ਐਮ ਐਸ ਰੰਧਾਵਾ ਦੇ ਵਾਰਿਸਾਂ ਦਾ ਘੇਰਾ

ਗੁਲਜ਼ਾਰ ਸਿੰਘ ਸੰਧੂ
ਮਹਿੰਦਰ ਸਿੰਘ ਰੰਧਾਵਾ ਦੇ ਸੈਕਟਰ 9, ਚੰਡੀਗੜ੍ਹ ਵਾਲੀ ਕੋਠੀ ਅਤੇ ਖਰੜ ਵਾਲੇ ਫਾਰਮ ‘ਤੇ ਰਹਿ ਰਹੇ ਧੀਆਂ-ਪੁੱਤਰਾਂ ਤੇ ਪੋਤੇ ਪੋਤਰੀਆਂ ਤੋਂ ਸਭ ਜਾਣੂ ਹਨ, ਪਰ ਉਨ੍ਹਾਂ ਦੀ ਬੇਟੀ ਆਸ਼ਾ ਦੇ ਨਾਲ ਕਿਥੇ ਕੀ ਬੀਤੀ? ਬਹੁਤ ਘਟ ਲੋਕਾਂ ਨੂੰ ਪਤਾ ਹੈ। ਮੇਰੇ ਘਰ ਦੇ ਨੇੜੇ ਉਨ੍ਹਾਂ ਦੀ ਭਤੀਜੀ ਨਿਰਮਲ ਨਾਗਰਾ ਰਹਿੰਦੀ ਹੈ। ਉਹਦੇ ਕੋਲੋਂ ਸਾਰੇ ਵਾਰਿਸਾਂ ਦੀ ਖਬਰ ਸਾਰ ਦਾ ਪਤਾ ਲੱਗਣਾ ਕੁਦਰਤੀ ਹੈ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਪਿਛਲੇ ਦਿਨੀਂ ਉਸ ਤੋਂ ਪਤਾ ਲੱਗਾ ਕੇ ਸ਼ ਰੰਧਾਵਾ ਦੀ ਛੋਟੀ ਧੀ ਆਸ਼ਾ ਦੇ ਪਰਿਵਾਰਕ ਮੈਂਬਰ ਚੰਡੀਗੜ੍ਹ ਆਏ ਹੋਏ ਹਨ

ਤੇ ਉਹ ਸ਼ ਰੰਧਾਵਾ ਦੀ ਕਾਇਮ ਕੀਤੀ ਪੰਜਾਬ ਕਲਾ ਪ੍ਰੀਸ਼ਦ ਦਾ ਦਫਤਰ ਤੇ ਆਲਾ ਦੁਆਲਾ ਵੇਖਣ ਦੇ ਇਛੁੱਕ ਹਨ। ਉਹ ਜਾਣਦੀ ਸੀ ਕਿ ਮੈਂ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੂੰ ਜਾਣਦਾ ਹਾਂ ਤੇ ਆਸ਼ਾ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਪੂਰੀ ਕਰ ਸਕਦਾ ਹਾਂ। ਨਿਸ਼ਚਿਤ ਦਿਹਾੜੇ ਸੁਰਜੀਤ ਪਾਤਰ ਦਾ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਪ੍ਰਸੰਗ ਵਿਚ ਪਟਿਆਲੇ ਜਾਣਾ ਲਾਜ਼ਮੀ ਸੀ। ਉਸ ਨੇ ਇਹ ਜਿੰਮੇਦਾਰੀ ਮੇਰੇ ਹਵਾਲੇ ਕਰ ਦਿੱਤੀ।
ਨਿਰਮਲ ਨਾਗਰਾ ਤੋਂ ਪਤਾ ਲੱਗਾ ਕਿ ਆਸ਼ਾ ਦੇ ਇਹ ਪਰਿਵਾਰਕ ਮੈਂਬਰ ਨਾਰਥ-ਸਾਊਥ ਅਮਰੀਕਾ ਤੇ ਫਰਾਂਸ ਰਹਿੰਦੇ ਹਨ ਅਤੇ ਸਾਰੇ ਦੇ ਸਾਰੇ ਆਪੋ ਆਪਣੇ ਜੀਵਨ ਸਾਥੀਆਂ ਤੇ ਸਾਥਣਾਂ ਨਾਲ ਪਹਿਲੀ ਵਾਰ ਭਾਰਤ ਦੇ ਦੌਰੇ ‘ਤੇ ਆਏ ਹਨ। ਪੰਜਾਬ ਕਲਾ ਪ੍ਰੀਸ਼ਦ ਦੀਆਂ ਸਰਗਰਮੀਆਂ ਤੋਂ ਜਾਣੂ ਹੋਣਾ ਉਨ੍ਹਾਂ ਦੀ ਪਹਿਲੀ ਇੱਛਾ ਹੈ। ਇਕ ਜੋੜੀ ਨੇ ਨਿਰਮਲ ਦੇ ਘਰ ਠਹਿਰਨਾ ਸੀ, ਦੂਜੀ ਨੇ ਸ਼ ਰੰਧਾਵਾ ਦੇ ਬੇਟੇ ਜਤਿੰਦਰ ਸਿੰਘ ਕੋਲ 9 ਸੈਕਟਰ ਵਾਲੀ ਕੋਠੀ ਵਿਚ ਅਤੇ ਤੀਜੀ ਨੇ ਸੈਕਟਰ 8 ਦੇ ਹੋਟਲ ਆਈਕਾਨ ਵਿਚ।
ਸਭ ਨੂੰ ਇਕੱਠੇ ਕਰਕੇ ਪੰਜਾਬ ਕਲਾ ਪ੍ਰੀਸ਼ਦ ਦੇ ਦਫਤਰ ਲੈ ਗਿਆ ਤੇ ਉਥੇ ਉਨ੍ਹਾਂ ਦਾ ਸੁਰਜੀਤ ਪਾਤਰ ਦੇ ਦਫਤਰੀ ਕਮਰੇ ਵਿਚ ਸੁਆਗਤ ਕੀਤਾ ਗਿਆ। ਮੇਰੀ ਪਤਨੀ ਸੁਰਜੀਤ ਅਤੇ ਕਲਾ ਪ੍ਰੀਸ਼ਦ ਦੇ ਅਮਲੇ ਨੇ ਉਨ੍ਹਾਂ ਨੂੰ ਆਰਟ ਗੈਲਰੀ ਤੇ ਰੰਧਾਵਾ ਆਡੀਟੋਰੀਅਮ ਹੀ ਨਹੀਂ ਵਿਖਾਏ, ਕਮੇਟੀ ਰੂਮ, ਕਾਨਫਰੰਸ ਹਾਲ ਤੇ ਪੋਰਟਰੇਟ ਗੈਲਰੀ ਵੀ ਦਿਖਾਈ। ਪੋਰਟਰੇਟ ਗੈਲਰੀ ਵਿਚ ਉਹ ਸ਼ ਰੰਧਾਵਾ ਦੀਆਂ ਪੰਡਿਤ ਜਵਾਹਰ ਲਾਲ ਨਹਿਰੂ, ਰਾਜਿੰਦਰ ਪ੍ਰਸ਼ਾਦ, ਐਸ਼ ਰਾਧਾਕ੍ਰਿਸ਼ਨਨ, ਜਾਕਿਰ ਹੁਸੈਨ, ਇੰਦਰਾ ਗਾਂਧੀ, ਇੰਦਰ ਕੁਮਾਰ ਗੁਜਰਾਲ, ਗਿਆਨੀ ਜ਼ੈਲ ਸਿੰਘ, ਮੁਲਕ ਰਾਜ ਆਨੰਦ, ਖੁਸ਼ਵੰਤ ਸਿੰਘ ਅਤੇ ਹੋਰਨਾਂ ਨਾਲ ਤਸਵੀਰਾਂ ਵੇਖ ਕੇ ਬੜੇ ਖੁਸ਼ ਹੋਏ ਤੇ ਉਨ੍ਹਾਂ ਨੇ ਆਪੋ ਆਪਣੇ ਕੈਮਰਿਆਂ ਵਿਚ ਉਨ੍ਹਾਂ ਦੀਆਂ ਤਸਵੀਰਾਂ ਵੀ ਕੈਦ ਕੀਤੀਆਂ। ਉਨ੍ਹਾਂ ਨੇ ਸਭ ਤੋਂ ਵਧ ਸਮਾਂ ਸੰਗੀਤਸ਼ਾਲਾ ਵਿਚ ਲਾਇਆ, ਜਿੱਥੇ ਪ੍ਰਬੰਧਕਾਂ ਨੇ ਪੰਜਾਬੀ ਸੰਗੀਤ ਨਾਲ ਸਬੰਧਤ ਹਰ ਤਰ੍ਹਾਂ ਦੇ ਸਾਜ਼, ਅਲਗੋਜ਼ੇ, ਰਬਾਬ, ਤੂੰਬੀਆਂ, ਤਬਲੇ ਤੇ ਤਰੰਗਾਂ ਸਾਂਭ ਕੇ ਰੱਖੇ ਹੋਏ ਹਨ। ਉਨ੍ਹਾਂ ਵਿਚੋਂ ਕਈਆਂ ਨੇ ਇਨ੍ਹਾਂ ਸਾਂਜਾਂ ਵਿਚੋਂ ਪੈਦਾ ਹੁੰਦੀਆਂ ਅਵਾਜ਼ਾਂ ਕੱਢਣ ਤੇ ਜਾਣਨ ਦਾ ਯਤਨ ਕੀਤਾ। ਇਹ ਦੱਸੇ ਜਾਣ ਨਾਲ ਉਹ ਬੜਾ ਪ੍ਰਭਾਵਿਤ ਹੋਏ ਕਿ ਸਿੱਖ ਰਵਾਇਤ ਅਨੁਸਾਰ ਸੰਗੀਤ ਇੱਕ ਸੈਕੂਲਰ ਵਿਸ਼ਾ ਹੈ।
ਉਨ੍ਹਾਂ ਦੀ ਇਸ ਫੇਰੀ ਨੇ ਜਿਹੜਾ ਸਭ ਤੋਂ ਵੱਡਾ ਭੇਤ ਪ੍ਰਗਟ ਕੀਤਾ, ਉਹ ਸ਼ ਰੰਧਾਵਾ ਦੀ ਬੇਟੀ ਆਸ਼ਾ ਨਾਲ ਸਬੰਧ ਰੱਖਦਾ ਹੈ। ਉਸ ਦੀ ਸ਼ਾਦੀ 1966 ਵਿਚ ਐਲਪਜ਼ ਹੋਟਲ ਵਾਲੇ ਸੇਠੀ ਪਰਿਵਾਰ ਵਿਚ ਹੋਈ ਤੇ ਉਹ ਜਰਮਨੀ ਜਾ ਵੱਸੀ, ਜਿੱਥੇ ਉਸ ਦਾ ਛੇਤੀ ਹੀ ਤੋੜ ਵਿਛੋੜਾ ਹੋ ਗਿਆ। ਉਸ ਪਿੱਛੋਂ ਆਸ਼ਾ ਦੀ ਜਾਣ-ਪਛਾਣ ਕੈਨੇਡਾ ਨਿਵਾਸੀ ਚਾਰਲਸ ਗਲਾਸੇ ਨਾਲ ਹੋ ਗਈ, ਜਿਸ ਦੀ ਪਤਨੀ ਇਕ ਬੇਟੇ ਤੇ ਦੋ ਧੀਆਂ ਨੂੰ ਜਨਮ ਦੇ ਕੇ ਪਤੀ ਤੋਂ ਵਖ ਹੋ ਗਈ ਸੀ। ਆਸ਼ਾ ਦੇ ਸੇਠੀ ਖਾਵੰਦ ਤੋਂ ਕੋਈ ਔਲਾਦ ਨਹੀਂ, ਪਰ ਚਾਰਲਸ ਤੋਂ ਇੱਕ ਧੀ ਹੈ, ਜਿਸ ਦਾ ਨਾਂ ਪ੍ਰਿਆ ਹੈ ਤੇ ਉਹ ਆਪਣੇ ਪੁੱਤਰ ਗਰੈਫਿਨ ਤੇ ਪੁਤਰੀ ਟੈਜਿਨ ਸਮੇਤ ਕੈਨੇਡਾ ਰਹਿੰਦੀ ਹੈ। ਆਸ਼ਾ ਨੇ ਚਾਰਲਸ ਦੀ ਪਹਿਲੀ ਪਤਨੀ ਦੀ ਔਲਾਦ ਨੂੰ ਏਨਾ ਪਿਆਰ ਦਿੱਤਾ ਕਿ ਉਹ ਸਾਰੇ ਆਸ਼ਾ ਨੂੰ ਮਾਂ ਤੋਂ ਵਧ ਪਿਆਰ ਕਰਦੇ ਹਨ। ਪ੍ਰਿਆ ਤਾਂ ਪਹਿਲਾਂ ਵੀ ਕਈ ਵਾਰੀ ਭਾਰਤ ਆ ਚੁਕੀ ਹੈ, ਪਰ ਚਾਰਲਸ ਗਲਾਸੇ ਦੀ ਪਹਿਲੀ ਪਤਨੀ ਦੀ ਔਲਾਦ ਪਹਿਲੀ ਵਾਰ ਆਸ਼ਾ ਨਾਲ ਇਥੇ ਆਈ ਹੈ।
