ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਪੁਜੀ ਦੀ ਪੰਜਵੀਂ ਪਉੜੀ ਦੂਜੀਆਂ ਪਉੜੀਆਂ ਵਾਂਗ ਹੀ ਵਿਗਿਆਨਕ ਵਿਚਾਰਾਂ ਨਾਲ ਭਰਪੂਰ ਹੈ, ਪਰ ਜੋ ਲੋਕ ਵਿਗਿਆਨ ਨੂੰ ਸਿਰਫ ਕਾਢਾਂ ਨਾਲ ਜੋੜਦੇ ਹਨ, ਉਹ ਇਸ ਵਿਚੋਂ ਖਾਲੀ ਹੱਥ ਜਾਣਗੇ। ਜੋ ਲੋਕ ਵਿਗਿਆਨ ਨੂੰ ਪ੍ਰਯੋਗਸ਼ਾਲਾਵਾਂ ਵਿਚ ਕੈਦ ਕਰ ਕੇ ਰੱਖਣਾ ਚਾਹੁੰਦੇ ਹਨ, ਉਨ੍ਹਾਂ ਦੇ ਪੱਲੇ ਵੀ ਇਸ ਵਿਚੋਂ ਕੋਈ ਠੋਸ ਗਿਆਨ ਨਹੀਂ ਪਵੇਗਾ। ਪਰਿਸਿਧਾਂਤ (ਹੇਪੋਟਹeਸeਸ) ਪਰਖਣੇ ਵਿਗਿਆਨ ਦਾ ਮੁੱਖ ਕਾਰਜ ਹੈ, ਪਰ ਕਬੂਤਰ ਦੀ ਅੱਖ ‘ਚੋਂ ਦੇਖਿਆਂ ਸੰਸਾਰ ਦੀ ਵਿਗਿਆਨਕ ਝਲਕ ਨਹੀਂ ਮਿਲਦੀ। ਖੋਜਾਂ ਅਤੇ ਤਜਰਬੇ ਹੁੰਦੇ ਤਾਂ ਲੈਬਾਰਟਰੀਆਂ ਵਿਚ ਹੀ ਹਨ,
ਪਰ ਇਨ੍ਹਾਂ ਦਾ ਅਮਲ ਤੇ ਉਪਯੋਗ ਬਾਹਰ ਹੁੰਦਾ ਹੈ। ਜੋ ਸਿੱਟੇ ਉਥੇ ਪ੍ਰਾਪਤ ਕੀਤੇ ਜਾਂਦੇ ਹਨ, ਉਨ੍ਹਾਂ ਤੋਂ ਵਿਗਿਆਨਕ ਨਿਯਮ ਬਣਦੇ ਹਨ, ਪਰ ਜਦੋਂ ਉਨ੍ਹਾਂ ਦੇ ਸਹਾਰੇ ਸੰਸਾਰਕ ਵਰਤਾਰੇ ਦੇਖੇ-ਪਰਖੇ ਜਾਂਦੇ ਹਨ ਤਾਂ ਉਹ ਹੋਰ ਨਵੇਂ ਨਿਯਮਾਂ ਦੇ ਗਿਆਨ ਦਾ ਕਾਰਨ ਬਣਦੇ ਹਨ। ਇਹ ਨਿਯਮ ਕੁਦਰਤ ਦੇ ਅਤਿ ਸਾਧਾਰਨ ਸਿਧਾਂਤ (ਮੋਸਟ ਗeਨeਰਅਲ ਪਰਨਿਚਪਿਲeਸ ਾ ਲਿe) ਹੁੰਦੇ ਹਨ ਤੇ ਇਕ ਉਤਲੇ ਵਿਗਿਆਨ (ਹਗਿਹeਰ ਸਚਇਨਚe) ਦੀ ਸਿਰਜਣਾ ਕਰਦੇ ਹਨ। ਇਹ ਪ੍ਰਯੋਗਸ਼ਾਲਾਵਾਂ ਵਿਚ ਪਰਖੇ ਨਹੀਂ ਜਾਂਦੇ, ਕਿਉਂਕਿ ਇਹ ਪਹਿਲਾਂ ਹੀ ਅੰਸ਼ਿਕ ਰੂਪ ਵਿਚ ਉਥੇ ਪਰਖੇ ਹੋਏ ਹੁੰਦੇ ਹਨ।
ਮਿਸਾਲ ਵਜੋਂ ਹਵਾ ਦਾ ਦਬਾਅ, ਤਾਪ ਤੇ ਨਮੀ ਦਾ ਅਧਿਐਨ ਭਾਵੇਂ ਲੈਬਾਰਟਰੀ ਵਿਚ ਕੀਤਾ ਜਾਂਦਾ ਹੈ, ਪਰ ਜਦੋਂ ਇਨ੍ਹਾਂ ਸਿੱਟਿਆਂ ਨੂੰ ਬਾਹਰ ਲਾਗੂ ਕੀਤਾ ਜਾਂਦਾ ਹੈ ਤਾਂ ਇਕ ਸਮੁੱਚੇ ਪੌਣ-ਪਾਣੀ ਦਾ ਵੱਖਰਾ ਵਿਗਿਆਨ ਜਨਮ ਲੈਂਦਾ ਹੈ, ਜੋ ਧਰਤੀ ਦੇ ਵਾਤਾਵਰਣ ਦਾ ਗਿਆਨ ਦਿੰਦਾ ਹੈ। ਜੇ ਕੋਈ ਦੱਸੇ ਕਿ ਫਲਾਣੇ ਖਿੱਤੇ ਵਿਚ ਮੀਂਹ ਪੈ ਰਿਹਾ ਹੈ ਤਾਂ ਮੌਸਮ ਵਿਗਿਆਨੀ ਘਰੇ ਬੈਠੇ ਹੀ ਉਸ ਥਾਂ ਦੇ ਹਵਾ ਦਾ ਦਬਾਅ, ਤਾਪਮਾਨ ਤੇ ਨਮੀ ਦਾ ਅੰਦਾਜ਼ਾ ਲਾ ਲੈਂਦੇ ਹਨ। ਭਾਵੇਂ ਉਹ ਲੈਬਾਰਟਰੀ ਜਾਏ ਬਿਨਾ ਕਰੀਬ ਸਹੀ ਜਾਣਕਾਰੀ ਦੇ ਦਿੰਦੇ ਹਨ, ਪਰ ਕੋਈ ਉਨ੍ਹਾਂ ਨੂੰ ਅਧਿਆਤਮਵਾਦੀ ਜਾਂ ਜਾਦੂਗਰ ਨਹੀਂ ਕਹਿੰਦਾ। ਇਸੇ ਤਰ੍ਹਾਂ ਜਦੋਂ ਰਸਾਇਣ ਵਿਗਿਆਨੀ ਤਜਰਬਾ ਕਰ ਕੇ ਦੱਸਦੇ ਹਨ ਕਿ ਰਸਾਇਣ ਪ੍ਰਕ੍ਰਿਆ ਪਲਟਾਈ ਨਹੀਂ ਜਾ ਸਕਦੀ, ਡਾਰਵਿਨ ਦੱਸਦਾ ਹੈ, ਜੀਵ-ਵਿਕਾਸ (eਵੋਲੁਟਿਨ) ਨੂੰ ਉਲਟਾਇਆ ਨਹੀਂ ਜਾ ਸਕਦਾ, ਜੀਵ ਵਿਗਿਆਨੀ ਦੱਸਦਾ ਹੈ ਕਿ ਦਰਖਤ ਨੂੰ ਮੁੜ ਬੀਜ ਵਿਚ ਬੰਦ ਨਹੀਂ ਕੀਤਾ ਜਾ ਸਕਦਾ, ਭੌਤਿਕ ਵਿਗਿਆਨੀ ਦੱਸਦਾ ਹੈ ਕਿ ਸਮੇਂ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ ਤੇ ਇਤਿਹਾਸਕਾਰ ਦੱਸਦਾ ਹੈ ਕਿ ਇਤਿਹਾਸ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ ਤਾਂ ਇਸ ਸਮੂਹਕ ਪ੍ਰਯੋਗ ਤੋਂ ਨਿਯਮ ਬਣਦਾ ਹੈ ਕਿ ਕੁਦਰਤ ਦੀ ਪ੍ਰਕ੍ਰਿਆ ਇਕ-ਦਿਸ਼ਾਈ ਹੈ। ਇਹ ਉਤਲੇ ਪੱਧਰ ਦਾ ਨਿਯਮ ਹੈ।
