ਸਾਡਾ ਕੋਈ ਹੱਲ ਨਹੀਂ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਅਸੀਂ ਭਾਰਤੀ ਲੋਕ ਆਪਣੀਆਂ ਜਾਤੀ ਖੁੱਡਾਂ ਵਿਚ ਹੀ ਵੜੇ ਅਤੇ ਦੜੇ ਰਹਿਣ ਦੇ ਆਦੀ ਹਾਂ। ਹਰ ਜਾਤ ਦੇ ਲੋਕਾਂ ਨੇ ਦੂਜੀਆਂ ਜਾਤਾਂ ਦੇ ਲੋਕਾਂ ਬਾਬਤ ਅਜਿਹੇ ਚੁਟਕਲੇ ਬਣਾਏ ਹੋਏ ਹਨ, ਜੋ ਸੁਣ ਕੇ ਸਿਰਫ ਸੁਣਾਉਣ ਵਾਲੇ ਹੀ ਹੱਸਦੇ ਹਨ। ਸਾਡੇ ਹਾਸੇ ਵੀ ਕਿੱਡੇ ਅਜੀਬ ਹਨ, ਜੋ ਕਿਸੇ ਦੀ ਖਿੱਲੀ ‘ਤੇ ਨਿਰਭਰ ਕਰਦੇ ਹਨ; ਤਾਂ ਹੀ ਕਹਿੰਦੇ ਹਨ, ‘ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ।’
ਜਾਤੀਗਤ ਚੁਟਕਲਿਆਂ ਤੋਂ ਲੋਕਾਂ ਦੇ ਬੌਧਿਕ ਪੱਧਰ ਦੇ ਦਰਸ਼ਨ ਵੀ ਸੌਖੇ ਹੀ ਹੋ ਜਾਂਦੇ ਹਨ। ਆਮ ਲੋਕਾਂ ਦੇ ਚੁਟਕਲੇ ਵੀ ਆਮ ਤੇ ਵਿਦਵਾਨਾਂ ਦੇ ਚੁਟਕਲੇ ਵੀ ਵਿਦਵਾਨ ਹੁੰਦੇ ਹਨ।

ਸਾਨੂੰ ਆਪਣੇ ਘਰਾਂ ਵਿਚ ਬੜੀ ਅਜੀਬ ਕਿਸਮ ਦੀ ਗੁੜ੍ਹਤੀ ਮਿਲਦੀ ਹੈ, ਜਿਸ ਦਾ ਅਸਰ ਉਤਾਰਨ ਵਿਚ ਸਾਡੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵੀ ਫੇਲ੍ਹ ਹੋ ਜਾਂਦੀਆਂ ਹਨ। ਤਾਉਮਰ ਉਨ੍ਹਾਂ ਗੁੜ੍ਹਤੀਆਂ ਦਾ ਅਸਰ ਨਹੀਂ ਜਾਂਦਾ।
ਫਿਲਮ ‘ਦੇਵਦਾਸ’ ਦਾ ਦ੍ਰਿਸ਼ ਚੇਤੇ ਆਇਆ। ਦੇਵਦਾਸ ਦੀ ਮਾਂ ਜਕਦੀ ਤੇ ਡਰਦੀ ਆਪਣੇ ਜਗੀਰਦਾਰ ਪਤੀ ਨਾਲ ਦੇਵਦਾਸ ਦੇ ਬਚਪਨ ਦੀ ਦੋਸਤ ਪਾਰੋ ਦੇ ਵਿਆਹ ਦੀ ਗੱਲ ਤੋਰਦੀ ਹੈ। ਉਹਦੇ ਮਨ ਵਿਚ ਦੇਵਦਾਸ ਦਾ ਇਸ਼ਾਰਾ ਹੁੰਦਾ ਹੈ। ਉਨ੍ਹੇ ਹਾਲੇ ‘ਦੇਵ’ ਹੀ ਕਿਹਾ ਹੁੰਦਾ ਹੈ ਕਿ ਦੇਵਦਾਸ ਦਾ ਬਾਪ ਹੁੱਕੇ ਦੀ ਨਾਲੀ ਮੂੰਹੋਂ ਕੱਢ ਕੇ ਲਾਲ ਪੀਲਾ ਹੋ ਕੇ ਕਹਿੰਦਾ ਹੈ, “ਯੇ ਕੈਸੇ ਹੋ ਸਕਤਾ ਹੈ? ਏਕ ਤੋ ਛੋਟੀ ਜਾਤੀ ਕੇ ਬ੍ਰਾਹਮਣ…।”
ਇਹ ਫਿਲਮ ਦੇਖ ਦੇਖ ਮੈਂ ਵੱਡਾ ਹੋਇਆ ਅਤੇ ਰੋਇਆ ਹਾਂ, ਪਰ ਉਕਤ ਗੱਲ ਸਮਝਣ ਨੂੰ ਬੜੀ ਦੇਰ ਲੱਗੀ ਕਿ ਖੁਦ ਨੂੰ ਸਵਰਣ ਸਮਝਣ ਵਾਲੇ ਬ੍ਰਾਹਮਣ ਵਰਣ ਵਿਚ ਵੀ ਨੀਵੀਂ ਤੇ ਉਚ ਜਾਤੀ ਬ੍ਰਾਹਮਣ ਹੁੰਦੇ ਹਨ।
ਖੱਤਰੀ ਵਰਣ ਦੀਆਂ ਕਈ ਜਾਤਾਂ ਦੇ ਲੋਕ ਵੀ ਕਈ ਖੱਤਰੀ ਜਾਤਾਂ ਨੂੰ ਨਖਿੱਧ ਸਮਝਦੇ ਹਨ। ਚਾਰ ਜਾਤੀ, ਬਾਰਾਂ ਜਾਤੀ, ਬਵੰਜਾ ਜਾਤੀ ਅਤੇ ‘ਔਰੇ’ ਵਾਲੀ ਕਹਾਣੀ ਤਾਂ ਕਨਿੰਘਮ ਨੇ ਵੀ ਲਿਖੀ ਹੈ। ਵੈਸ਼ ਵਰਣ ਬਾਬਤ ਮੈਂ ਕੁਝ ਨਹੀਂ ਕਹਿ ਸਕਦਾ, ਪਰ ਸ਼ੂਦਰ ਵਰਣ ਬਾਬਤ ਤਾਂ ਪੁਛੋ ਕੁਝ ਨਾ। ‘ਨੌਂ ਪੂਰਬੀਏ, ਸਤਾਰਾਂ ਚੁੱਲ੍ਹੇ’ ਵਾਲੀ ਗੱਲ ਹੈ। ਜਿਨ੍ਹਾਂ ਲੋਕਾਂ ਨੂੰ ਜਾਤੀ ਨਫਰਤ ਤੋਂ ਮੁਕਤੀ ਦੀ ਵੱਧ ਲੋੜ ਹੈ, ਉਹੀ ਲੋਕ ਜਾਤੀਗਤ ਦਲਦਲ ਵਿਚ ਗਲ ਤੱਕ ਨਹੀਂ, ਨੱਕ ਤੱਕ ਡੁੱਬੇ ਹੋਏ ਹਨ। ਸਮਝ ਨਹੀਂ ਲੱਗਦੀ ਕਿ ਸਾਹ ਕਿੱਦਾਂ ਅਤੇ ਕਿੱਥੋਂ ਲੈਂਦੇ ਹੋਣਗੇ।