1972 ਤੋਂ ਉਹ ਸਾਰੇ ਭਾਰਤ ਦਰਸ਼ਨ ਲਈ ਆਉਣ ਦੀਆਂ ਵਿਉਂਤਾਂ ਬਣਾ ਰਹੇ ਸਨ, ਪਰ ਵਖ ਵਖ ਦੇਸ਼ਾਂ, ਥਾਂਵਾਂ ਤੇ ਸੋਚਾਂ ਨੂੰ ਪ੍ਰਨਾਏ ਹੋਣ ਕਾਰਨ ਉਨ੍ਹਾਂ ਦਾ ਇਕੱਠੇ ਭਾਰਤ ਆਉਣ ਦਾ ਪ੍ਰੋਗਰਾਮ ਨਹੀਂ ਸੀ ਬਣ ਸਕਿਆ। ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਣ ਵਿਚ ਅੱਧੀ ਸਦੀ ਦਾ ਸਮਾਂ ਲੱਗ ਗਿਆ। ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਦਸਦੇ ਸਨ ਕਿ ਉਨ੍ਹਾਂ ਨੂੰ ਆਸ਼ਾ ਦੇ ਪਿਤਾ ਮਹਿੰਦਰ ਸਿੰਘ ਰੰਧਾਵਾ ਦੀਆਂ ਪ੍ਰਾਪਤੀਆਂ ਬਾਰੇ ਜਾਣ ਕੇ ਜੋ ਖੁਸ਼ੀ ਤੇ ਸੰਤੁਸ਼ਟੀ ਹੋਈ ਹੈ, ਉਹ ਨਾ ਤਾਜ ਮਹਿਲ ਵੇਖਣ ਨਾਲ ਹੋਣੀ ਹੈ ਅਤੇ ਨਾ ਫਤਿਹਪੁਰ ਸੀਕਰੀ ਤੇ ਜੈਪੁਰ ਨਾਲ, ਜੋ ਉਨ੍ਹਾਂ ਦੀ ਲਿਸਟ ਵਿਚ ਹਨ।
ਡਾ. ਰੰਧਾਵਾ ਦੇ ਪ੍ਰਸੰ.ਸਕਾਂ ਤੇ ਪਾਠਕਾਂ ਲਈ ਇਹ ਜਾਣਨਾ ਵੀ ਦਿਲਚਸਪ ਹੋਵੇਗਾ ਕਿ ਉਨ੍ਹਾਂ ਦੇ ਭਰਾ ਰਾਜਿੰਦਰ ਸਿੰਘ ਰੰਧਾਵਾ ਨੇ ਇਕ ਜਰਮਨ ਮਹਿਲਾ ਨਾਲ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੇ ਵੱਡੇ ਪੁੱਤਰ ਸੁਰਿੰਦਰ ਦੀ ਪਤਨੀ ਵੀ ਜਰਮਨੀ ਤੋਂ ਸੀ।
ਜਿਥੋਂ ਤੱਕ ਚਾਰਲਸ ਗਲਾਸੇ ਦੀ ਪਹਿਲੀ ਪਤਨੀ ਤੋਂ ਔਲਾਦ ਦਾ ਸਬੰਧ ਹੈ, ਉਹ ਵੀ ‘ਕਹੀਂ ਕੀ ਈਟ, ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ’ ਵਾਲੀ ਗੱਲ ਹੈ। ਉਸ ਦੇ ਪੁੱਤਰ ਨਾਰਮਨ ਮੈਲਵਿਨ ਨੇ ਨਿਊ ਸਕਾਟਲੈਂਡ (ਕੈਨੇਡਾ) ਦੀ ਵੈਂਡੀ ਐਨ ਨਾਲ ਵਿਆਹ ਕਰਵਾਇਆ, ਭੈਣ ਪਟਰੀਸ਼ੀਆ ਨੇ ਮੌਂਟਰੀਅਲ (ਕੈਨੇਡਾ) ਦੇ ਜੀਨ ਮਾਰਕ ਰੇਅ ਨਾਲ ਤੇ ਸਭ ਤੋਂ ਛੋਟੀ ਭੈਣ ਸਟੈਫਨੀ ਨੇ ਪੈਰਿਸ ਨਿਵਾਸੀ ਪੈਟਰਿਕ ਸੇਵਾਨਾ ਉਰ ਨਾਲ। ਮੈਂ ਤੇ ਮੇਰੀ ਪਤਨੀ ਸੁਰਜੀਤ ਖੁਸ਼ ਹਾਂ ਕਿ ਅਸੀਂ ਉਨ੍ਹਾਂ ਸਭ ਦੀ ਚੰਡੀਗੜ੍ਹ ਫੇਰੀ ਵਿਚ ਉਨ੍ਹਾਂ ਦੇ ਸਹਾਈ ਹੋ ਸਕੇ। ਇਹ ਜਾਣ ਕੇ ਹੋਰ ਵੀ ਕਿ ਰੰਧਾਵਾ ਬਿਰਖ ਦੀਆਂ ਟਾਹਣੀਆਂ ਕਿੱਥੇ ਕਿੱਥੇ ਫੈਲੀਆਂ ਹੋਈਆਂ ਹਨ।
ਚੇਤੇ ਰਹੇ, ਮੈਂ 2001 ਵਿਚ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਲਈ ਸ਼ ਰੰਧਾਵਾ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ‘ਪੰਜਾਬ ਦਾ ਛੇਵਾਂ ਦਰਿਆ’ ਨਾਂ ਦੀ ਇਕ ਪੁਸਤਕ ਤਿਆਰ ਕੀਤੀ ਸੀ, ਜੋ ਨਵਯੁਗ ਪਬਲਿਸ਼ਰਜ਼, ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਮੈਂ ਸਮਝਦਾਂ ਕਿ ਉਸ ਪੋਥੀ ਦੇ ਦੂਜੇ ਐਡੀਸ਼ਨ ਲਈ ਮੈਨੂੰ ਨਵਾਂ ਮਸਾਲਾ ਮਿਲ ਗਿਆ ਹੈ। ਐਮ. ਐਸ਼ ਰੰਧਾਵਾ ਅਮਰ ਹੈ!
ਸਿੱਖ ਨੈਸ਼ਨਲ ਕਾਲਜ, ਲਾਹੌਰ ਤੋਂ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਤੱਕ: ਸਿੱਖ ਐਜੂਕੇਸ਼ਨ ਸੁਸਾਇਟੀ, ਚੰਡੀਗੜ੍ਹ ਦੇ ਕਰਤਾ ਧਰਤਾ ਕਰਨਲ ਜਸਮੇਰ ਸਿੰਘ ਬਾਲਾ (ਸੇਵਾ ਮੁਕਤ) ਸ਼ ਗੁਰਦੇਵ ਸਿੰਘ ਬਰਾੜ (ਸੇਵਾ ਮੁਕਤ ਆਈ. ਏ. ਐਸ਼ ਅਫਸਰ) ਸੁਸਾਇਟੀ ਦੇ ਹਰ ਵੱਡੇ ਸਮਾਗਮ ‘ਤੇ ਮੈਨੂੰ ਚੇਤੇ ਰੱਖਦੇ ਹਨ। ਇਕ ਵਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨਮਾਨ ਸਮਾਗਮ ਸਮੇਂ ਮੈਨੂੰ ਪਤਾ ਲੱਗਾ ਕਿ ਇਸ ਸੁਸਾਇਟੀ ਦੀਆਂ ਜੜ੍ਹਾਂ ਸਿੱਖ ਨੈਸ਼ਨਲ ਕਾਲਜ, ਲਾਹੌਰ ਵਿਚ ਹਨ, ਜਿੱਥੇ ਉਸ ਸਮੇਂ ਦੇ ਪ੍ਰਿੰਸੀਪਲ ਨਿਰੰਜਣ ਸਿੰਘ ਨੇ ਕੋਐਜੂਕੇਸ਼ਨ ਦੀ ਨੀਂਹ ਰੱਖੀ ਸੀ, ਆਪਣੀ ਬੇਟੀ ਨੂੰ ਮਹਿਲਾ ਕਾਲਜ ਤੋਂ ਹਟਾ ਕੇ ਇਥੇ ਦਾਖਲ ਕਰ ਕੇ। ਵੰਡ ਪਿੱਛੋਂ ਇਸ ਨਾਂ ਦੇ ਕਾਲਜ ਕਾਦੀਆਂ (ਮਾਝਾ) ਤੇ ਬੰਗਾ (ਦੁਆਬਾ) ਵਿਚ ਵੀ ਸਥਾਪਤ ਹੋਏ, ਪਰ ਚੰਡੀਗੜ੍ਹ (ਪੁਆਧ-ਮਾਲਵਾ) ਵਿਚ ਵੱਖਰੇ ਨਾਮਕਰਨ ਨਾਲ ਸਿੱਖ ਐਜੂਕੇਸ਼ਨ ਸੁਸਾਇਟੀ ਦੀ ਨੀਂਹ ਰੱਖਣ ਵਾਲਾ ਪੰਥ ਰਤਨ ਟੌਹੜਾ ਸੀ।
ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਿਸ ਹਾਲ ਵਿਚ ਇਹ ਸਮਾਗਮ ਹੋਣਾ ਸੀ, ਉਸ ਦਾ ਨਾਂ ਸਰਦਾਰ ਹਰੀ ਸਿੰਘ ਨਲਵਾ ਹਾਲ ਹੈ।
ਸਮਾਗਮ ਵਿਚ ਪ੍ਰੋ. ਬਲਵੰਤ ਸਿੰਘ ਢਿੱਲੋਂ (ਅੰਮ੍ਰਿਤਸਰ) ਤੇ ਭਾਈ ਸਾਹਬ ਸਿੰਘ (ਸ਼ਾਹਬਾਦ ਮਾਰਕੰਡਾ) ਦਾ ਸਨਮਾਨ ਕੀਤਾ ਜਾਣਾ ਸੀ। ਮੁੱਖ ਮਹਿਮਾਨ ਮੇਰਾ ਮਿੱਤਰ ਤੇ ਕਦਰਦਾਨ ਜਸਪਾਲ ਸਿੰਘ (ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਟੀ, ਪਟਿਆਲਾ) ਸੀ, ਜਿਸ ਨੇ ਗੁਰੂ ਨਾਨਕ ਦੇਵ ਜੀ ਬਾਰੇ ਬਿਲਕੁਲ ਨਵੀਂ ਤੇ ਸੱਜਰੀ ਜਾਣਕਾਰੀ ਦਿੱਤੀ, ਜਿਸ ਦਾ ਜ਼ਿਕਰ ਕਦੀ ਫੇਰ ਕਰਾਂਗੇ। ਹਾਲ ਦੀ ਘੜੀ ਪੰਥ ਰਤਨ ਟੌਹੜਾ ਜ਼ਿੰਦਾਬਾਦ!
ਅੰਤਿਕਾ: ਅੰਮ੍ਰਿਤਾ ਪ੍ਰੀਤਮ
ਇਸ਼ਕ ਦੀ ਦਹਿਲੀਜ਼ ‘ਤੇ
ਸਿਜਦਾ ਕਰੇਗਾ ਜਦ ਕੋਈ,
ਯਾਦ ਫਿਰ ਦਹਿਲੀਜ਼ ਨੂੰ
ਮੇਰਾ ਜਮਾਨਾ ਆਏਗਾ।
ਸ਼ੁਹਰਤਾਂ ਦੀ ਧੂੜ ਡਾਢੀ
ਧੂੜ ਊਜਾਂ ਦੀ ਬੜੀ,
ਰੰਗ ਦਿਲ ਦੇ ਖੂਨ ਦਾ
ਕੋਈ ਕਿਵੇਂ ਬਦਲਾਏਗਾ।