ਅਣਥਕ ਯੋਧਾ: ਦਲਬੀਰ ਸਿੰਘ

ਜਸਪਾਲ ਸਿੰਘ ਪੱਤਰਕਾਰ
ਲਹਿੰਦੇ ਪੰਜਾਬ ਤੋਂ ਉਜੜ-ਪੁਜੜ ਕੇ ਆਏ ਲੱਖਾਂ ਸਿੱਖਾਂ-ਹਿੰਦੂਆਂ ਵਾਂਗ ਸ਼ ਦਲਬੀਰ ਸਿੰਘ ਵੀ ਅਗਸਤ 1947 ਦੀ ਵੰਡ ਅਤੇ ਕਤਲੇਆਮ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ, “ਅਸੀਂ ਕਦੇ ਵੀ ਆਪਣੇ ਘਰ ਛੱਡਣ ਬਾਰੇ ਸੋਚਿਆ ਹੀ ਨਹੀਂ ਸੀ।” ਪਿੰਡ ਛੱਡ ਕਾਫਲਿਆਂ ਦੇ ਰੂਪ ਵਿਚ ਉਹ ਚੜ੍ਹਦੇ ਪੰਜਾਬ ਵਲ ਚਲ ਪਏ। ਉਨ੍ਹੀਂ ਦਿਨੀਂ ਸ਼ ਦਲਬੀਰ ਸਿੰਘ 17 ਸਾਲ ਦਾ ਮੁਛ ਫੁਟ ਜਵਾਨ ਸੀ। ਉਹ ਭਾਵੇਂ ਜਨਰਲ ਮੋਹਨ ਸਿੰਘ ਦੇ ਹਥਿਆਰਬੰਦ ਸਿੱਖ ਜਥੇ ਨਾਲ ਜੁੜੇ ਹੋਏ ਸਨ, ਪਰ ਉਨ੍ਹਾਂ ਦੇ ਪਿਤਾ ਜੀ ਦੀ ਕਈ ਕਮਿਊਨਿਸਟ ਕਾਰਕੁਨਾਂ ਨਾਲ ਨੇੜਤਾ ਹੋਣ ਕਰਕੇ ਕਾਮਰੇਡਾਂ ਦੀ ਸਿਆਸਤ ਦੀ ਭਿਣਕ ਉਨ੍ਹਾਂ ਨੂੰ ਪੈਂਦੀ ਰਹਿੰਦੀ ਸੀ। ਉਨ੍ਹਾਂ ਦੀ ਇਹ ਰਾਜਨੀਤੀ ਵਿਚ ਮੁਢਲੀ ਟ੍ਰੇਨਿੰਗ ਸੀ।

ਚੜ੍ਹਦੇ ਪੰਜਾਬ ਵਿਚ ਆ ਕੇ ਕੁਝ ਕੁ ਮਹੀਨੇ ਖਾਲਸਾ ਕਾਲਜ, ਕਪੂਰਥਲਾ ਵਿਚ ਪੜ੍ਹਨ ਪਿਛੋਂ ਉਨ੍ਹਾਂ ਨੇ ਖਾਲਸਾ ਕਾਲਜ, ਅੰਮ੍ਰਿਤਸਰ ਦਾਖਲਾ ਲੈ ਲਿਆ। ਛੇਤੀ ਹੀ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ. ਪੀ. ਆਈ.) ਨਾਲ ਜੁੜ ਕੇ ਇੰਡੀਅਨ ਸਟੂਡੈਂਟਸ ਫੈਡਰੇਸ਼ਨ ਦੇ ਕੁਲਵਕਤੀ ਕਾਮਰੇਡ ਬਣ ਗਏ। ਉਨ੍ਹੀਂ ਦਿਨੀਂ ਕਮਿਊਨਿਸਟ ਪਾਰਟੀ ਦੇਸ਼ ਦੀ ਆਜ਼ਾਦੀ ਨੂੰ ਸਿਰਫ ਅੰਗਰੇਜ਼ਾਂ ਵਲੋਂ ਦੇਸੀ ਹਾਕਮਾਂ ਦੇ ਹੱਕ ਵਿਚ ‘ਸੱਤਾ ਤਬਦੀਲੀ’ ਹੀ ਕਹਿੰਦੀ ਸੀ ਅਤੇ ਗਰੀਬਾਂ ਤੇ ਮਜ਼ਦੂਰਾਂ ਦਾ ਰਾਜ ਕਾਇਮ ਕਰਨ ਦੇ ਨਾਹਰੇ ਨੂੰ ਲੈ ਕੇ ਜਦੋਜਹਿਦ ਕਰ ਰਹੀ ਸੀ। ਇਸੇ ਕਰਕੇ ਸੀ. ਪੀ. ਆਈ. ਨੇ 26 ਜਨਵਰੀ 1950 ਨੂੰ ‘ਪੂਰਨ ਆਜ਼ਾਦੀ’ ਦੇ ਲਖਾਇਕ ਪਹਿਲੇ ‘ਗਣਤੰਤਰ ਦਿਵਸ’ ਦਾ ਵਿਰੋਧ ਕਰਨ ਦਾ ਸੱਦਾ ਦਿਤਾ। ਅੰਮ੍ਰਿਤਸਰ ਵਿਚ ਹੋਏ ਵਿਰੋਧ ਮੁਜਾਹਰੇ ਵਿਚ ਦਲਬੀਰ ਸਿੰਘ ਮੂਹਰਲੀਆਂ ਸਫਾਂ ਵਿਚ ਸੀ। ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਣ ਪਿਛੋਂ ਉਹ ਰੂਪੋਸ਼ ਹੋ ਗਿਆ।
ਅਖੀਰ ਮਾਰਚ 1951 ਵਿਚ ਉਸ ਨੂੰ ਪਬਲਿਕ ਸੇਫਟੀ ਐਕਟ ਆਫ ਇੰਡੀਆ ਅਧੀਨ ਗ੍ਰਿਫਤਾਰ ਕਰਕੇ ਕਾਂਗੜਾ ਦੀ ਯੌਲ ਜੇਲ੍ਹ ਭੇਜ ਦਿਤਾ ਗਿਆ। ਚਾਲੀ ਕੁ ਕਾਮਰੇਡਾਂ ਵਿਚੋਂ ਉਹ ਸਭ ਤੋਂ ਛੋਟੀ ਉਮਰ ਦਾ ਸੀ। ਜੇਲ੍ਹ ਵਿਚ ਕਈ ਵੱਡੇ ਕਾਮਰੇਡ ਸਨ, ਜਿਨ੍ਹਾਂ ਦੀ 14 ਮਹੀਨੇ ਲੰਬੀ ਸੰਗਤ ਵਿਚ ਦਲਬੀਰ ਸਿੰਘ ਨੇ ਮਾਰਕਸਵਾਦ ਦੀ ਮੁਢਲੀ ਪੜ੍ਹਾਈ ਕੀਤੀ ਤੇ ‘ਪਾਰਲੀਮੈਂਟ ਚੋਣਾਂ ਵਿਚ ਹਿੱਸਾ ਲੈਣਾ ਕਿ ਨਹੀਂ?’ ਇਸ ਮਸਲੇ ‘ਤੇ ਹੁੰਦੀ ਬਹਿਸ ਰਾਹੀਂ ਦੇਸ਼ ਪੱਧਰੀ ਸਿਆਸਤ ਨੂੰ ਸਮਝਿਆ। ਆਸਤਿਕਤਾ-ਨਾਸਤਿਕਤਾ ਦੇ ਮੁੱਦੇ ਨੂੰ ਲੈ ਕੇ ਕਾਮਰੇਡਾਂ ਵਲੋਂ ਸਿੱਖਾਂ ਦਾ ਵਿਰੋਧ ਕਰਨਾ ਉਨ੍ਹਾਂ ਨੂੰ ਕਦੇ ਵੀ ਗਵਾਰਾ ਨਾ ਹੋਇਆ।
