ਸਰਕਾਰੀ ਕਾਲਜ ਚੰਡੀਗੜ੍ਹ ਨੂੰ ਯਾਦ ਕਰਦਿਆਂ

ਬ੍ਰਿਜਿੰਦਰ ਸਿੰਘ ਸਿੱਧੂ
ਸੇਵਾ ਮੁਕਤ ਪ੍ਰਿੰਸੀਪਲ
ਫੋਨ: 925-683-1982
ਲਗਭਗ ਹਰ ਆਦਮੀ ਆਪਣੇ ਜਨਮ ਦਿਵਸ ਵੇਲੇ ਬੀਤ ਚੁੱਕੀ ਉਮਰ ਦੇ ਸਮੇਂ ਉਤੇ ਪੰਛੀ ਝਾਤ ਮਾਰਦਾ ਹੈ। ਅੱਜ ਮੇਰਾ ਵੀ ਦਿਲ ਕਰ ਆਇਆ ਕਿ ਪਿਛਲੇ ਪੱਚਾਸੀ ਵਰ੍ਹਿਆਂ ਵਿਚੋਂ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ ਪੱਚੀ ਸਾਲ ਲੰਮਾ ਵਕਤ ਕਿਸ ਤਰ੍ਹਾਂ ਗੁਜ਼ਰਿਆ, ਉਸ ਬਾਰੇ ਗੱਲ ਕਰਾਂ। ਸਿਧੇ-ਸਾਦੇ ਸ਼ਬਦ ਪਾਠਕਾਂ ਲਈ ਹਾਜ਼ਰ ਹਨ।

ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਮੈਂ ਤਿੰਨ ਸਾਲ ਐਸ਼ ਡੀ. ਕਾਲਜ ਬਰਨਾਲਾ ਅਤੇ ਛੇ ਸਾਲ ਸਰਕਾਰੀ ਕਾਲਜ, ਫਰੀਦਕੋਟ ਬਿਤਾਏ ਸਨ। ਬਰਨਾਲਾ ਉਸ ਵੇਲੇ ਸਬ ਡਵੀਜ਼ਨ ਸੀ ਪਰ ਪਤਾ ਨਹੀਂ ਲਾਹੌਰ, ਲੁਧਿਆਣਾ, ਸ਼ਿਮਲਾ ਅਤੇ ਪਟਿਆਲੇ ਦੇ ਕਾਲਜਾਂ ਦਾ ਮਸ਼ਹੂਰ ਪ੍ਰਿੰਸੀਪਲ ਅਮੋਲਕ ਰਾਮ ਖੰਨਾ ਬਰਨਾਲੇ ਦੇ ਨਵੇਂ ਕਾਲਜ ਵਿਚ ਕਿਵੇਂ ਆ ਗਿਆ। ਮੇਰੇ ਚੰਗੇ ਭਾਗ! ਮੈਨੂੰ ਉਸ ਨੇ ਬਹੁਤ ਪਿਆਰ ਦਿੱਤਾ। ਬਰਨਾਲੇ ਦੇ ਕੁਝ ਵਿਦਿਆਰਥੀ, ਜੋ ਸੇਵਾ ਮੁਕਤ ਹੋ ਚੁਕੇ ਹਨ, ਅੱਜ ਵੀ ਬਹੁਤ ਸਤਿਕਾਰ ਨਾਲ ਮਿਲਦੇ ਹਨ।
ਸਰਕਾਰੀ ਕਾਲਜ ਫਰੀਦਕੋਟ ਦੀਆਂ ਕਿਆ ਬਾਤਾਂ! ਪਹਿਲੇ ਦਿਨਾਂ ਵਿਚ ਹੀ ਕਈ ਬਹੁਤ ਸੀਨੀਅਰ ਅਧਿਆਪਕਾਂ ਨੇ ਆਪਣੇ ਘਰ ਖਾਣੇ ‘ਤੇ ਬੁਲਾਇਆ। ਬਾਅਦ ਵਿਚ ਵੀ ਪਤਾ ਨਹੀਂ ਕਿੰਨੀ ਛੇਤੀ ਛੇ ਸਾਲ ਗੁਜ਼ਰ ਗਏ।
