈ-ਗਈ ਕਰ ਦਿੱਤੀ। ਸੋਨੂੰ ਨੂੰ ਚਿੱਟਾ ਨਾ ਮਿਲਦਾ ਤਾਂ ਉਹ ਦੂਜੇ ਨਸ਼ੇੜੀਆਂ ਕੋਲ ਤੁਰਿਆ ਰਹਿੰਦਾ। ਉਹ ਮਖੌਲ ਕਰਦੇ, ‘ਪਹਿਲਾਂ ਰਿੰਪੀ ਨੂੰ ਲੈ ਕੇ ਆ, ਫਿਰ ਚਿੱਟਾਂ ਦੇਵਾਂਗੇ।’ ਇਕ ਦਿਨ ਮਾੜੇ ਨਸ਼ੇ ਦੀ ਓਵਰਡੋਜ਼ ਲੈ ਕੇ ਸੋਨੂੰ ਝਾੜੀਆਂ ਵਿਚ ਹੀ ਪਿਆ ਰਹਿ ਗਿਆ। ਆਥਣ ਤੱਕ ਸੋਨੂੰ ਨਾ ਲੱਭਾ ਤਾਂ ਮਾਂ ਕਮਲੀ ਹੋਈ ਫਿਰੇ। ਲੋਕ ਲੱਭਣ ਤੁਰ ਪਏ ਤਾਂ ਕਿਸੇ ਨੇ ਦੱਸਿਆ ਕਿ ਸੇਮ ਵਾਲੇ ਰਾਹ, ਝਾੜੀਆਂ ਵਿਚ ਮਰਿਆ ਪਿਆ ਹੈ। ਫਿਰ ਕੀ ਸੀ, ਸ਼ਿੰਦੋ ਦੇ ਕੀਰਨੇ ਅਸਮਾਨੀਂ ਪਹੁੰਚਦੇ ਸਨ। ਉਸ ਨੂੰ ਗੇਲੇ ਦੀਆਂ ਕਹੀਆਂ ਗੱਲਾਂ ਯਾਦ ਆਉਣ ਲੱਗੀਆਂ। ਚੜ੍ਹਦੀ ਉਮਰੇ ਪੁੱਤ ਨਸ਼ੇ ਦੀ ਭੇਟ ਚੜ੍ਹ ਗਿਆ ਸੀ। ਮਸਾਂ ਸੁੱਖਣਾ ਸੁੱਖ ਕੇ ਲਿਆ ਸੀ। ਦੋ ਧੀਆਂ ਮਗਰੋਂ ਜੰਮਿਆ ਪੁੱਤ, ਮਾਪਿਆਂ ਤੋਂ ਪਹਿਲਾਂ ਤੁਰ ਗਿਆ, ਜਿਥੋਂ ਕੋਈ ਕਦੇ ਮੁੜਿਆ ਨਹੀਂ! ਸ਼ਿੰਦੋ ਕੀ ਕਰਦੀ, ਪੁੱਤ ਨੂੰ ਜਿਉਂਦਾ ਰੱਖਣ ਦੀ ਖਾਤਰ ਆਪ ਹੀ ਮੌਤ ਦਾ ਸਮਾਨ ਦਿੰਦੀ ਰਹੀ।
ਸਾਰਾ ਪਿੰਡ ਸੋਗ ਵਿਚ ਡੁੱਬ ਚੁਕਾ ਸੀ। ਥੋੜ੍ਹੇ ਸਮੇਂ ਵਿਚ ਹੀ ਪਿੰਡੋਂ ਪੰਜਵੇਂ ਨੌਜਵਾਨ ਦੀ ਅੱਗ ਸਿਵਿਆਂ ਵਿਚ ਮੱਚ ਰਹੀ ਸੀ। ਸਿਆਣੇ ਲੋਕ ਗੱਲਾਂ ਕਰ ਰਹੇ ਸਨ ਕਿ ਜੋ ਨੌਜਵਾਨ ਅਜੇ ਵੀ ਚਿੱਟੇ ਦੀ ਲਪੇਟ ਵਿਚ ਹਨ, ਉਨ੍ਹਾਂ ਨੂੰ ਬਚਾਇਆ ਜਾਵੇ ਪਰ ਬਿੱਲੀ ਦੇ ਗਲ ਟੱਲੀ ਕੌਣ ਬੰਨ੍ਹੇ। ਨਾ ਚਿੱਟਾ ਸਰਕਾਰਾਂ ਨੇ ਰੋਕਿਆ, ਨਾ ਲੋਕਾਂ ਤੋਂ ਹੀ ਪੁੱਤ ਬਚਾ ਹੋਏ।
ਸ਼ਿੰਦੋ ਦੇ ਕੀਰਨੇ ਹਰ ਇਕ ਦੇ ਕਾਲਜੇ ਧੂਹ ਪਾ ਰਹੇ ਸਨ। ਉਸ ਦੀ ਮਮਤਾ ਨੇ ਸਮੇਂ ਤੋਂ ਪਹਿਲਾਂ ਹੀ ਪੁੱਤ ਤੋਰ ਦਿੱਤਾ ਸੀ। ਸਮੇਂ ਸਿਰ ਪੁੱਤ ਨੂੰ ਕੰਨੋਂ ਫੜਿਆ ਹੁੰਦਾ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ!
