ਘਰ ਅਤੇ ਮੈਂ

ਅਮਰਦੀਪ ਸਿੰਘ ਅਮਰ
ਫੋਨ: 317-518-8216
ਘਰ ਭਾਵੇਂ ਦੋ ਅੱਖਰਾਂ ਦੇ ਸ਼ਬਦ ਜੋੜ ਦਾ ਨਾਮ ਹੈ, ਪਰ ਇਨ੍ਹਾਂ ਦੋ ਅੱਖਰਾਂ ਵਿਚ ਬਹੁਤ ਕੁਝ ਸਮਾਇਆ ਹੋਇਆ ਹੈ। ਤੁਹਾਡਾ ਸੁੱਖ-ਚੈਨ, ਤੁਹਾਡੀਆਂ ਖੁਸ਼ੀਆਂ-ਗਮੀਆਂ ਅਤੇ ਸਭ ਤੋਂ ਵੱਡੀ ਗੱਲ, ਤੁਹਾਡੀ ਆਪਣੀ ਆਜ਼ਾਦੀ ਤੁਹਾਡੇ ਆਪਣੇ ਘਰ ਤੋਂ ਸਿਵਾ ਕਿਸੇ ਹੋਰ ਥਾਂ ਨਸੀਬ ਨਹੀਂ ਹੋ ਸਕਦੀ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਆਜ਼ਾਦੀ ਦਾ ਅਹਿਸਾਸ ਨਿਜੀ ਹੈ ਜਾਂ ਫਿਰ ਸਮੂਹਿਕ!

ਆਜ਼ਾਦੀ ਦੇ ਅਹਿਸਾਸ ਨਾਲ ਜੁੜੀ ਇਕ ਹੋਰ ਅਦ੍ਰਿਸ਼ਟ ਪਰ ਅਤਿ ਪ੍ਰਭਾਵਸ਼ਾਲੀ ਸ਼ੈਅ ਹੈ, ਜਿਸ ਨੂੰ ਸਵੈਮਾਣ ਕਿਹਾ ਜਾਂਦਾ ਹੈ। ਆਜ਼ਾਦੀ ਅਤੇ ਸਵੈਮਾਣ ਦਾ ਸਿੱਧਾ ਸਬੰਧ ਤੁਹਾਡੇ ਆਪਣੇ ਘਰ ਨਾਲ ਜ਼ਰੂਰ ਹੁੰਦਾ ਹੈ। ਇਹ ਕੌੜਾ ਸੱਚ ਹੈ ਕਿ ਬੇਘਰੇ ਲੋਕਾਂ ਦਾ ਕੋਈ ਮਾਣ ਜਾਂ ਸਵੈਮਾਣ ਨਹੀਂ ਹੁੰਦਾ ਅਤੇ ਜੋ ਲੋਕ ਜਾਂ ਕੌਮਾਂ ਇਸ ਅਹਿਸਾਸ ਤੋਂ ਵਿਰਵੇ ਹੋ ਜਾਂਦੇ ਹਨ, ਉਹ ਮੁਰਦੇ ਹੋ ਜਾਂਦੇ ਹਨ। ਬੇਘਰ ਕੌਮਾਂ ਦੀ ਹੋਂਦ ਬਹੁਤਾ ਚਿਰ ਸਥਿਰ ਨਹੀਂ ਰਹਿੰਦੀ। ਬਹੁਤੇ ਧਾਰਮਿਕ ਗ੍ਰੰਥਾਂ ਵਿਚ ਭਾਵੇਂ ਮਨੁੱਖ ਦੀ ਆਪਣੀ ਹੋਂਦ ‘ਮੈਂ’ ਨੂੰ ਨਕਾਰਾਤਮਕ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਰਿਹਾ ਹੈ, ਪਰ ਸੱਚੀ ਗੱਲ ਤਾਂ ਇਹ ਹੈ ਕਿ ਅੱਜ ਤੱਕ ਦੀ ਵਿਗਿਆਨਕ ਅਤੇ ਪਦਾਰਥਕ ਤਰੱਕੀ ਪਿੱਛੇ ਮਨੁੱਖੀ ਮਨ ਵਿਚ ਡੂੰਘੇ ਥਾਂ ਪਈ ਇਸ ‘ਮੈਂ’ ਦੇ ਅਹਿਸਾਸ ਦਾ ਵੱਡਾ ਹੱਥ ਹੈ। “ਮੈਂ ਇਹ ਕੰਮ ਕਰ ਸਕਦਾ ਹਾਂ” ਦਾ ਵੱਡਾ ਅਹਿਸਾਸ ਮਨੁੱਖ ਨੂੰ ਪਹਾੜਾਂ ਨਾਲ ਮੱਥਾ ਲਾਉਣ ਦਾ ਜੇਰਾ ਬਖਸ਼ਦਾ ਰਿਹਾ ਹੈ।