ਹਰ ਜਾਤ ਦੇ ਲੋਕ ਆਪਣੇ ਤੋਂ ਹੇਠਲੀ ਸਮਝੀ ਜਾਂਦੀ ਜਾਤ ਦੇ ਲੋਕਾਂ ਨੂੰ ਨਫਰਤ ਕਰਦੇ ਹਨ ਤੇ ਆਪਣੇ ਤੋਂ ਉਪਰਲੀ ਸਮਝੀ ਜਾਂਦੀ ਜਾਤ ਨਾਲ ਈਰਖਾ ਵੀ ਕਰਦੇ ਹਨ ਤੇ ਹੇਰ ਫੇਰ ਨਾਲ ਉਨ੍ਹਾਂ ਵਿਚ ਘੁਸੜਨ ਦੀ ਕੋਸ਼ਿਸ਼ ਵੀ ਕਰਦੇ ਹਨ।
ਜਾਤੀਵਾਦ ਦੇ ਭਰਮਜਾਲ ਵਿਚ ਫਸੇ ਅਤੇ ਗ੍ਰਸੇ ਲੋਕ ਦੁਆਬੇ ਦੇ ‘ਮਿਨਹਾਸ’ ਗੋਤਰ ਵਾਲੇ ਲੋਕਾਂ ਨੂੰ ਜੱਟਾਂ ਨਾਲੋਂ ਰਤਾ ਹੇਠਾਂ ਸਮਝਦੇ ਹਨ। ਇਸ ਇਲਾਕੇ ਦੇ ਕਾਲਜ ਵਿਚ ਇਕ ਪ੍ਰਿੰਸੀਪਲ ਆਏ, ਜੋ ਖੁਦ ਨੂੰ ਮਿਨਹਾਸ ਲਿਖਦੇ ਸਨ ਤੇ ਇੱਥੋਂ ਦੇ ਲੋਕ ਉਨ੍ਹਾਂ ਨੂੰ ‘ਆਪਣਾ ਬੰਦਾ’ ਸਮਝਣ ਲੱਗ ਪਏ। ਉਹਨੂੰ ਗੱਲਾਂ ਗੱਲਾਂ ਵਿਚ ਬੜੇ ਤਰੱਦਦ ਨਾਲ ਘੁਮਾ ਫਿਰਾ ਕੇ ਦੱਸਣਾ ਪੈਂਦਾ ਕਿ ਉਹ ਮਿਨਹਾਸ ਹੈ, ਪਰ ਉਹ ‘ਉਹ ਮਿਨਹਾਸ ਨਹੀਂ।’
ਗੋਤਾਂ ਦੇ ਨਿੱਕੇ ਨਿੱਕੇ ਫਰਕ ਵੱਡੀ ਬਿਪਤਾ ਖੜ੍ਹੀ ਕਰ ਦਿੰਦੇ ਹਨ। ਮੇਰੇ ਨਾਲ ਦੇ ਕਾਲਜ ਵਿਚ ਇਕ ਪ੍ਰੋ. ਸੱਤਪਾਲ ਵਿਰਦੀ ਸੀ। ਕੋਈ ਦੁਆਬੀਆ ਉਹਨੂੰ ਬਿਰਦੀ ਕਹਿ ਦਿੰਦਾ ਤਾਂ ਉਹ ਗਲ ਪੈ ਜਾਂਦਾ ਕਿ ‘ਤੁਹਾਨੂੰ ਪਤਾ ਨਹੀਂ ਬਿਰਦੀ ਕੌਣ ਹੁੰਦੇ ਹਨ!’