ਉਹ ਅਕਸਰ ਕਿਹਾ ਕਰਦੇ, “ਜਿਹੜੇ ‘ਮੂਲਵਾਦੀ’ ਜਾਂ ‘ਫੰਡਾਮੈਂਟਲਿਸਟ’ ਵਿਸ਼ੇਸ਼ਣ ਰਾਹੀਂ ਕਾਮਰੇਡ ਸਿੱਖਾਂ ਨੂੰ ਭੰਡਦੇ ਹਨ, ਉਹ ਮਾਰਕਸਵਾਦੀ ਸ਼ਬਦਾਵਲੀ ਨਹੀਂ, ਸਗੋਂ ਲਿਬਰਲ ਡੈਮੋਕ੍ਰੈਟਾਂ ਰਾਹੀਂ 1960ਵਿਆਂ ਵਿਚ ਮੁਸਲਮਾਨਾਂ ਤੇ ਸਿੱਖਾਂ ਦੀ ਸਿਆਸਤ ਨੂੰ ਨਿੰਦਣ ਲਈ ਘੜੇ ਗਏ ਮੁਹਾਵਰੇ ਹਨ। ਉਹ ਜ਼ੋਰ ਦੇ ਕੇ ਕਿਹਾ ਕਰਦੇ ਕਿ ਕਾਂਗੜਾ ਜੇਲ੍ਹ ਵਿਚ ਫੜੇ ਗਏ ਕਮਿਊਨਿਸਟਾਂ ਵਿਚ 10-12 ਅੰਮ੍ਰਿਤਧਾਰੀ ਸਿੱਖ ਵੀ ਸ਼ਾਮਿਲ ਸਨ। ਜੇਲ੍ਹ ‘ਚ ਵੀ ਉਹ ਪੱਕੇ ਨਿਤਨੇਮੀ ਸਨ। ਸੋਚਣ ਵਾਲੀ ਗੱਲ ਹੈ ਕਿ ਉਹ ਕਿਉਂ ਕਮਿਊਨਿਸਟਾਂ ਨਾਲ ਮੁਜਾਹਰਿਆਂ ਵਿਚ ਸ਼ਾਮਿਲ ਹੁੰਦੇ ਸਨ? ਇਕ ਸਾਂਝੀ ਸਿਆਸਤ ਦੋਹਾਂ ਧਿਰਾਂ ਨੂੰ ਇਕ ਪਲੈਟਫਾਰਮ ‘ਤੇ ਲੈ ਕੇ ਆਈ ਸੀ।”
ਸ਼ ਦਲਬੀਰ ਸਿੰਘ ਮਾਸਕੋ ਤੋਂ ਵਾਪਸ ਆਏ ਭਾਈ ਸੰਤੋਖ ਸਿੰਘ ਜਿਹੇ ਗਦਰੀਆਂ ਦੀ ਮਿਸਾਲ ਦਿੰਦਿਆਂ ਕਹਿੰਦੇ, “ਉਹ ਪੰਜਾਬ ਵਿਚ 1925 ਵਿਚ ਕਮਿਊਨਿਸਟ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਵਿਚੋਂ ਸਨ। ਉਸ ਸਮੇਂ ਕਮਿਊਨਿਸਟਾਂ ਦੀਆਂ ਮੀਟਿੰਗਾਂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੋਇਆ ਕਰਦੀਆਂ ਸਨ। ਭਾਈ ਸੰਤੋਖ ਸਿੰਘ ਸਿੱਖ ਧਰਮ ਵਿਚ ਪਰਪੱਕ ਸਨ। ਉਨ੍ਹਾਂ ਨੂੰ ਸਿੱਖ ਮਿਸ਼ਨਰੀ ਕਾਲਜ ਨੇ ਰਸਾਲਾ ਕੱਢਣ ਲਈ ਥਾਂ ਦਿੱਤੀ ਸੀ ਅਤੇ ‘ਲਾਲ ਝੰਡਾ’ ਵੀ ਸਭ ਤੋਂ ਪਹਿਲਾਂ ਉਸੇ ਕਾਲਜ ਦੀ ਬਿਲਡਿੰਗ ਉਤੇ ਲਹਿਰਾਇਆ ਗਿਆ ਸੀ।”
ਧਰਮਯੁਧ ਮੋਰਚੇ ਦੌਰਾਨ 1983 ਦੇ ਅਖੀਰ ਵਿਚ ਭਾਅ ਜੀ ਅਤੇ ਮੈਂ ਦਰਬਾਰ ਸਾਹਿਬ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਕੋਲ ਉਸ ਦੇ ਕਮਰੇ ਵਿਚ ਬੈਠੇ ਸਾਂ। ਆਪਣੇ ਹੀ ਤੌਰ ਤਰੀਕੇ ਨਾਲ ਭਾਈ ਸਾਹਿਬ ਫੈਡਰੇਸ਼ਨ ਦੇ ਆਪਣੇ ਹੋਰ ਸਾਥੀਆਂ ਦੀ ਸੰਗਤ ਵਿਚ ਕਾਮਰੇਡਾਂ ਦੀ ਖਿਲ੍ਹੀ ਉਡਾਉਂਦਿਆਂ ਮਾਰਕਸਵਾਦ ਦੇ ਸਿਧਾਂਤ ਉਤੇ ਕੁਝ ਅਣਜਾਣ ਟਿੱਪਣੀਆਂ ਕਰ ਬੈਠੇ। ਭਾਅ ਜੀ ਇਕਦਮ ਉਨ੍ਹਾਂ ਦੇ ਗਲ ਪੈ ਗਏ, “ਮਾਰਕਸਵਾਦ ਕਦੇ ਪੜ੍ਹਿਆ? ਪਤੈ ਕਿੰਨਾ ਮਹਾਨ ਫਲਸਫੈ? ਇਨ੍ਹਾਂ ਕਾਮਰੇਡਾਂ ਨੂੰ ਕੀ ਪਤਾ ਮਾਰਕਸਵਾਦ ਦਾ?” ਕਮਰੇ ਵਿਚ ਚੁਪ ਵਰਤ ਗਈ। ਭਾਅ ਜੀ ਜ਼ੋਰ ਨਾਲ ਕਹਿ ਰਹੇ ਸਨ, “ਸਿੱਖੀ ਅਤੇ ਮਾਰਕਸਵਾਦ ਦੇ ਮਾਨਵਵਾਦੀ ਸਰੋਕਾਰ ਅਤੇ ਉਦੇਸ਼ ਇਕੋ ਹਨ, ਬਸ ਰਸਤੇ ਵੱਖ ਵੱਖ ਹਨ।”
ਸ਼ ਦਲਬੀਰ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ, ਨੇੜਤਾ ਤੇ ਸਿਆਸੀ ਸਾਂਝ ਕਦੇ ਵੀ ਅਜੋੜ ਜਾਂ ਗਲਤ ਨਹੀਂ ਸੀ ਲੱਗੀ। ਉਨ੍ਹਾਂ ਨੂੰ ਸਗੋਂ ਗਿਲਾ ਰਿਹਾ ਕਿ “ਪਛਮੀ ਸਕੂਲੀ-ਕਾਲਜੀ ਵਿਦਿਆ ਪ੍ਰਾਪਤ ਕਰਕੇ ਇੰਡੀਅਨ ਮਧ ਵਰਗੀ ਕਲਾਸ ਵਿਚੋਂ ਨਿਕਲੇ ਕਾਮਰੇਡ ਸਿੱਖੀ ਦੇ ਇਨਕਲਾਬੀ ਵਿਰਸੇ ਅਤੇ ਰਵਾਇਤਾਂ ਨੂੰ ਸਮਝ ਹੀ ਨਹੀਂ ਸਕੇ। ਉਨ੍ਹਾਂ ਨੂੰ ਅਪਨਾਉਣ ਦੀ ਥਾਂ ਉਨ੍ਹਾਂ ਵਿਰੁਧ ਆਢਾ ਲਾ ਬੈਠੇ ਹਨ, ਜਿਸ ਕਰਕੇ ਕਾਮਰੇਡਾਂ ਦੀ ਸਿਆਸਤ ‘ਇੰਡੀਅਨ ਨੇਸ਼ਨ ਸਟੇਟ’ ਦੇ ਹੱਕ ਵਿਚ ਜਾ ਖੜ੍ਹੀ ਹੈ।”
