ਔਰਤਾਂ ਦੇ ਸਵੈਮਾਣ ਬਾਰੇ ਰਾਸ਼ਟਰ ਸੰਘ ਦਾ ਨਜ਼ਰੀਆ

ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ, ਆਸਟਰੇਲੀਆ
ਫੋਨ: +0061411218801
ਔਰਤਾਂ ਨੂੰ ਲੈ ਕੇ ਸੰਘ ਦੀ ਵਿਚਾਰਧਾਰਾ ਸ਼ੁਰੂ ਤੋਂ ਵਿਵਾਦਾਂ ਵਿਚ ਰਹੀ ਹੈ। ਔਰਤਾਂ ਸੰਘ ਵਿਚ ਸ਼ਾਮਲ ਨਹੀਂ ਹੋ ਸਕਦੀਆਂ। ਸੰਘ ਦੇ ਪ੍ਰਚਾਰਕ ਅਤੇ ਵਰਕਰ ਸਮੇਂ ਸਮੇਂ ਔਰਤਾਂ ਪ੍ਰਤੀ ਘਟੀਆ ਟਿੱਪਣੀਆਂ ਕਰਨ ਕਰ ਕੇ ਚਰਚਾ ‘ਚ ਰਹਿੰਦੇ ਹਨ। ਹਾਲ ਹੀ ਵਿਚ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐਸ਼ ਐਸ਼) ਦੇ ਸੁਪਰੀਮੋ ਮੋਹਨ ਭਾਗਵਤ ਨੇ ਕਿਹਾ ਹੈ ਕਿ ਤਲਾਕ ਦੇ ਬਹੁਤੇ ਕੇਸਾਂ ਦਾ ਸਬੰਧ ਪੜ੍ਹੇ-ਲਿਖੇ ਅਤੇ ਆਰਥਕ ਪੱਖੋਂ ਖੁਸ਼ਹਾਲ ਪਰਿਵਾਰਾਂ ਨਾਲ ਹੀ ਹੈ। ਸਿਖਿਆ ਅਤੇ ਆਰਥਕ ਖੁਸ਼ਹਾਲੀ ਕਾਰਨ ਇਨ੍ਹਾਂ ਲੋਕਾਂ ਵਿਚ ਹੰਕਾਰ ਆ ਜਾਂਦਾ ਹੈ, ਜਿਸ ਕਾਰਨ ਰਿਸ਼ਤੇ ਟੁੱਟ ਰਹੇ ਹਨ। ਇਸ ਬਿਆਨ ਨਾਲ ਜਿੱਥੇ ਮੋਹਨ ਭਾਗਵਤ ਦੀ ਪਿਛਾਂਹਖਿਚੂ ਸੋਚ ਜਾਹਰ ਹੁੰਦੀ ਹੈ, ਉਥੇ ਇਹ ਵੀ ਜਾਹਰ ਹੁੰਦਾ ਹੈ ਕਿ ਭਾਰਤੀ ਸਮਾਜ ਬਾਰੇ ਉਸ ਦੀ ਸਮਝ ਕਿੰਨੀ ਬੌਣੀ ਹੈ।

ਭਾਗਵਤ ਦੇ ਬਿਆਨ ‘ਤੇ ਪਹਿਲੀ ਟਿੱਪਣੀ ਕਰਦਿਆਂ ਫਿਲਮ ਅਭਿਨੇਤਰੀ ਸੋਨਮ ਕਪੂਰ ਨੇ ਟਵੀਟ ਕੀਤਾ ਹੈ, “ਕੌਨ ਸਮਝਦਾਰ ਇਨਸਾਨ ਐਸੀ ਬਾਤੇਂ ਕਰਤਾ ਹੈ? ਪਿਛੜਾ ਹੂਆ ਮੂਰਖਤਾ ਪੂਰਨ ਬਿਆਨ।” ਇਸ ਛੋਟੀ ਜਿਹੀ ਪ੍ਰਤੀਕ੍ਰਿਆ ਦੇ ਵੱਡੇ ਮਾਅਨੇ ਹਨ। ਸੋਨਮ ਨੇ ਆਪਣੇ ਛੋਟੇ ਜਿਹੇ ਦਲੇਰਾਨਾ ਬਿਆਨ ਦੇ ਜਰੀਏ ਭਾਗਵਤ ਦੀ ਸੋਚ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