ਮੇਰਾ ਇਕ ਹੋਰ ਬੜਾ ਪੜ੍ਹਿਆ ਤੇ ਗੁੜ੍ਹਿਆ ਦੋਸਤ ਹੈ। ਉਹ ਜਾਤ-ਗੋਤ ਦਾ ਪੁੱਜ ਕੇ ਮਾਹਿਰ ਹੈ। ਕੋਈ ਉਹਦੇ ਅੱਗੇ ਮਾੜਾ ਜਿਹਾ ਮੂੰਹ ਖੋਲ੍ਹੇ ਸਹੀ, ਉਹ ਝੱਟ ਜਾਤ ਪਛਾਣ ਲੈਂਦਾ ਹੈ। ਜੇ ਉਹਨੂੰ ਉਸ ਬੰਦੇ ਨਾਲ ਕੋਈ ਮਤਲਬ ਸੌਰਦਾ ਨਜ਼ਰ ਆਵੇ ਤਾਂ ਉਹਦੇ ਅੱਗੇ ਉਹਦੀ ਜਾਤ ਦੇ ਮਹਾਨ ਬੰਦਿਆਂ ਦੀ ਲਿਸਟ ਖੋਲ੍ਹ ਲੈਂਦਾ ਹੈ ਤੇ ਉਨ੍ਹਾਂ ਦੇ ਸੋਹਲੇ ਗਾਉਣ ਲੱਗ ਪੈਂਦਾ ਹੈ। ਜੇ ਉਹਦੇ ਨਾਲ ਕੋਈ ਮਤਲਬ ਨਾ ਹੋਵੇ ਤਾਂ ਨੱਕ ਮੂੰਹ ਵੱਟ ਕੇ ਉਹਦੀ ਜਾਤ ਦੇ ਬੁਰੇ ਬੰਦਿਆਂ ਦੇ ਸ਼ਿਜਰੇ ਫਰੋਲ ਮਾਰਦਾ ਹੈ। ਉਹਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਕਿ ਉਹਦੀ ਖੁਦ ਦੀ ਜਾਤ ਉਹਦੇ ਨੱਕ ‘ਤੇ ਇੰਨੇ ਵੱਡੇ ਅੱਖਰਾਂ ਵਿਚ ਖੁਣੀ ਹੋਈ ਹੈ, ਜਿਹਦਾ ਸਿਰਫ ਉਹਨੂੰ ਹੀ ਨਹੀਂ ਪਤਾ।
ਕਹਿੰਦੇ ਹਨ, ਕਿਸੇ ਜੱਟ ਦੇ ਮੁੰਡੇ ਦਾ ਕਿਸੇ ਤਰਖਾਣ ਦੀ ਕੁੜੀ ਨਾਲ ਰਿਸ਼ਤਾ ਤੈਅ ਹੋ ਗਿਆ। ਬੰਦਿਆਂ ਨੇ ਤਾਂ ਗੱਲ ਦੱਬ ਘੁੱਟ ਲਈ, ਪਰ ਤੀਵੀਆਂ ਤੋਂ ਰਿਹਾ ਨਾ ਗਿਆ। ਕਿਤੇ ਕੁੜਮਣੀਆਂ ‘ਕੱਠੀਆਂ ਹੋਈਆਂ ਤੇ ਮੁੰਡੇ ਵਾਲੀ ਕੁੜਮਣੀ ਕਹਿਣ ਲੱਗੀ, “ਭੈਣ ਜੀ, ਕਿਆ ਦੱਸਾਂ ਅਸੀਂ ਤਾਂ ਕਿਸੇ ਨੂੰ ਦੱਸਿਆ ਵੀ ਨਹੀਂ ਕਿ ਸਾਡੇ ਮੁੰਡੇ ਦਾ ਰਿਸ਼ਤਾ ਤਰਖਾਣਾਂ ਦੇ ਹੋਇਆ।” ਕੁੜੀ ਵਾਲੇ ਪਾਸਿਓਂ ਕੁੜਮਣੀ ਨੇ ਝੱਟ ਮੌਕਾ ਸੰਭਾਲ ਲਿਆ ਤੇ ਕਹਿਣ ਲੱਗੀ, “ਭੈਣ ਜੀ, ਤਾਂ ਕੀ ਹੋਇਆ, ਦੱਸ ਦੇਣਾ ਸੀ, ਅਸੀਂ ਕਿਹੜਾ ਨਾਈ ਹਾਂ।”
