ਹਾਕਮ ਸਿੰਘ
‘ਪੰਜਾਬ ਟਾਈਮਜ਼’ ਦੇ 22 ਫਰਵਰੀ 2020 ਦੇ ਅੰਕ ਵਿਚ ਛਪਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜਸਵੰਤ ਸਿੰਘ ਕੰਵਲ ਦੀ ਆਖਰੀ ਗੱਲਬਾਤ ਵਾਲਾ ਲੇਖ ਕਾਫੀ ਦਿਲਚਸਪ ਸੀ।
ਸੰਤ ਭਿੰਡਰਾਂਵਾਲਾ ਧਾਰਮਕ ਸੰਸਥਾ ਦਾ ਮੁਖੀ ਸੀ। ਸਵਾਲ ਹੈ, ਉਹ ਸਿਆਸਤ ਵਿਚ ਕਿਉਂ ਆਇਆ? ਜਦੋਂ ਕਿ ਧਰਮ ਤੇ ਸਿਆਸਤ ਦੋ ਵੱਖਰੇ ਵਿਸ਼ੇ ਹਨ ਅਤੇ ਉਨ੍ਹਾਂ ਦੀ ਆਪਸ ਵਿਚ ਕੋਈ ਸਾਂਝ ਵੀ ਨਹੀਂ ਹੈ? ਧਰਮ ਅਦਿੱਖ ਪ੍ਰਭੂ ਵਿਚ ਵਿਸ਼ਵਾਸ ਅਧੀਨ ਪੂਜਾ, ਪਾਠ, ਦਾਨ, ਪੁੰਨ, ਸੇਵਾ ਅਤੇ ਨੈਤਿਕ ਵਿਹਾਰ ਰਾਹੀਂ ਸੁੱਖ, ਸਫਲਤਾ ਅਤੇ ਸਵਰਗ ਦੀ ਕਾਮਨਾ ਕਰਨ ਦੀ ਨੀਤੀ ਹੈ।
ਇਸ ਦੇ ਉਲਟ ਸਿਆਸਤ ਸਮਾਜ ਦੀ ਖੁਸ਼ਹਾਲੀ ਅਤੇ ਰੱਖਿਆ ਦੇ ਪ੍ਰਬੰਧ ਦਾ ਪੇਸ਼ਾ ਹੈ, ਜਿਸ ਲਈ ਸਿਆਸਤਦਾਨ ਕਾਨੂੰਨ ਤੇ ਨਿਯਮ ਬਣਾਉਂਦੇ ਹਨ। ਭਾਰਤ ਨੇ ਲਿਖਤੀ ਰੂਪ ਵਿਚ ਯੂਰਪੀ ਲੋਕਤੰਤਰੀ ਪ੍ਰਣਾਲੀ ਅਪਨਾਈ ਹੋਈ ਹੈ, ਜਿਸ ਵਿਚੋਂ ਯੂਰਪੀ ਦੇਸ਼ਾਂ ਨੇ ਧਰਮ ਨੂੰ ਲੰਮੇ ਸੰਘਰਸ਼ ਪਿਛੋਂ ਸਿਆਸਤ ਵਿਚੋਂ ਕੱਢ ਦਿੱਤਾ ਸੀ, ਕਿਉਂਕਿ ਧਰਮ ਅਤੇ ਸਿਆਸਤ ਦਾ ਰਲਗੱਡ ਹੋਣਾ ਦੋਹਾਂ ਲਈ ਹਾਨੀਕਾਰਕ ਸਿੱਧ ਹੋ ਰਿਹਾ ਸੀ, ਭਾਵੇਂ ਸੱਜੇ ਪੱਖੀ ਪਾਰਟੀਆਂ ਚੋਣਾਂ ਜਿੱਤਣ ਲਈ ਹਾਲੇ ਵੀ ਧਰਮ ਨੂੰ ਵਰਤੀ ਜਾਂਦੀਆਂ ਹਨ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਆਸਤ ਨੂੰ ਕੋਈ ਮਹੱਤਤਾ ਨਹੀਂ ਦਿੰਦੀ। ਗੁਰਬਾਣੀ ਦੇ ਫੁਰਮਾਨ ਹਨ,
ਕੂੜੁ ਰਾਜਾ ਕੂੜੁ ਪਰਜਾ
ਕੂੜੁ ਸਭੁ ਸੰਸਾਰੁ॥ (ਪੰਨਾ 468)
ਨਾਨਕ ਹੋਰਿ ਪਾਤਸਾਹੀਆ
ਕੂੜੀਆ ਨਾਮਿ ਰਤੇ ਪਾਤਸਾਹ॥ (ਪੰਨਾ 1413)