ਸੋਚਦਾ ਸਾਂ, ਚੰਡੀਗੜ੍ਹ ਜੋ ਪੱਥਰਾਂ ਦਾ ਸ਼ਹਿਰ ਹੈ, ਮੈਨੂੰ ਕਿਹੋ ਜਿਹਾ ਲੱਗੇਗਾ? ਮੇਰਾ ਅਨੁਮਾਨ ਠੀਕ ਹੀ ਨਿਕਲਿਆ। ਇਥੇ ਮੈਨੂੰ ਨਿੱਘ ਦੀ ਘਾਟ ਮਹਿਸੂਸ ਹੋਈ, ਪਰ ਕਾਲਜ ਦੇ ਪ੍ਰਿੰਸੀਪਲ ਡਾ. ਗੋਵਰਧਨ ਲਾਲ ਬਖਸ਼ੀ ਮਹਿੰਦਰਾ ਕਾਲਜ ਪਟਿਆਲੇ ਤੋਂ ਮੇਰੇ ਮਨ ਭਾਉਂਦੇ ਅਤੇ ਬਹੁਤ ਲਾਇਕ ਗਣਿਤ (ਮੈਥ) ਦੇ ਪ੍ਰੋਫੈਸਰ ਸਨ। ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਨਾਲ ਜੀ ਆਇਆਂ ਕਿਹਾ ਅਤੇ ਇਸ ਖੂਬਸੂਰਤ ਸੰਸਥਾ ਵਿਚ ਬਹੁਤ ਸ਼ੌਕ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ। ਭੌਤਿਕ ਵਿਗਿਆਨ ਮੇਰਾ ਵਿਸ਼ਾ ਹੈ। ਇਸ ਦੇ ਨਾਲ-ਨਾਲ ਕਾਲਜ ਦੇ ਹੋਰ ਸਮਾਗਮਾਂ ਵਿਚ ਆਪਣੇ ਯੋਗਦਾਨ ਲਈ ਵੀ ਉਨ੍ਹਾਂ ਨੇ ਉਤਸ਼ਾਹਿਤ ਕੀਤਾ। ਬੱਸ ਫੇਰ ਕੀ ਹੋਇਆ, ਦੂਜੇ ਵਿਸ਼ਿਆਂ ਦੇ ਵਿਦਿਆਰਥੀਆਂ ਨਾਲ ਥੋੜ੍ਹੀ ਬਹੁਤ ਸਾਂਝ ਪੈਣੀ ਕੁਦਰਤੀ ਗੱਲ ਬਣ ਗਈ।
ਤਿੰਨ ਕੁ ਸਾਲ ਪਿੱਛੋਂ ਬੀਬੀ ਐਚ. ਐਮ. ਢਿੱਲੋਂ ਨਵੇਂ ਪ੍ਰਿੰਸੀਪਲ ਆ ਗਏ। ਉਹ ਕਰੀਬ ਅੱਠ ਸਾਲ ਇਸ ਕਾਲਜ ਵਿਚ ਰਹੇ। ਉਹ ਸਮਾਂ ਬਹੁਤ ਸੁਹਾਵਣਾ ਰਿਹਾ। ਬੀਬੀ ਬਹੁਤ ਸੂਝਵਾਨ ਅਤੇ ਤਜਰਬੇਕਾਰ ਸੀ। ਉਨ੍ਹਾਂ ਪਿੱਛੋਂ ਡਾ. ਭਗਤ ਸਿੰਘ ਸਾਲ, ਸਵਾ ਸਾਲ ਲਈ ਪ੍ਰਿੰਸੀਪਲ ਰਹੇ। ਬਹੁਤ ਨੇਕ ਇਨਸਾਨ ਸਨ। ਫੇਰ ਮੈਡਮ ਕੁਸ਼ੱਲਿਆ ਆਤਮਾ ਰਾਮ ਆ ਗਏ, ਜੋ ਆਪਣੇ ਆਪ ਵਿਚ ਬਹੁਤ ਗੁਣਵਾਨ ਸ਼ਖਸੀਅਤ ਸਨ। ਇਹ ਸਾਰੇ ਪ੍ਰਿੰਸੀਪਲ ਇਸ ਕਾਲਜ ਪਿਛੋਂ ਡੀ. ਪੀ. ਆਈ. (ਕਾਲਜਿਜ਼) ਬਣੇ।
ਇਨ੍ਹਾਂ ਦਿਨਾਂ ਦੇ ਚਾਰ ਵਿਦਿਆਰਥੀ, ਜਿਨ੍ਹਾਂ ਨੂੰ ਮੈਂ ਪੜ੍ਹਾਇਆ ਹੈ, ਅਮਰੀਕਾ ਵਿਚ ਬਹੁਤ ਕਾਮਯਾਬ ਇੰਜੀਨੀਅਰ ਅਤੇ ਚੰਗੇ ਡਾਕਟਰ ਹਨ। ਸ਼ਲਿੰਦਰ ਦੇਵਾ, ਤਰੁਣ ਅਰੋੜਾ ਅਤੇ ਡਾ. ਮੰਡੇਰ ਚੰਗੇ ਇਨਸਾਨ ਵੀ ਹਨ।
ਮੈਂ ਬਤੌਰ ਵਿਦਿਆਰਥੀ ਛੇ ਸਾਲ ਹੋਸਟਲ ਵਿਚ ਗੁਜ਼ਾਰੇ ਹਨ। ਮੇਰਾ ਪਿਛੋਕੜ ਪਿੰਡ ਦਾ ਹੈ। ਦੇਖਿਆ ਗਿਆ ਹੈ ਕਿ ਕਾਲਜਾਂ ਦੇ ਮਸਲੇ ਬਹੁਤ ਵਾਰ ਹੋਸਟਲ ਵਿਚ ਹੀ ਵਿਚਾਰੇ ਜਾਂਦੇ ਹਨ। ਮੈਨੂੰ ਥੋੜ੍ਹਾ ਬਹੁਤ ਇਨ੍ਹਾਂ ਵਿਦਿਆਰਥੀਆਂ ਦੀ ਜ਼ਹਿਨੀਅਤ ਦਾ ਪਤਾ ਹੈ। ਸ਼ਾਇਦ ਇਸੇ ਕਰਕੇ ਮੈਡਮ ਕੇ. ਆਤਮਾ ਰਾਮ ਵੇਲੇ ਮੈਨੂੰ ਸੈਂਟਰਲ ਐਸੋਸੀਏਸ਼ਨ ਦਾ ਸਟਾਫ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਕਿ ਮੈਂ ਹੋਸਟਲ ਦੇ ਵਸਨੀਕਾਂ ਨਾਲ ਚੰਗਾ ਤਾਲਮੇਲ ਕਰ ਸਕਾਂ।
ਮੈਨੂੰ ਪਤਾ ਸੀ, ਮੇਰੇ ਚੰਡੀਗੜ੍ਹ ਪਹੁੰਚਣ ਵਾਲੇ ਸਾਲ ਹੀ ਸਾਬਕਾ ਆਈ. ਏ. ਐਸ਼ ਗੁਰਤੇਜ ਸਿੰਘ ਅਤੇ ਸਾਬਕਾ ਆਈ. ਪੀ. ਐਸ਼ ਸਿਮਰਨਜੀਤ ਸਿੰਘ ਮਾਨ ਇਸੇ ਹੋਸਟਲ ਵਿਚ ਰਹੇ ਸਨ। ਉਹ ਹਿਸਟਰੀ ਦੇ ਬਹੁਤ ਲਾਇਕ ਵਿਦਿਆਰਥੀ ਸਨ। ਉਨ੍ਹਾਂ ਦੇ ਵਿਚਾਰ ਉਨ੍ਹਾਂ ਨੂੰ ਮੁਬਾਰਕ! ਹੋਰਾਂ ਦਾ ਉਨ੍ਹਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਪਰ ਇਕ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਦੋਹਾਂ ਨੇ ਉਚ-ਪਦਵੀ ਨੂੰ ਲੱਤ ਮਾਰੀ ਜਦੋਂ ਕਿ ਹਜ਼ਾਰਾਂ ਬੰਦੇ ਇਸ ਪਦਵੀ ਨੂੰ ਤਰਸ ਰਹੇ ਹਨ। ਜੇ ਕਰਮਾਂ ਨਾਲ ਇਹ ਪ੍ਰਾਪਤ ਹੋ ਜਾਵੇ ਤਾਂ ਵੱਧ ਤੋਂ ਵੱਧ ਸਮਾਂ ਇਸ ਨਾਲ ਚਿੰਬੜੇ ਰਹਿੰਦੇ ਹਨ।
ਮੇਰੇ ਦੇਖਦਿਆਂ-ਦੇਖਦਿਆਂ ਸਾਡੇ ਵਿਦਿਆਰਥੀ ਗੁਰਜੀਤ ਸਿੰਘ ਚੀਮਾ ਆਈ. ਏ. ਐਸ਼ ਅਤੇ ਗੁਰਬਿੰਦਰ ਸਿੰਘ ਔਜਲਾ ਆਈ. ਪੀ. ਐਸ਼ ਚੁਣੇ ਗਏ। ਦੋਹਾਂ ਨੇ ਸੇਵਾ ਮੁਕਤੀ ਤੱਕ ਬੜੀ ਹਿੰਮਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਅੱਜ ਤੱਕ ਸਾਹਿਤਕ ਰੁਚੀ ਵਾਲੇ ਬਹੁਤ ਸੰਜੀਦਾ ਵਿਦਵਾਨ ਹਨ।
ਇਨ੍ਹਾਂ ਪਿਛੋਂ ਮੋਗੇ ਦੇ ਨੇਕ ਸਿਆਸਤਦਾਨ ਸ਼ ਨਛੱਤਰ ਸਿੰਘ ਦੇ ਦੋ ਬੇਟੇ ਕਾਲਜ ਹੋਸਟਲ ਵਿਚ ਪਧਾਰੇ। ਬਹੁਤ ਚੰਗੇ ਬੁਲਾਰੇ ਸਨ ਦੋਨੋਂ, ਆਈ. ਪੀ. ਐਸ ਵਿਚ ਬਾਜ਼ੀ ਮਾਰ ਗਏ ਅਤੇ ਆਰ. ਐਸ਼ ਗਿੱਲ ਤੇ ਪੀ. ਬੀ. ਐਸ਼ ਗਿੱਲ ਨਾਂ ਹੇਠ ਮਹਿਕਮੇ ਦੀ ਪੌੜੀ ਦੇ ਸਿਖਰਲੇ ਟੰਬੇ ਤੱਕ ਪਹੁੰਚੇ।
ਕਈ ਵਿਦਿਆਰਥੀ ਸਥਾਨਕ ਕਾਲਜਾਂ ਵਿਚ ਖੁਸ਼ੀ-ਖੁਸ਼ੀ ਪੜ੍ਹ ਰਹੇ ਹਨ, ਪਰ ਉਨ੍ਹਾਂ ਦੇ ਮਨ ਦੀ ਤਾਂਘ ਸੀ ਕਿ ਬੀ. ਏ. ਦੀ ਡਿਗਰੀ ਸਰਕਾਰੀ ਕਾਲਜ ਤੋਂ ਹੀ ਮਿਲੇ। ਮੈਂ ਉਨ੍ਹਾਂ ਦੀ ਮਦਦ ਕੀਤੀ, ਨਹੀਂ ਤਾਂ ਸਥਾਨਕ ਮਾਈਗਰੇਸ਼ਨ ਬਹੁਤ ਮੁਸ਼ਕਿਲ ਸੀ। ਮੇਜਰ ਤੂਰ ਅਤੇ ਦਵਿੰਦਰ ਸਰੋਆ ਪੀ. ਸੀ. ਐਸ਼ ਉਨ੍ਹਾਂ ਵਿਚੋਂ ਹਨ।
ਹਿਸਟਰੀ ਵਿਭਾਗ ਵਲੋਂ ਇਕ ਡੀਬੇਟ ਮੈਨੂੰ ਬਹੁਤ ਚੰਗੀ ਲਗਦੀ ਸੀ, ਉਹ ਸੀ, ‘ਦੁਨੀਆਂ ਦੇ ਲੀਡਰਾਂ ਦੀਆਂ ਯਾਦ ਰੱਖਣ ਵਾਲੀਆਂ ਤਕਰੀਰਾਂ।’ ਜਿਵੇਂ ਚਰਚਲ ਦੀ ਦੂਜੇ ਸੰਸਾਰ ਯੁੱਧ ਵੇਲੇ ਇੰਗਲਿਸਤਾਨ ਦੇ ਲੋਕਾਂ ਲਈ, ਨਿਕਸਨ ਦੀ ਇੰਪੀਚਮੈਂਟ ਵੇਲੇ ਪ੍ਰਧਾਨਗੀ ਛੱਡਣ ਪਿਛੋਂ ਵ੍ਹਾਈਟ ਹਾਊਸ ਦੇ ਸਟਾਫ ਨੂੰ ਵਗੈਰਾ ਵਗੈਰਾ। ਇਨ੍ਹਾਂ ਸਮਾਗਮਾਂ ਵਿਚ ਰਾਜਨ ਕਸ਼ਯਪ ਬਹੁਤ ਚੰਗਾ ਬੁਲਾਰਾ ਸੀ। ਉਹ ਪਿਛੋਂ ਆਈ. ਏ. ਐਸ਼ ਹੋ ਕੇ ਪੰਜਾਬ ਦਾ ਚੀਫ ਸੈਕਟਰੀ ਬਣਿਆ।
ਜਿਨ੍ਹਾਂ ਦਿਨਾਂ ਵਿਚ ਮੈਂ ਸੈਂਟਰਲ ਐਸੋਸੀਏਸ਼ਨ ਦਾ ਮੁੱਖ ਸਲਾਹਕਾਰ ਸਾਂ, ਬਿਹਾਰ ਤੋਂ ਇਕ ਲੜਕਾ ਆਇਆ, ਉਸ ਨੇ ਕਿਹਾ ਕਿ ਬਿਹਾਰ ਵਿਚ ਇਮਤਿਹਾਨ ਹੀ ਨਹੀਂ ਹੁੰਦੇ, ਮੈਂ ਇਸੇ ਲਈ ਇਥੇ ਪੜ੍ਹਨ ਆਇਆ ਹਾਂ। ਉਸ ਨੇ ਤਾਂ ਕਮਾਲ ਹੀ ਕਰ ਦਿੱਤੀ। ਅਗਲੇ ਸਾਲ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਬਣ ਗਿਆ। ਉਸ ਦਾ ਨਾਂ ਰਾਜੀਵ ਪ੍ਰਤਾਪ ਰੂਡੀ ਹੈ, ਅੱਜ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ ਹੈ। ਮੇਰੇ ਪਿੰਡ ਦਾ ਜਗਦੀਪ ਨਕਈ ਵੀ ਇਸੇ ਕਾਲਜ ਦਾ ਵਿਦਿਆਰਥੀ ਹੈ, ਜੋ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਵਿਚ ਸਿਆਸਤ ਵਿਚ ਕੁੱਦ ਪਿਆ ਅਤੇ ਪਿਛਲੀ ਵਜ਼ਾਰਤ ਵਿਚ ਚੀਫ ਪਾਰਲੀਮੈਂਟਰੀ ਸੈਕਟਰੀ ਬਣ ਗਿਆ।
ਮੇਰੇ ਪਿੰਡ ਦੇ ਨੇੜਲੇ ਕਸਬੇ ਤਪਾ ਮੰਡੀ ਤੋਂ ਸੇਠ ਪਿਆਰਾ ਲਾਲ ਦਾ ਬੇਟਾ ਪਵਨ ਕੁਮਾਰ ਬਾਂਸਲ ਇਸ ਕਾਲਜ ਤੋਂ ਬੀ. ਐਸ਼ ਸੀ. ਕਰਕੇ ਲਾਅ ਕਾਲਜ ਦੀ ਪੜ੍ਹਾਈ ਪਿੱਛੋਂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ। ਚੰਡੀਗੜ੍ਹ ਤੋਂ ਐਮ. ਪੀ. ਚੁਣੇ ਜਾਣ ਪਿਛੋਂ ਸੈਂਟਰ ਦਾ ਕੈਬਨਿਟ ਮੰਤਰੀ ਬਣ ਗਿਆ।
ਮੇਰੇ ਵੇਲੇ ਦੇ ਕੁਝ ਹੋਰ ਵਿਦਿਆਰਥੀ ਕਾਨੂੰਨ ਦੀ ਵਿਦਿਆ ਪ੍ਰਾਪਤ ਕਰਨ ਪਿੱਛੋਂ ਬਹੁਤ ਉਚੀਆਂ ਪਦਵੀਆਂ ‘ਤੇ ਪਹੁੰਚੇ ਹਨ। ਦੋ ਕੁ ਸਾਲ ਪਹਿਲਾਂ ਸੇਵਾ ਮੁਕਤ ਹੋਏ ਭਾਰਤ ਦੇ ਚੀਫ ਜਸਟਿਸ ਸ਼ ਜਗਦੀਸ਼ ਸਿੰਘ ਖੇਹਰ ਨੇ ਬੀ. ਐਸ਼ ਸੀ. ਮੈਡੀਕਲ ਇਸੇ ਸੰਸਥਾ ਤੋਂ ਕੀਤੀ ਸੀ। ਸ੍ਰੀ ਸੱਤਪਾਲ ਜੈਨ ਵਧੀਕ ਸੋਲਿਸਟਰ ਜਨਰਲ ਭਾਰਤ, ਕੇ. ਟੀ. ਐਸ਼ ਤੁਲਸੀ ਅਤੇ ਅਮੋਲ ਰਤਨ ਸਿੰਘ ਸਿੱਧੂ ਵੀ ਇਹੋ ਜਿਹੀਆਂ ਪਦਵੀਆਂ ਪ੍ਰਾਪਤ ਕਰ ਚੁਕੇ ਹਨ। ਮੇਰੇ ਟਿਓਟੋਰੀਅਲ ਗਰੁੱਪ ਦਾ ਮੇਰਾ ਅਜ਼ੀਜ਼ ਉਚ ਕੋਟੀ ਦਾ ਵਕੀਲ ਹੈ, ਐਮ. ਐਲ਼ ਸਰੀਂ। ਇਹ ਸਾਰੇ ਚਮਕਦੇ ਹੀਰੇ ਮੇਰੀ ਯਾਦ ਦਾ ਹਿੱਸਾ ਹਨ।
ਇਕ ਹੋਰ ਅਣਗੌਲਿਆ ਹੀਰਾ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਉਹ ਹੈ ਅਮੋਲਕ ਸਿੰਘ ਜੰਮੂ। ਇਹ ਮੇਰਾ ਅਜ਼ੀਜ਼ ਇਸ ਸੰਸਥਾ ਦਾ ਤਰਾਸ਼ਿਆ ਗਿਆ ਅਨਮੋਲ ਹੀਰਾ ਹੈ। ਇਸ ਵੇਲੇ ਅਮਰੀਕਾ ਵਿਚ ਹਫਤਾਵਾਰੀ ਪੰਜਾਬੀ ਅਖਬਾਰ ‘ਪੰਜਾਬ ਟਾਈਮਜ਼’ ਦਾ ਸੰਪਾਦਕ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਪੰਜਾਬੀ ਬੋਲੀ ਵਿਚ ਸੰਖੇਪਤਾ ਅਤੇ ਸਹੀ ਢੰਗ ਨਾਲ ਲਿਖਣ ਦੀ ਜੋ ਸਿੱਖਿਆ ਸਰਕਾਰੀ ਕਾਲਜ ਚੰਡੀਗੜ੍ਹ ਦਾ ਪ੍ਰੋ. ਬਲਬੀਰ ਸਿੰਘ ਦਿਲ ਦੇ ਗਿਆ, ਉਹ ਕਦੀ ਨਹੀਂ ਭੁੱਲਦਾ।
ਇਹ ਮੇਰਾ ਬਰਖੁਰਦਾਰ ਪਿਛਲੇ 20 ਸਾਲਾਂ ਤੋਂ ਅਣਥੱਕ ਮਿਹਨਤ ਨਾਲ ਇਸ ਅਖਬਾਰ ਨੂੰ ਚੜ੍ਹਦੀ ਕਲਾ ਵਿਚ ਰੱਖ ਰਿਹਾ ਹੈ। ਅਮਰੀਕਾ ਵਿਚ ਪੰਜਾਬੀ ਅਖਬਾਰ ਹਜ਼ਾਰਾਂ ਦੀ ਗਿਣਤੀ ਵਿਚ ਮੁਫਤ ਵੰਡੇ ਜਾਂਦੇ ਹਨ। ਇਨ੍ਹਾਂ ਨੂੰ ਜੀਵਤ ਰੱਖਣ ਦਾ ਮਾਇਕ ਸਾਧਨ ਕੇਵਲ ਇਸ਼ਤਿਹਾਰ ਹੀ ਹਨ। ਬਹੁਤ ਵਾਰ ਇਸ਼ਤਿਹਾਰ ਦੇਣ ਵਾਲੇ ਸੱਜਣ ਮਾਇਆ ਭੇਜਣ ਵਿਚ ਘੌਲ ਕਰ ਜਾਂਦੇ ਹਨ ਤੇ ਅਖਬਾਰ ਦੀ ਹੋਂਦ ਲੜਖੜਾ ਜਾਂਦੀ ਹੈ ਪਰ ਇਹ ਅਮੋਲਕ ਹੀਰਾ ਢਹਿੰਦੀ ਸਿਹਤ ਦੇ ਬਾਵਜੂਦ ਇਸ ਅਖਬਾਰ ਦੇ ਮਿਆਰ ਨੂੰ ਡਾਵਾਂਡੋਲ ਸਥਿਤੀ ਵਿਚ ਪਹੁੰਚਣ ਨਹੀਂ ਦਿੰਦਾ। ਹਰ ਬੁੱਧਵਾਰ ਇੰਟਰਨੈਟ ਅਤੇ ਪਾਠਕਾਂ ਦੇ ਹੱਥਾਂ ਵਿਚ ਭੇਜ ਦਿੰਦਾ ਹੈ।
ਅਮੋਲਕ ਪਿਛਲੇ 42 ਸਾਲਾਂ ਤੋਂ ਸਟੀਫਨ ਹਾਕਿੰਗ ਵਾਲੇ ਲਾਇਲਾਜ ਰੋਗ ਏ. ਐਲ਼ ਐਸ਼ ਨਾਲ ਜੂਝ ਰਿਹਾ ਹੈ। ਇਸ ਦੀ ਅਣਥਕ ਹਿੰਮਤ ਨੂੰ ਮੇਰੀ ਸਾਬਾਸ਼! ਉਸ ਦੀ ਧਰਮ ਪਤਨੀ ਜਸਪ੍ਰੀਤ ਅਤੇ ਅਖਬਾਰ ਦੇ ਸਲਾਹਕਾਰ ਅਮੋਲਕ ਦੀ ਹੌਸਲਾ-ਅਫਜ਼ਾਈ ਦੇ ਪਾਤਰ ਹਨ। ਮਾਰਚ 2015 ਵਿਚ ਮੈਂ ਅਤੇ ਮੇਰੀ ਪਤਨੀ ਇਸ ਪਰਿਵਾਰ ਨੂੰ ਸ਼ਿਕਾਗੋ ਮਿਲਣ ਗਏ ਸੀ। ਆਪਣੇ ਵਲੋਂ ਇਸ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਸਾਡੇ ਵਿਤ ਅਨੁਸਾਰ ਸਹਾਇਤਾ ਦਾ ਭਰੋਸਾ ਦੇ ਕੇ ਆਏ ਸੀ। ਖੁਸ਼ੀ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਵਿਸਕਾਨਸਿਨ ਦਾ ਇਕ ਮਸ਼ਹੂਰ ਪੰਜਾਬੀ ਡਾਕਟਰ ਮੈਨੂੰ ਇਸ ਚਮਕਦੇ ਹੀਰੇ ਦੀ ਚਮਕ ਨੂੰ ਕਾਇਮ ਰੱਖਣ ਦਾ ਭਰੋਸਾ ਦੇ ਕੇ ਗਿਆ ਹੈ।