ਭਾਗਵਤ ਦੇ ਬਿਆਨ ਮੁਤਾਬਿਕ ਨਾ ਤਾਂ ਭਾਰਤੀਆਂ ਨੂੰ ਬਹੁਤੇ ਪੜ੍ਹੇ-ਲਿਖੇ ਹੋਣਾ ਚਾਹੀਦਾ ਹੈ ਅਤੇ ਨਾ ਆਰਥਕ ਪੱਖੋਂ ਸਾਧਨ ਸੰਪਨ। ਉਸ ਮੁਤਾਬਿਕ ਇਹ ਦੋਵੇਂ ਗੱਲਾਂ ਹੀ ਤਲਾਕ ਦਾ ਕਾਰਨ ਹਨ। ਹਾਲਾਤ ਦੀ ਸਿਤਮ ਜ਼ਰੀਫੀ ਦੇਖੋ ਕਿ ਦੇਸ਼ ਨੂੰ ਚਲਾ ਰਹੇ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਰੂੜੀ ਨਾਲ ਭਰੀ ਹੋਈ ਹੈ। ਇਹੀ ਵਿਚਾਰਧਾਰਾ ਪਤੀ ਨੂੰ ਭਗਵਾਨ ਦਾ ਦਰਜਾ ਦੇ ਕੇ ਔਰਤ ਨੂੰ ਉਸ ਦੇ ਪੈਰਾਂ ਵਿਚ ਬੈਠਣ ਲਈ ਮਜਬੂਰ ਕਰਦੀ ਹੈ; ਔਰਤ ਨੂੰ ਤਾੜਨ ਦਾ ਅਧਿਕਾਰੀ ਬਣਾਉਂਦੀ ਹੈ; ਆਦਮੀ ਨੂੰ ਔਰਤ ‘ਤੇ ਹੱਥ ਚੁੱਕਣ ਲਈ ਉਕਸਾਉਂਦੀ ਹੈ। ਇਹੀ ਵਿਚਾਰਧਾਰਾ ਔਰਤ ਦੀ ਤਰੱਕੀ ਅਤੇ ਆਜ਼ਾਦੀ ਦੇ ਰਾਹ ਦਾ ਰੋੜਾ ਹੈ, ਜੋ ਮੰਨੂਵਾਦ ਦੀ ਪੁਨਰ ਸੁਰਜੀਤੀ ਕਰ ਕੇ ਔਰਤਾਂ ਨੂੰ ਮੁੜ ਜੰਜ਼ੀਰਾਂ ਵਿਚ ਜਕੜ ਦੇਣਾ ਚਾਹੁੰਦੀ ਹੈ। ਜਿੰਨੀ ਕੁ ਆਜ਼ਾਦੀ ਔਰਤ ਨੇ ਲੰਮੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀ ਹੈ, ਉਸ ਨੂੰ ਖੋਹ ਕੇ ਮੁੜ ਤੋਂ ਮਰਦ ਦਾ ਗੁਲਾਮ ਬਣਾ ਦੇਣਾ ਚਾਹੁੰਦੀ ਹੈ।
ਐਨ. ਆਰ. ਸੀ., ਸੀ. ਏ. ਏ. ਅਤੇ ਐਨ. ਪੀ. ਆਰ. ਦੇ ਜਰੀਏ ਹਿੰਦੂ ਰਾਸ਼ਟਰ ਯਾਨਿ ਮੰਨੂਵਾਦ ਨੂੰ ਮੁੜ ਸਥਾਪਤ ਕਰਨ ਦੀ ਇੱਛਾ ਲੈ ਕੇ ਨਿਕਲੇ ਸੰਘ ਨੂੰ ਹੁਣ ਔਰਤਾਂ ਚੁਣੌਤੀ ਦੇ ਰਹੀਆਂ ਹਨ। ਔਰਤਾਂ ਦੀ ਪਹਿਲਕਦਮੀ ‘ਤੇ ਸ਼ਾਹੀਨ ਬਾਗ ਨੇ ਜਨਮ ਲਿਆ ਹੈ। ਜਾਮੀਆ ਮਿਲੀਆ ਅਤੇ ਜੇ. ਐਨ. ਯੂ. ਸੀਨਾ ਤਾਣ ਕੇ ਖੜ੍ਹਾ ਹੈ। ਸੰਘ ਖਿਲਾਫ ਲੜਾਈ ਵਿਚ ਅੱਜ ਹਰ ਧਰਮ ਨਾਲ ਸਬੰਧਿਤ ਔਰਤਾਂ ਕੁੱਦ ਪਈਆਂ ਹਨ। ਦੇਸ਼ ਦੀ ਅੱਧੀ ਆਬਾਦੀ ਨਹੀਂ ਚਾਹੁੰਦੀ ਕਿ ਮੰਨੂਵਾਦ ਦੀ ਸਥਾਪਨਾ ਜਿਹੀ ਯੋਜਨਾ ਮੋਦੀ-ਸ਼ਾਹ ਦੇ ਹੱਥੋਂ ਨੇਪਰੇ ਚੜ੍ਹ ਜਾਵੇ। ਭਾਰਤੀ ਔਰਤ, ਜੋ ਪਿਤਰੀ ਸੱਤਾ ਦੀ ਗੁਲਾਮੀ ਤੋਂ ਨਿਜਾਤ ਹਾਸਲ ਕਰ ਰਹੀ ਹੈ, ਉਹ ਕਿਉਂ ਚਾਹੇਗੀ ਕਿ ਉਸ ਨੂੰ ਵਾਪਸ ਉਸੇ ਖੂਹ ਵਿਚ ਧੱਕਾ ਦੇ ਦਿੱਤਾ ਜਾਵੇ। ਆਉਣ ਵਾਲੇ ਸਮੇਂ ਵਿਚ ਸੰਘ ਦੀ ਮਾਨਸਿਕਤਾ ਦਾ ਟਕਰਾਓ ਜਾਗਰੂਕ ਲੜਕੀਆਂ ਨਾਲ ਹੋਰ ਵੀ ਤੇਜ ਹੋਵੇਗਾ।
ਜ਼ਿਕਰਯੋਗ ਹੈ ਕਿ ਸੰਘ ਸੇਵਕ ਜਿਸ ਸੰਘ ਸੰਚਾਲਕ ਨੂੰ ‘ਪਰਮ ਪੂਜਿਆ’ ਕਹਿੰਦੇ ਹਨ ਅਤੇ ਉਸ ਦੇ ਬੋਲਾਂ ਨੂੰ ‘ਦੇਵ ਵਾਣੀ’ ਜਿਹਾ ਮਹੱਤਵ ਦਿੰਦੇ ਹਨ, ਉਸ ਅਨੁਸਾਰ “ਪਤੀ ਅਤੇ ਪਤਨੀ ਇੱਕ ਅਨੁਬੰਧ ਵਿਚ ਬੱਝੇ ਹੋਏ ਹਨ, ਜਿਸ ਤਹਿਤ ਪਤੀ ਨੇ ਪਤਨੀ ਨੂੰ ਘਰ ਸੰਭਾਲਣ ਦੀ ਜਿੰਮੇਵਾਰੀ ਸੌਂਪੀ ਹੈ ਅਤੇ ਵਾਅਦਾ ਕੀਤਾ ਹੈ ਕਿ ਮੈਂ ਤੇਰੀਆਂ ਸਭ ਲੋੜਾਂ ਪੂਰੀਆਂ ਕਰਾਂਗਾ, ਤੈਨੂੰ ਸੁਰੱਖਿਅਤ ਰੱਖਾਂਗਾ। ਜੇ ਪਤੀ ਇਨ੍ਹਾਂ ਸ਼ਰਤਾਂ ਦਾ ਪਾਲਣ ਕਰਦਾ ਹੈ ਅਤੇ ਜਦੋਂ ਤੱਕ ਪਤਨੀ ਇਹ ਸ਼ਰਤਾਂ ਮੰਨਦੀ ਹੈ, ਪਤੀ ਉਸ ਦੇ ਸਾਥ ਰਹਿੰਦਾ ਹੈ। ਜੇ ਪਤਨੀ ਅਨੁਬੰਧ ਨੂੰ ਤੋੜਦੀ ਹੈ ਤਾਂ ਪਤੀ ਉਸ ਨੂੰ ਛੱਡ ਸਕਦਾ ਹੈ।”