ਵਿਗਿਆਨਕ ਦੱਸਦਾ ਹੈ ਕਿ ਕੁਦਰਤ ਦਾ ਵਿਕਾਸ ਇਕ ਆਮ ਪ੍ਰਕ੍ਰਿਆ ਨਹੀਂ, ਸਗੋਂ ਇਕ ਦਿਸ਼ਾਈ ਕ੍ਰਿਆ ਹੈ, ਜੋ ਮੁੜ-ਪਰਿਵਰਤਨਸ਼ੀਲ ਨਹੀਂ। ਇਸੇ ਤਰ੍ਹਾਂ ਇਸ ਦੇ ਕੁਝ ਹੋਰ ਪੱਖਾਂ ਦੇ ਵਿਚਾਰ ਤੋਂ ਇਹ ਵੀ ਪਤਾ ਲੱਗੇਗਾ ਕਿ ਇਹ ਪ੍ਰਗਤੀਵਾਦੀ ਕ੍ਰਿਆ ਹੈ। ਜੇ ਕੋਈ ਇਨ੍ਹਾਂ ਨਿਯਮਾਂ ਨੂੰ ਮੰਨਦਾ ਹੈ, ਉਹ ਵਿਗਿਆਨਕ ਬਿਰਤੀ ਦਾ ਮਾਲਕ ਹੈ ਅਤੇ ਜੋ ਇਸ ਤੋਂ ਇਨਕਾਰੀ ਹੈ, ਉਹ ਅਵਿਗਿਆਨਕ। ਗੁਰੂ ਨਾਨਕ ਦੇ ਸਿੱਖੀ ਸਿਧਾਂਤ ਵਿਚ ਅਜਿਹੇ ਨਿਯਮਾਂ ਨੂੰ ‘ਚੜ੍ਹਦੀ ਕਲਾ’ ਦੇ ਰੂਪ ਵਿਚ ਪਛਾਣਿਆ ਗਿਆ ਹੈ। ਫਿਰ ਗੁਰੂ ਨਾਨਕ ਦੀ ਸਿੱਖੀ ਵਿਗਿਆਨਕ ਕਿਵੇਂ ਨਾ ਹੋਈ?
ਜਪੁਜੀ ਵਿਚ ਅਜਿਹੇ ਕਈ ਨਿਯਮ ਦਰਜ ਹਨ, ਜਿਨ੍ਹਾਂ ਵਿਚੋਂ ਇਕ ਦਾ ਜ਼ਿਕਰ ਪੰਜਵੀਂ ਪਉੜੀ ਵਿਚ ਵੀ ਆਉਂਦਾ ਹੈ। ਵਿਚਾਰ ਕਰਨ ਲਈ ਇਹ ਪਉੜੀ ਹੈ,
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ॥
ਨਾਨਕ ਗਾਵੀਐ ਗੁਣੀ ਨਿਧਾਨੁ॥
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੫॥
ਇਸ ਪਉੜੀ ਦੀ ਵਿਆਖਿਆ ਕਰਨ ਲਈ ਦੋ ਗੱਲਾਂ ਧਿਆਨ ਰੱਖਣੀਆਂ ਬਹੁਤ ਜਰੂਰੀ ਹਨ। ਪਹਿਲੀ, ਇਹ ਗਿਆਰਾਂ ਤੁਕਾਂ ਭਾਵ 11 ਲਾਈਨਾਂ ਦੀ ਹੈ। ਆਮ ਤੌਰ ‘ਤੇ ਗੁਰਬਾਣੀ ਦੀ ਹਰ ਰਚਨਾ ਵਿਚ ਜਿਸਤ (eਵeਨ) ਗਿਣਤੀ ਦੀਆਂ ਲਾਈਨਾਂ ਹੁੰਦੀਆਂ ਹਨ, ਪਰ ਇਸ ਵਿਚ ਨਹੀਂ ਹਨ। ਇਸ ਵਿਚ ਸ਼ਬਦ ‘ਨਾਨਕ’, ਜੋ ਆਮ ਤੌਰ ‘ਤੇ ਰਚਨਾ ਦੀ ਅੰਤਲੀ ਤੁਕ ਵਿਚ ਆਉਂਦਾ ਹੈ, ਵੀ ਅੱਧ ਵਿਚਾਲੇ ਆਇਆ ਹੈ। ਇਸ ਲਈ ਸੰਭਾਵਨਾ ਹੈ ਕਿ ਇਹ ਪਉੜੀ ਦੋ ਬਾਣੀਆਂ ਦੀਆਂ ਲਾਈਨਾਂ ਤੋਂ ਮਿਲ ਕੇ ਬਣੀ ਹੋਵੇ। ਜਪੁਜੀ ਦੀ ਰਚਨਾ ਵੇਲੇ ਗੁਰੂ ਸਾਹਿਬ ਨੇ ਲਾਈਨਾਂ ਦੀ ਗਿਣਤੀ ਵੱਲ ਧਿਆਨ ਨਾ ਦੇ ਕੇ ਵਿਚਾਰਾਂ ਦੀ ਇਕਸਾਰਤਾ ਤੇ ਪੂਰਕਤਾ ਵੱਲ ਵੱਧ ਧਿਆਨ ਦਿੱਤਾ ਲੱਗਦਾ ਹੈ। ਸੋ ਇਸ ਦੀ ਵਿਆਖਿਆ ਲਈ ਇਸ ਦੇ ਦੁਆਲੇ ਦੀਆਂ ਪਉੜੀਆਂ ਵੱਲ ਨਜ਼ਰ ਮਾਰਨ ਦੀ ਸਖਤ ਲੋੜ ਹੈ।
ਦੂਜੀ ਗੱਲ, ਇਸ ਦੀ ਸ਼ਬਦ ਚੋਣ ਵਿਚ ਨਾਥ ਭਾਸ਼ਾ ਦਾ ਪ੍ਰਭਾਵ ਹੈ। ਥਾਪਿਆ, ਨਿਰੰਜਨ, ਸੇਵਿਆ, ਗੁਰਮੁਖਿ, ਨਾਦੰ, ਵੇਦੰ, ਸਮਾਈ, ਗੁਰੁ, ਈਸਰੁ, ਗੋਰਖੁ, ਬਰਮਾ, ਪਾਰਬਤੀ ਮਾਈ, ਪਰਹਰਿ ਆਦਿ ਸਭ ਨਾਥ ਭਾਸ਼ਾ ਦੇ ਸ਼ਬਦ ਹਨ, ਜੋ ਉਸ ਵੇਲੇ ਤੋਂ ਲੈ ਕੇ ਅੱਜ ਤੀਕ ਵਧੇਰੇ ਕਰਕੇ ਨਾਥ ਸਾਧਾਂ ਦੇ ਡੇਰਿਆਂ ਵਿਚ ਬੋਲੇ ਜਾਂਦੇ ਹਨ। ਇਹ ਗੱਲ ਦਰਸਾਉਂਦੀ ਹੈ ਕਿ ਇਹ ਪਉੜੀ ਗੁਰੂ ਸਾਹਿਬ ਦੀ ਨਾਥ ਜੋਗੀਆਂ ਨਾਲ ਕੀਤੀ ਕਿਸੇ ਗੋਸ਼ਟੀ ਦਾ ਸਾਰ ਹੈ ਜਾਂ ਉਸ ਦੇ ਸਬੰਧ ਵਿਚ ਲਿਖੀ ਗਈ ਹੈ ਤੇ ਜਾਂ ਉਨ੍ਹਾਂ ਨੂੰ ਸੰਬੋਧਨ ਕਰ ਕੇ ਲਿਖੀ ਗਈ ਹੈ। ਇਸ ਲਈ ਇਸ ਦੀ ਵਿਆਖਿਆ ਨਾਥ ਜੋਗੀਆਂ ਦੀ ਸੋਚ ਦੇ ਸੰਦਰਭ ਵਿਚ ਕੀਤੀ ਜਾਣੀ ਬਣਦੀ ਹੈ।
