ਚੰਡੀਗੜ੍ਹ: ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਖਿਲਾਫ ਅੰਦਰੂਨੀ ਬਗਾਵਤ ਹੋਰ ਤਿੱਖੀ ਹੋ ਗਈ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਵਲੋਂ ਲਿਖੇ ਪੱਤਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬਾ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਪੱਤਰ ਵਿਚ ਲਿਖਿਆ ਹੈ ਕਿ ਤਿੰਨਾਂ ਸਾਲਾਂ ਵਿਚ ਸਰਕਾਰ ਕੋਲ ਅਜਿਹੀ ਕੋਈ ਦੱਸਣਯੋਗ ਪ੍ਰਾਪਤੀ ਨਹੀਂ ਹੈ ਜਿਸ ਸਬੰਧੀ ਵਾਅਦੇ ਕਰ ਕੇ ਕਾਂਗਰਸ ਸੱਤਾ ਵਿਚ ਆਈ ਸੀ।
ਪਰਗਟ ਸਿੰਘ ਦੇ ਪੱਤਰ ਪਿੱਛੋਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਖ ਦਿੱਤਾ ਹੈ ਕਿ ਕਾਂਗਰਸ ਸਰਕਾਰ ਦੀ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੋਂ ਹਰ ਵਰਗ ਅਸੰਤੁਸ਼ਟ ਹੈ। ਲੋਕਾਂ ਨੇ ਬਹੁਤ ਆਸਾਂ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਅਸੀਂ ਲੋਕਾਂ ਦੀਆਂ ਆਸਾਂ ‘ਤੇ ਖਰੇ ਤਾਂ ਕੀ ਉਤਰਨਾ ਸੀ, ਸਰਕਾਰ ਆਸਾਂ ਪੂਰੀਆਂ ਕਰਨ ਦੇ ਨੇੜੇ ਤੇੜੇ ਵੀ ਨਹੀਂ ਪੁੱਜੀ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਅਜੇ ਵੀ ਸਮਾਂ ਹੈ, ਉਹ ਲੋਕਾਂ ਦੀ ਆਵਾਜ਼ ਸੁਣਨ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਨਿਭਾਉਣ। ਇਹ ਕੋਈ ਪਹਿਲਾਂ ਮੌਕਾ ਨਹੀਂ ਹੈ, ਜਦੋਂ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਦੀਆਂ ਨਾਲਾਇਕੀਆਂ ਉਤੇ ਸਵਾਲ ਚੁੱਕੇ ਹੋਣ। ਇਥੋਂ ਤੱਕ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਕੈਪਟਨ ਨੂੰ ਸਲਾਹ ਦੇ ਚੁੱਕੇ ਹਨ ਕਿ ਹੁਣ ਵੀ ਮੌਕਾ ਸਾਂਭਿਆ ਜਾ ਸਕਦਾ ਹੈ। ਕਾਂਗਰਸੀ ਵਿਧਾਇਕ ਕੈਪਟਨ ਸਰਕਾਰ ਨੂੰ ਵਾਰ-ਵਾਰ ਚੋਣਾਂ ਵਿਚ ਕੀਤੇ ਵਾਅਦੇ ਯਾਦ ਕਰਵਾ ਰਹੇ ਹਨ।
ਪਰਗਟ ਸਿੰਘ ਨੇ ਪੱਤਰ ਵਿਚ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹਣ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਰੇਤ, ਟਰਾਂਸਪੋਰਟ ਤੇ ਸ਼ਰਾਬ ਮਾਫੀਏ ਉਪਰ ਸ਼ਿਕੰਜਾ ਕੱਸਣ ਵਾਲੇ ਪਾਸੇ ਸਰਕਾਰ ਨੇ ਭੋਰਾ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਬਾਦਲਾਂ ਨਾਲ ਕੀਤੀ ਲਿਹਾਜ਼ਦਾਰੀ ਦਾ ਮੁੱਦਾ ਵੀ ਉਭਾਰਿਆ ਹੈ।