ਕਲਵੰਤ ਸਿੰਘ ਸਹੋਤਾ
ਫੋਨ: 604-589-5919
ਕਈ ਵਾਰੀ ਅਸੀਂ ਕਾਹਲ ‘ਚ ਹੁੰਦੇ ਹਾਂ, ਤੇ ਚਾਹੁੰਦੇ ਹਾਂ ਕਿ ਸਾਡਾ ਕੰਮ ਝੱਟ ਪੱਟ ਹੀ ਹੋ ਜਾਏ; ਮਨ ‘ਚ ਫੁਰਨਾ ਫੁਰਦਾ ਹੈ, ਉਸ ਨੂੰ ਪੂਰਾ ਹੋਇਆ ਦੇਖ, ਆਪਣੇ ਮਨ ਨੂੰ ਸੰਤੁਸ਼ਟ ਕਰਨ ਦੀ ਕਾਹਲ ‘ਚ ਵਿਚਰਦੇ ਹਾਂ। ਉਹ ਕਾਹਲ ਸਾਡੇ ਮਨ ਨੂੰ ਇੰਨਾ ਕੈਦ ਕਰ ਲੈਂਦੀ ਹੈ ਕਿ ਅਸੀਂ ਆਪਣਾ ਸਲੀਕਾ ਭੁੱਲ ਜਾਂਦੇ ਹਾਂ। ਝੱਬੇ ਕੰਮ ਹੁੰਦਾ ਦੇਖਣ ਦੀ ਉਡੀਕ ‘ਚ ਹੀ ਮਨ ਇਕ ਪਾਸੜ ਬੱਝਿਆ, ਆਲੇ ਦੁਆਲੇ ਤੋਂ ਵੀ ਬੇਖਬਰ ਅਤੇ ਅਵੇਸਲਾ ਹੋ ਜਾਂਦਾ ਹੈ ਤੇ ਇੰਜ ਮਾੜੇ ਮੋਟੇ ਕਾਨੂੰਨ ਨੂੰ, ਜਾਂ ਸਾਊਪੁਣੇ ਦੀ ਤਰਕੀਬ ਨੂੰ ਉਕਾ ਹੀ ਅੱਖੋਂ ਪਰੋਖੇ ਕਰ ਦਿੰਦੇ ਹਾਂ। ਰਤਾ ਭਰ ਵੀ ਖਿਆਲ ਨਹੀਂ ਕਰਦੇ ਕਿ ਤੁਹਾਡੇ ਇਸ ਵਤੀਰੇ ਦਾ ਚੌਗਿਰਦੇ ‘ਤੇ ਕਿੰਨਾ ਨਾਂਹ ਪੱਖੀ ਅਸਰ ਪੈ ਰਿਹਾ ਹੈ। ਹੌਲੀ ਹੌਲੀ ਇਹ ਇੱਕ ਸੁਭਾਅ ਬਣ ਜਾਂਦਾ ਹੈ ਕਿ ਜਿਵੇਂ ਕਿਵੇਂ ਆਪਣਾ ਉੱਲੂ ਸਿੱਧਾ ਕਰੋ; ਬਾਕੀ ਕੋਈ ਪਏ ਢੱਠੇ ਖੂਹ ਵਿਚ। ਪੰਜਾਬੀ ਕਹਾਵਤ ‘ਕੋਈ ਮਰੇ ਚਾਹੇ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਗੱਲ ਬਣ ਕੇ ਰਹਿ ਜਾਂਦੀ ਹੈ।
ਜਿੱਥੇ ਕਿਤੇ ਵੀ ਰਹੀਏ, ਉਥੋਂ ਦੇ ਘੱਟੋ ਘੱਟ ਲੋੜੀਂਦੇ ਤੌਰ ਤਰੀਕੇ ਜਰੂਰ ਸਿੱਖ ਲੈਣੇ ਚਾਹੀਦੇ ਹਨ। ਬਣੇ ਨਿਯਮਾਂ ਦਾ ਪਾਲਣ ਕਰਨ ਵਲ ਧਿਆਨ ਜਰੂਰ ਦੇਣਾ ਚਾਹੀਦਾ ਹੈ ਤਾਂ ਕਿ ਦੂਜਿਆਂ ਨੂੰ ਅਸੀਂ ਪ੍ਰੇਸ਼ਾਨੀ ‘ਚ ਨਾ ਪਾਈਏ। ਕਿਸੇ ਹੋਰ ਨੂੰ ਗਲਤ ਕਹਿਣ ਤੋਂ ਪਹਿਲਾਂ ਆਪਣੀ ਗਲਤੀ ਸੁਧਾਰਨ ਵਲ ਧਿਆਨ ਦੇਣਾ ਚਾਹੀਦਾ ਹੈ। ਜੇ ਆਪਾਂ ਮਾੜਾ ਮਾੜਾ ਵੀ ਬਣੇ ਨਿਯਮਾਂ ਦੀ ਅਣਦੇਖੀ ਕਰਨ ਲੱਗੀਏ ਤਾਂ ਹੌਲੀ ਹੌਲੀ ਸਭ ਕੁਝ ਹੀ ਵਿਗੜ ਤੇ ਵਿਚਲ ਜਾਏਗਾ। ਇੱਕ ਦੂਜੇ ਪ੍ਰਤੀ ਨਫਰਤ ਬਣਨੀ ਸ਼ੁਰੂ ਹੋ ਜਾਏਗੀ, ਖਾਹਮਖਾਹ ਅਸੀਂ ਦੂਜਿਆਂ ਦੀ ਨਫਰਤ ਦਾ ਨਿਸ਼ਾਨਾ ਬਣ ਜਾਵਾਂਗੇ।
ਸੜਕਾਂ ‘ਤੇ ਲੱਗੇ ਸਾਈਨ ਬੋਰਡਾਂ ਵਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਸੜਕ ‘ਤੇ ਕਈ ਥਾਂਈਂ ਲਿਖਿਆ ਹੁੰਦਾ ਹੈ ‘ਫਾਇਰ ਲੇਨ’ ਤੇ ਉੱਪਰ ਬੋਰਡ ਲੱਗਾ ਹੁੰਦਾ ਹੈ, ਜਿਸ ‘ਤੇ ਸੁਚੇਤ ਕੀਤਾ ਹੁੰਦਾ ਹੈ ਕਿ ਇੱਥੇ ਗੱਡੀ ਪਾਰਕ ਕਰਨਾ ਤਾਂ ਦੂਰ ਦੀ ਗੱਲ; ਗੱਡੀ ਕੁਝ ਪਲਾਂ ਲਈ ਵੀ ਰੋਕਣ ਦੀ ਇਜਾਜ਼ਤ ਨਹੀਂ। ਅਕਸਰ ਦੇਖਿਆ ਜਾਂਦਾ ਹੈ ਕਿ ਉੱਥੇ ਕੁਝ ਗੱਡੀਆਂ ਵਾਲੇ ਤਾਂ ਟਿਪਟਿਪੀ ਲਾ ਕੇ ਤੇ ਕੁਝ ਉਂਜ ਹੀ ਕਾਰ ਪਾਰਕ ਕਰਕੇ ਚਿਤਾਵਨੀ ਸਾਈਨ ਦੀਆਂ ਧਜੀਆਂ ਉਡਾ, ਸਾਹਮਣੀ ਦੁਕਾਨ ‘ਚ ਸੌਦਾ ਲੈਣ ਜਾ ਵੜਦੇ ਹਨ। ਰਤਾ ਵੀ ਪ੍ਰਵਾਹ ਨਹੀਂ ਕਰਦੇ ਕਿ ਦਸ ਗਜ ‘ਤੇ ਪਾਰਕਿੰਗ ਲਾਟ ‘ਚ ਕਾਰ ਪਾਰਕ ਕਰਨ ਲਈ ਥਾਂ ਖਾਲੀ ਪਿਆ ਹੈ; ਦਸ ਗਜ ਜੇ ਤੁਰ ਲਓਗੇ ਤਾਂ ਦੋ ਚਾਰ ਕਲੋਰੀਆਂ (ਕੈਲਰੀਜ਼) ਵੀ ਲੂਹ ਹੋ ਜਾਣਗੀਆਂ ਅਤੇ ਨਾਲ, ਨਾ ਨਿਯਮਾਂ ਦੀਆਂ ਧਜੀਆਂ ਉਡਾ ਹੋਣਗੀਆਂ।
ਵੱਡੇ ਬੌਕਸ ਸਟੋਰਾਂ ਦੀਆਂ ਪਾਰਕਿੰਗ ਲੌਟਾਂ ‘ਚ ਆਮ ਦੇਖੀਦਾ ਹੈ ਕਿ ਵੀਹ ਗਜ ਦੀ ਦੂਰੀ ‘ਤੇ ਬੇਅੰਤ ਪਈਆਂ ਖਾਲੀ ਪਾਰਕਾਂ ‘ਚ ਝੱਟ ਪੱਟ ਕਾਰ ਪਾਰਕ ਕਰਕੇ ਅੰਦਰ ਜਾ ਸਕਦੇ ਹਾਂ, ਪਰ ਦਰਵਾਜੇ ਮੂਹਰੇ ਕਾਰ ਪਾਰਕ ਕਰਨ ਦੀ ਝਾਕ ‘ਚ, ਡਰਾਈਵਰ ਘਰ ਦਾ ਵਿਹੜਾ ਸਮਝ ਕੇ, ਅਵੇਸਲੇ ਹੋ ਕਾਰ ਰੋਕ ਕੇ ਅੱਗੇ ਪਿੱਛੇ ਦਾ ਸਾਰਾ ਟਰੈਫਿਕ ਜਾਮ ਕਰ, ਕੁੰਭਕਰਨ ਦੀ ਨੀਂਦ ਸੌਂ ਜਾਣਗੇ। ਸੋਚਣ ਵਾਲੀ ਗੱਲ ਹੈ ਕਿ ਹੈਂਡੀਕੈਪ ਪਾਰਕਾਂ ਤੇ ਫੈਮਲੀ ਪਾਰਕਾਂ ਦਾ ਕੋਈ ਮਤਲਬ ਹੈ! ਉਹ ਸਿਰਫ ਜਿਨ੍ਹਾਂ ਨੂੰ ਚੱਲਣ ਫਿਰਨ ‘ਚ ਦਿੱਕਤ ਹੈ ਤੇ ਉਹ ਪਾਰਕਾਂ ਜਿਨ੍ਹਾਂ ‘ਚ ਛੋਟੇ ਬੱਚੇ ਬੈਠੇ ਹੋਣ, ਉਨ੍ਹਾਂ ਵਾਸਤੇ ਹੁੰਦੀਆਂ ਹਨ ਤਾਂ ਕਿ ਛੋਟੇ ਬੱਚਿਆਂ ਨੂੰ ਨੇੜੇ ਕਾਰ ਖੜੀ ਕਰ ਕੇ ਸਟੋਰ ਜਾਂ ਸ਼ਾਪਿੰਗ ਮਾਲ ਅੰਦਰ ਜਾਣ ਦੀ ਸਹੂਲਤ ਰਹੇ। ਅਸੀਂ ਉੱਥੇ ਵੀ ਆਲਾ ਦੁਆਲਾ ਦੇਖ ਝੱਟ ਕਾਰ ਪਾਰਕ ਕਰ ਕੇ ਸਟੋਰ ਅੰਦਰ ਜਾ ਵੜਦੇ ਹਾਂ ਕਿ ਕਿਹੜਾ ਕਿਸੇ ਦੇਖਿਆ ਹੈ? ਇਹ ਨਿਰੀ ਆਪਹੁਦਰੀ ਧੁੱਸ ਹੈ।
ਸਾਈਡ ਵਾਕ ਤੁਰਨ ਵਾਲਿਆਂ ਲਈ ਬਣਾਏ ਗਏ ਹਨ, ਇਨ੍ਹਾਂ ‘ਤੇ ਸਾਈਕਲ ਸਵਾਰ ਵੀ ਸਾਈਕਲ ‘ਤੇ ਚੜ੍ਹੇ ਦੱਬੀ ਤੁਰੇ ਜਾਂਦੇ ਹਨ, ਇਹ ਵੀ ਧਿਆਨ ‘ਚ ਨਹੀਂ ਕਿ ਕੋਈ ਤੁਰਿਆ ਜਾ ਰਿਹਾ ਹੋਊ ਜਾਂ ਮੂਹਰਿਓਂ ਆ ਰਿਹਾ ਹੋਊ ਤੇ ਇੰਜ ਸਾਈਕਲ ਉਸ ‘ਚ ਵੱਜ ਸਕਦਾ ਹੈ।
ਮੈਂ ਇੱਕ ਦਿਨ ਤੁਰਿਆ ਜਾ ਰਿਹਾ ਸਾਂ ਤਾਂ ਪਿੱਛਿਓਂ ਹੈਲੋ ਹੈਲੋ ਦੀ ਅਵਾਜ਼ ਆਈ। ਮੈਂ ਸੋਚਿਆ, ਕੋਈ ਵਾਕਫ ਹੋਣਾ! ਮੂੰਹ ਭੁਆਂ ਕੇ ਪਿੱਛੇ ਦੇਖਿਆ ਤਾਂ ਮੇਰੇ ਖੱਬੇ ਪਾਸੇ ਦੀ ਖਹਿਣੋਂ ਮਸਾਂ ਬਚਦਾ ਸਾਈਕਲ ਸਵਾਰ ਸ਼ੂਕ ਦੇਣੇ ਅੱਗੇ ਨਿਕਲ ਗਿਆ। ਮੈਂ ਠਠੰਬਰਿਆ ਖੜ੍ਹ ਕੇ ਸੋਚਣ ਲੱਗਾ ਕਿ ਇਹ ਤਾਂ ਮੇਰਾ ਕੰਮ ਹੀ ਕਰਨ ਲੱਗਾ ਸੀ! ਹਾਲੇ ਮੈਂ ਇਹ ਸੋਚ ਹੀ ਰਿਹਾ ਸੀ ਕਿ ਉਹ ਸਾਈਕਲ ਸਵਾਰ ਝੱਟ ਪੱਟ ਸਾਈਕਲ ‘ਤੇ ਚੜ੍ਹਿਆ ਚੜ੍ਹਾਇਆ ਖੱਬਾ ਕੂਹਣੀ ਮੋੜ ਕੱਟ ਪੰਜ ਲੇਨ ਸੜਕ ਪਾਰ ਕਰਦਾ ਦੂਜੇ ਪਾਸੇ ਦੀ ਸਾਈਡ ਵਾਕ ‘ਤੇ ਜਾ ਚੜ੍ਹਿਆ। ਮੈਂ ਹੈਰਾਨ ਹੋਇਆ ਸੋਚਾਂ ਕਿ ਇਸ ਭਲੇ ਲੋਕ ਨੇ ਪੰਜ ਲੇਨ ਕਾਰਾਂ ਨਾਲ ਭਰੀ ਸੜਕ ਪਾਰ ਕਰਨ ਲੱਗਿਆਂ ਰਤਾ ਵੀ ਧਿਆਨ ਨਹੀਂ ਦਿੱਤਾ ਕਿ ਕਾਰ ਤੇ ਸਾਈਕਲ ਦਾ ਕੀ ਮੁਕਾਬਲਾ! ਕੋਈ ਉਸ ਤੇ ਕਾਰ ਚਾੜ੍ਹ ਸਹਿਜੇ ਹੀ ਉਸ ਨੂੰ ਦਰੜ ਸਕਦਾ ਸੀ।
ਹਾਲੇ ਮੈਂ ਦੋ ਮਿੰਟ ਹੀ ਹੋਰ ਤੁਰਿਆ ਤਾਂ ਆਪਹੁਦਰੀ ਧੁੱਸ ਦੇਖ ਕੇ ਤਾਂ ਮੇਰੀ ਹੈਰਾਨੀ ਸਭ ਹੱਦਾਂ ਬੰਨੇ ਟੱਪ ਗਈ; ਕੀ ਦੇਖਦਾ ਹਾਂ, ਜ਼ਰਾ ਧਿਆਨ ਨਾਲ ਸੁਣਿਉਂ; ਇਹ ਸ਼ਾਪਿੰਗ ਮਾਲ ‘ਚ ਵੜਨ ਦਾ ਰਸਤਾ ਹੈ, ਇੱਥੇ ਇੱਕ ਮਠਿਆਈ ਦੀ ਦੁਕਾਨ ਦੇ ਮੂਹਰੇ ਦੋ ਕਾਰਾਂ ਮੇਰੇ ਦੇਖਦੇ ਦੇਖਦੇ ਰੁਕੀਆਂ ਇੱਕੋ ਪਾਸੇ, ਇੱਕ ਦੂਸਰੀ ਦੇ ਆਹਮਣੇ ਸਾਹਮਣੇ, ਇੱਕ ਨੇ ਤਾਂ ਟਿਪਟਿਪੀ ਲਾ ਦਿੱਤੀ ਤੇ ਦੂਸਰਾ ਉਂਜ ਹੀ ਦੂਜੀ ਕਾਰ ਦੇ ਹੁੱਡ ਨਾਲ ਹੁੱਡ ਜੋੜ ਕੇ ਦੁਕਾਨ ਅੰਦਰ ਜਾ ਵੜਿਆ। ਉਨ੍ਹਾਂ ਦੋਹਾਂ ਨੇ ਰੱਤੀ ਭਰ ਵੀ ਖਿਆਲ ਨਹੀਂ ਕੀਤਾ ਕਿ ਉਹ ਫਾਇਰ ਲੇਨ ‘ਚ ਕਾਰਾਂ ਖੜੀਆਂ ਕਰ ਰਹੇ ਹਨ; ਜਦੋਂ ਕਿ ਉਸੇ ਮਠਿਆਈ ਦੀ ਦੁਕਾਨ ਦੇ ਦਸਾਂ ਗਜਾਂ ‘ਤੇ ਅੱਠ ਕਾਰਾਂ ਪਾਰਕ ਕਰਨ ਲਈ ਥਾਂ ਖਾਲੀ ਸੀ।
ਇਹ ਦੇਖ ਸੋਚੀਂ ਪਿਆ, ਪੰਜ ਮਿੰਟ ਦੀ ਵਾਟ ਤੁਰ ਅੱਗੇ ਮੈਂ ਵੱਡੇ ਗਰੌਸਰੀ ਸਟੋਰ ਦੀ ਪਾਰਕਿੰਗ ਲੌਟ ‘ਚ ਜਾ ਵੜਿਆ, ਕੀ ਦੇਖਦਾਂ ਕਿ ਦੋ ਹੱਟੇ ਕੱਟੇ ਗੱਭਰੂ ਆਪਣਾ ਪਿਕ ਅਪ ਟਰੱਕ ਪਾਰਕ ਕਰ ਸਟੋਰ ਅੰਦਰ ਜਾ ਵੜੇ: ਇਹ ਰੱਤੀ ਵੀ ਸੋਚਿਆ ਨਹੀਂ ਕਿ ਉਹ ਤਾਂ ਫੈਮਲੀ ਪਾਰਕ ਵਾਲੇ ਥਾਂ ਆਪਣਾ ਟਰੱਕ ਅੜਾ ਕੇ ਤੁਰਦੇ ਬਣੇ ਹਨ-ਬੱਚਾ ਨਿੱਕਾ ਤਾਂ ਉਨ੍ਹਾਂ ਨਾਲ ਹੈ ਕੋਈ ਨਹੀਂ ਸੀ ਅਤੇ ਨਾ ਹੀ ਟਰੱਕ ‘ਚ ਕੋਈ ਬੇਬੀ ਸੀਟ ਸੀ। ਦਸਾਂ ਕੁ ਮਿੰਟਾਂ ਦੇ ਵਕਫੇ ‘ਚ ਇਹ ਤਿੰਨ ਚਾਰ ਕੁਤਾਹੀਆਂ ਦੇਖ ਮੇਰੇ ਮਨ ‘ਚ ਅਜਿਹੀਆਂ ਕੁੱਝ ਹੋਰ ਦੇਖੀਆਂ ਆਪਹੁਦਰੀਆਂ ਦੀ ਫਿਲਮ ਘੁੰਮਣ ਲੱਗੀ।
ਵਿਸਾਖੀ ਨਗਰ ਕੀਰਤਨ ਦੇਖਣ ਲਈ ਥਾਂ ਥਾਂ ਲੰਗਰਾਂ ਦੇ ਪੰਡਾਲ ਲੱਗੇ ਹੋਏ ਸਨ। ਗੁਰੂ ਸਾਹਿਬ ਦੀ ਸਵਾਰੀ ਵਾਲਾ ਫਲੋਟ ਅਤੇ ਮਗਰ ਕੀਰਤਨ ਕਰਦੀਆਂ ਆ ਰਹੀਆਂ ਸ਼ਰਧਾਲੂ ਸੰਗਤਾਂ ਦਾ ਨਗਰ ਕੀਰਤਨ ਨਹੀਂ ਸੀ ਆਇਆ: ਪਰ ਖਾਣ ਪੀਣ ਦੇ ਲੱਗੇ ਪੰਡਾਲਾਂ ਦੁਆਲੇ, ਜਲੂਸ ਦੇ ਰੂਪ ‘ਚ ਭਾਰੀ ਇਕੱਠ ਸੀ। ਲੋਕ ਆਪ ਹੁਦਰੇ ਏਧਰ ਓਧਰ ਤੁਰ ਰਹੇ ਸਨ ਤੇ ਕੁਝ ਵੰਨ ਸਵੰਨੇ ਖਾਣਿਆਂ ਵਾਲੇ ਤੰਬੂਆਂ ਮੂਹਰੇ ਲੰਬੀਆਂ ਲੰਬੀਆਂ ਕਤਾਰਾਂ ‘ਚ ਖੜ੍ਹੇ ਸਨ। ਇੱਕ ਪਾਸੇ ਤਾਜ਼ੀਆਂ ਬਣ ਰਹੀਆਂ ਜਲੇਬੀਆਂ ਦੀ ਮਹਿਕ ਆਈ ਤਾਂ ਮੈਂ ਵੀ ਓਧਰ ਨੂੰ ਤੁਰ ਪਿਆ। ਅੱਗੇ ਕੀ ਦੇਖਿਆ, ਲਾਈਨ ਬੜੀ ਲੰਬੀ ਸੀ, ਪਰ ਜਲੇਬੀ ਪਲੇਟ ਵਿਚ ਇੱਕ ਹੀ ਮਿਲਦੀ ਸੀ। ਖੈਰ, ਲੰਬੀ ਲਾਈਨ ਦੀ ਪਰਵਾਹ ਨਾ ਕਰਦਿਆਂ ਲਾਈਨ ਦੇ ਮਗਰ ਜਾ ਖੜਿਆ, ਤਾਜੀਆਂ ਬਣ ਰਹੀਆਂ ਜਲੇਬੀਆਂ ਦੀ ਮਹਿਕ ਮੂੰਹ ‘ਚ ਪਾਣੀ ਲਿਆ ਰਹੀ ਸੀ, ਕਿਉਂਕਿ ਕੈਨੇਡਾ ਆਉਣ ਤੋਂ ਚਾਰ ਦਹਾਕੇ ਪਹਿਲਾਂ ਜਲੰਧਰ-ਨਕੋਦਰ ਚੌਂਕ ‘ਚ ਹਲਵਾਈ ਦੀਆਂ ਤਾਜ਼ੀਆਂ ਖਾਧੀਆਂ ਜਲੇਬੀਆਂ ਯਾਦ ਆ ਰਹੀਆਂ ਸਨ। ਕੁਝ ਚਿਰ ਬਾਅਦ ਮੇਰੀ ਵਾਰੀ ਆਉਣ ਲੱਗੀ ਤੇ ਤਿੰਨ ਕੁ ਬੰਦੇ ਮੈਥੋਂ ਮੂਹਰੇ ਸਨ ਤਾਂ ਇਕ ਬੀਬੀ ਕਾਹਲੀ ਨਾਲ ਆਈ ਤੇ ਸਿੱਧੀ ਲਾਈਨ ਦੇ ਮੁਹਰੇ ਜਾ ਖੜੀ। ਇਹ ਦੇਖ ਮੈਥੋਂ ਮੂਹਰੇ ਖੜੇ ਵੀਰ ਨੇ ਕਿਹਾ ਕਿ ਬੀਬੀ ਲਾਈਨ ਪਿੱਛਿਉਂ ਸ਼ੁਰੂ ਹੁੰਦੀ ਹੈ ਤਾਂ ਜਲੇਬੀਆਂ ਵਾਲੀ ਪਲੇਟ ਨੂੰ ਝਪਟ ਮਾਰਦੀ ਬੋਲੀ, ਮੈਨੂੰ ਕਾਹਲੀ ਹੈ।
ਚਿਰਾਂ ਤੋਂ ਲਾਈਨ ‘ਚ ਖੜਿਆਂ ਸਭ ਨੂੰ ਹੀ ਉਹ ਦੇਖਦੇ ਦੇਖਦੇ ਅੱਖੀਂ ਘੱਟਾ ਪਾ ਕੇ ਔਹ ਗਈ ਔਹ ਗਈ। ਇਹੀ ਕੁਝ ਮੈਂ ਸਾਗ ਤੇ ਮੱਕੀ ਦੀ ਰੋਟੀ ਵਾਲੇ ਤੰਬੂ ਅੱਗੇ ਵੀ ਦੇਖਿਆ ਕਿ ਕਿਵੇਂ ਕੁੱਝ ਬੇਸਬਰੇ ਕਤਾਰ ‘ਚ ਖੜ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਨ ਦੀ ਥਾਂ ਕਤਾਰ ‘ਚ ਖੜਿਆਂ ਦੀ ਪ੍ਰਵਾਹ ਕੀਤੇ ਬਿਨਾ ਬੇਸ਼ਰਮੀ ਨਾਲ ਖੱਬੇ ਸੱਜੇ ਦੀ ਮੂਹਰੇ ਲਾਈਨ ‘ਚ ਧੁੱਸਦੇ ਰਹੇ-ਅਜਿਹਾ ਵਤੀਰਾ ਸਾਨੂੰ ਬਦਲਣ ਦੀ ਲੋੜ ਹੈ।
ਆਮ ਦੇਖੀਦਾ ਹੈ ਕਿ ਤੁਸੀਂ ਸੜਕ ਪਾਰ ਕਰਨ ਲਈ ਤੁਰਨ ਵਾਲੀ ਬੱਤੀ ਹੋਣ ਦੀ ਉਡੀਕ ‘ਚ ਹੁੰਦੇ ਹੋ; ਸੜਕ ਪਾਰ ਕਰਨ ਦੀ ਬੱਤੀ ਹੁੰਦੀ ਹੈ ਤਾਂ ਤੁਸੀਂ ਹਾਲੇ ਕਰੌਸ ਵਾਕ ‘ਚ ਵੜਦੇ ਹੀ ਹੋ ਕਿ ਸੱਜੇ ਮੁੜਨ ਵਾਲੀ ਕਾਰ, ਉਸੇ ਦੌਰਾਨ ਦੂਜੇ ਪਾਸਿਉਂ ਖੱਬੇ ਮੁੜਨ ਵਾਲੀ ਕਾਰ, ਸੜਕ ਪਾਰ ਕਰ ਰਹੇ ਪੈਦਲ ਚੱਲਣ ਵਾਲਿਆਂ ਦੇ ਸੱਜੇ ਖੱਬੇ ਦੀ ਕਾਰਾਂ ਲੰਘਾਉਂਦੇ ਕਿਸ ਤਰ੍ਹਾਂ ਸੜਕ ਪਾਰ ਕਰ ਰਹੇ ਨੂੰ ਖਤਰੇ ‘ਚ ਪਾਉਂਦੇ ਹਨ। ਭੋਰਾ ਵੀ ਧਿਆਨ ‘ਚ ਨਹੀਂ ਰੱਖਦੇ ਕਿ ਤੁਰ ਕੇ ਸੜਕ ਪਾਰ ਕਰ ਰਹੇ ਦਾ ਪਹਿਲਾ ਹੱਕ ਹੈ। ਇਹੀ ਕੁਝ ਸਾਈਡ ਵਾਕ ‘ਤੇ ਤੁਰਦਿਆਂ ਹੁੰਦਾ ਹੈ, ਜਦੋਂ ਪਰਕਿੰਗ ਪਲਾਜ਼ਿਆਂ ਅਤੇ ਸ਼ਾਪਿੰਗ ਸੈਂਟਰਾਂ ਦੀਆਂ ਪਾਰਕਾਂ ‘ਚੋਂ ਨਿਕਲਣ ਲਈ ਸੱਜੇ ਖੱਬੇ ਮੁੜ ਰਹੀਆਂ ਕਾਰਾਂ ਦੇ ਡਰਾਈਵਰ ਨਾ ਤਾਂ ਰੁਕਦੇ ਹਨ ਅਤੇ ਨਾ ਹੀ ਦੋਵੇਂ ਪਾਸੇ ਧਿਆਨ ਮਾਰਦੇ ਹਨ ਕਿ ਕੋਈ ਤੁਰਨ ਵਾਲਾ ਤਾਂ ਨਹੀਂ ਲੰਘ ਰਿਹਾ ਜਾਂ ਲੰਘਣ ਦੀ ਇੰਤਜਾਰ ‘ਚ ਹੈ? ਸਗੋਂ ਇੱਕ ਪਾਸੇ ਹੀ ਦੇਖਦੇ ਧੁੱਸ ਦੇ ਕੇ ਸੜਕ ‘ਤੇ ਆ ਚੜ੍ਹਨਗੇ।
ਕਿਸੇ ਦੇ ਘਰੇ ਜਾਂਦੇ ਹਾਂ ਤਾਂ ਗੁਆਂਢੀਆਂ ਦਾ ਅੱਧਾ ਡਰਾਈਵ ਵੇਅ ਬਲੌਕ ਕਰ ਦਈਦਾ ਹੈ। ਅੱਗ ਬੁਝਾਉਣ ਵਾਲੇ ਪਾਣੀ ਵਾਲੇ ਨਲਕੇ (ਫਾਇਰ ਹਾਈਡਰੈਂਟ) ਤੋਂ ਕਿੰਨੀ ਵਿੱਥ ‘ਤੇ ਕਾਰ ਖੜ੍ਹੀ ਕਰਨੀ ਹੈ? ਇਸ ਗੱਲ ਵਲ ਵੀ ਬਹੁਤੇ ਲੋਕ ਧਿਆਨ ਨਹੀਂ ਦਿੰਦੇ, ਜਿੰਨੀ ਦੇਰ ਦੋ ਚਾਰ ਜ਼ੁਰਮਾਨੇ ਦੀਆਂ ਟਿਕਟਾਂ ਨਾ ਮਿਲ ਜਾਣ। ਸਟਾਪ ਸਾਈਨ ਤੋਂ ਕਿੰਨੀ ਵਿੱਥ ‘ਤੇ ਕਾਰ ਖੜੀ ਕਰਨੀ ਚਾਹੀਦੀ ਹੈ, ਇਹ ਗੱਲ ਵੀ ਧਿਆਨ ਗੋਚਰੇ ਹੈ। ਕਿਸੇ ਦੇ ਘਰ ਗਏ ਤਾਂ ਗੁਆਂਢੀ ਦੇ ਘਰ ਮੂਹਰੇ ਕਾਰ ਪਾਰਕ ਕਰਨ ਲੱਗਿਆਂ, ਇੱਕ ਪਾਸੇ ਦੇ ਦੋਵੇਂ ਟਾਇਰ ਉਸ ਦੇ ਘਾਹ ‘ਤੇ ਚਾ੍ਹੜ ਕੇ ਖੜੀ ਕਰਨੀ ਜਾਂ ਦੋ ਫੁੱਟ ਕਰਬ ਤੋਂ ਸੜਕ ਵਲ ਨੂੰ ਖੜੀ ਕਰ ਦੇਣੀ, ਇਤਿਆਦਿ ਕੋਤਾਹੀਆਂ ਹੁੰਦੀਆਂ ਆਮ ਦੇਖੀਦੀਆਂ ਹਨ।
ਮੀਂਹ ਪੈਂਦਾ ਹੋਵੇ, ਕਾਰ ਤੋਰਨ ਲੱਗਿਆਂ ਤੇਜੀ ਨਾਲ ਰੇਸ ਦੇ ਕੇ ਜਦੋਂ ਕਾਰ ਤੋਰਨੀ ਤਾਂ ਗੁਆਂਢੀ ਦੇ ਘਾਹ ਦੀ ਜੱਖਣਾ ਪੁੱਟ ਜਾਣੀ। ਬਹੁਤੀ ਵਾਰੀ ਇਹ ਵੀ ਦੇਖੀਦਾ ਹੈ ਕਿ ਕਾਰ ‘ਚੋਂ ਉਤਰ ਕੇ ਕਿਸੇ ਦੇ ਘਰ ਦੇ ਦਰਵਾਜੇ ਵਲ ਨੂੰ ਜਾਂਦੇ ਫੁਟਪਾਥ ਜਾਂ ਡਰਾਈਵ ਵੇਅ ਥਾਂਈਂ ਜਾਣ ਦੀ ਥਾਂ ਸਿੱਧਾ ਘਾਹ ਮਿੱਧਦੇ ਹੀ ਅਗਲੇ ਦੇ ਦਰਵਾਜੇ ‘ਤੇ ਅੱਪੜੀਦਾ ਹੈ। ਅਜਿਹੀਆਂ ਕੁੱਝ ਗੱਲਾਂ ਹਨ, ਜਿਨ੍ਹਾਂ ਤੋਂ ਸੰਕੋਚ ਕਰਦਿਆਂ ਛੋਟੀਆਂ ਛੋਟੀਆਂ ਕੋਤਾਹੀਆਂ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜੋ ਗੱਲਾਂ ਸਾਡੇ ਲਈ ਮਾਮੂਲੀ ਹਨ ਜਾਂ ਜਿਨ੍ਹਾਂ ਨੂੰ ਅਸੀਂ ਕੋਤਾਹੀ ਸਮਝਦੇ ਹੀ ਨਹੀਂ, ਉਹ ਦੂਜਿਆਂ ਲਈ ਬਹੁਤ ਵੱਡੀ ਗੱਲ ਹੁੰਦੀ ਹੈ: ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸਮੇਂ ਅਤੇ ਸਥਾਨ ਦੇ ਆਦੀ ਹੋਣ ਵਲ ਧਿਆਨ ਮਾਰਨਾ ਚਾਹੀਦਾ ਹੈ।
ਜਦੋਂ ਪਹਿਲਾਂ ਪਹਿਲ ਕਿਸੇ ਨਵੇਂ ਥਾਂ ਪਰਵਾਸ ਕਰੀਏ ਤਾਂ ਉੱਥੇ ਬਹੁਤ ਕੁੱਝ ਵੱਖਰਾ ਤੇ ਵਖਰੇਵੇਂ ਵਾਲਾ ਹੁੰਦਾ ਹੈ, ਉਸ ਨੂੰ ਜਲਦੀ ਸਿੱਖਣ ਵਲ ਧਿਆਨ ਕਰਦੇ; ਉਸ ਵਾਤਾਵਰਣ ਦੇ ਆਦੀ ਹੋਣਾ ਚਾਹੀਦਾ ਹੈ। ਦੁਨੀਆਂ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਜਾ ਪਰਵਾਸ ਦੇ ਤੌਰ ਤਰੀਕਿਆਂ ਵਿਚ ਡਾਢਾ ਫਰਕ ਹੁੰਦਾ ਹੈ। ਇੰਜ ਆਪਣੇ ਆਪਹੁਦਰੇ ਪਹਿਲੇ ਬਣੇ ਸੁਭਾਅ ਮੁਤਾਬਿਕ ਚੱਲਣ ਦੀ ਥਾਂ ਆਲੇ ਦੁਆਲੇ ਦੇ ਆਦੀ ਹੋ ਕੇ ਆਪ ਵੀ ਸਤਿਕਾਰ ਲੈਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਵੀ ਦੇਣਾ ਚਾਹੀਦਾ ਹੈ। ਇਹ ਤਦੇ ਸੰਭਵ ਹੋ ਸਕੇਗਾ, ਜੇ ਅਸੀਂ ਆਪਹੁਦਰੀ ਧੁੱਸ ਦੇਣ ਦੀ ਥਾਂ ਆਪਣੇ ਆਲੇ ਦੁਆਲੇ ਦਾ ਮਾਹੌਲ ਭਾਂਪਦਿਆਂ ਸਹਿਜ ਅਤੇ ਠਰੰਮੇ ਨਾਲ ਵਿਚਰੀਏ-ਤਦੇ ਅਸੀਂ ਆਪ ਇੱਕ ਨਮੂਨੇ ਦਾ ਰਾਹ ਅਖਤਿਆਰ ਕਰਦਿਆਂ ਹੋਰਾਂ ਲਈ ਨਮੂਨੇ ਅਤੇ ਸੇਧ ਦਾ ਬਿੰਦੂ ਬਣ ਸਕਦੇ ਹਾਂ।