ਵੇਲਾ ਵਿਹਾ ਚੁਕੀ ਇਸ ਬਕਵਾਸ ਨੂੰ ਅੱਜ ਦੀ ਪੜ੍ਹੀ-ਲਿਖੀ ਪੀੜ੍ਹੀ ਭਲਾ ਕਿਉਂ ਮੰਨੇਗੀ? ਵਰਣਨਯੋਗ ਹੈ ਕਿ ਔਰਤਾਂ ਦਾ ਸੰਘ ਨਾਲ 36 ਦਾ ਅੰਕੜਾ ਰਿਹਾ ਹੈ। ਸੰਘ ਵਿਚ ਔਰਤਾਂ ਦੀ ਸ਼ਮੂਲੀਅਤ ਵਰਜਿਤ ਹੈ। ਸੰਘ ਦੀ ਅਗਵਾਈ ਸ਼ੁਰੂ ਤੋਂ ਬ੍ਰਹਮਚਾਰੀ ਮੰਨੇ ਜਾਂਦੇ ਲੋਕਾਂ ਦੇ ਹੱਥ ਰਹੀ ਹੈ। ਇਨ੍ਹਾਂ ਨੂੰ ਔਰਤਾਂ ਤੋਂ ਖਤਰਾ ਮਹਿਸੂਸ ਹੁੰਦਾ ਹੈ। ਉਨ੍ਹਾਂ ਮੁਤਾਬਿਕ ਔਰਤਾਂ ਸਵੈ ਸੇਵਕ ਨਹੀਂ ਬਣ ਸਕਦੀਆਂ। ਉਹ ਸਿਰਫ ਸੇਵਕਾਵਾਂ ਹੋ ਸਕਦੀਆਂ ਹਨ। ਔਰਤ ਸੇਵਾ ਕਰ ਸਕਦੀ ਹੈ, ਉਹ ਵੀ ਆਪਣੀ ਇੱਛਾ ਨਾਲ ਨਹੀਂ, ਸਗੋਂ ਆਪਣੇ ਪਤੀ ਦੇ ਕਹੇ ਅਨੁਸਾਰ।
ਸੰਘ ਦਾ ਮੱਤ ਹੈ ਕਿ ਮਰਦ ਦਾ ਕੰਮ ਹੈ, ਬਾਹਰ ਜਾ ਕੇ ਕੰਮ ਕਰਨਾ, ਧਨ ਕਮਾਉਣਾ ਅਤੇ ਮਰਦਪੁਣਾ ਦਿਖਾਉਣਾ। ਔਰਤ ਦਾ ਮੁੱਖ ਗੁਣ ਮਾਂ ਹੋਣਾ ਹੈ। ਉਸ ਨੂੰ ਸਾੜ੍ਹੀ ਪਾਉਣੀ ਚਾਹੀਦੀ ਹੈ, ਸ਼ਾਕਾਹਾਰੀ ਭੋਜਨ ਕਰਨਾ ਚਾਹੀਦਾ ਹੈ, ਵਿਦੇਸ਼ੀ ਸੰਸਕ੍ਰਿਤੀ ਦਾ ਤਿਆਗ ਕਰਨਾ ਚਾਹੀਦਾ ਹੈ, ਧਾਰਮਿਕ ਕੰਮਾਂ ‘ਚ ਹਿੱਸਾ ਲੈਣਾ ਚਾਹੀਦਾ ਹੈ, ਹਿੰਦੂ ਸੰਸਕ੍ਰਿਤੀ ਦੀ ਰੱਖਿਆ ਕਰਨੀ ਚਾਹੀਦੀ ਹੈ, ਖੇਡਾਂ ਅਤੇ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਸੰਘ ਦੇ ਪੈਰੋਕਾਰ ਔਰਤਾਂ ਨੂੰ ਜੰਜ਼ੀਰਾਂ ਵਿਚ ਜਕੜਨ ਦੀ ਵਿਚਾਰਧਾਰਾ ‘ਤੇ ਮਾਣ ਕਰਦੇ ਹਨ। ਮਿਸਾਲ ਵਜੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਗਿਰੀਸ਼ ਤ੍ਰਿਪਾਠੀ ਦਾ ਕਹਿਣਾ ਹੈ, “ਮੈਂ ਆਰ. ਐਸ਼ ਐਸ਼ ਨਾਲ ਜੁੜਿਆ ਹੋਇਆ ਹਾਂ ਅਤੇ ਮੈਨੂੰ ਇਸ ਉਤੇ ਮਾਣ ਹੈ। ਮੈਂ ਬੀ. ਐਚ. ਯੂ. ਨੂੰ ਜੇ. ਐਨ. ਯੂ. ਨਹੀਂ ਬਣਨ ਦੇਵਾਂਗਾ।”
ਜਦੋਂ ਤੋਂ (2014) ਦੇਸ਼ ਵਿਚ ਭਾਜਪਾ ਦਾ ਰਾਜ ਆਇਆ ਹੈ, ਮੋਦੀ ਦੇ ਸੰਸਦੀ ਖੇਤਰ ਬਨਾਰਸ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਸੰਘ ਨਾਲ ਜੁੜੇ ਪ੍ਰੋ. ਗਿਰੀਸ਼ ਤ੍ਰਿਪਾਠੀ ਵਾਈਸ ਚਾਂਸਲਰ ਨਿਯੁਕਤ ਹੋਏ ਸਨ। ਉਦੋਂ ਤੋਂ ਉਨ੍ਹਾਂ ਨੇ ਸੰਘ ਦੀ ਮਹਿਲਾ ਵਿਰੋਧੀ ਵਿਚਾਰਧਾਰਾ ਨੂੰ ਯੂਨੀਵਰਸਿਟੀ ਵਿਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਗਰਲਜ਼ ਹੋਸਟਲ ਦੇ ਅੰਦਰ ਡਰੈਸ ਕੋਡ ਲਾਗੂ ਕਰ ਦਿੱਤਾ। ਰਾਤ ਦਸ ਵਜੇ ਤੋਂ ਬਾਅਦ ਵਿਦਿਆਰਥਣਾਂ ‘ਤੇ ਮੋਬਾਈਲ ਫੋਨ ਵਰਤਣ ਦੀ ਪਾਬੰਦੀ ਲਾ ਦਿੱਤੀ। ਪਿਛਲੇ 6 ਸਾਲਾਂ ਦੌਰਾਨ ਵਿਦਿਆਰਥਣਾਂ ‘ਤੇ ਲਾਈਆਂ ਪਾਬੰਦੀਆਂ ਦੀ ਸੂਚੀ ਬਹੁਤ ਲੰਬੀ ਹੈ।
ਇਸ ਵਿਦਿਅਕ ਅਦਾਰੇ ਵਿਚ ਵਿਦਿਆਰਥਣਾਂ ਨੂੰ ਸੰਘ ਦੇ ਫਲਸਫੇ ਅਨੁਸਾਰ ਢਾਲਣ ਲਈ ਵੀ. ਸੀ. ਨੇ ਪੂਰਾ ਤਾਣ ਲਾਇਆ ਹੋਇਆ ਹੈ। ਯੂਨੀਵਰਸਿਟੀ ਵਿਚ ਲੜਕੇ ਅਤੇ ਲੜਕੀਆਂ ਲਈ ਵੱਖ ਵੱਖ ਨਿਯਮ ਹਨ। ਲੜਕਿਆਂ ਨੂੰ ਮਾਸਾਹਾਰੀ ਭੋਜਨ ਮਿਲਦਾ ਹੈ, ਪਰ ਲੜਕੀਆਂ ਨੂੰ ਨਹੀਂ ਮਿਲਦਾ। ਵਿਦਿਆਰਥੀਆਂ ਨੂੰ ਲਿਖਤੀ ਸਹੁੰ ਚੁੱਕਣੀ ਪੈਂਦੀ ਹੈ ਕਿ ਉਹ ਸਿਆਸੀ ਗਤੀਵਿਧੀਆਂ ਅਤੇ ਕਿਸੇ ਧਰਨੇ ਮੁਜਾਹਰੇ ਦਾ ਹਿੱਸਾ ਨਹੀਂ ਬਣਨਗੇ। ਗਰਲਜ਼ ਹੋਸਟਲ ਵਿਚ ਵੀ ਲੜਕੀਆਂ ‘ਤੇ ਛੋਟੇ ਕੱਪੜੇ ਪਾਉਣ ਦੀ ਪਾਬੰਦੀ ਹੈ। ਉਨ੍ਹਾਂ ਦੀ ਨਿਜੀ ਆਜ਼ਾਦੀ ਨੂੰ ਹਥਿਆ ਕੇ ਯੂਨੀਵਰਸਿਟੀ ਨੂੰ ਇੱਕ ਕੈਦ ਖਾਨੇ ਵਿਚ ਬਦਲਿਆ ਜਾ ਰਿਹਾ ਹੈ। ਇੱਕ ਤਰ੍ਹਾਂ ਨਾਲ ਇਹ ਮੋਦੀ ਸਰਕਾਰ ਦੀ ਮਾਡਲ ਯੂਨੀਵਰਸਿਟੀ ਹੈ।
ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਅੱਜ ਬੀ. ਐਚ. ਯੂ. ਦੀਆਂ ਵਿਦਿਆਰਥਣਾਂ ਪ੍ਰਸ਼ਾਸਨ ਖਿਲਾਫ ਡਟੀਆਂ ਹੋਈਆਂ ਹਨ। ਉਥੋਂ ਆਉਣ ਵਾਲੀਆਂ ਤਸਵੀਰਾਂ ਦੱਸਦੀਆਂ ਹਨ ਕਿ ਧਰਨਿਆਂ ਵਿਚ ਹਿੱਸਾ ਲੈਣ ਵਾਲੀਆਂ ਲੜਕੀਆਂ ਜੀਨ ਅਤੇ ਸਲਵਾਰ ਕੁੜਤੇ ਵਿਚ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੇ ਹੱਥਾਂ ਵਿਚ ਸਰਕਾਰ ਵਿਰੋਧੀ ਪੋਸਟਰ ਹਨ। ਉਹ ਪੁਲਿਸ ਦੀ ਬਰਬਰਤਾ ਸਹਿਣ ਲਈ ਤਿਆਰ ਨਜ਼ਰ ਆਉਂਦੀਆਂ ਹਨ। ਇਨ੍ਹਾਂ ਲੜਕੀਆਂ ਦੀਆਂ ਅੱਖਾਂ ‘ਚ ਮਾਂ ਬਣਨ ਦੇ ਨਹੀਂ, ਆਪਣਾ ਕੈਰੀਅਰ ਬਣਾਉਣ ਦੇ ਸੁਪਨੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜੇ ਉਹ ਅੱਜ ਚੁੱਪ ਰਹੀਆਂ ਤਾਂ ਉਨ੍ਹਾਂ ਨੂੰ ਸਦੀਆਂ ਭਰ ਪਿਛੇ ਧੱਕ ਦਿੱਤਾ ਜਾਵੇਗਾ। ਸੰਘ ਦੀ ਨਰਸਰੀ ਵਿਚ ਉਮਾ ਭਾਰਤੀ, ਸਾਧਵੀ ਨਿਰੰਜਨ ਜਯੋਤੀ ਅਤੇ ਸਾਧਵੀ ਰਿਤਨਬਰਾ ਜਿਹੀਆਂ ਔਰਤਾਂ ਹੀ ਪੈਦਾ ਹੋ ਸਕਦੀਆਂ ਹਨ, ਪਰ ਇਹ ਲੜਕੀਆਂ ਬਹੁਤ ਅੱਗੇ ਨਿਕਲ ਚੁਕੀਆਂ ਹਨ।
ਜਿਸ ਯੂਨੀਵਰਸਿਟੀ ਵਿਚ ਉਨ੍ਹਾਂ ਨੂੰ ਅਖੌਤੀ ਆਦਰਸ਼ ਬਹੂ ਅਤੇ ਸੰਸਕਾਰੀ ਹਿੰਦੂ ਬਹੂ ਬਣਾਉਣ ਦਾ ਯਤਨ ਕੀਤਾ ਜਾਵੇਗਾ, ਉਥੇ ਇਸੇ ਤਰ੍ਹਾਂ ਦਾ ਟਕਰਾਓ ਦੇਖਣ ਨੂੰ ਮਿਲੇਗਾ। ਗੁਜਰਾਤ ਦੇ ਸਵਾਮੀ ਨਰਾਇਣ ਮੰਦਿਰ ਨਾਲ ਜੁੜੇ ਕ੍ਰਿਸ਼ਨਾ ਸਵਾਮੀ ਦਾਸ ਦੇ ਇਹ ਬੋਲ “ਮਾਹਵਾਰੀ ਦੇ ਦਿਨਾਂ ਵਿਚ ਆਪਣੇ ਪਤੀ ਨੂੰ ਭੋਜਨ ਖਵਾਉਣ ਵਾਲੀਆਂ ਔਰਤਾਂ ਅਗਲੇ ਜਨਮ ਵਿਚ ਕੁੱਤੀ ਦੀ ਜੂਨ ‘ਚ ਪੈਣਗੀਆਂ” ਉਨ੍ਹਾਂ ਦੇ ਜਖਮਾਂ ‘ਤੇ ਲੂਣ ਛਿੜਕ ਰਹੇ ਹਨ।