ਸੰਨ 1952 ਦੇ ਅੱਧ ਵਿਚ ਕਾਂਗੜਾ ਜੇਲ੍ਹ ਵਿਚੋਂ ਰਿਹਾ ਹੋਣ ਪਿਛੋਂ ਦਲਬੀਰ ਸਿੰਘ ਛੇਹਰਟਾ ਦੇ ਮਜ਼ਦੂਰਾਂ ਅਤੇ ਟਰੇਡ ਯੂਨੀਅਨਾਂ ਵਿਚ ਕੁਲਵਕਤੀ ਕੰਮ ਕਰਨ ਲੱਗਾ। ਇਥੇ ਉਸ ਦੇ ਸਤਪਾਲ ਡਾਂਗ ਤੇ ਉਸ ਦੀ ਪਤਨੀ ਬਿਮਲਾ ਡਾਂਗ ਨਾਲ ਨੇੜਲੇ ਸਬੰਧ ਬਣੇ। ਅਗਲੇ ਸਾਲ ਹੀ ਮਜ਼ਦੂਰਾਂ ਦੀਆਂ ਮੰਗਾਂ ਉਤੇ ਹੜਤਾਲਾਂ ਕਰਵਾਉਂਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਅੰਬਾਲਾ ਜੇਲ੍ਹ ‘ਚ ਪੰਜ ਹੋਰ ‘ਖਤਰਨਾਕ ਕਾਮਰੇਡਾਂ’ ਨਾਲ ਚੱਕੀਆਂ ਵਿਚ ਬੰਦ ਕਰ ਦਿੱਤਾ। ਉਥੇ ਉਸ ਨੂੰ 9 ਮਹੀਨੇ ਲੰਬੀ ਚੱਕੀਆਂ ਦੀ ਭੈੜੀ ਦੁਰਦਸ਼ਾ ਵਿਚ ਰਹਿਣ ਕਰਕੇ ਪਲੂਰਸੀ ਦੀ ਬਿਮਾਰੀ ਚੰਬੜ ਗਈ। ਜੇਲ੍ਹ ਤੋਂ ਰਿਹਾ ਹੋ ਕੇ ਉਹ ਫਲੌਰ ਨੇੜੇ ਆਪਣੇ ਪਿੰਡ ਗੰਨਾ ਵਿਚ ਡੇਢ-ਦੋ ਸਾਲ ਬਿਸਤਰੇ ਉਤੇ ਰਹੇ। ਸਿਹਤਯਾਬ ਹੋਣ ਪਿਛੋਂ ਦਲਬੀਰ ਸਿੰਘ ਫਿਰ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਵਰਕਰ ਦੇ ਤੌਰ ‘ਤੇ ਅੰਮ੍ਰਿਤਸਰ ਸਿਆਸੀ ਸਰਗਰਮੀਆਂ ਵਿਚ ਕੁਦ ਪਏ।
ਉਨ੍ਹੀਂ ਦਿਨੀਂ ਕਮਿਊਨਿਸਟਾਂ ਦੇ ਚਾਨਣ-ਮੁਨਾਰੇ ਸੋਵੀਅਤ ਯੂਨੀਅਨ ਵਿਚ ਵੱਡੀਆਂ ਸਿਧਾਂਤਕ ਅਤੇ ਸਿਆਸੀ ਤਬਦੀਲੀਆਂ ਆਈਆਂ ਤੇ ਸਟਾਲਿਨ ਜਿਹੇ ਮਜ਼ਬੂਤ ਨੇਤਾ ਦੀ ਸਾਖ ਨੂੰ ਖੋਰਾ ਲੱਗਣ ਲੱਗਾ। ਇਨਕਲਾਬ ਛੇਤੀ ਆਉਣ ਦੀ ਆਸ ਲਾਈ ਬੈਠੇ ਦਲਬੀਰ ਸਿੰਘ ਦਾ ਯਕੀਨ ਵੀ ਤਿੜਕਣ ਲੱਗਾ। ਦੂਜੇ ਪਾਸੇ ਝਾਤੀ ਮਾਰੀ ਤਾਂ ਉਸ ਕੋਲ ਪੜ੍ਹਾਈ ਦੀਆਂ ਲੋੜੀਂਦੀਆਂ ਡਿਗਰੀਆਂ ਦੀ ਕਮੀ ਵੀ ਖਟਕਣ ਲੱਗੀ। ਉਤੋਂ ਸੰਸਦ ਚੋਣਾਂ ਵਿਚ ਫਸੀ ਕਮਿਊਨਿਸਟ ਪਾਰਟੀ ਵੀ ਚੋਣਾਂ ਜਿੱਤਣ ਦੀ ਗਿਣਤੀ ਮਿਣਤੀ ਵਿਚ ਪਈ ਕਈ ਗੈਰ-ਸਿਧਾਂਤਕ ਅਤੇ ਮੌਕਾਪ੍ਰਸਤ ਸਮਝੌਤੇ ਕਰਨ ਦੇ ਰਾਹ ਪੈ ਗਈ। ਉਹ ਪਿਛਲੇ 60 ਸਾਲ ਤੋਂ ਸਮਝੌਤਾ ਰਾਜਨੀਤੀ ਹੀ ਕਰਦੀ ਆ ਰਹੀ ਸੀ। ਜਦੋਂ ਪੰਜਾਬ ਦੀ ਪਾਰਟੀ ਦੇ ਸਕੱਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਿਚ ਪਾਰਟੀ ਦੀ ਸੂਬਾ ਕਮੇਟੀ ਨੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੌਰਾਨ ‘ਫਿਰਕੂ ਪਾਰਟੀ’ ਜਨਸੰਘ ਨਾਲ ਸੰਧੀ ਕਰ ਲਈ ਤਾਂ ਮਾਨੋ ਦਲਬੀਰ ਸਿੰਘ ਦੇ ਸਿਰ ‘ਤੇ ਪਹਾੜ ਹੀ ਡਿੱਗ ਪਿਆ। ਉਹ ਇਸ ਫੈਸਲੇ ਵਿਰੁਧ ਡਟ ਗਿਆ। ਜਦੋਂ ਲੀਡਰਸ਼ਿਪ ਨੇ ਉਸ ਦੀ ਕੋਈ ਗੱਲ ਨਾ ਸੁਣੀ ਤਾਂ ਉਸ ਨੇ ਪਾਰਟੀ ਦੇ ਜਲੰਧਰ ਹੈਡਕੁਆਰਟਰ ਅੱਗੇ ਮਰਨ ਵਰਤ ਰੱਖਣ ਦੀ ਧਮਕੀ ਦੇ ਦਿਤੀ। ਇਸ ਖਿੱਚੋਤਾਣ ਵਿਚ ਦਲਬੀਰ ਸਿੰਘ ਪਾਰਟੀ ਤੋਂ ਕਿਨਾਰਾ ਕਰ ਗਿਆ।
ਫਿਰ ਉਹ ਨੈਸ਼ਨਲ ਕਾਲਜ ਸਠਿਆਲਾ ਦੀ ਉਸਾਰੀ ਵਿਚ ਰੁਝ ਗਿਆ। ਇਥੇ ਫਿਰ ਭਾਅ ਜੀ ਕਾਮਰੇਡ ਹਰਕਿਸ਼ਨ ਸੁਰਜੀਤ ਨਾਲ ਆਢਾ ਲਾ ਬੈਠੇ। ਇਸ ਪੇਂਡੂ ਕਾਲਜ ਦੀ ਉਸਾਰੀ ਲਈ ਆਲੇ ਦੁਆਲੇ ਦੇ ਪਿੰਡਾਂ ਤੋਂ ਉਗਰਾਹੀ ਕੀਤੀ ਗਈ ਸੀ, ਪਰ ਕਾਲਜ ਦੀ ਪ੍ਰਿੰਸੀਪਲ, ਜੋ ਆਪਣਾ ਲੜਕੀਆਂ ਦਾ ਵਖਰਾ ਪ੍ਰਾਈਵੇਟ ਕਾਲਜ ਵੀ ਚਲਾਉਂਦੀ ਸੀ, ਫੰਡਾਂ ਦੀ ਦੁਰਵਰਤੋਂ ਕਰ ਰਹੀ ਸੀ। ਦਲਬੀਰ ਸਿੰਘ ਨੇ ਉਸ ਵਲੋਂ ਕੀਤੀ ਪੈਸੇ ਦੀ ਹੇਰਾ ਫੇਰੀ ਸਭ ਦੇ ਸਾਹਮਣੇ ਜਾਹਰ ਕਰ ਦਿਤੀ। ਪ੍ਰਿੰਸੀਪਲ ਕਾਮਰੇਡ ਸੁਰਜੀਤ ਦੀ ਬੜੀ ਨਿਕਟਵਰਤੀ ਸੀ। ਭਾਅ ਜੀ ਨੇ ਪ੍ਰਿੰਸੀਪਲ ਦੀ ਘਪਲੇਬਾਜ਼ੀ ਪਾਰਟੀ ਦੀ ਪੰਜਾਬ ਸੂਬਾ ਕਮੇਟੀ ਕੋਲ ਵੀ ਪੇਸ਼ ਕਰ ਦਿੱਤੀ।
ਕਾਮਰੇਡ ਸੁਰਜੀਤ ਜਦੋਂ ਗੁੱਸੇ ਵਿਚ ਆਇਆ, ਦਲਬੀਰ ਸਿੰਘ ਨੂੰ ਧਮਕੀਆਂ ਦੇਣ ਲੱਗਾ ਤਾਂ ਉਸ ਨੇ ਪ੍ਰਿੰਸੀਪਲ ਅਤੇ ਕਾਮਰੇਡ ਸੁਰਜੀਤ ਦੇ ਸਬੰਧਾਂ ਦਾ ‘ਕੱਚਾ ਚਿੱਠਾ’ ਪਾਰਟੀ ਦੀ ਕੇਂਦਰੀ ਹਾਈ ਕਮਾਨ ਕੋਲ ਪਹੁੰਚਾ ਦਿਤਾ। ਕਾਮਰੇਡ ਸੁਰਜੀਤ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਮਜ਼ਬੂਰੀ ਵਸ ਪਿੰ੍ਰਸੀਪਲ ਨੂੰ ਵੀ ਅਸਤੀਫਾ ਦੇਣਾ ਪਿਆ। ਦਲਬੀਰ ਸਿੰਘ ਦੀ ਕਮਿਊਨਿਸਟ ਪਾਰਟੀ ਨੂੰ ਇਹ ਆਖਰੀ ਸਲਾਮ ਸੀ।
ਛੇ ਸਾਲਾਂ ਬਾਅਦ ਦਲਬੀਰ ਸਿੰਘ ਨੇ ਮੁੜ ਪੜ੍ਹਨਾ ਸ਼ੁਰੂ ਕੀਤਾ। ਐਫ਼ ਏ., ਬੀ. ਏ. ਕੀਤੀ ਫਿਰ 1960-61 ਵਿਚ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੀ ਐਮ. ਏ. ਅਤੇ ਪੱਤਰਕਾਰੀ ਦਾ ਡਿਪਲੋਮਾ ਕੀਤਾ। ਯੂਨੀਵਰਸਿਟੀ ਵਿਚ ਉਹ ਵਿਦਿਆਰਥੀਆਂ ਦੀਆਂ ਸਰਗਰਮੀਆਂ ਵਿਚ ਕੁਦ ਪਿਆ। ਯੂਨੀਵਰਸਿਟੀ ਵਿਚ ਉਸ ਨੇ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਦੀ ਬੁਨਿਆਦ ਰੱਖੀ, ਜਿਸ ਦਾ ਪਹਿਲਾ ਪ੍ਰਧਾਨ ਉਸ ਨੂੰ ਹੀ ਚੁਣਿਆ ਗਿਆ। 1960ਵਿਆਂ ਦੌਰਾਨ ਇਹੀ ਯੂਨੀਅਨ ਫਿਰ ਖੱਬੀ ਲਹਿਰ ਦੇ ਆਲਮੀ ਪ੍ਰਭਾਵ ਹੇਠ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਂ ਨਾਲ ਦੋ ਦਹਾਕੇ ਸਰਗਰਮ ਰਹੀ। ਦਲਬੀਰ ਸਿੰਘ ਨੇ ਹੀ ਚੰਡੀਗੜ੍ਹ ਵਿਚ ਯੂਨੀਅਨ ਦੀ ਪਹਿਲੀ ਆਲ ਇੰਡੀਆ ਸਟੂਡੈਂਟਸ ਕਾਨਫਰੰਸ ਕਰਵਾਈ।
ਦਲਬੀਰ ਸਿੰਘ ਦੀ ਪੱਤਰਕਾਰੀ ਦੀ ਸ਼ੁਰੂਆਤ ਦਿੱਲੀ ਤੋਂ ਛਪਦੇ ਅੰਗਰੇਜ਼ੀ ਅਖਬਾਰ ‘ਪੈਟਰੀਆਟ’ ਨਾਲ ਹੋਈ, ਜਿਸ ਦੀ ਮੈਨੇਜਮੈਂਟ ਦਾ ਉਨ੍ਹੀਂ ਦਿਨੀਂ ਰੁਝਾਨ ਸੀ. ਪੀ. ਆਈ. ਵਲ ਹੁੰਦਾ ਸੀ; ਪਰ ਕੁਝ ਮਹੀਨਿਆਂ ਪਿਛੋਂ ਉਹ ਯੂ. ਐਨ. ਆਈ. ਨਿਊਜ ਏਜੰਸੀ ਦੇ ਰਿਪੋਰਟਰ ਬਣ ਕੇ ਜਲੰਧਰ ਆ ਗਏ, ਜਿਥੇ ਉਨ੍ਹਾਂ ਦਾ ਅਕਾਲੀ ਲੀਡਰਾਂ ਨਾਲ ਨੇੜਲਾ ਵਾਹ ਪਿਆ। ਪੰਜਾਬੀ ਸੂਬੇ ਦੀ ਲੜਾਈ ਜੋਰਾਂ ‘ਤੇ ਸੀ, ਜਿਸ ਦੀ ਉਨ੍ਹਾਂ ਨੇ ਰਿਪੋਰਟਿੰਗ ਕੀਤੀ। ਸੰਤ ਫਤਿਹ ਸਿੰਘ ਆਦਿ ਦੇ ਮਰਨ ਵਰਤ ਦੇ ਨਾਟਕ ਦੇਖੇ, ਜਿਸ ਕਰਕੇ ਉਹ ਅਕਾਲੀ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ ਦੇ ਸਖਤ ਵਿਰੋਧੀ ਹੋ ਗਏ। ਅਕਾਲੀ ਵਿਰੋਧੀ ਇਸੇ ਮਾਨਸਿਕ ਗੰਢ ਨੇ 1984 ਵਿਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਪਿਛੋਂ ਵੱਡੇ ਸਦਮੇ ਵਿਚੋਂ ਉਭਰੀ ਸਿਆਸਤ ‘ਤੇ ਵੱਡਾ ਅਸਰ ਪਾਇਆ। ਉਨ੍ਹਾਂ ਵਿਚ ਅਮੋੜ ਇਨਕਲਾਬੀ ਊਰਜਾ ਸੀ। ਉਨ੍ਹਾਂ ਵਿਚ ਸਮਿਆਂ ਦੀ ਹਲਚਲ ਵਿਚ ਧਸੀ ਪਈ ਸਥਿਤੀ ਨੂੰ ਤੋੜ ਕੇ ਵੱਡੇ ਬਦਲਾਅ ਦੇ ਰਾਹ ਪਾ ਦੇਣ ਦੀ ਅਥਾਹ ਸਮਰਥਾ ਸੀ। ਅਜਿਹੇ ਵੱਡੇ ਕਾਰਜਾਂ ਲਈ ਉਨ੍ਹਾਂ ਅੰਦਰ ਲਗਨ ਸੀ। ਪੈਸੇ ਤੇ ਸਿਆਸਤ ਦੀ ਨੇੜਤਾ ਨੂੰ ਫੜਨ ਦੀ ਸਮਝ ਸੀ ਅਤੇ ਲੋੜੀਂਦੀਆਂ ਕੂਟਨੀਤੀਆਂ ਨੂੰ ਬਿਨਾ ਜ਼ਾਤੀ ਸਮਝੌਤੇ ਕੀਤਿਆਂ ਵਰਤਣ ਦੀ ਮੁਹਾਰਤ ਵੀ ਸੀ।