ਗੁਰੂ ਸਾਹਿਬ ਇਸ ਪਉੜੀ ਵਿਚ ਨਾਥ ਜੋਗੀਆਂ ਨੂੰ ਸੰਬੋਧਨ ਕਰਦਿਆਂ ਲਿਖਦੇ ਹਨ ਕਿ ਜਿਸ ਪਰਮ-ਸਤਿ ਨੂੰ ਉਹ (ਜੋਗੀ) ਨਿਰੰਜਨ ਕਹਿੰਦੇ ਹਨ, ਉਹ ਨਾ ਤਾਂ ਉਨ੍ਹਾਂ ਦੇ ਡੇਰਿਆਂ ਦੇ ਮੁਖੀਆਂ ਵਾਂਗ ਕਿਸੇ ਪੂਰਬਲੇ ਮੁਖੀ ਵਲੋਂ ਥਾਪਿਆ ਭਾਵ ਗੱਦੀ ‘ਤੇ ਬਿਠਾਇਆ ਹੋਇਆ ਹੈ ਤੇ ਨਾ ਹੀ ਉਸ ਨੂੰ ਡੇਰਾ ਗੁਰੂਆਂ ਵਾਂਗੂੰ ਜੋਗ ਸਾਧਨਾ ਕਰਵਾ ਕੇ ਤਿਆਰ ਕੀਤਾ ਗਿਆ ਹੈ। ਉਹ ਤਾਂ ਜੁਗਾਂ ਜੁਗਾਂਤਰਾਂ ਤੋਂ ਬਿਨਾ ਬਣਾਏ ਤੇ ਬਿਨਾ ਥਾਪੇ ਆਪਣੇ ਆਪ ਹੀ ਹੋਂਦ ਵਿਚ ਹੈ। ਉਹ ਗੁਣਾਂ ਦਾ ਖਜਾਨਾ ਹੈ, ਭਾਵ ਅਣਗਿਣਤ ਵਡਿਆਈਆਂ (ਖਾਸੀਅਤਾਂ) ਦੀ ਖਾਣ ਹੈ। ਇਹ ਸੰਸਾਰ ਉਸ ਦੇ ਨਿਰਪੱਖ ਅਤੇ ਨਿਰਮੋੜ ਨਿਯਮਾਂ ਅਨੁਸਾਰ ਬਣਿਆ ਹੈ ਤੇ ਉਨ੍ਹਾਂ ਅਨੁਸਾਰ ਹੀ ਇਹ ਚਲਦਾ ਹੈ। ਜਿਨ੍ਹਾਂ ਨੇ ਸੇਵਾ ਕਰਕੇ ਅਰਥਾਤ ਲਗਨ ਭਾਵ ਨਾਲ ਤੇ ਨਿਰ-ਸਵਾਰਥ ਮਿਹਨਤ ਨਾਲ ਉਸ ਦੇ ਗੁਣਾਂ ਨੂੰ ਵਿਚਾਰਿਆ ਹੈ, ਉਨ੍ਹਾਂ ਦੀ ਪ੍ਰਸ਼ੰਸਾ ਹੈ, ਭਾਵ ਉਹ ਸਨਮਾਨ ਦੇ ਪਾਤਰ ਹਨ।
ਪਰਮ-ਸਤਿ ਦੇ ਸਵੈ-ਪ੍ਰਕਾਸ਼ ਤੇ ਸਦੀਵਤਾ ਬਾਰੇ ਗੁਰੂ ਸਾਹਿਬ ਦੇ ਇਹ ਉਹੀ ਵਿਚਾਰ ਹਨ, ਜੋ ਉਨ੍ਹਾਂ ਨੇ ਮੂਲਮੰਤਰ ਵਿਚ ‘ਅਕਾਲ ਮੂਰਤਿ’ ਤੇ ‘ਸੈਭੰ’ ਲਿਖ ਕੇ ਵਿਅਕਤ ਕੀਤੇ ਹਨ। ਅਜਿਹਾ ਹੀ ਉਨ੍ਹਾਂ ਨੇ ‘ਆਦਿ ਸਚੁ ਜੁਗਾਦਿ ਸਚੁ’ ਵਾਲੇ ਸਲੋਕ ਵਿਚ ਲਿਖਿਆ ਹੈ। ਫਿਰ ਜਪੁਜੀ ਦੇ ਅੰਤਲੇ ਸਲੋਕ ਵਿਚ ਵੀ ਉਨ੍ਹਾਂ ਨੇ ਇਹੀ ਗੱਲ ਦ੍ਰਿੜਾਈ ਹੈ। ਇਸ ਪਉੜੀ ਵਿਚ ਉਨ੍ਹਾਂ ਨੇ ਨਾਥ ਪ੍ਰਥਾ ਵਾਲਿਆਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਸਮਝਾਉਣ ਲਈ ਉਹੀ ਵਿਚਾਰ ਦੁਹਰਾਏ ਹਨ।
ਇਹ ਕੁਝ ਸਮਝਾਉਣ ਪਿਛੋਂ ਗੁਰੂ ਸਾਹਿਬ ਨੇ ਇਸ ਪਉੜੀ ਵਿਚ ਅੱਗੇ ਜੋ ਕੁਝ ਲਿਖਿਆ ਹੈ, ਉਸ ਦੀ ਵਿਆਖਿਆ ਕੁਝ ਇਉਂ ਹੈ, “ਪਰ ਨਾਥ ਜੋਗੀ ਤੇ ਉਨ੍ਹਾਂ ਦੇ ਅਨੁਆਈ ਇਸ ਤੋਂ ਬਿਲਕੁਲ ਉਲਟ ਚਲਦੇ ਹਨ। ਉਹ ਆਪਣੇ ਵਿਚਾਰ ਆਪਣੇ ਨਫੇ ਜਾਂ ਭਲਾਈ ਦੀ ਗੱਲ ਸੋਚ (ਚਅਲਚੁਲਅਟe) ਕੇ ਤੈਅ ਕਰਦੇ ਹਨ। ਉਹ ਮੰਨਦੇ ਹਨ ਕਿ ਨਿਰੰਜਣ ਕੀਰਤਨ ਸੋਹਲੇ ਗਾ ਕੇ ਪ੍ਰਸੰਨ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਵਿਭਿੰਨ ਮੁਰਾਦਾਂ ਮੰਗੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਸੁਣ ਰੱਖਿਆ ਹੈ ਕਿ ਭਜਨ ਕੀਰਤਨ ਤੇ ਪੂਜਾ ਪਾਠ ਕਰਨ ਨਾਲ ਦੁਖ ਤਕਲੀਫ ਦੂਰ ਹੋ ਜਾਂਦੇ ਹਨ ਅਤੇ ਸ਼ਰਧਾਲੂਆਂ ਦਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਇਸ ਵਿਸ਼ਵਾਸ ਅਧੀਨ ਉਹ ਆਪਣੇ ਡੇਰੇਦਾਰ ਗੁਰੂ ਦੇ ਕਹੇ ਅਨੁਸਾਰ ਕਈ ਦੇਵੀ-ਦੇਵਤੇ ਪੂਜਦੇ ਹਨ। ਕਈ ਈਸਰ ਦੇਵਤੇ ਨੂੰ ਮੰਨਦੇ ਹਨ, ਕਈ ਗੋਰਖ ਨੂੰ, ਕਈ ਬ੍ਰਹਮਾ ਤੇ ਕਈ ਮਾਤਾ ਪਾਰਬਤੀ ਨੂੰ।