ਮੇਰੇ ਵੇਲੇ ਸਟਾਫ ਵਿਚ ਕੋਈ ਪਾਰਟੀਬਾਜ਼ੀ ਨਹੀਂ ਸੀ। ਪਹਿਲਵਾਨ ਅਜੀਤ ਸਿੰਘ ਕੰਗ ਦੀ ਛਤਰ ਛਾਇਆ ਅਧੀਨ ਹਰ ਸਾਲ ਬਾਕਸਿੰਗ ਅਤੇ ਰੈਸਲਿੰਗ ਦਾ ਪਹਿਲਾ ਇਨਾਮ ਇਸੇ ਸੰਸਥਾ ਨੂੰ ਮਿਲਦਾ ਸੀ। ਮਿਸਟਰ ਕਾਲਜ ਦੀ ਹਰ ਵਰ੍ਹੇ ਚੋਣ ਆਪਣੇ ਆਪ ਵਿਚ ਦਿਲਕਸ਼ ਨਜ਼ਾਰਾ ਹੁੰਦਾ ਸੀ। ਬਹੁਤ ਵਾਰ ਇਹ ਸਾਰੇ ਚਮਕਦੇ ਸਿਤਾਰੇ ਮੇਰੇ ਜੀਵਨ ਦੇ ਆਕਾਸ਼ ਵਿਚ ਤਾਜ਼ੀ ਹਵਾ ਦਾ ਬੁੱਲਾ ਬਣ ਕੇ ਆਉਂਦੇ ਹਨ ਅਤੇ ਕੁਝ ਪਲਾਂ ਲਈ ਮੇਰੀ ਰੂਹ ਨੂੰ ਰੁਸ਼ਨਾ ਅਤੇ ਨਸ਼ਿਆ ਦਿੰਦੇ ਹਨ। ਯਾਦ ਕਰ ਲੈਂਦਾ ਹਾਂ ਕਿ ਜਦੋਂ ਸਾਇੰਸ ਦੀ ਪੜ੍ਹਾਈ ਲਈ ਸ਼ਾਮ ਦਾ ਕਾਲਜ ਸ਼ੁਰੂ ਹੋਇਆ ਤਾਂ ਮੈਂ (75 ਰੁਪਏ ਮਹੀਨਾ ਸੇਵਾ ਫਲ) ਨਾਲ ਖਿੜੇ ਮੱਥੇ ਸ਼ਾਮ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਲਗਭਗ ਹਰ ਸਾਲ ਯੂ. ਪੀ. ਐਸ਼ ਸੀ. ਅਤੇ ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨਾਂ ਵਿਚ ਮੈਂ ਵਧੀਕ ਕੰਟਰੋਲਰ ਦੀ ਹੈਸੀਅਤ ਵਿਚ ਬਹੁਤ ਨਿਮਾਣੀ ਜਿਹੀ ਉਜਰਤ ਨਾਲ ਡਿਊਟੀ ਨਿਭਾਈ। ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਨਕਲ ਕਰਨ ਦੇ ਕੋਝੇ ਰੁਝਾਨ ਨੂੰ ਨੱਥ ਪਾਉਣ ਦੀ ਕਾਫੀ ਕਾਮਯਾਬ ਕੋਸ਼ਿਸ਼ ਕੀਤੀ। ਮੇਰਾ ਘਰ ਕਾਲਜ ਦੇ ਬਹੁਤ ਨਜ਼ਦੀਕ ਹੈ। ਹਰ ਸਾਲ ਚੰਡੀਗੜ੍ਹ ਗੇੜਾ ਮਾਰਦਾ ਹਾਂ। ਹਰ ਰੋਜ਼ ਇਸ ਸੰਸਥਾ ਵੱਲ ਬਹੁਤ ਉਤਸ਼ਾਹ ਨਾਲ ਦੇਖਦਾ ਹਾਂ, ਪਰ ਅੰਦਰ ਜਾਣ ਤੋਂ ਝਿਜਕਦਾ ਹਾਂ। ਸੋਚਦਾ ਹਾਂ, ਗੇਟ ‘ਤੇ ਖੜਾ ਚੌਕੀਦਾਰ ਪੁੱਛੇਗਾ, ਤੁਸੀਂ ਕੌਣ ਹੋ? ਕਿਸ ਨੂੰ ਮਿਲਣਾ ਹੈ? ਮੈਂ ਕੀ ਕਹਾਂਗਾ? ਕਾਲਜ ਵਿਚ ਤਾਂ ਮੈਨੂੰ ਕੋਈ ਜਾਣਦਾ ਨਹੀਂ, ਪਛਾਣਦਾ ਨਹੀਂ! ਇਕ ਠੰਢਾ ਜਿਹਾ ਸਾਹ ਭਰ ਲੈਂਦਾ ਹਾਂ। ਕਈ ਵਾਰ ਇਹ ਵੀ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਨਾਂ ਇੰਨੇ ਪਿਆਰ ਭਰੇ ਲਹਿਜ਼ੇ ਵਿਚ ਲਿਖਿਆ ਹੈ, ਉਹ ਇਸ ਮਾਇਆਧਾਰੀ ਅਤੇ ਘੁਮੰਡੀ ਸਮਾਜ ਵਿਚ ਵਿਚਰਦਿਆਂ ਮੇਰੇ ਵਰਗੇ ਸਾਧਾਰਨ ਕਾਲਜ ਅਧਿਆਪਕ ਨੂੰ ਤਾਂ ਸ਼ਾਇਦ ਪਛਾਣਦੇ ਵੀ ਨਾ ਹੋਣ, ਯਾਦ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ! ਫੇਰ ਵੀ ਹੱਥਾਂ ਵਿਚ ਸਿਰ ਫੜ ਕੇ ਗਮਗੀਨ ਅਵਸਥਾ ਵਿਚ ਰਹਿਣਾ ਮੇਰੀ ਫਿਤਰਤ ਨਹੀਂ ਅਤੇ ਬੀਤੇ ਸਮੇਂ ਦੇ ਖੂਬਸੂਰਤ ਲਮਹਿਆਂ ਨੂੰ ਯਾਦ ਕਰਨਾ ਮੇਰੀ ਢਲਦੀ ਉਮਰ ਦਾ ਵਡਮੁੱਲਾ ਸਰਮਾਇਆ ਹੈ।
ਕਈ ਸਾਲ ਪਹਿਲਾਂ ਅਸੀਂ ਇਸ ਕਾਲਜ ਅਤੇ ਪੰਜਾਬ ਦੇ ਕਾਲਜਾਂ ਤੋਂ ਸੇਵਾ ਮੁਕਤ ਹੋਏ ਪ੍ਰਿੰਸੀਪਲ ਤੇ ਅਧਿਆਪਕ ਸਾਲਾਨਾ ਮੀਟਿੰਗ ਇਸ ਕਾਲਜ ਦੇ ਹਾਲ ਵਿਚ ਕਰਦੇ ਸੀ। ਬੜਾ ਚੰਗਾ ਲਗਦਾ ਸੀ ਪਰ ਹੁਣ ਯੂ. ਟੀ. ਪ੍ਰਸ਼ਾਸਨ ਨੇ ਇਹੋ ਜਿਹੀ ਮੀਟਿੰਗ ਦੀ ਆਗਿਆ ਲਈ ਕਈ ਹਜ਼ਾਰ ਰੁਪਏ ਫੀਸ ਦੇਣਾ ਜ਼ਰੂਰੀ ਕਰ ਦਿੱਤਾ ਹੈ। ਇਹ ਦੇਖ ਕੇ ਮਨ ਨੂੰ ਠੇਸ ਲੱਗੀ ਹੈ।
ਇਕ ਆਸ ਲਾਈ ਬੈਠਾ ਹਾਂ ਕਿ ਇਹ ਪਿਆਰਾ ਪੌਦਾ ਲਾਹੌਰ ਤੋਂ ਉਖਾੜ ਕੇ ਚੰਡੀਗੜ੍ਹ ਲਿਆਂਦਾ ਗਿਆ ਸੀ, ਇਸ ਨੂੰ ਹਰਿਆ-ਭਰਿਆ ਰੱਖਣ ਲਈ ਸੁਚੱਜੀ, ਤਜਰਬੇਕਾਰ ਅਤੇ ਉਚ ਕੋਟੀ ਦੇ ਇਖਲਾਕ ਵਾਲੀ ਲੀਡਰਸ਼ਿਪ ਮਿਲੇ, ਜੋ ਮਨੁੱਖੀ ਕਦਰਾਂ ਕੀਮਤਾਂ ਅਤੇ ਤਜਾਰਤੀਕਰਨ ਦੇ ਘਾਣ ਤੋਂ ਇਸ ਨੂੰ ਬਚਾਵੇ। ਮੈਨੂੰ ਪੂਰਨ ਯਕੀਨ ਹੈ ਕਿ ਮੇਰੀ ਆਸ ਨੂੰ ਬੂਰ ਪਵੇਗਾ।