ਇਸੇ ਕਰਕੇ ਉਨ੍ਹਾਂ ਨੇ 1965-66 ਦੇ ਸਮਿਆਂ ਵਿਚ ਅਖਬਾਰਾਂ ਦੇ ਹੈਡਕੁਆਰਟਰ ਜਲੰਧਰ ਵਿਚ ਪੱਤਰਕਾਰਾਂ ਨੂੰ ਇਕ ਪਲੈਟਫਾਰਮ ਉਤੇ ਇਕੱਠੇ ਕਰ ਕੇ ਮਾਲਕਾਂ ਤੋਂ ਆਪਣੇ ਹੱਕ ਮੰਗਣ ਦੇ ਰਾਹ ਤੋਰ ਦਿੱਤਾ। ਫੋਕੀ ਵਾਹ ਵਾਹ ਕਰਕੇ ਅਤੇ ਸਰਕਾਰੇ-ਦਰਬਾਰੇ ਸੁਖਾਲੀ ਪਹੁੰਚ ਹੋਣ ਕਰਕੇ ਬਹੁਤੇ ਪੱਤਰਕਾਰਾਂ ਦੇ ਧਰਤੀ ਉਤੇ ਪੈਰ ਨਹੀਂ ਲਗਦੇ। ਉਹ ਜ਼ਿਆਦਾਤਰ ਸਮਝੌਤਾਵਾਦੀ ਬਣ ਕੇ ਦੂਜੇ ਵਰਕਰਾਂ ਜਾਂ ਮੁਲਾਜ਼ਮਾਂ ਵਾਂਗੂ ਆਪਣੇ ਹੱਕਾਂ ਲਈ ਜਦੋਜਹਿਦ ਕਰਨ ਦੀ ਹਿੰਮਤ ਨਹੀਂ ਕਰਦੇ, ਜਿਸ ਕਰਕੇ ਅਖਬਾਰ ਮਾਲਕ ਉਨ੍ਹਾਂ ਦਾ ਵੱਡਾ ਸ਼ੋਸ਼ਣ ਕਰਦੇ ਰਹਿੰਦੇ। ਪਰ ਦਲਬੀਰ ਸਿੰਘ ਦੀ ਵੀ ਕਮਾਲ ਸੀ ਕਿ ਉਨ੍ਹਾਂ ਨੇ ਅਜਿਹੇ ਡੱਡੂਆਂ ਦੀ ਪੰਸੇਰੀ ਵਿਚੋਂ ਪੰਜਾਬ ਵਰਕਿੰਗ ਜਰਨਲਿਸਟ ਯੂਨੀਅਨ ਖੜ੍ਹੀ ਕਰ ਦਿਤੀ। ਉਹ ਹੀ ਇਸ ਯੂਨੀਅਨ ਦੇ ਤਿੰਨ ਸਾਲ ਪ੍ਰਧਾਨ ਰਹੇ ਅਤੇ ਚੰਡੀਗੜ੍ਹ ਦੇ ਕਹਿੰਦੇ ਕਹਾਉਂਦੇ ਪੱਤਰਕਾਰਾਂ ਨੂੰ ਇਸ ਯੂਨੀਅਨ ਨੂੰ ਤੋੜ ਕੇ ਵਖਰੀ ਯੂਨੀਅਨ ਖੜੀ ਨਹੀਂ ਕਰਨ ਦਿਤੀ।
ਪੰਜਾਬ ਸਟੂਡੈਂਟਸ ਯੂਨੀਅਨ ਖੜ੍ਹੀ ਕਰਨ ਦੀ ਤਰਜ਼ ‘ਤੇ ਹੀ ਦਲਬੀਰ ਸਿੰਘ ਨੇ ਸਰਕਾਰ ਵਲੋਂ ਦੇਸ਼ ਭਰ ਦੇ ਪੱਤਰਕਾਰਾਂ ਤੇ ਗੈਰ ਪੱਤਰਕਾਰਾਂ/ਅਖਬਾਰੀ ਕਾਮਿਆਂ ਲਈ ਪਹਿਲੇ ‘ਵੇਜ ਬੋਰਡ’ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਵੀ ਇਤਿਹਾਸਕ ਰੋਲ ਅਦਾ ਕੀਤਾ। ਦੇਸ਼ ਭਰ ਦੇ ਪੱਤਰਕਾਰ ਸੰਗਠਨ ਅਖਬਾਰੀ ਮਾਲਕਾਂ ਵਲੋਂ ਮਨਮਾਨੇ ਤਰੀਕੇ ਨਾਲ ਉਜਰਤ ਦੇਣ ਨੂੰ ਨਿਯਮਬੱਧ ਕਰਵਾਉਣ ਅਤੇ ਅਣਮਨੁਖੀ ਕੰਮ-ਕਾਜੀ ਹਾਲਤਾਂ ਨੂੰ ਸੁਧਾਰਨ ਲਈ ਸਰਕਾਰ ਤੋਂ ਪੱਤਰਕਾਰਾਂ ਲਈ ਵੱਖਰਾ ‘ਵੇਜ਼-ਬੋਰਡ’ ਕਾਇਮ ਕਰਨ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਸਨ, ਪਰ ਪੱਤਰਕਾਰ ਜਥੇਬੰਦੀਆਂ ਦੇ ਬਹੁਤੇ ਮੌਕਾਪ੍ਰਸਤ ਲੀਡਰ ਇਸ ਮੰਗ ਨੂੰ ਸੰਜੀਦਾ ਤਰੀਕੇ ਨਾਲ ਨਹੀਂ ਸੀ ਉਠਾ ਰਹੇ। ਇਨ੍ਹਾਂ ਲੀਡਰਾਂ ਦੀ ਕਮਜ਼ੋਰੀ-ਮੱਕਾਰੀ ਅਤੇ ਕਾਮੇ ਪੱਤਰਕਾਰਾਂ ਦੀ ਮਾੜੀ ਆਰਥਕ ਹਾਲਤ ਦਲਬੀਰ ਸਿੰਘ ਨੂੰ ਰੜਕ ਰਹੀ ਸੀ।
ਇਹ 1966 ਦਾ ਵਾਕਿਆ ਹੈ ਕਿ ਦਲਬੀਰ ਸਿੰਘ ਪੰਜਾਬ ਵਰਕਿੰਗ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਦੀ ਹੈਸੀਅਤ ਵਿਚ ਜਲੰਧਰ ਤੋਂ ਦਰਜਨ ਕੁ ਪੱਤਰਕਾਰ ਲੈ ਕੇ ਦਿੱਲੀ ਪਹੁੰਚ ਗਏ। ਸੰਸਦ ਦਾ ਸ਼ੈਸ਼ਨ ਚੱਲ ਰਿਹਾ ਸੀ। ਅੱਗੋਂ ਦਿੱਲੀ ਵਿਚ ਕਾਬਜ਼ ਪੱਤਰਕਾਰ ਲੀਡਰਾਂ ਨੇ ਉਨ੍ਹਾਂ ਨੂੰ ਕਿਹਾ, “ਤੂੰ ਕੌਣ ਹੁੰਨੈ ਕਿ ਦੇਸ-ਵਿਆਪੀ ਮੰਗ ਨੂੰ ਲੈ ਕੇ ਮੋਢੀ ਬਣਿਆ ਫਿਰੇਂ?” ਉਨ੍ਹਾਂ ਨੇ ਦਲਬੀਰ ਸਿੰਘ ਦਾ ਬਾਈਕਾਟ ਕਰ ਦਿੱਤਾ। ਉਨ੍ਹੀਂ ਦਿਨੀਂ ਲੋਕਤੰਤਰ ਵਿਚ ਅਜੇ ਲੋੜੀਂਦੀ ਲਚਕ ਬਾਕੀ ਸੀ ਅਤੇ ਪੁੱਠੇ ਰਾਹ ਪੈ ਕੇ ਅੱਜ ਵਾਂਗ ਸਰਕਾਰੀ ਤੰਤਰ ਧੱਕਾ ਅਤੇ ਠੱਗ ਤੰਤਰ ਨਹੀਂ ਸੀ ਬਣਿਆ। ਵੱਡੇ ਵੱਡੇ ਸਿਆਸੀ ਲੀਡਰ ਬਿਨਾ ਸੁਰੱਖਿਆ ਦਸਤਿਆਂ ਤੋਂ ਲੋਕਾਂ ਨੂੰ ਮਿਲਦੇ ਰਹਿੰਦੇ ਸਨ। ਇੰਡੀਅਨ ਸਟੇਟ ਦਾ ਲੋਕਾਂ ਨਾਲ ਹਾਕਮ ਤੇ ਹਕੂਕ ਵਾਲਾ ਰਿਸ਼ਤਾ ਨਹੀਂ ਸੀ, ਜੋ 1970ਵਿਆਂ ਅਤੇ ਖਾਸ ਕਰ 1975 ਦੀ ਐਮਰਜੈਂਸੀ ਪਿਛੋਂ ਕਾਇਮ ਹੋਇਆ। ਉਨ੍ਹੀਂ ਦਿਨੀਂ ਸੰਸਦ ਭਵਨ ਤੀਹਰੇ-ਚੌਹਰੇ ਸੁਰਖਿਆ ਘੇਰਿਆ ਵਿਚ ਅਜੇ ਨੂੜ੍ਹਿਆ ਨਹੀਂ ਸੀ ਗਿਆ। ਸੰਸਦ ਭਵਨ ਦੇ ਮੁਖ ਗੇਟ ਤਕ ਮੁਜਾਹਰਾਕਾਰੀ ਪਹੁੰਚ ਜਾਂਦੇ ਸਨ, ਜਿਨ੍ਹਾਂ ਦੇ ਕੋਲੋਂ ਦੀ ਸ਼ੈਸ਼ਨ ਵਿਚ ਹਾਜ਼ਰ ਹੋਣ ਲਈ ਬਹੁਤੇ ਸੰਸਦ ਮੈਂਬਰ ਪੈਦਲ ਹੀ ਲੰਘਦੇ ਸਨ।