ਨਫਰਤ ਅਤੇ ਈਰਖਾ ਦਾ ਇਹ ਸਿਲਸਿਲਾ ਕਿਤੇ ਨਹੀਂ ਮੁੱਕਦਾ। ਵੱਡੇ ਵੱਡੇ ਵਿਦਵਾਨ ਜਾਤ-ਗੋਤ ਦੀ ਮਰਜ਼ ਦੇ ਸ਼ਿਕਾਰ ਸਨ ਤੇ ਹਨ। ਸੰਤ ਸਿੰਘ ਸੇਖੋਂ ਪੰਜਾਬੀ ਦੇ ਵੱਡੇ ਵਿਦਵਾਨ ਹੋਏ ਹਨ। ਉਨ੍ਹਾਂ ਨੇ ਸ੍ਵੈਜੀਵਨੀ ਵਿਚ ਉਚੇਚੇ ਤੌਰ ‘ਤੇ ਲਿਖਿਆ ਕਿ ਉਨ੍ਹਾਂ ਦਾ ਵੱਡਾ ਵਡੇਰਾ ਸੇਖੋਂ ਕੋਈ ਰਾਜਪੂਤ ਰਾਜਾ ਸੀ। ਪੜ੍ਹ ਕੇ ਮੈਂ ਬੜਾ ਹੈਰਾਨ ਹੋਇਆ ਕਿ ਸੇਖੋਂ ਤਾਂ ਰਾਜਪੂਤ ਨਹੀਂ ਹੈ, ਫਿਰ ਵੱਡਾ ਵਡੇਰਾ ਰਾਜਪੂਤ ਕਿਵੇਂ ਹੋਇਆ! ਮਨ ਨੂੰ ਸਮਝਾਇਆ ਕਿ ਸੇਖੋਂ ਦੀਆਂ ਸੇਖੋਂ ਜਾਣੇ।
ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਜੱਟ ਨੂੰ ਰਾਜਪੂਤਾਂ ਦੀ ਇਕ ਸ਼ਾਖ ਲਿਖਿਆ ਹੈ ਤੇ ਰਾਜਪੂਤ ਨੂੰ ਖੱਤਰੀਆਂ ਦੀ ਸ਼ਾਖ ਲਿਖਿਆ ਹੈ। ਖੁਦ ਨੂੰ ਖੱਤਰੀ ਵਰਣ ਵਿਚ ਘਸੋੜਨ ਦਾ ਇਹੀ ਰੂਟ ਹੈ।
ਕਿਤਾਬ ‘ਰਘਰੇਟਿਆਂ ਦਾ ਇਤਿਹਾਸ’ ਵਿਚ ਮਝਬੀ ਸਿੱਖਾਂ ਦੇ ਗੋਤਾਂ ਨੂੰ ਖਿੱਚ ਧੂਹ ਕੇ ਰਾਜਪੂਤਾਂ ਰਾਹੀਂ ਖੱਤਰੀਆਂ ਨਾਲ ਜੋੜਿਆ ਗਿਆ ਹੈ। ਵੱਡੇ ਹੋਣ ਜਾਂ ਖੁਦ ਦੀ ਜਾਤ ਨੂੰ ਉਚੀ ਸਾਬਤ ਕਰਨ ਦਾ ਬੜਾ ਹੀ ਹਾਸੋਹੀਣਾ ਤੇ ‘ਪ੍ਰਮਾਣਿਕ’ ਤਰੀਕਾ ਹੈ। ਗਿੱਲ ਤੇ ਗਿੱਲੜ, ਵਿਰਦੀ ਤੇ ਬਿਰਦੀ ਦੇ ਰੰਚਕ ਜਿਹੇ ਫਰਕ ਨੂੰ ਬੜੇ ਰੌਚਕ ਕਿੱਸਿਆਂ ਰਾਹੀਂ ਮੇਟਣ ਦੀ ਕੋਸ਼ਿਸ਼ ਅਸੀਂ ਅਕਸਰ ਦੇਖਦੇ ਹਾਂ।
ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਨੇ ‘ਦਸਮੇਸ਼ ਪ੍ਰਕਾਸ਼’ ਗ੍ਰੰਥ ਵਿਚ “ਹਾਰੇ ਵਾਂਗ ਜਲਾਹਿਆਂ ਦੇ ਕੁਕੜਾਂ ਦੇ” ਜੁਮਲਾ ਲਿਖ ਕੇ ਕਿੱਡੇ ਦਿਲ ਟੁੰਬਵੇਂ ਅੰਦਾਜ਼ ਵਿਚ ਨਿਮਨ ਜਾਤੀਆਂ ਦੀ ਹੋਣੀ ਬਿਆਨ ਕੀਤੀ ਹੈ। ਵਾਹ! ਜਿਨ੍ਹਾਂ ਦੇ ਕੁੱਕੜ ਵੀ ਹਾਰ ਜਾਂਦੇ ਹਨ, ਉਨ੍ਹਾਂ ਨੇ ਖੁਦ ਭਲਾ ਸੁਆਹ ਜਿੱਤਣਾ!
