ਸੁਰਜੀਤ ਜੱਸਲ
ਫੋਨ: 91-98146-07737
ਪੰਜਾਬੀ ਸਿਨੇਮਾ ਦਾ ਇਕ ਦੌਰ ਉਹ ਵੀ ਸੀ ਜਦ 3-4 ਮਹੀਨੇ ਪਿਛੋਂ ਇਕ ਫਿਲਮ ਰਿਲੀਜ਼ ਹੁੰਦੀ ਸੀ ਤੇ ਲਗਾਤਾਰ ਕਈ ਕਈ ਹਫਤੇ ਟਿਕਟ ਖਿੜਕੀ ‘ਤੇ ਦਰਸ਼ਕਾਂ ਦੀ ਭੀੜ ਲੱਗੀ ਰਹਿੰਦੀ ਸੀ। ਫਿਲਮ ਨਿਰਮਾਤਾ, ਡਿਸਟੀਬਿਊਟਰ ਅਤੇ ਸਿਨੇਮਾ ਮਾਲਕ ਵਧੀਆ ਕਮਾਈ ਕਰਦੇ ਸੀ, ਪਰ ਅਤਿਵਾਦ ਦੇ ਕਾਲੇ ਦੌਰ ਵਿਚ ਜਦ ਪੰਜਾਬੀ ਸਿਨੇਮਾ ਦੇ ਸਰਗਰਮ ਲੇਖਕ, ਨਿਰਦੇਸ਼ਕ ਤੇ ਅਦਾਕਾਰ ਵਰਿੰਦਰ ਦੀ ਮੌਤ ਹੋਈ ਤਾਂ ਪੰਜਾਬੀ ਫਿਲਮਕਾਰਾਂ ‘ਚ ਡਰ ਪੈ ਗਿਆ ਤੇ ਉਹ ਪੰਜਾਬੀ ਸਿਨੇਮਾ ਤੋਂ ਦੂਰ ਭੱਜਣ ਲੱਗੇ। ਹੌਲੀ ਹੌਲੀ ਪੰਜਾਬੀ ਫਿਲਮ ਉਦਯੋਗ ਠੱਪ ਹੋ ਕੇ ਰਹਿ ਗਿਆ।
ਫਿਰ ਕਈ ਸਾਲਾਂ ਪਿਛੋਂ ਮਨਮੋਹਨ ਸਿੰਘ ਤੇ ਹਰਭਜਨ ਮਾਨ ਦੀਆਂ ਫਿਲਮਾਂ ਨੇ ਪੰਜਾਬੀ ਦਰਸ਼ਕਾਂ ਨੂੰ ਮੁੜ ਪੰਜਾਬੀ ਸਿਨੇਮਾ ਤੱਕ ਲਿਆਉਣ ਦਾ ਯਤਨ ਕੀਤਾ, ਪਰ ਲੜਖੜਾਉਂਦਾ ਪੰਜਾਬੀ ਸਿਨੇਮਾ ਹੁਣ ਪਿਛਲੇ ਕੁਝ ਸਾਲਾਂ ਤੋਂ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦਾ ਯਤਨ ਕਰ ਰਿਹਾ ਹੈ। ਚੰਗੇ ਗਾਇਕਾਂ ਨੇ ਪੰਜਾਬੀ ਸਿਨੇਮਾ ਨੂੰ ਚੰਗੀਆਂ ਮਨੋਰੰਜਕ ਫਿਲਮਾਂ ਜ਼ਰੀਏ ਦਰਸ਼ਕਾਂ ਨੂੰ ਪੰਜਾਬੀ ਸਿਨੇਮਾ ਨਾਲ ਜੋੜਿਆ ਹੈ। ਅੱਜ ਪੰਜਾਬੀ ਫਿਲਮ ਉਦਯੋਗ ਸਿਖਰਾਂ ਵੱਲ ਵਧ ਰਿਹਾ ਹੈ। ਵਿਦੇਸ਼ਾਂ ਤੋਂ ਚੰਗੇ ਨਿਰਮਾਤਾ ਪੰਜਾਬੀ ਸਿਨੇਮਾ ਨੂੰ ਪ੍ਰਫੁਲਿਤ ਕਰਨ ‘ਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਧੜਾਧੜ ਚੰਗੀਆਂ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ।
ਦੁੱਖ ਦੀ ਗੱਲ ਹੈ ਕਿ ਸਾਡੇ ਫਿਲਮਕਾਰਾਂ ਨੂੰ ਪਤਾ ਨਹੀਂ ਕਿਹੜਾ ਭਰਮ ਪੈ ਲਿਆ ਕਿ ਇਕੋ ਦਿਨ ਦੋ-ਦੋ ਫਿਲਮਾਂ ਰਿਲੀਜ਼ ਕਰਨ ਦਾ ਮੁਕਾਬਲਾ ਕਰਵਾਉਣ ਲੱਗੇ ਹਨ। ਇਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਹਾਲਾਤ ‘ਚ ਪੰਜਾਬੀ ਦਰਸ਼ਕ ਸਿਰਫ ਇੱਕ ਫਿਲਮ ਹੀ ਵੇਖਣ ਦੀ ਸੋਚ ਰੱਖੇਗਾ। ਇੱਕੋ ਸਮੇਂ ਦੋ ਫਿਲਮਾਂ ਲਈ ਦਰਸ਼ਕ ਕੋਲ ਨਾ ਤਾਂ ਸਮਾਂ ਹੈ ਤੇ ਨਾ ਹੀ ਜੇਬ ਇਜ਼ਾਜਤ ਦੇਵੇਗੀ। ਇਸ ਤਰ੍ਹਾਂ ਜੇ ਨੁਕਸਾਨ ਹੋਵੇਗਾ ਤਾਂ ਫਿਲਮਕਾਰਾਂ ਦਾ ਹੀ ਹੋਵੇਗਾ, ਦਰਸ਼ਕ ਦਾ ਨਹੀਂ।
ਪੰਜਾਬੀ ਸਿਨੇਮਾ ਦੀ ਤਾਜ਼ਾ ਸਥਿਤੀ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਨੇ ਸੂਫੀ ਗਾਇਕੀ ਜ਼ਰੀਏ ਦੇਸ਼ ਵਿਦੇਸ਼ਾਂ ਵਿਚ ਇੱਕ ਚੰਗਾ ਸਰੋਤਾ ਵਰਗ ਜੋੜਿਆ ਹੈ। ਅਜਿਹੇ ਅਦਬੀ ਫਨਕਾਰ ਦਾ ਪੰਜਾਬੀ ਸਿਨੇਮਾ ਵੱਲ ਆਉਣਾ ਇੱਕ ਸ਼ਲਾਘਾਯੋਗ ਕਦਮ ਹੈ, ਜੋ ਆਪਣੇ ਗੀਤਾਂ ਵਾਂਗ ਪੰਜਾਬੀ ਸਿਨੇਮੇ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕਾਬਲੀਅਤ ਰੱਖਦਾ ਹੋਵੇ। ਯਕੀਨਨ ਗਾਇਕੀ ਵਾਂਗ ਉਸ ਦੀਆਂ ਫਿਲਮਾਂ ਵੀ ਪੰਜਾਬੀ ਦਰਸ਼ਕਾਂ ਦਾ ਆਮ ਸਿਨੇਮਾ ਤੋਂ ਹੱਟ ਕੇ ਮਨੋਰੰਜਨ ਦੇ ਨਾਲ ਨਾਲ ਚੰਗੇ ਸਮਾਜ ਦੀ ਸਿਰਜਣਾ ‘ਚ ਆਪਣਾ ਯੋਗਦਾਨ ਪਾਉਣਗੀਆਂ।
13 ਮਾਰਚ ਨੂੰ ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਦੀ ਫਿਲਮ ‘ਇੱਕੋ ਮਿੱਕੇ’ ਰਿਲੀਜ਼ ਹੋਵੇਗੀ। ਫਿਲਮ ਦੀ ਰਿਲੀਜ਼ ਮਿਤੀ ਕਾਫੀ ਸਮਾਂ ਪਹਿਲਾਂ ਹੀ ਐਲਾਨ ਹੋ ਚੁਕੀ ਸੀ, ਪਰ ਇਸੇ ਦਿਨ ਇੱਕ ਹੋਰ ਫਿਲਮ ‘ਚੱਲ ਮੇਰਾ ਪੁੱਤ-2’ ਦੇ ਰਿਲੀਜ਼ ਹੋਣ ਦੀਆਂ ਖਬਰਾਂ ਹਨ। ਪਹਿਲਾਂ ਐਲਾਨ ਮਿਤੀ ‘ਤੇ ਇੱਕੋ ਦਿਨ ਦੋ ਫਿਲਮਾਂ ਰਿਲੀਜ਼ ਕਰਨਾ ਦੋਹਾਂ ਫਿਲਮਾਂ ਲਈ ਨੁਕਸਾਨ ਦਾਇਕ ਹੈ। ਪੰਜਾਬੀ ਸਿਨੇਮੇ ਦੀ ਭਲਾਈ ਲਈ ਸਮੁੱਚੇ ਫਿਲਮਕਾਰਾਂ, ਕਲਾਕਾਰਾਂ ਤੇ ਡਿਸਟੀਬਿਊਟਰਾਂ ਨੂੰ ਆਪਸੀ ਤਾਲ-ਮੇਲ ਸਦਕਾ ਪੰਜਾਬੀ ਸਿਨੇਮਾ ਨੂੰ ਮਜਬੂਤ ਕਰਨ ਲਈ ਇਸ ਪ੍ਰਤੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਨਹੀਂ ਤਾਂ ਫਿਰ ਉਹ ਦਿਨ ਦੂਰ ਨਹੀਂ ਜਦ ਪੰਜਾਬੀ ਸਿਨੇਮਾ ਮੁੜ ਮੰਦਹਾਲੀ ਦੇ ਰਾਹ ਪਿਆ ਨਜ਼ਰ ਆਵੇਗਾ।