ਗੁਰਬਾਣੀ ਧਰਮ ਦਾ ਰਾਜ ਸਥਾਪਤ ਕਰਨ ਅਤੇ ਉਸ ਲਈ ਸੰਘਰਸ਼ ਕਰਨ ਦੀ ਸਮਰਥਕ ਵੀ ਨਹੀਂ ਹੈ। ਗੁਰਬਾਣੀ ਦਾ ਕਥਨ ਹੈ,
ਨਾਨਕ ਸੋ ਸੂਰਾ ਵਰਿਆਮੁ
ਜਿਨੀ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥ (ਪੰਨਾ 86)
ਗੁਰਮੁਖਿ ਵੈਰ ਵਿਰੋਧ ਗਵਾਵੈ॥
ਗੁਰਮੁਖਿ ਸਗਲੀ ਗਣਤ ਮਿਟਾਵੈ॥ (ਪੰਨਾ 942)
ਗੁਰਬਾਣੀ ਤਾਂ ਮਨ ਦੀ ਹਉਮੈ ਮਾਰ ਕੇ ਅਧਿਆਤਮਕ ਗਿਆਨ ਪ੍ਰਾਪਤ ਕਰਨ ਨੂੰ ਜੀਵਨ ਦਾ ਮਨੋਰਥ ਦੱਸਦੀ ਹੈ, ਨਾ ਕਿ ਰਾਜ ਦੀ ਸਥਾਪਤੀ ਲਈ ਕੁਰਬਾਨੀ ਦੇਣ ਨੂੰ।
ਧਰਮ ਅਤੇ ਸਿਆਸਤ ਦੇ ਸਬੰਧਾਂ ਬਾਰੇ ਆਮ ਸਿੱਖ ਸਪਸ਼ਟ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਅਜੋਕਾ ਸਿੱਖ ਧਰਮ ਦੋ ਵੱਖਰੇ ਰਾਹਾਂ ‘ਤੇ ਪਿਆ ਹੋਇਆ ਹੈ। ਕੁਝ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ, ਵਿਚਾਰਨ, ਸਮਝਣ ਅਤੇ ਉਸ ਅਨੁਸਾਰੀ ਆਪਣਾ ਜੀਵਨ ਢਾਲਣ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਅਤੇ ਉਹ ਧਰਮ ਦਾ ਪ੍ਰਚਾਰ ਵੀ ਘੱਟ ਹੀ ਕਰਦੇ ਹਨ, ਪਰ ਉਨ੍ਹਾਂ ਦਾ ਕਾਫੀ ਪ੍ਰਭਾਵ ਹੈ। ਉਨ੍ਹਾਂ ਦਾ ਮੂਲ ਵਿਸ਼ਵਾਸ ਹੈ ਕਿ ਅਦਿੱਖ ਪ੍ਰਭੂ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਉਹੋ ਉਸ ਨੂੰ ਚਲਾ ਰਿਹਾ ਹੈ। ਉਹ ਬੇਅੰਤ ਹੈ। ਭਾਵੇਂ ਮਨੁੱਖ ਲਈ ਉਸ ਦੀ ਕਲਪਨਾ ਕਰਨੀ ਸੰਭਵ ਨਹੀਂ, ਫਿਰ ਵੀ ਉਸ ਬਾਰੇ ਕੁਝ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਗੁਰਬਾਣੀ ਅਨੁਸਾਰ ਪ੍ਰਭੂ ਦਾ ਅਧਿਆਤਮਕ ਗਿਆਨ ਗੁਰੂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਗਿਆਨ ਪ੍ਰਦਾਨ ਕਰਨ ਵਾਲੇ ਗੁਰੂ ਨੂੰ ਗੁਰਬਾਣੀ ਬੰਦਾ ਜਾਂ ਗ੍ਰੰਥ ਨਹੀਂ, ਸ਼ਬਦ ਆਖਦੀ ਹੈ,