ਇਨ੍ਹਾਂ ਦੇਵੀ-ਦੇਵਤਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਜੇ ਮੈਨੂੰ ਸਭ ਬਾਰੇ ਪਤਾ ਵੀ ਹੋਵੇ ਤਾਂ ਵੀ ਨਾ ਲਿਖ ਸਕਾਂ, ਕਿਉਂਕਿ ਇੰਨਿਆਂ ਦਾ ਜ਼ਿਕਰ ਕਰਨਾ ਔਖਾ ਹੈ। ਉਹ ਆਪਣੇ ਆਪਣੇ ਦੇਵੀ-ਦੇਵਤਿਆਂ ਅੱਗੇ ਨੱਕ ਰਗੜ ਕੇ ਸਵਾਰਥ-ਭਰਪੂਰ ਮੰਗਾਂ ਮੰਗਦੇ ਹਨ। ਇਸ ਮੰਤਵ ਲਈ ਕਈ ਤਾਂ ਵਿਲੱਖਣ ਸੁਰਾਂ ਵਿਚ ਰਾਗ ਅਲਾਪਦੇ ਹਨ, ਕਈ ਵੇਦਾਂ ਦਾ ਪਾਠ ਕਰਦੇ ਹਨ ਤੇ ਕਈ ਹੋਰ ਸਮਾਧੀਆਂ ਲਾਉਂਦੇ ਹਨ; ਪਰ ਇੰਨੇ ਵੱਖ ਵੱਖ ਦੇਵੀ-ਦੇਵਤਿਆਂ ਦੀ ਪੂਜਾ ਕਰਨ ਨਾਲ ਵੀ ਸਭ ਸ਼ਰਧਾਲੂਆਂ ਦੇ ਆਹਾਰ ਵਿਚ ਕੋਈ ਫਰਕ ਨਹੀਂ ਆਉਂਦਾ। ਕੋਈ ਕਿੰਨੀ ਵੀ ਭਗਤੀ ਕਿਉਂ ਨਾ ਕਰੇ ਤੇ ਕਿਸੇ ਦੇਵਤੇ ਨੂੰ ਕਿੰਨਾ ਵੀ ਕਿਉਂ ਨਾ ਪਸੀਜੇ, ਹੱਥੀਂ ਕੰਮ ਕਰਨ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ (ਪਉੜੀ 6), ਅਰਥਾਤ ਦੇਵੀ-ਦੇਵਤਿਆਂ ਦਾ ਸਿਰਫ ਨਾਮ ਹੈ, ਪਰ ਮਿਲਦਾ ਆਪਣੇ ਕੀਤੇ ਕੰਮ ਨਾਲ ਤੇ ਕੰਮ ਦੀ ਮਾਤਰਾ ਅਨੁਸਾਰ ਹੈ। ਕੋਈ ਭਾਵੇਂ ਜਿਸ ਗੁਰੂ ਦਾ ਲੜ ਫੜੇ ਤੇ ਜਿਸ ਮਰਜੀ ਦੇਵੀ-ਦੇਵਤੇ ਦਾ ਗੁਣਗਾਨ ਕਰੇ ਉਸ ਨੂੰ ਦਾਤਾਂ ਓਹੀ ਮਿਲਦੀਆਂ ਹਨ, ਜੋ ਦੂਜਿਆਂ ਨੂੰ। ਭਾਵ ਸਭ ਨੂੰ ਓਹੀ ਪਾਣੀ, ਓਹੀ ਹਵਾ ਤੇ ਓਹੀ ਰੋਸ਼ਨੀ ਮਿਲਦੀ ਹੈ। ਜੇ ਇਹ ਵਿਭਿੰਨ ਦੇਵਤਿਆਂ ਤੋਂ ਆਉਂਦੀਆਂ ਤਾਂ ਇਨ੍ਹਾਂ ਦਾ ਰੰਗ ਰੂਪ, ਭਾਰ, ਠੋਸਤਾ ਤੇ ਗੁਣਵੱਤਾ ਦੇ ਹੋਰ ਸੂਚਕ ਵੀ ਵੱਖ ਵੱਖ ਹੁੰਦੇ।
ਇਨ੍ਹਾਂ ਤੱਥਾਂ ਤੋਂ ਇਹ ਸਿੱਟਾ ਸਾਹਮਣੇ ਆਉਂਦਾ ਹੈ ਕਿ ਇਹ ਦਾਤਾਂ ਦੇਵਤਿਆਂ ਦੀ ਦੇਣ ਨਹੀਂ, ਸਗੋਂ ਦੁਆਲੇ ਪਸਰੀ ਕੁਦਰਤ ਵਿਚੋਂ ਆਉਂਦੀਆਂ ਹਨ। ਇਸ ਲਈ ਮੈਂ ਆਪਣੇ ਗੁਰ (ਭਾਵ ੴ ) ਦੀ ਵਰਤੋਂ ਨਾਲ ਇਹ ਬੁੱਝਿਆ ਅਰਥਾਤ ਜਾਣਿਆ ਹੈ ਕਿ ਸੰਸਾਰਕ ਜੀਵਾਂ ਦੇ ਇੰਨੇ ਦਾਤੇ ਨਹੀਂ ਹਨ, ਜਿੰਨੇ ਕਲਪੇ ਹੋਏ ਹਨ। ਵੱਖ ਵੱਖ ਜੀਵ ਵੱਖ ਵੱਖ ਗੁਰੂ ਪੀਰਾਂ ਤੇ ਦੇਵੀ-ਦੇਵਤਿਆਂ ਦਾ ਦਿੱਤਾ ਨਹੀਂ ਖਾਂਦੇ। ਦਾਤਾ ਸਭ ਦਾ ਇਕੋ (ਪ੍ਰਕ੍ਰਿਤੀ) ਹੈ, ਜਿਥੋਂ ਸਭ ਨੂੰ ਨਿਯਮ ਅਨੁਸਾਰ ਸਭ ਕੁਝ ਮਿਲਦਾ ਹੈ। ਮੈਂ ਇਹ ਗੱਲ ਪੱਕੀ ਯਾਦ ਕਰ ਲਈ ਹੈ ਤਾਂ ਜੋ ਮੈਨੂੰ ਭੁੱਲ ਨਾ ਜਾਵੇ।”
ਇਸ ਪਉੜੀ ਦੀ ਵਿਆਖਿਆ ਤੋਂ ਕਈ ਸਿੱਟੇ ਨਿਕਲਦੇ ਹਨ। ਪਹਿਲਾ ਤਾਂ ਸਿੱਖ ਵਿਦਵਾਨਾਂ, ਟੀਕਾਕਾਰਾਂ ਤੇ ਪ੍ਰਚਾਰਕਾਂ ਲਈ ਹੈ, ਜੋ ਜਾਂ ਤਾਂ ਇਸ ਦੇ ਅਰਥ ਜਾਣਦੇ ਨਹੀਂ ਤੇ ਜਾਂ ਸਭ ਕੁਝ ਜਾਣਦਿਆਂ ਵੀ ਕਿਸੇ ਕਾਰਨ ਇਸ ਦੇ ਗਲਤ ਅਰਥ ਕਰਦੇ ਹਨ। ਉਹ ਇਸ ਦੀ ਸਤੱਹੀ ਵਿਆਖਿਆ ਕਰਦੇ ਦੱਸਦੇ ਹਨ, ‘ਨਿਰੰਜਣ’ ਭਾਵ ਪਰਮਾਤਮਾ ਨਾ ਕਿਸੇ ਦਾ ਥਾਪਿਆ ਹੋਇਆ ਹੈ ਤੇ ਨਾ ਹੀ ਉਹ ਕਿਸੇ ਦਾ ਬਣਾਇਆ ਹੋਇਆ ਹੈ। ਉਸ ਨੂੰ ਕਿਸੇ ਨੇ ਹੋਂਦ ਵਿਚ ਨਹੀਂ ਲਿਆਂਦਾ, ਸਗੋਂ ਉਹ ਆਪਣੇ ਆਪ ਹੋਂਦ ਵਿਚ ਆਇਆ ਹੋਇਆ ਹੈ। ਉਨ੍ਹਾਂ ਅਨੁਸਾਰ ਗੁਰੂ ਨਾਨਕ ਕਹਿੰਦੇ ਹਨ ਕਿ ਜੋ ਉਸ ਗੁਣੀ ਨਿਧਾਨ ਨੂੰ ਸਿਮਰਦਾ ਹੈ, ਉਹ ਮਾਣ-ਸਨਮਾਨ ਨਾਲ ਲੱਦਿਆ ਜਾਂਦਾ ਹੈ। ਜੇ ਕੋਈ ਮਨ ਵਿਚ ਪਿਆਰ ਭਾਵ ਲਿਆ ਕੇ ਉਸ ਦੀ ਪ੍ਰਸ਼ੰਸਾ ਗਾਵੇ ਤਾਂ ਉਸ ਦੇ ਘਰੋਂ ਦੁੱਖ ਦਲਿਦਰ ਨੱਠ ਜਾਂਦੇ ਹਨ ਤੇ ਉਨ੍ਹਾਂ ਦੀ ਥਾਂ ਸੁੱਖ ਆ ਲੈਂਦੇ ਹਨ। ਗੁਰੂ ਦਾ ਸ਼ਬਦ ਹੀ ਨਾਦ ਹੈ ਤੇ ਗੁਰੂ ਦਾ ਸ਼ਬਦ ਹੀ ਵੇਦਾਂ ਦਾ ਪਾਠ ਹੈ। ਗੁਰੂ ਦਾ ਸ਼ਬਦ ਸਭ ਪਾਸੇ ਸਮਾਇਆ ਹੋਇਆ ਹੈ। ਗੁਰੂ ਹੀ ਈਸਰ ਹੈ, ਗੁਰੂ ਹੀ ਗੋਰਖ ਨਾਥ ਹੈ, ਗੁਰੂ ਹੀ ਬ੍ਰਹਮਾ ਹੈ ਤੇ ਗੁਰੂ ਹੀ ਮਾਤਾ ਪਾਰਬਤੀ ਹੈ। ਗੁਰੂ ਜੀ ਕਹਿੰਦੇ ਹਨ, “ਜੇ ਮੈਂ ਰੱਬ ਨੂੰ ਜਾਣਦਾ ਵੀ ਹੁੰਦਾ ਤਾਂ ਵੀ ਉਸ ਬਾਰੇ ਕੁਝ ਕਹਿ ਨਾ ਸਕਦਾ, ਕਿਉਂਕਿ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੇ ਗੁਰੂ ਨੇ ਮੈਨੂੰ ਇਹ ਸੋਝੀ ਦੇ ਕੇ ਸਿਖਾਇਆ ਹੈ ਕਿ ਸਭ ਜੀਵਾਂ ਦਾ ਇਕੋ ਦਾਤਾ ਹੈ, ਜੋ ਮੈਂ ਕਦੇ ਵਿਸਾਰਨਾ ਨਹੀਂ।”
ਕਈ ਵਿਆਖਿਆਕਾਰ ਇਸ ਪਉੜੀ ਦੇ ਪਿਛਲੇ ਹਿੱਸੇ ਬਾਰੇ ਦੱਸਦੇ ਹਨ ਕਿ ਗੁਰਮੁਖ ਭਾਵ ਗੁਰੂ ਦੇ ਸਿੱਖ ਹਰ ਵੇਲੇ ਨਾਦ ਵਜਾਉਣ ਜਾਂ ਸੁਣਨ ਤੇ ਵੇਦ ਪੜ੍ਹਨ ਵਿਚ ਸਮਾਏ ਰਹਿੰਦੇ ਹਨ। ਉਹ ਈਸਰ, ਗੋਰਖ, ਬਰਮਾ ਤੇ ਮਾਂ ਪਾਰਬਤੀ ਜਿਹੇ ਦੇਵੀ-ਦੇਵਤਿਆਂ ਨੂੰ ਵੀ ਗੁਰੂ ਵਾਂਗ ਪੂਜਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਦੀ ਹੋਂਦ ਤੇ ਮਹੱਤਵ ਵੀ ਸਵੀਕਾਰੇ ਹਨ, ਪਰ ਇਹ ਪਰਮਾਤਮਾ ਦੇ ਅਧੀਨ ਹਨ। ਇਨ੍ਹਾਂ ਦੇਵੀ-ਦੇਵਤਿਆਂ ਦੀ ਪ੍ਰਸ਼ੰਸਾ ਜਿੰਨੀ ਕੀਤੀ ਜਾਵੇ, ਥੋੜ੍ਹੀ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਬਾਰੇ ਬਹੁਤਾ ਪਤਾ ਨਹੀਂ, ਪਰ ਜੇ ਪਤਾ ਹੋਵੇ ਵੀ ਤਾਂ ਵੀ ਉਹ ਬਿਆਨ ਨਾ ਕਰ ਸਕਣ। ਉਹ ਇਹ ਵੀ ਕਹਿੰਦੇ ਹਨ ਕਿ ਜੇ ਇਹ ਸਾਰੇ ਗੁਰੂ-ਰੂਪੀ ਦੇਵੀ-ਦੇਵਤੇ ਰਲ ਕੇ ਉਨ੍ਹਾਂ ਨੂੰ ਇਕ ਗੱਲ ਸਮਝਾ ਦੇਣ ਕਿ ਸਾਰੇ ਜੀਵਾਂ ਦਾ ਇਕੋ ਪਰਮਾਤਮਾ ਹੈ, ਫਿਰ ਉਹ ਇਸ ਗੱਲ ਨੂੰ ਕਦੇ ਨਾ ਭੁੱਲਣ।
ਸਪਸ਼ਟ ਹੈ ਕਿ ਇਹ ਵਿਆਖਿਆਕਾਰ ਗੁਰਮੁਖ ਤੇ ਦੇਵਤਿਆਂ ਦੇ ਦਵੰਦ ਵਿਚ ਅਜਿਹਾ ਉਲਝੇ ਹੋਏ ਹਨ ਕਿ ਗੁਰੂ ਸਾਹਿਬ ਦੇ ਕਥਨ ਦੀ ਸਹੀ ਪੁਸ਼ਟੀ ਨਹੀਂ ਕਰ ਪਾਉਂਦੇ। ਮੋਟੇ ਤੌਰ ‘ਤੇ ਕੀ ਕਦੇ ਸਿੱਖ ਵੀ ਦੇਵੀ-ਦੇਵਤੇ ਪੂਜਦੇ ਤੇ ਸੰਖ ਨਾਦ ਵਜਾਉਂਦੇ ਹਨ? ਕੀ ਕਦੇ ਸਿੱਖ ਵੇਦ ਪਾਠ ਕਰਦੇ ਤੇ ਸਮਾਧੀ ਵਿਚ ਸਮਾਉਂਦੇ ਹਨ? ਕੀ ਗੁਰੂ ਨੂੰ ਸਿਖਿਆ ਦੇਣ ਵਾਲਾ ਉਨ੍ਹਾਂ ਦਾ ਕੋਈ ਗੁਰੂ ਸੀ? ਕੀ ਗੁਰੂ ਸਾਹਿਬ ਈਸਰ, ਬ੍ਰਹਮਾ ਤੇ ਪਾਰਬਤੀ ਜਿਹੇ ਮਿਥਿਹਾਸਕ ਦੇਵੀ-ਦੇਵਤਿਆਂ ਨੂੰ ਮੰਨਦੇ ਸਨ? ਕੀ ਗੁਰੂ ਸਾਹਿਬ ਇਹ ਮੰਨਦੇ ਸਨ ਕਿ ਗਾ ਕੇ ਜਾਂ ਭਜਨ ਬੰਦਗੀ ਕਰਨ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਤੇ ਘਰ ਸੁੱਖਾਂ ਨਾਲ ਭਰ ਜਾਂਦਾ ਹੈ? ਜੇ ਸਿੱਖੀ ਵਿਚ ਇਨ੍ਹਾਂ ਗੱਲਾਂ ਦੀ ਕੋਈ ਥਾਂ ਨਹੀਂ ਹੈ ਤਾਂ ਫਿਰ ਸਿੱਖ ਵਿਦਵਾਨ ਅਜਿਹੀ ਤਰਕਹੀਣ ਤੇ ਅਣਉਚਿਤ ਵਿਆਖਿਆ ਕਰਦੇ ਕਿਉਂ ਹਨ? ਅਜਿਹੀ ਵਿਆਖਿਆ ਤੋਂ ਆਉਣ ਵਾਲੀਆਂ ਪੀੜ੍ਹੀਆਂ ਕੀ ਸਿੱਖਿਆ ਲੈਣਗੀਆਂ? ਪੜ੍ਹੇ ਲਿਖੇ ਸਿੱਖ ਸ਼ਰਧਾਲੂ ਇਸ ਨੂੰ ਪੜ੍ਹਦੇ, ਸੁਣਦੇ ਤੇ ਮੰਨਦੇ ਕਿਉਂ ਹਨ?
ਇਸ ਦਾ ਦੂਜਾ ਸਿੱਟਾ ਸਿੱਖ ਪੁਜਾਰੀ ਵਰਗ ਲਈ ਹੈ, ਜਿਸ ਵਿਚ ਸਿੱਖ ਗ੍ਰੰਥੀ, ਕਥਾਕਾਰ ਤੇ ਪ੍ਰਚਾਰਕ ਸ਼ਾਮਲ ਹਨ। ਉਹ ਇਹ ਨਹੀਂ ਜਾਣਦੇ ਕਿ ਗੁਰੂ ਸਾਹਿਬ ਦੀਆਂ ਉਪਰੋਕਤ ਟਿੱਪਣੀਆਂ ਨਾਥ ਜੋਗੀਆਂ ਲਈ ਤਾਂ ਸਨ ਹੀ, ਪਰ ਇਹ ਦੂਜੇ ਸਭ ਸਥਾਪਤ ਧਰਮਾਂ ਲਈ ਵੀ ਸਨ, ਜਿਨ੍ਹਾਂ ਵਿਚ ਹੁਣ ਉਨ੍ਹਾਂ ਦਾ ਆਪਣਾ ‘ਸਿੱਖ ਧਰਮ’ ਵੀ ਆਉਂਦਾ ਹੈ।
ਗੁਰੂ ਸਾਹਿਬ ਨੇ ਕੁਦਰਤ ਦੀਆਂ ਦਾਤਾਂ ਤੇ ਜੀਵਾਂ ਵਿਚਾਲੇ ਕਰਮ ਦਾ ਅਨੁਪਾਤੀ ਚਿੰਨ ਲਾਇਆ ਸੀ। ਭਾਵ ਹਵਾ, ਪਾਣੀ, ਧਰਤੀ, ਧੁਪ ਆਦਿ ਮੁਫਤ ਦਾਤਾਂ ਨੂੰ ਛੱਡ ਕੇ ਬਾਕੀ ਦਾਤਾਂ ਤੇ ਫਲ ਕਰਮ ਜਾਂ ਮਿਹਨਤ ਅਨੁਸਾਰ ਮਿਲਦੇ ਹਨ। ਉਨ੍ਹਾਂ ਨੇ ਕੁਦਰਤ ਤੇ ਜੀਵਾਂ ਵਿਚਾਲੇ ਕੋਈ ਵਿਚੋਲਾ ਨਹੀਂ ਪਾਇਆ, ਜੋ ਕੁਦਰਤ ਤੋਂ ਦਾਤਾਂ ਲੈ ਕੇ ਉਨ੍ਹਾਂ ਨੂੰ ਦਿੰਦਾ ਹੋਵੇ। ਉਨ੍ਹਾਂ ਅਨੁਸਾਰ ਕੁਦਰਤ ਦਾ ਨਿਆਂ ਕੁਦਰਤ ਦੇ ਹੁਕਮ ਜਾਂ ਨਿਯਮ ਅਨੁਸਾਰ ਭੁਗਤਦਾ ਹੈ, ਪਰ ਸਿੱਖ ਪੁਜਾਰੀਆਂ ਨੇ ਇਸ ਵਿਚ ਪਹਿਲਾਂ ਪਰਮਾਤਮਾ ਪਾਇਆ ਤੇ ਨਾਲ ਆਪਣੇ ਆਪ ਨੂੰ ਵਿਚੋਲਾ ਬਣਾ ਕੇ ਖੜ੍ਹਾ ਕਰ ਲਿਆ। ਉਹ ਦੱਸਦੇ ਹਨ ਕਿ ਸਭ ਦਾਤਾਂ ਪਰਮਾਤਮਾ ਦੇ ਹੱਥ ਵਿਚ ਹਨ, ਉਹ ਜਿਸ ਨੂੰ ਮਰਜੀ ਦੇਵੇ, ਜਿਸ ਨੂੰ ਨਾ ਦੇਵੇ। ਪਰ ਜੇ ਪ੍ਰਾਣੀ ਉਨ੍ਹਾਂ, ਭਾਵ ਗ੍ਰੰਥੀਆਂ ਜਾਂ ਪਾਠੀਆਂ ਕੋਲੋਂ ਅਖੰਡ ਪਾਠ ਕਰਵਾਵੇ ਜਾਂ ਅਰਦਾਸ ਕਰਵਾਵੇ ਤਾਂ ਉਸ ‘ਤੇ ਪਰਮਾਤਮਾ ਦੀ ਨਜ਼ਰ ਸਵੱਲੀ ਹੋ ਸਕਦੀ ਹੈ ਤੇ ਦਾਤਾਂ ਉਨ੍ਹਾਂ ਨੂੰ ਪੱਕੀਆਂ ਮਿਲ ਸਕਦੀਆਂ ਹਨ। ਉਹ ਜਾਣਦੇ ਤਾਂ ਹਨ ਕਿ ਸਿੱਖ ਸਿਧਾਂਤ ਅਨੁਸਾਰ ਪਰਮ-ਸਤਿ ਨਿਰਵੈਰ ਹੈ ਤੇ ਉਸ ਦਾ ਨਿਯਮ ਅਟੱਲ ਹੈ, ਇਸ ਲਈ ਉਹ ਕਿਸੇ ਨਾਲ ਪੱਖ-ਪਾਤ ਨਹੀਂ ਕਰਦਾ, ਪਰ ਫਿਰ ਵੀ ਇਹ ਅਰਦਾਸੀਏ ਭੁੱਲ ਕੇ ਕੁਝ ਇੱਕਨਾਂ ਲਈ ਝੋਲੀਆਂ ਭਰੇ ਰਹਿਣ ਦੀਆਂ ਅਰਦਾਸਾਂ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਤੋਂ ਦੂਰ ਜਾਂਦੇ ਹਨ। ਉਨ੍ਹਾਂ ਦੀ ਇਹ ਵਿਆਖਿਆ ਨਾ ਸਿਰਫ ਤਰਕਹੀਣ ਹੈ, ਸਗੋਂ ਅੰਧਵਿਸ਼ਵਾਸ ਤੇ ਸ਼ੋਸ਼ਣ ਨੂੰ ਉਤਸ਼ਾਹ ਦੇਣ ਵਾਲੀ ਹੈ। ਉਹ ਭਾਵੇਂ ਦੇਵੀ-ਦੇਵਤਿਆਂ ਦੀ ਹਸਤੀ ਨਕਾਰ ਵੀ ਦੇਣ ਤਾਂ ਵੀ ਪੁਜਾਰੀ ਤੇ ਪਰਮਾਤਮਾ ਦੀ ਵਿਚੋਲਗਿਰੀ ਕਾਰਨ ਸਿੱਖੀ ਨੂੰ ਚਲਾਉਂਦੇ ਨਾਥ ਜੋਗੀਆਂ ਦੇ ਮਾਡਲ ਅਨੁਸਾਰ ਹੀ ਹਨ। ਅਜੋਕੇ ਸਮੇਂ ਵਿਚ ਇਹ ਮਾਡਲ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਅਵਿਗਿਆਨਕ ਬਣਾਉਂਦਾ ਹੈ ਤੇ ਉਨ੍ਹਾਂ ਨੂੰ ਪਿੱਛਾਖੜੀ ਰਉਂ ਵੱਲ ਧੱਕ ਦਿੰਦਾ ਹੈ।