ਸ਼ੂਦਰ ਵਰਣ ਦੇ ਬਹੁਤੇ ਲੋਕਾਂ ਨੇ ਆਪੋ ਆਪਣੀ ਜਾਤ ਦਾ ਕੋਈ ਮਹਾਨ ਬੰਦਾ ਲੱਭ ਕੇ ਉਹਦੇ ਪਿੰਡ ਜਾਂ ਉਹਦੇ ਨਾਂ ਨੂੰ ਆਪਣੀ ਜਾਤੀ ਬਣਾ ਲਿਆ ਹੈ। ਰਾਮਗੜ੍ਹੀਆ, ਆਹਲੂਵਾਲੀਆ, ਰਾਮਦਾਸੀਆ, ਰਵਿਦਾਸੀਆ ਤੇ ਬਾਲਮੀਕੀਆ ਜਾਤੀਆਂ ਅਜਿਹੀ ਕੋਸ਼ਿਸ਼ ਦਾ ਹੀ ਪਰਿਣਾਮ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਆਪੋ ਆਪਣੀ ਜਾਤ ਦੇ ਰਹਿਬਰ ਦਾ ਨਾਂ ਇਸ ਲਈ ਅਪਨਾਉਂਦੇ ਹਾਂ ਕਿ ਅਸੀਂ ਆਪਣੀ ਤੰਗ ਨਜ਼ਰ ਅਤੇ ਹੋਣੀ ਤੋਂ ਨਿਜਾਤ ਹਾਸਲ ਕਰ ਸਕੀਏ। ਆਪ ਤਾਂ ਅਸੀਂ ਕੀ ਮੁਕਤੀ ਹਾਸਲ ਕਰਨੀ ਹੋਈ, ਅਸੀਂ ਤਾਂ ਆਪਣੇ ਰਹਿਬਰਾਂ ਨੂੰ ਵੀ ਗੰਦੀ ਸੋਚ ਵਾਲੀਆਂ ਆਪਣੀਆਂ ਨਿੱਕੀਆਂ ਨਿੱਕੀਆਂ ਛੱਪੜੀਆਂ ਵਿਚ ਸੁੱਟ ਲਿਆ ਹੋਇਆ ਹੈ।
ਸਾਨੂੰ ਸਭ ਨੂੰ ਹੀ ਆਪਣੀਆਂ ਜਾਤੀ ਖੁੱਡਾਂ ਨਾਲ ਬਹੁਤ ਪਿਆਰ ਹੈ, ਜਿਸ ਕਰਕੇ ਅਸੀਂ ਇਨ੍ਹਾਂ ਨੂੰ ਪਲ ਭਰ ਲਈ ਵੀ ਵਿਸਾਰਦੇ ਨਹੀਂ ਹਾਂ। ਕਈ ਇਨ੍ਹਾਂ ਨੂੰ ਲਿਸ਼ਕਾ ਲਿਸ਼ਕਾ ਕੇ ਖੁਸ਼ ਹੁੰਦੇ ਹਨ ਤੇ ਕਈ ਇਨ੍ਹਾਂ ਨੂੰ ਲੁਕੋ ਲੁਕੋ ਰੱਖਦੇ ਹਨ।
ਆਪਣੀ ਜਾਤ ਨੂੰ ਲੁਕੋਣ ਜਾਂ ਲਿਸ਼ਕਾਉਣ ਵਾਲਿਆਂ ਵਿਚੋਂ ਅੱਜ ਤੱਕ ਮੈਨੂੰ ਕੋਈ ਵੀ ਅਜਿਹਾ ਬੰਦਾ ਨਹੀਂ ਮਿਲਿਆ, ਜੋ ਜਾਤੀਵਾਦ ਤੋਂ ਖੁਦ ਮੁਕਤ ਹੋਇਆ ਹੋਵੇ ਜਾਂ ਇਸ ਤੋਂ ਮੁਕਤੀ ਹਾਸਲ ਕਰਨ ਦੀ ਕੋਸ਼ਿਸ਼ ਹੀ ਕਰ ਰਿਹਾ ਹੋਵੇ।