ਉਨ੍ਹਾਂ ਭਲਿਆ ਵੇਲਿਆਂ ਵਿਚ ਦਲਬੀਰ ਸਿੰਘ ਦਾ ਜ਼ਾਤੀ ਉਦਮ ਤੇ ਸਾਹਸ ਇਕ ਨਿਵੇਕਲਾ ਕਾਰਨਾਮਾ ਸੀ। ਜਦੋਂ ਦੇਸ਼ ਦੀ ਰਾਜਧਾਨੀ ਵਿਚੋਂ ਕੋਈ ਵੀ ਪੱਤਰਤਕਾਰ ਸੰਗਠਨ ਤੇ ਲੀਡਰ ਨਾਲ ਨਾ ਤੁਰਿਆ ਤਾਂ ਉਹ ਆਪਣੇ ਜਲੰਧਰ ਦੇ ਪੱਤਰਕਾਰ ਸਾਥੀਆਂ ਨੂੰ ਹੀ ਨਾਲ ਲੈ ਕੇ ਪਾਰਲੀਮੈਂਟ ਅੱਗੇ ਭੁੱਖ ਹੜਤਾਲ ‘ਤੇ ਬੈਠ ਗਿਆ। ਦੋ ਸੋਟੀਆਂ ਉਤੇ ਮੋਟੇ ਸਫੈਦ ਅੱਖਰਾਂ ਵਿਚ ਲਾਲ ਕੱਪੜੇ ਉਤੇ ਬਣਿਆ ਪੰਜਾਬ ਪੱਤਰਕਾਰ ਯੂਨੀਅਨ ਦਾ ਬੈਨਰ ਲਟਕਾ ਦਿੱਤਾ ਤੇ ‘ਵੇਜ ਬੋਰਡ’ ਦੀ ਮੰਗ ਲੈ ਕੇ ਨਾਹਰੇ ਮਾਰਨੇ ਸ਼ੁਰੂ ਕਰ ਦਿਤੇ। ਪਹਿਲੇ ਦਿਨ ਹੀ ਮਸ਼ਹੂਰ ਕਾਮਰੇਡ ਆਗੂ ਏ. ਕੇ. ਗੋਪਾਲਨ ਉਨ੍ਹਾਂ ਨੂੰ ਸੰਬੋਧਨ ਕਰਨ ਆ ਗਿਆ। ਲੋਕ ਸਭਾ ‘ਚ ਇਸ ਮਸਲੇ ‘ਤੇ ਕਮਿਊਨਿਸਟ ਪਾਰਟੀ ਨੇ ‘ਕੰਮ ਰੋਕੂ ਮਤਾ’ ਪੇਸ਼ ਕਰ ਦਿਤਾ। ਜਵਾਬ ਵਿਚ ਸਰਕਾਰ ਨੇ ਹਾਊਸ ‘ਚ ਛੇ ਮਹੀਨੇ ਦੇ ਵਿਚ ਵਿਚ ‘ਵੇਜ ਬੋਰਡ’ ਬਣਾਉਣ ਦਾ ਯਕੀਨ ਦਿਵਾ ਦਿਤਾ। ਪਿਛਲੇ ਪਹਿਰ ਕੇਂਦਰੀ ਕਿਰਤ ਸਕੱਤਰ ਨੇ ਦਲਬੀਰ ਸਿੰਘ ਨੂੰ ਬੁਲਾ ਕੇ ਡੇਢ ਘੰਟਾ ਗੱਲਬਾਤ ਕਰ ਕੇ ‘ਵੇਜ ਬੋਰਡ’ ਬਣਾਉਣ ਦਾ ਸਰਕਾਰੀ ਪੱਧਰ ਉਤੇ ਭਰੋਸਾ ਦਿੱਤਾ। ਇਉਂ ਦੇਸ਼ ਭਰ ਦੇ ਪੱਤਰਕਾਰਾਂ ਦੀ ਵੱਡੀ ਮੰਗ ਮੰਨਵਾ ਕੇ ਦਲਬੀਰ ਸਿੰਘ ਅਤੇ ਉਸ ਦੇ ਸਾਥੀ ਰਾਤ ਦੀ ਗੱਡੀ ਫੜ ਕੇ ਸਵੇਰੇ ਜਲੰਧਰ ਪਰਤ ਆਏ।
1967 ਵਿਚ ਯੂ. ਐਨ. ਆਈ. ਦੇ ਜਨਰਲ ਮੈਨੇਜਰ ਕੁਲਦੀਪ ਨਈਅਰ ਨੂੰ ਦਲਬੀਰ ਸਿੰਘ ਦੀ ਅਕਾਲੀ ਮੋਰਚੇ ਖਾਸ ਕਰਕੇ ਸੰਤ ਫਤਿਹ ਸਿੰਘ ਦੇ ਰੋਲ ਬਾਰੇ ਕੀਤੀ ‘ਰਿਪੋਰਟਿੰਗ’ ਪਸੰਦ ਨਾ ਆਈ। ਜਦੋਂ ਦਲਬੀਰ ਸਿੰਘ ਦੀ ਬਦਲੀ ਗੁਹਾਟੀ ਯੂ. ਐਨ. ਆਈ. ਆਫਿਸ ਵਿਚ ਕਰ ਦਿਤੀ ਗਈ ਤਾਂ ਉਸ ਨੇ ਅਸਤੀਫਾ ਦੇ ਕੇ ‘ਪੈਟਰੀਆਟ’ ਅਖਬਾਰ, ਚੰਡੀਗੜ੍ਹ ਜੁਆਇਨ ਕਰ ਲਿਆ।
1969 ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀਂ ਸ਼ਤਾਬਦੀ ਮਨਾਉਣ ਸਮੇਂ ਪੰਜਾਬ ਸਰਕਾਰ ਨੇ ਗੁਰੂ ਜੀ ਦੇ ਨਾਂ ‘ਤੇ ਅੰਮ੍ਰਿਤਸਰ ਵਿਚ ਯੂਨੀਵਰਸਿਟੀ ਖੋਲ੍ਹਣ ਦਾ ਫੈਸਲਾ ਕੀਤਾ ਤਾਂ ਜਲੰਧਰ ਦੀ ਮਹਾਸ਼ਾ ਪ੍ਰੈਸ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਆਰੀਆ ਸਮਾਜੀ ਅਖਬਾਰਾਂ ਵਿਚ ਯੂਨੀਵਰਸਿਟੀ ਦੇ ਵਿਰੋਧ ਵਿਚ ਵੱਡੇ ਵੱਡੇ ਲੇਖ ਛਪਣ ਲਗੇ। ਡੀ. ਏ. ਵੀ. ਕਾਲਜਾਂ ਨੇ ਫੈਸਲਾ ਕਰ ਲਿਆ ਕਿ ਉਹ ਅੰਮ੍ਰਿਤਸਰ ਯੂਨੀਵਰਸਿਟੀ ਨਾਲ ਨਹੀਂ ਜੁੜਨਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਅਤੇ ਰਜਿਸਟਰਾਰ ਭਰਪੂਰ ਸਿੰਘ ਤੋਂ ਵਿਰੋਧੀ ਅਖਬਾਰੀ ਪ੍ਰਚਾਰ ਦਾ ਢੁਕਵਾਂ ਜਵਾਬ ਨਹੀਂ ਸੀ ਦਿਤਾ ਜਾ ਰਿਹਾ। ਬਿਸ਼ਨ ਸਿੰਘ ਸਮੁੰਦਰੀ ਦੇ ਕਹਿਣ ‘ਤੇ ਦਲਬੀਰ ਸਿੰਘ ਯੂਨੀਵਰਸਿਟੀ ਦਾ ਲੋਕ ਸੰਪਰਕ ਅਧਿਕਾਰੀ ਬਣ ਕੇ ਮਹਾਸ਼ਾ ਪ੍ਰੈਸ ਦੇ ਭੰਡੀ ਪ੍ਰਚਾਰ ਨੂੰ ਠਲ੍ਹ ਪਾਉਣ ਵਿਚ ਜੁਟ ਗਿਆ। ਸੱਤ ਸਾਲ ਦਲਬੀਰ ਸਿੰਘ ਯੂਨੀਵਰਸਿਟੀ ਵਿਚ ਟਿਕਿਆ ਰਿਹਾ, ਪਰ ਵਾਈਸ ਚਾਂਸਲਰ ਸਮੁੰਦਰੀ ਵਲੋਂ ਇਜਾਜ਼ਤ ਨਾ ਦੇਣ ਕਰਕੇ ਉਹ ਆਪਣੀ ਪੀਐਚ. ਡੀ. ਕਰਨ ਦੀ ਤਮੰਨਾ ਪੂਰੀ ਨਾ ਕਰ ਸਕਿਆ।