ਇਸ ਪਉੜੀ ਦਾ ਇਕ ਸਿੱਟਾ ਉਨ੍ਹਾਂ ਹਾਂ-ਵਾਦੀ ਵਿਗਿਆਨੀਆਂ ਲਈ ਵੀ ਹੈ, ਜੋ ਹਰ ਗੱਲ ਨੂੰ ਪ੍ਰਯੋਗਸ਼ਾਲਾ ਦੇ ਨੁਕਤੇ ਤੋਂ ਦੇਖਦੇ ਹਨ। ਇਸ ਤਰ੍ਹਾਂ ਦੇ ਲੋਕ ਵਿਗਿਆਨੀ ਘੱਟ, ਲੈਬਾਰਟਰੀ ਟੈਕਨੀਸ਼ਨ ਵੱਧ ਹੁੰਦੇ ਹਨ। ਵਿਗਿਆਨ ਦੀ ਸੰਕੀਰਣ ਸਮਝ ਕਾਰਨ ਅਜਿਹੇ ਵਿਗਿਆਨੀ ਗੁਰੂ ਨਾਨਕ ਨੂੰ ਵੀ ਵਿਗਿਆਨ ਦੇ ਨੇੜੇ ਨਹੀਂ ਆਉਣ ਦਿੰਦੇ। ਭਾਵੇਂ ਗਣਿੱਤ ਦੀ ਕੋਈ ਪ੍ਰਯੋਗਸ਼ਾਲਾ ਨਹੀਂ ਹੁੰਦੀ, ਫਿਰ ਵੀ ਇਹ ਇਕ ਵਿਗਿਆਨ ਹੈ, ਪਰ ਜੇ ਸੌੜੀ ਸੋਚ ਵਾਲੇ ਵਿਗਿਆਨੀਆਂ ‘ਤੇ ਜਾਈਏ ਤਾਂ ਨਿਊਟਨ ਤੇ ਲਿਬਨਿਜ਼ ਵੀ ਵਿਗਿਆਨੀ ਨਹੀਂ ਸਨ। ਅਰਸਤੂ ਨੂੰ ਵਿਗਿਆਨ ਦਾ ਪਿਤਾਮਾ ਕਿਹਾ ਜਾਂਦਾ ਹੈ, ਪਰ ਵਿਗਿਆਨ ਨੂੰ ਉਸ ਦੀ ਦੇਣ ਇਹੀ ਹੈ ਕਿ ਉਸ ਨੇ ਆਪਣੇ ਸਮੇਂ ਤਕ ਗਿਆਨ ਵਿਚ ਹੋਏ ਵਾਧੇ ਕਾਰਨ ਵਿਗਿਆਨ ਨੂੰ ਕਈ ਸ਼ਾਖਾਵਾਂ ਵਿਚ ਵੰਡ ਦਿੱਤਾ। ਉਸ ਦੇ ਕੀਤੇ ਵਰਗੀਕਰਣ ਵਿਚੋਂ ਹੋਰ ਸੂਖਮ ਸ਼ਾਖਾਵਾਂ ਨਿਕਲਦੀਆਂ ਗਈਆਂ ਤੇ ਵਿਗਿਆਨ ਅਣਗਿਣਤ ਵਿਸ਼ਿਆਂ ਵਿਚ ਵੰਡਿਆ ਗਿਆ।
ਅਜੋਕੇ ਵਿਗਿਆਨੀ ਇਨ੍ਹਾਂ ਵਿਸ਼ਿਆਂ ਵਿਚ ਅੱਗੇ ਤੋਂ ਅੱਗੇ ਧਸ ਕੇ ਗਵਾਂਢੀ ਵਿਸ਼ਿਆਂ ਤੋਂ ਦੂਰ ਹੋ ਗਏ ਹਨ। ਉਹ ਸਿਰਫ 1% ਵਿਗਿਆਨ ਨਾਲ ਜੁੜੇ ਹੁੰਦੇ ਹਨ, ਪਰ 99% ਤੋਂ ਕਟੇ ਰਹਿੰਦੇ ਹਨ। ਇਸ ਲਈ ਉਹ ਖੋਜ ਕਾਰਜ ਕਰਦੇ ਹੋਏ ਵੀ ਆਲਮੀ ਵਿਗਿਆਨਕ ਦ੍ਰਿਸ਼ਟੀਕੋਣ ਨਹੀਂ ਅਪਨਾ ਸਕਦੇ। ਅਰਸਤੂ ਨੇ ਕਦੇ ਇਹ ਕਲਪਨਾ ਨਹੀਂ ਸੀ ਕੀਤੀ ਕਿ ਵਿਗਿਆਨੀ ਇਕ ਵਿਸ਼ੇ ਵਿਚ ਮੁਹਾਰਤ ਪ੍ਰਾਪਤ ਕਰਨ ਪਿਛੋਂ ਦੂਜੇ ਵਿਸ਼ਿਆਂ ਵਲ ਪਰਤਣਗੇ ਹੀ ਨਹੀਂ। ਸੰਸਾਰ ਪ੍ਰਤੀ ਮੁਕੰਮਲ ਵਿਗਿਆਨਕ ਪਹੁੰਚ ਤਾਂ ਹੀ ਪੈਦਾ ਹੋ ਸਕਦੀ ਹੈ, ਜੇ ਵਿਗਿਆਨ ਦੇ ਏਕੀਕਰਨ ਦਾ ਉਪਰਾਲਾ ਕੀਤਾ ਜਾਵੇ। ਇਹ ਤਾਂ ਹੀ ਪੈਦਾ ਹੋ ਸਕਦਾ ਹੈ, ਜੇ ਕਿਸੇ ਨੂੰ ਸਮੁੱਚੇ ਵਿਗਿਆਨ ਦੀ ਝਲਕ ਪਵੇ, ਪਰ ਸਾਲਾਂ ਬੱਧੀ ਇਕ ਟਾਈਫਾਈਡ ਜ਼ਰਮ ਨੂੰ ਮਾਰਨ ਦੀ ਦਵਾਈ ਲੱਭਦਾ ਵਿਗਿਆਨੀ ਇੰਨਾ ਸਮਝਦਾਰ ਕਿਵੇਂ ਹੋ ਸਕਦਾ ਹੈ?