ਸਾਡੇ ਧਾਰਮਿਕ ਸਾਹਿਤ ਵਿਚ ਬੇਲੋੜੀ ‘ਹਉਮੈ’ ਦੇ ਪ੍ਰਗਟਾਵੇ ਨੂੰ ਮਨੁੱਖ ਦੇ ਹੰਕਾਰ ਦਾ ਸਿਖਰ ਮੰਨਿਆ ਗਿਆ ਹੈ, ਪਰ ਇਸ ਕੁਦਰਤੀ ਅਹਿਸਾਸ ਦੀ ਅਣਹੋਂਦ ਮਨੁੱਖ ਨੂੰ ਮਿੱਟੀ ਦਾ ਮਾਧੋ ਵੀ ਬਣਾ ਦਿੰਦੀ ਹੈ। ਜਿਉਂਦੇ ਰਹਿਣ ਲਈ ਸੰਘਰਸ਼ ਇਸ ਕਾਇਨਾਤ ਦੇ ਵਰਤਾਰੇ ਅੰਦਰ ਨਿਰਜੀਵ ਨੂੰ ਸਜੀਵ ਬਣਾਉਂਦਾ ਹੈ। ਨਿਰਜੀਵ ਬੇਘਰ ਹੋਈ ਯਹੂਦੀ ਕੌਮ ਜਿਥੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਈ, ਉਥੇ ਨਾਲੋ-ਨਾਲ ਘਰੋਂ ਅਪਮਾਨ ਅਤੇ ਜ਼ਲਾਲਤ ਦਾ ਸ਼ਿਕਾਰ ਵੀ ਬਣੀ, ਪਰ ਜਿਸ ਦਿਨ ਹੰਭਲਾ ਮਾਰ ਕੇ ਯਹੂਦੀਆਂ ਨੇ ਆਪਣਾ ਦੇਸ਼ ਇਜ਼ਰਾਈਲ ਹੋਂਦ ਵਿਚ ਲੈ ਆਂਦਾ, ਉਸੇ ਦਿਨ ਤੋਂ ਅੱਜ ਤੱਕ ਦੁਨੀਆਂ ਵਿਚ ਵਰਤ ਰਹੇ ਰਾਜਨੀਤਕ ਅਤੇ ਆਰਥਕ ਵਰਤਾਰਿਆਂ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਯਹੂਦੀਆਂ ਦਾ ਦਖਲ ਮੰਨਿਆ ਜਾਂਦਾ ਹੈ।
ਬੇਘਰੇ ਵਿਅਕਤੀ ਨੂੰ ਸਭ ਤੋਂ ਵੱਡੀ ਇਹੋ ਸਮੱਸਿਆ ਆਉਂਦੀ ਹੈ ਕਿ ਸਮਾਜ ਵਿਚ ਉਸ ਦੀ ਆਪਣੀ ਹੋਂਦ ਦਾ ਅਹਿਸਾਸ ਸਿਫਰ ਹੋ ਨਿਬੜਦਾ ਹੈ। ਪੁਰਾਣੀ ਪੰਜਾਬੀ ਲੋਕ ਕਹਾਵਤ ਹੈ, ‘ਕਿਰਾਏ ਦੇ ਮਕਾਨ ਅਤੇ ਅੱਲ੍ਹੜਾਂ ਦੀ ਦੋਸਤੀ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।’ ਕਿਸੇ ਵਿਅਕਤੀ ਜਾਂ ਵਿਅਕਤੀ ਸਮੂਹ ਉਤੇ ਸਭ ਤੋਂ ਮਾੜੀ ਉਹ ਸਥਿਤੀ ਹੁੰਦੀ ਹੈ, ਜਦ ਉਸ ਨੂੰ ਆਪਣੀ ਜੰਮਣ ਭੋਇੰ ਅਤੇ ਆਪਣੇ ਘਰ ਵਿਚ ਹੀ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਹੋ ਅਹਿਸਾਸ ਸਮਾਂ ਪਾ ਕੇ ਅਸੁਰੱਖਿਆ ਦੀ ਭਾਵਨਾ ਵਜੋਂ ਮਨੁੱਖੀ ਮਨ ਵਿਚ ਘਰ ਕਰ ਜਾਂਦਾ ਹੈ, ਜਿਸ ਕਰਕੇ ਪਰਿਵਾਰ, ਸਮਾਜ ਅਤੇ ਵੱਡੇ-ਵੱਡੇ ਰਾਸ਼ਟਰ ਨੇਸਤੋਨਾਬੂਦ ਹੋਣ ਦੇ ਕਿਨਾਰੇ ਪਹੁੰਚ ਜਾਂਦੇ ਹਨ।
ਜਿਨ੍ਹਾਂ ਦੇਸ਼ਾਂ ਵਿਚ ਸਰਕਾਰਾਂ ਅਤੇ ਦੰਗਾਕਾਰੀ ਅਨਸਰ ਆਮ ਨਾਗਰਿਕਾਂ ਦੇ ਘਰ ਜਲਾਉਣ ਦਾ ਕੁਕਰਮ ਕਰਦੇ ਹਨ ਤਾਂ ਸਮਝਣਾ ਚਾਹੀਦਾ ਹੈ ਕਿ ਬਾਂਦਰਾਂ ਦੀ ਫੌਜ ਆਪਣੇ ਹੱਥੀਂ ਪਿੰਡ ਫੂਕਣ ਦੀ ਤਿਆਰੀ ਕਰ ਰਹੀ ਹੈ। ਉਰਦੂ ਦੇ ਮਹਾਨ ਸ਼ਾਇਰ ਬਸ਼ੀਰ ਬਦਰ ਨੇ ਸੱਚ ਹੀ ਕਿਹਾ ਹੈ,
ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।