ਸੋਨੂੰ ਦੇ ਭੋਗ ਪਿਛੋਂ ਵੀ ਗੋਰਾ ਆਉਂਦਾ ਰਿਹਾ, ਉਹਨੇ ਰਿੰਪੀ ਨੂੰ ਵੀ ਚਿੱਟੇ ‘ਤੇ ਲਾ ਲਿਆ। ਗੋਰਾ ਆਪ ਵੀ ਨਸ਼ੇ ਦਾ ਆਦੀ ਸੀ। ਤਕੜੇ ਘਰੋਂ ਹੋਣ ਕਰਕੇ ਅਜੇ ਤੱਕ ਜਿਉਂਦਾ ਤੁਰਿਆ ਫਿਰਦਾ ਸੀ। ਹੌਲੀ-ਹੌਲੀ ਉਸ ਨੇ ਰਿੰਪੀ ਨੂੰ ਦੇਹ ਵਪਾਰ ਵੱਲ ਤੋਰ ਲਿਆ। ਰਿੰਪੀ ਨਸ਼ੇੜੀਆਂ ਨਾਲ ਹਮਬਿਸਤਰ ਹੁੰਦੀ ਰਹੀ। ਉਹ ਆਪਣੀ ਅਤੇ ਗੋਰੇ ਦੀ ਲੋੜ ਪੂਰੀ ਕਰਨ ਲਈ ਚੰਦਨ ਵਰਗੀ ਦੇਹੀ ਗਾਲ ਬੈਠੀ। ਇਕ ਦਿਨ ਦੋਹਾਂ ਨੇ ਇਕੱਠਿਆਂ ਨਸ਼ਾ ਕੀਤਾ ਅਤੇ ਇਕੱਠੇ ਹੀ ਰੱਬ ਨੂੰ ਪਿਆਰੇ ਹੋ ਗਏ। ਦੋਹਾਂ ਦੀਆਂ ਲਾਸ਼ਾਂ ਨਹਿਰ ਦੇ ਕੰਢੇ ਝਾੜੀਆਂ ਵਿਚ ਮਿਲੀਆਂ। ਸਵੇਰ ਦੀ ਖਬਰ ਸੀ: ਪ੍ਰੇਮੀ ਜੋੜਾ ਨਸ਼ੇ ਦੀ ਭੇਟ ਚੜ੍ਹ ਗਿਆ।
ਗੋਰੇ ਦੇ ਘਰ ਦੇ ਕਹਿੰਦੇ ਕਿ ਤੁਹਾਡੀ ਧੀ ਨੇ ਸਾਡਾ ਘਰ ਪੱਟ ਦਿੱਤਾ। ਸ਼ਿੰਦੋ ਕਹਿੰਦੀ, ਤੁਹਾਡੇ ਪੁੱਤ ਨੇ ਮੇਰੀ ਧੀ ਅਤੇ ਪੁੱਤ ਖਾ ਲਏ। ਸੱਪ ਨਾਲ ਸੱਪ ਲੜੇ ਤਾਂ ਜ਼ਹਿਰ ਕਿਸ ਨੂੰ ਚੜ੍ਹੇ?
ਇਹ ਪੰਜਾਬ ਦੇ ਬਹੁਤੇ ਪਿੰਡਾਂ ਦੀ ਕਹਾਣੀ ਹੈ। ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ। ਪੰਜਾਬ ਦੀ ਜਵਾਨੀ ਗੋਤੇ ਲਾ ਰਹੀ ਹੈ, ਪਰ ਸਰਕਾਰ ਅਤੇ ਸਿਸਟਮ ਦੇ ਸਿਰ ਜੂੰਅ ਵੀ ਨਹੀਂ ਸਰਕ ਰਹੀ। ਰੱਬ ਰਾਖਾ!