ਇਸ ਦਾ ਇਕ ਸਿੱਟਾ ਆਮ ਪਾਠਕ ਲਈ ਵੀ ਹੈ। ਇਹ ਇਕ ਆਮ ਸਮਝ ਦੀ ਗੱਲ ਹੈ ਕਿ ਵਿਗਿਆਨ ਦੇ ਏਕੀਕਰਣ ਨਾਲ ਇਕ ਉਤਲੇ ਵਿਗਿਆਨ ਦਾ ਪਤਾ ਲਗਦਾ ਹੈ। ਇਸ ਦੇ ਆਪਣੇ ਨਿਯਮ ਹੁੰਦੇ ਹਨ, ਜੋ ਲੈਬਾਰਟਰੀ ਪ੍ਰੀਖਣ ਤੋਂ ਸੁਤੰਤਰ ਹੁੰਦੇ ਹਨ। ਇਹ ਨਿਯਮ ਸੰਸਾਰਕ ਪੱਧਰ ਉਤੇ ‘ਇਹਾਂ ਊਹਾਂ’ (ਨਿ ਗeਨeਰਅਲ) ਸਹੀ ਸਿੱਧ ਹੁੰਦੇ ਹਨ। ਮਿਸਾਲ ਵਜੋਂ ਇਹ ਨਿਯਮ ਕਿ ਜੋ ਜੀਵ ਪੈਦਾ ਹੁੰਦਾ ਹੈ, ਉਹ ਮਰਦਾ ਵੀ ਹੈ, ਕਿਸੇ ਪ੍ਰਯੋਗਸ਼ਾਲਾ ‘ਚੋਂ ਪਾਸ ਹੋ ਕੇ ਨਹੀਂ ਆਇਆ, ਪਰ ਸੱਚ ਹੈ। ਇਸੇ ਤਰ੍ਹਾਂ ਸੰਸਾਰ ਦਾ ਵਿਕਾਸ ਆਮ ਤੋਂ ਗੁੰਝਲਦਾਰ ਦਿਸ਼ਾ ਵਿਚ ਹੋ ਰਿਹਾ ਹੈ, ਵੀ ਸੱਚ ਹੈ ਭਾਵੇਂ ਇਸ ਸੱਚ ਦੀ ਪੁਸ਼ਟੀ ਵੀ ਪ੍ਰੋਗਸ਼ਾਲਾ ਵਿਚੋਂ ਨਹੀਂ ਹੋਈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਕੋਲ ‘ਨਦਰਿ’ ਭਾਵ ਦ੍ਰਿਸ਼ਟੀ ਹੈ, ਉਹੀ ਅਜਿਹੇ ਨਿਯਮਾਂ ਨੂੰ ਪਛਾਣਦੇ ਹਨ। ਇਸ ਲਈ ਅਜਿਹੇ ਨਿਯਮ ਇਕ ਪੱਧਰ ‘ਤੇ ‘ਵਿਗਿਆਨਕ’ ਨਾ ਹੋ ਕੇ ਵੀ ਦੂਜੇ ਪੱਧਰ ‘ਤੇ ਵਿਗਿਆਨਕ ਹਨ। ਇਸੇ ਤਰ੍ਹਾਂ ਦਾ ਇਕ ਨਿਯਮ ‘ਸਭਨਾ ਜੀਆ ਕਾ ਇਕੁ ਦਾਤਾ’, ਗੁਰੂ ਸਾਹਿਬ ਨੇ ਇਸ ਪਉੜੀ ਵਿਚ ਵੀ ਦਿੱਤਾ ਹੈ। ਭਾਵੇਂ ਇਸ ਵਿਚਲਾ ‘ਇਕ ਦਾਤਾ’ ਨਜ਼ਰ ਨਹੀਂ ਆਉਂਦਾ, ਪਰ ਚੁਫੇਰੇ ਪਸਰੀ ਕੁਦਰਤ ਜਰੂਰ ਦਿੱਸਦੀ ਹੈ। ਇਹ ਉਸ ‘ਇਕ ਦਾਤੇ’ ਦਾ ਹੀ ਪਸਾਰਾ ਹੈ।
ਮਨੁੱਖ ਤੇ ਹੋਰ ਜੀਵਾਂ ਲਈ ਸਭ ਦਾਤਾਂ ਕੁਦਰਤ ਦੀ ਹੀ ਦੇਣ ਹਨ। ਪਾਣੀ, ਧੁਪ, ਹਵਾ, ਧਰਤੀ ਤੇ ਬਨਸਪਤੀ ਕੁਦਰਤ ਵਲੋਂ ਸਭ ਨੂੰ ਖੁੱਲ੍ਹੀਆਂ ਉਪਲਭਦ ਹਨ, ਪਰ ਬਾਕੀ ਸਭ ਵਸਤਾਂ ਮਨੁੱਖ ਆਪਣੀ ਅਕਲ ਤੇ ਮਿਹਨਤ ਨਾਲ ਇਨ੍ਹਾਂ ਤੋਂ ਪੈਦਾ ਕਰਦਾ ਜਾਂ ਬਣਾਉਂਦਾ ਹੈ। ਇਸੇ ਕਰਕੇ ਇਹ ਘੱਟ ਹਨ ਤੇ ਇਨ੍ਹਾਂ ਦਾ ਮੁੱਲ ਪੈਂਦਾ ਹੈ, ਪਰ ਕਦੇ ਕੋਈ ਚੀਜ਼ ਇਸ ਨਿਜ਼ਾਮ ਤੋਂ ਬਾਹਰੋਂ ਨਹੀਂ ਆਈ ਹੈ ਤੇ ਨਾ ਹੀ ਕੋਈ ਮਿਹਨਤ ਦਾ ਅਨੁਪਾਤ ਭਾਵ ਮੁੱਲ ਤੋੜ ਕੇ ਉਸ ਕੋਲ ਪਹੁੰਚੀ ਹੈ।
ਇਹ ਵੀ ਇਕ ਸਿੱਟਾ ਹੀ ਸਮਝੋ ਕਿ ਗੁਰੂ ਸਾਹਿਬ ਦਾ ‘ਸਭਨਾ ਜੀਆ ਕਾ ਇਕ ਦਾਤਾ’ ਵਾਲਾ ਸਿਧਾਂਤ ਸਮਾਜਕ ਤੌਰ ‘ਤੇ ਭਾਈਚਾਰੇ ਦੀ ਭਾਵਨਾ ਵਾਲਾ ਹੈ, ਇਸ ਲਈ ਇਹ ਪ੍ਰਗਤੀਵਾਦੀ ਹੈ। ਜੋ ਸਿਧਾਂਤ ਪ੍ਰਗਤੀਵਾਦੀ ਭਾਵ ਸਰਬੱਤ ਦੇ ਭਲੇ ਲਈ ਹੈ, ਉਹ ਉਦਾਰਵਾਦੀ ਹੈ। ਜੋ ਨਿਯਮ ਪ੍ਰਗਤੀਵਾਦੀ ਤੇ ਉਦਾਰਵਾਦੀ ਹੈ, ਉਹ ਵਿਗਿਆਨਕ ਹੈ ਕਿਉਂਕਿ ਵਿਗਿਆਨ ਅੰਧਵਿਸ਼ਵਾਸ ਦੀਆਂ ਜੰਜ਼ੀਰਾਂ ਤੋੜ ਕੇ ਗਿਆਨ ਨੂੰ ਸਭ ਦੇ ਬਰਾਬਰ ਭਲੇ ਲਈ ਅੱਗੇ ਰੇੜ੍ਹਦਾ ਹੈ। ਇਹ ਵੀ ਇਕ ਹੋਰ ਉਚੇਰਾ ਵਿਗਿਆਨਕ ਨਿਯਮ ਹੈ। ਜੇ ਗੁਰੂ ਸਾਹਿਬ ਦੀ ਸਿਖਿਆ ਇੰਨੇ ਉਚ ਪੱਧਰੇ ਵਿਗਿਆਨਕ ਨਿਯਮਾਂ ਦੇ ਪਰਿਪੇਖ ਤੋਂ ਵਿਗਿਆਨਕ ਹੈ ਤਾਂ ਫਿਰ ਉਨ੍ਹਾਂ ਨੂੰ ਉਤਲੇ ਪੱਧਰ ਵਾਲਾ ਵਿਗਿਆਨੀ ਜਾਂ ਵਿਗਿਆਨੀਆਂ ਦਾ ਵਿਗਿਆਨੀ ਕਹਿਣ ਵਿਚ ਕੀ ਅਤਿ-ਕਥਨੀ ਹੈ?