1969-70ਵਿਆਂ ਵਿਚ ਪੰਜਾਬ ‘ਚ ਨਕਸਲਬਾੜੀ ਲਹਿਰ ਦਾ ਉਭਾਰ ਜ਼ੋਰਾਂ ‘ਤੇ ਸੀ। ਉਹ ਕਈ ਨਕਸਲੀ ਆਗੂਆਂ ਦੇ ਸੰਪਰਕ ਵਿਚ ਰਿਹਾ। ਹਾਕਮ ਸਿੰਘ ਸਮਾਓ ਨਾਲ ਉਸ ਦੀ ਚੰਗੀ ਨੇੜਤਾ ਸੀ। ਬਠਿੰਡਾ ਵਿਚ ਟ੍ਰਿਬਿਊਨ ਦੇ ਰਿਪੋਰਟਰ ਹੋਣ ਸਮੇਂ ਦਲਬੀਰ ਸਿੰਘ ਮੈਨੂੰ ਨਾਲ ਲੈ ਕੇ ਹਾਕਮ ਸਿੰਘ ਸਮਾਓ ਨੂੰ ਮਿਲਣ ਭੀਖੀ ਨੇੜੇ ਉਸ ਦੇ ਪਿੰਡ ਗਿਆ। ਐਮਰਜੈਂਸੀ ਪਿਛੋਂ ਸਮਾਓ ਗੁਪਤ ਹਥਿਆਰਬੰਦ ਲੜਾਈ ਛੱਡ ਕੇ ਖੁਲ੍ਹੀ ਖੱਬੇ ਪੱਖੀ ਸਿਆਸਤ ਵਿਚ ਸ਼ਾਮਿਲ ਹੋ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਛੱਡ ਕੇ ਦਲਬੀਰ ਸਿੰਘ ਕੁਝ ਮਹੀਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪਬਲਿਕ ਰਿਲੇਸ਼ਨ ਅਫਸਰ ਵੀ ਰਿਹਾ ਅਤੇ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਗਏ ਪਹਿਲੇ ਪੱਤਰਕਾਰੀ ਕੋਰਸ ਵਿਚ ਸਾਨੂੰ ਪੜ੍ਹਾਉਂਦਾ ਵੀ ਰਿਹਾ। ਐਮਰਜੈਂਸੀ ਪਿਛੋਂ ਟ੍ਰਿਬਿਊਨ, ਚੰਡੀਗੜ੍ਹ ਵਿਚ ਬਤੌਰ ਰਿਪੋਰਟਰ ਉਸ ਦੀ ‘ਐਂਟਰੀ’ ਬੜੇ ਨਾਟਕੀ ਢੰਗ ਨਾਲ ਹੋਈ। ਟ੍ਰਿਬਿਊਨ ਅਖਬਾਰ ਵਿਚ ਇੰਟਰਵਿਊ ਤੋਂ ਪਹਿਲਾਂ ਉਮੀਦਵਾਰਾਂ ਨੂੰ ‘ਐਮਰਜੈਂਸੀ’ ਬਾਰੇ ਲੇਖ ਲਿਖਣ ਲਈ ਕਿਹਾ ਗਿਆ। ਪੇਪਰ ‘ਤੇ ਨੰਬਰ ਲਾਉਣ ਵਾਲੇ ਨੇ ਉਸ ਨੂੰ ਚੌਥੇ ਨੰਬਰ ਉਤੇ ਲਿਆਂਦਾ ਯਾਨਿ ਇੰਟਰਵਿਊ ਤੋਂ ਬਾਹਰ ਹੀ ਕੱਢ ਦਿਤਾ, ਪਰ ਟ੍ਰਿਬਿਊਨ ਟਰਸਟ ਦੇ ਮੈਂਬਰ ਡਾ. ਐਮ. ਐਸ਼ ਰੰਧਾਵਾ ਨੂੰ ਉਮੀਦਵਾਰਾਂ ਦੇ ਪੇਪਰਾਂ ‘ਤੇ ਨੰਬਰ ਲਾਉਣ ਬਾਰੇ ਕੁਝ ਸ਼ੱਕ ਹੋ ਗਿਆ। ਡਾ. ਰੰਧਾਵਾ ਨੇ ਸਾਰੇ ਪੇਪਰਾਂ ਨੂੰ ਟਰਸਟ ਦੇ ਸਾਹਮਣੇ ਪੇਸ਼ ਕਰਕੇ ਮੁੜ ਨੰਬਰ ਲਾਉਣ ਲਈ ਕਿਹਾ। ਦਲਬੀਰ ਸਿੰਘ ਦਾ ‘ਪੇਪਰ’ ਪਹਿਲੇ ਨੰਬਰ ‘ਤੇ ਆ ਗਿਆ ਤੇ ਉਸ ਦੀ ‘ਸਿਲੈਕਸ਼ਨ’ ਪਹਿਲੇ ਨੰਬਰ ‘ਤੇ ਹੋਈ।
13 ਅਪਰੈਲ 1978 ਦੀ ਵਿਸਾਖੀ ਸਮੁੱਚੇ ਸਿੱਖ ਪੰਥ ਲਈ ਪੰਜਾਬ ਦੀ ਸਿਆਸਤ ਵਿਚ ਅਣਕਿਆਸਾ ਬਦਲ ਤੇ ਭਾਰਤੀ ਰਾਸ਼ਟਰਵਾਦ ਵਿਚ ਇਕ ਨਵਾਂ ਮੋੜ ਲੈ ਕੇ ਆਈ। ਇੰਡੀਆ ਦੀ ਪਹਿਲੇ ਧਰਮ ਨਿਰਪੇਖ ਨਾਹਰੇ ਵਾਲੀ ਜਮਹੂਰੀਅਤ ‘ਤੇ ਪੂਰਨ ਵਿਰਾਮ ਚਿੰਨ ਲੱਗ ਗਿਆ ਅਤੇ ਨਵੀਂ ਹਿੰਦੂਵਾਦੀ ਰਾਸ਼ਟਰਵਾਦ ਦੀ ਸਿਆਸਤ ਦਾ ਅਰੰਭ ਹੋਇਆ। ਅੰਮ੍ਰਿਤਸਰ ਵਿਚ ਉਸ ਵਿਸਾਖੀ ਵਾਲੇ ਦਿਨ ਹੋਏ ਸਿੱਖ-ਨਿਰੰਕਾਰੀ ਕਾਂਡ ਨੇ ਦਲਬੀਰ ਸਿੰਘ ਦੀ ਜ਼ਿੰਦਗੀ, ਨਜ਼ਰੀਆ ਅਤੇ ਸਿਆਸੀ ਸੋਚ ਨੂੰ ਉਕਾ ਹੀ ਬਦਲ ਕੇ ਰੱਖ ਦਿਤਾ। ਟ੍ਰਿਬਿਊਨ ਦੇ ਸੀਨੀਅਰ ਰਿਪੋਰਟਰ ਵਜੋਂ ਉਨ੍ਹਾਂ ਨੇ ਵਿਸਾਖੀ ਵਾਲੇ ਦਿਨ ਹਿੰਸਕ ਕਾਂਡ ਦੇ ਉਭਰਨ, ਵਾਪਰਨ ਅਤੇ ਪੰਜਾਬੀ ਸਮਾਜ ‘ਤੇ ਪਏ ਇਸ ਦੇ ਅਮਿਟ ਪ੍ਰਭਾਵਾਂ ਨੂੰ ਚਸ਼ਮਦੀਦ ਗਵਾਹ ਵਜੋਂ ਨੇੜਿਓਂ ਵਾਚਿਆ ਤੇ ਉਸ ਦੀ ਹੂ-ਬ-ਹੂ ‘ਰਿਪੋਰਟਿੰਗ’ ਕੀਤੀ।
ਉਸ ਵਿਸਾਖੀ ਵਾਲੇ ਦਿਨ ਹੀ ਦਲਬੀਰ ਸਿੰਘ ਨੇ ਪਹਿਲੀ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨੇੜਿਓਂ ਡਿਠਾ। ਦਰਬਾਰ ਸਾਹਿਬ ਦੀ ਮੰਜੀ ਸਾਹਿਬ ਦੀ ਸਟੇਜ ਉਤੇ ਸੰਤ ਭਿੰਡਰਾਂਵਾਲੇ ਦਾ ਪੰਜਾਬ ਦੇ ਉਸ ਸਮੇਂ ਦੇ ਮਾਲ ਮੰਤਰੀ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨਾਲ ਅੰਮ੍ਰਿਤਸਰ ਵਿਚ ਚਲ ਰਹੇ ਨਿਰੰਕਾਰੀ ਸਮਾਗਮ ਵਿਚ ਸਿੱਖ ਵਿਰੋਧੀ ਭੰਡੀ ਪ੍ਰਚਾਰ ਨੂੰ ਲੈ ਕੇ ਹੋਏ ਖੁਲ੍ਹੇ ਤਕਰਾਰ ਨੂੰ ਸੁਣਿਆ ਦੇਖਿਆ।
ਜੇ ਦਲਬੀਰ ਸਿੰਘ ਵਲੋਂ ਸਿੱਖ-ਨਿਰੰਕਾਰੀ ਕਾਂਡ ਦੀ ਨੇੜਿਓਂ ਤੱਕੀ ਸਹੀ ‘ਰਿਪੋਰਟਿੰਗ’ ਨਾ ਕੀਤੀ ਹੁੰਦੀ ਤਾਂ ਪੁਲਿਸ ਤੇ ਮੀਡੀਏ ਨੇ ਉਹ ਕਤਲ ‘ਸਿੱਖ ਹਮਲਾਵਰ ਜਥੇ ਦੇ ਖਾਤੇ ਵਿਚ ਪਾ ਦੇਣੇ ਸਨ। ਸਰਕਾਰੀ ਤੌਰ ‘ਤੇ ਆਹਮੋ-ਸਾਹਮਣੇ ਤੋਂ ਦੋਨਾਂ ਧਿਰਾਂ ਵਿਚਾਲੇ ਚੱਲੀ ਗੋਲੀ ਦਾ ਦ੍ਰਿਸ਼ ਸਿਰਜ ਦੇਣਾ ਪੁਲਿਸ ਲਈ ਕੋਈ ਔਖਾ ਕੰਮ ਨਹੀਂ ਸੀ।’ ਦੋ ਧਿਰਾਂ ਦੀ ਆਪਸੀ ਲੜਾਈ ਪੇਸ਼ ਕਰਨ ਨਾਲ ਸਿੱਖ ਮਾਨਸਿਕਤਾ ਵਿਚ ਨਿਰੰਕਾਰੀ, ਹਿੰਦੂ ਅਤੇ ਆਰੀਆ ਸਮਾਜੀ ਲੀਡਰਾਂ ਵਿਰੁਧ ਗੁੱਸਾ ਤੇ ਰੋਹ ਉਸ ਰੂਪ ਵਿਚ ਨਹੀਂ ਸੀ ਭੜਕਣਾ।
ਉਸ ਦਿਨ ਅੰਮ੍ਰਿਤਸਰ ਵਿਚ ਹਾਜ਼ਰ ਪ੍ਰਕਾਸ਼ ਸਿੰਘ ਬਾਦਲ ਦੀ ਮੱਕਾਰੀ ਤੋਂ ਅਤੇ ਕੇਂਦਰੀ ਸਰਕਾਰ ਵਲੋਂ ਅਤਿਆਚਾਰ ਤੇ ਧਕੇਸ਼ਾਹੀ ਦੀ ਗੰਢ ਬਹੁਤੇ ਸਿੱਖਾਂ ਦੇ ਮਨ-ਮਸਤਕ ਵਿਚ ਉਸੇ ਵੇਲੇ ਬੱਝ ਗਈ ਸੀ। ਪਿਛੋਂ 1984 ਦੇ ਦੁਖਾਂਤ ਤੇ ਆਉਂਦੇ ਸਮਿਆਂ ਨੇ ਇਹ ਗੰਢ ਹੋਰ ਵੀ ਪੀਡੀ ਕਰ ਦਿਤੀ। ਜਿਸ ਤਰੀਕੇ ਨਾਲ ਸੰਤ ਭਿੰਡਰਾਂਵਾਲੇ ਨੇ ਅੱਗੇ ਲੱਗ ਕੇ ਮ੍ਰਿਤਕ ਸਿੰਘਾਂ ਦੀਆਂ ਲਾਸ਼ਾਂ ਸੰਭਾਲੀਆਂ ਅਤੇ ਅਗਲੇ ਦਿਨ ਆਪਮੁਹਾਰੇ ਹੋਏ ਜੋਸ਼ੀਲੇ ਅਤੇ ਗੁੱਸੇ ਵਿਚ ਭੜਕੇ ਸਿੱਖ ਨੌਜਵਾਨਾਂ ਨੂੰ ਕਾਬੂ ਕਰਕੇ ਗੁਰਦੁਆਰੇ ਸ਼ਹੀਦਾਂ ਲਾਗੇ ਸਸਕਾਰ ਕਰਵਾਇਆ, ਉਸ ਤੋਂ ਸ਼ ਦਲਬੀਰ ਸਿੰਘ ਨੂੰ ਲਗ ਗਿਆ ਸੀ ਕਿ ਲੰਬੇ ਸਮੇਂ ਪਿਛੋਂ ਸਿੱਖਾਂ ਨੂੰ ਸੰਤਾਂ ਦੇ ਰੂਪ ਵਿਚ ਇਕ ਸਹੀ ਲੀਡਰ ਮਿਲ ਗਿਆ ਹੈ। ਇਸੇ ਹੀ ਪ੍ਰਭਾਵ ਥੱਲੇ ਉਹ ਪਹਿਲੀ ਵਾਰੀ ਖੁਦ ਚਲ ਕੇ ਦਮਦਮੀ ਟਕਸਾਲ ਦੇ ਹੈਡਕੁਆਰਟਰ ਮਹਿਤਾ ਚੌਂਕ ਗਿਆ ਅਤੇ ਸੰਤਾਂ ਦੀ ਤਿੰਨ ਘੰਟੇ ਲੰਬੀ ਇੰਟਰਵਿਊ ਕੀਤੀ। ਉਸ ਦੇ ਮਨ ਵਿਚ ਸੰਤ ਦੀ ਵਿਲੱਖਣ ਤੇ ਨਿਵੇਕਲੀ ਸ਼ਖਸੀਅਤ ਦੀ ਛਾਪ ਹੋਰ ਡੂੰਘੀ ਹੋ ਗਈ।
ਸੰਤਾਂ ਦੇ ਕਮਰੇ ਵਿਚੋਂ ਬਾਹਰ ਨਿਕਲਣ ਸਮੇਂ ਸ਼ ਦਲਬੀਰ ਸਿੰਘ ਨੇ ਸਾਫ ਹੀ ਕਹਿ ਦਿਤਾ, “ਸੰਤ ਜੀ ਤੁਸੀਂ 31 ਸਾਲਾਂ ਦੇ ਭਰ ਜਵਾਨ ਹੋ। ਜੇ ਮਾਇਆ ਤੇ ਹੁਸਨ ਦੀ ਅਲੌਕਿਕ ਅਤੇ ਸ਼ਕਤੀਸ਼ਾਲੀ ਲਪੇਟ ਵਿਚੋਂ ਸਬੂਤੇ ਬਚੇ ਰਹੇ ਤਾਂ ਤੁਹਾਡੀ ਸਿੱਖ ਵਿਚਾਰਧਾਰਾ ਅਤੇ ਉਸ ਉਤੇ ਅਮਲ ਕਰਨ ਦਾ ਦ੍ਰਿੜ੍ਹ ਨਿਸ਼ਚਾ ਤੁਹਾਨੂੰ ਅਤੇ ਸਾਰੇ ਸਿੱਖ ਸਮਾਜ ਨੂੰ ਵੱਡੇ ਇਤਿਹਾਸਕ ਜੋਖਮ ਵਿਚ ਪਾ ਦੇਵੇਗਾ।”
ਉਹ ਇੰਟਰਵਿਊ ਦਲਬੀਰ ਸਿੰਘ ਨੇ ਟ੍ਰਿਬਿਊਨ ਅਖਬਾਰ ਸਮੂਹ ਨੂੰ ਇਕ ਛੋਟੇ ਜਿਹੇ ਫੀਚਰ (ਡਿਸਪੈਚ) ਦੇ ਰੂਪ ਵਿਚ ਭੇਜ ਦਿਤੀ, ਜੋ ‘ਦਮਦਮੀ ਟਕਸਾਲ ਚਲਦੀ-ਫਿਰਦੀ ਯੂਨੀਵਰਸਿਟੀ’ ਦੇ ਸਿਰਲੇਖ ਹੇਠ ਛਪ ਗਈ। ਨਾਲ ਹੀ ਤੀਰ ਫੜ ਕੇ ਖੜ੍ਹੇ ਸੰਤਾਂ ਦੀ ਤਸਵੀਰ ਸੀ। ਸੰਤਾਂ ਬਾਰੇ ਅਖਬਾਰਾਂ ਵਿਚ ਇਹ ਪਹਿਲੀ ਖਬਰ ਸੀ। ਜਿਵੇਂ ਜਿਵੇਂ ਸੰਤ ਆਪਣੇ ਏਜੰਡੇ ‘ਤੇ ਕਾਇਮ ਰਹਿ ਕੇ ਸਿਆਸਤ ਵਿਚ ਵੱਡਾ ਬੋਹੜ ਬਣ ਕੇ ਅਕਾਲੀ ਲੀਡਰਸ਼ਿਪ ਉਤੇ ਛਾਉਂਦੇ ਗਏ, ਉਵੇਂ ਉਵੇਂ ਸ਼ ਦਲਬੀਰ ਸਿੰਘ ਪੱਤਰਕਾਰੀ ਦੀਆਂ ਤੰਗ ਸੀਮਾਵਾਂ ਉਲੰਘਦਾ ਸਿੱਖਾਂ ਦੀ ਦਿੱਲੀ ਨਾਲ ਖੁਲ੍ਹਮ ਖੁਲ੍ਹੀ ਲੜਾਈ ਦੀ ਫਿਜ਼ਾ ਵਿਚ ਕੁਦ ਪਿਆ।