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)
ਸਬਦੁ ਗੁਰੂ ਪੀਰਾ ਗਹਰ ਗੰਭੀਰਾ
ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)
ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦਾ ਹੀ ਭੰਡਾਰ ਹੈ। ਸ਼ਬਦ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਮਨੁੱਖੀ ਮਨ ਦੀ ਹਉਮੈ ਅਤੇ ਸੰਸਾਰਕ ਮਾਇਆ ਦੇ ਪ੍ਰਭਾਵ ਤੋਂ ਮੁਕਤੀ ਰਾਹੀਂ ਉਸ ਨੂੰ ਗ੍ਰਹਿਣਸ਼ੀਲ ਬਣਾ ਕੇ ਹੀ ਸੰਭਵ ਹੁੰਦੀ ਹੈ, ਜਿਸ ਹਾਲਤ ਨੂੰ ਗੁਰਬਾਣੀ ਚੌਥਾ ਪਦ ਆਖਦੀ ਹੈ।
ਇਸ ਦੇ ਉਲਟ ਪ੍ਰਚਲਿਤ ਸਿੱਖ ਧਰਮ ਉਦਾਸੀ ਅਤੇ ਨਿਰਮਲੇ ਸਾਧੂਆਂ ਵਲੋਂ ਸਥਾਪਤ ਕੀਤਾ ਸੰਪਰਦਾਇਕ ਸਿੱਖ ਧਰਮ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਬਹੁਤ ਪ੍ਰਫੁਲਿਤ ਹੋਇਆ ਸੀ ਅਤੇ ਜਿਸ ਨੇ ਸਿੱਖ ਧਰਮ ਵਿਚ ਸ਼ਬਦ ਦੀ ਥਾਂ ਗ੍ਰੰਥ ਨੂੰ ਗੁਰੂ ਮੰਨ ਕੇ ਉਸ ਦੀ ਪੂਜਾ ਦੀ ਪ੍ਰਥਾ ਪਾ ਦਿੱਤੀ। ਉਦਾਸੀ ਅਤੇ ਨਿਰਮਲੇ ਵਿਦਵਾਨਾਂ ਵਲੋਂ ਰਚਿਆ ਸਿੱਖ ਇਤਿਹਾਸ/ਮਿਥਹਾਸ ਅਤੇ ਕਰਮ ਕਾਂਡੀ ਰਹਿਤਾਂ ਦੀ ਪਰੰਪਰਾ ਦਾ ਸੰਪਰਦਾਇਕ ਸਿੱਖ ਧਰਮ ਵਿਚ ਵਿਆਪਕ ਪ੍ਰਭਾਵ ਰਿਹਾ ਹੈ, ਜਿਨ੍ਹਾਂ ਪ੍ਰਤੀ ਆਮ ਸਿੱਖਾਂ ਦੀ ਅੱਜ ਵੀ ਬਹੁਤ ਸ਼ਰਧਾ ਹੈ। ਸਿੰਘ ਸਭਾਵਾਂ ਅਤੇ ਗੁਰਦੁਆਰਾ ਸੁਧਾਰ ਲਹਿਰ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਯਤਨ ਕੀਤੇ ਸਨ, ਜੋ ਬਹੁਤੇ ਸਫਲ ਨਾ ਹੋ ਸਕੇ। ਅੰਗਰੇਜ਼ਾਂ ਨੇ ਸਿੱਖ ਧਰਮ ਵਿਚ ਸੰਤ ਪ੍ਰਥਾ ਕਾਇਮ ਕਰਕੇ ਤਖਤਾਂ, ਡੇਰਿਆਂ ਅਤੇ ਮੱਠਾਂ ਰਾਹੀਂ ਧਰਮ ਵਿਚ ਵੰਡੀਆਂ ਪਾਉਣ ਦਾ ਰਾਹ ਖੋਲ੍ਹ ਦਿੱਤਾ ਸੀ। ਇਸੇ ਲਈ ਅਜੋਕੇ ਸੰਪਰਦਾਇਕ ਸਿੱਖ ਧਰਮ ਵਿਚ ਅਨੇਕਾਂ ਡੇਰਿਆਂ ਅਤੇ ਪਰਸਪਰ ਵਿਰੋਧੀ ਵਿਚਾਰਾਂ ਦੀ ਭਰਮਾਰ ਹੈ। ਦਮਦਮੀ ਟਕਸਾਲ ਵੀ ਸੰਪਰਦਾਇਕ ਸਿੱਖ ਧਰਮ ਦਾ ਹੀ ਇੱਕ ਡੇਰਾ ਹੈ, ਜੋ ਗੁਰੂ ਸਾਹਿਬ ਵਲੋਂ ਸਥਾਪਤ ਧਾਰਮਿਕ ਸਿਖਿਆ ਦਾ ਕੇਂਦਰ ਹੋਣ ਦਾ ਦਾਅਵਾ ਕਰਦਾ ਹੈ।
ਜਸਵੰਤ ਸਿੰਘ ਕੰਵਲ ਨਾਲ ਹੋਈ ਗੱਲਬਾਤ ਤੋਂ ਪਤਾ ਚਲਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਮਦਮੀ ਟਕਸਾਲ ਦਾ ਮੁਖੀ ਹੁੰਦਿਆਂ ਆਤਮ ਮੋਹ ਦੀ ਰੌਂ ਵਿਚ, ਸਿੱਖਾਂ ਦੇ ਸਿਆਸੀ ਆਗੂ ਵਜੋਂ ਸ਼ੋਹਰਤ ਖੱਟਣ ਅਤੇ ਸਿੱਖ ਇਤਿਹਾਸ ਵਿਚ ਆਪਣਾ ਨਾਂ ਸ਼ਹੀਦਾਂ ਵਿਚ ਦਰਜ ਕਰਵਾਉਣ ਲਈ ਉਤਸੁਕ ਸੀ। ਇਸ ਲਈ ਸਿੱਖ ਧਰਮ ਦੀ ਸਿਆਸੀ ਚੜ੍ਹਤ ਅਤੇ ਇੰਦਰਾ ਗਾਂਧੀ ਨਾਲ ਹਥਿਆਰਬੰਦ ਜੰਗ ਵਿਚ ਸ਼ਹੀਦੀ ਪ੍ਰਾਪਤ ਕਰਨ ਲਈ ਅਰਦਾਸ ਕਰਕੇ ਉਹ ਲੋਕਪ੍ਰਿਅ ਆਗੂ ਬਣ ਗਿਆ ਤੇ ਸ਼ਹੀਦੀ ਪ੍ਰਾਪਤ ਕਰਕੇ ਬਚਨ ਦਾ ਬਲੀ ਸਿੱਧ ਹੋਇਆ। ਜਾਪਦਾ ਹੈ, ਨਰਿੰਦਰ ਮੋਦੀ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪ੍ਰਸਿੱਧੀ, ਉਸ ਦੇ ਸ਼ਰਧਾਲੂਆਂ ਦਾ ਜੋਸ਼ ਅਤੇ ਸ਼ਹੀਦੀ ਦੇ ਮਿਥੇ ਟੀਚੇ ਦੀ ਪ੍ਰਾਪਤੀ ਨੂੰ ਦੇਖ ਕੇ ਹੀ ਭਾਰਤ ਵਿਚ ਹਿੰਦੂਤਵ ਰਾਜ ਸਥਾਪਤ ਕਰਨ, ਮੁਸਲਮਾਨਾਂ ਅਤੇ ਕਾਂਗਰਸ ਦੀ ਸਿਆਸੀ ਹਸਤੀ ਨੂੰ ਖਤਮ ਕਰਨ ਦਾ ਪੈਂਤੜਾ ਪ੍ਰਧਾਨ ਮੰਤਰੀ ਬਣਨ ਲਈ ਮੱਲਿਆ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਕਾਰਵਾਈਆਂ ਦਾ ਸੂਝਵਾਨ, ਨਿਰਪੱਖ ਅਤੇ ਅਭੈ ਸਿੱਖ ਵਿਦਵਾਨਾਂ ਵਲੋਂ ਮੁਲੰਕਣ ਹੋਣਾ ਰਹਿੰਦਾ ਹੈ।