ਮਹਿੰਗਾਈ ਮੂੰਹ ਅੱਡੀ ਖੜ੍ਹੀ ਹੈ। ਅਨਪੜ੍ਹਤਾ ਅੱਖਾਂ ਪਾੜ ਪਾੜ ਦੇਖ ਰਹੀ ਹੈ। ਜਹਾਲਤ ਨੇ ਜਿਉਣਾ ਜਹੰਨਮ ਬਣਾ ਦਿੱਤਾ ਹੈ। ਭ੍ਰਿਸ਼ਟਾਚਾਰ ਦੇ ਭੇੜੀਏ ਨੂੰ ਨੱਥ ਨਹੀਂ ਪੈ ਰਹੀ। ਬੇਰੁਜ਼ਗਾਰੀ ਕਾਰਨ ਸਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਦੌੜ ਜਾਣਾ ਚਾਹੁੰਦੇ ਹਨ। ਇਨ੍ਹਾਂ ਤਮਾਮ ਬਿਮਾਰੀਆਂ ਦਾ ਅਸੀਂ ਹੱਲ ਚਾਹੁੰਦੇ ਹਾਂ, ਪਰ ਪਤਾ ਨਹੀਂ ਸਾਨੂੰ ਜਾਤੀਗਤ ਖੁੱਡਾਂ ਵਿਚੋਂ ਕਿਹੋ ਜਿਹਾ ਸੁੱਖ ਲੱਭਦਾ ਹੈ ਕਿ ਅਸੀਂ ਇਨ੍ਹਾਂ ਦਾ ਕੋਈ ਹੱਲ ਹੀ ਨਹੀਂ ਚਾਹੁੰਦੇ ਤੇ ਨਾ ਹੀ ਇਨ੍ਹਾਂ ਦਾ ਤਿਆਗ ਕਰਨ ਬਾਬਤ ਸੋਚਦੇ ਹਾਂ।
ਖੁੱਡਾਂ ਵਿਚ ਰਹਿਣ ਵਾਲੇ ਜੀਵ ਜੰਤੂਆਂ ਦੇ ਜਿਉਂਦੇ, ਜਾਗਦੇ ਬੱਚੇ ਸਾਬਤੇ ਹੀ ਸੱਪ ਨਿਗਲ ਜਾਂਦੇ ਹਨ। ਅਸੀਂ ਕਿਉਂ ਇਨ੍ਹਾਂ ਖੁੱਡਾਂ ਦਾ ਖਹਿੜਾ ਨਹੀਂ ਛੱਡ ਰਹੇ, ਸਮਝ ਤੋਂ ਬਾਹਰ ਦੀ ਗੱਲ ਹੈ। ਆਉ, ਇਨ੍ਹਾਂ ਬੱਚੇ ਖਾਣੀਆਂ ਜਾਤੀਗਤ ਖੁੱਡਾਂ ‘ਚੋਂ ਬਾਹਰ ਨਿਕਲੀਏ ਤੇ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਅਜਗਰ ਤੋਂ ਬਚਾਉਣ ਦਾ ਕੋਈ ਹੀਲਾ ਕਰੀਏ।