ਨਵੀਂ ਦਿੱਲੀ: ਚੀਨ ਦੀ ਦਖਲਅੰਦਾਜ਼ੀ ਮਗਰੋਂ ਲੱਦਾਖ ਵਿਚ ਬਣੇ ਜਮੂਦ ਤੋਂ ਸਬਕ ਸਿੱਖਦਿਆਂ ਭਾਰਤ ਤੇ ਚੀਨ ਨੇ ਸਰਹੱਦੀ ਝਗੜਿਆਂ ਦੇ ਛੇਤੀ ਨਿਬੇੜੇ ਲਈ ਅਗਲੇਰੇ ਉਪਰਾਲੇ ਵਿਚਾਰਨ ਦਾ ਫੈਸਲਾ ਕੀਤਾ ਹੈ। ਲੰਘੇ ਦਿਨ ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੰਮੀ-ਚੌੜੀ ਗੱਲਬਾਤ ਹੋਈ। ਦੋਵੇਂ ਮੁਲਕਾਂ ਦੇ ਆਗੂਆਂ ਨੇ ਆਪਣੀ-ਆਪਣੀ ਸਰਹੱਦ ‘ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਉਨ੍ਹਾਂ ਦੇ ਚੀਨ ਦੇ ਹਮਰੁਤਬਾ ਲੀ ਖਚਿਆਂਗ ਨੇ ਸਰਹੱਦੀ ਝਗੜਾ, ਅੰਤਰ-ਸਰਹੱਦੀ ਦਰਿਆਵਾਂ ਤੇ ਵਪਾਰਕ ਘਾਟਿਆਂ ਜਿਹੇ ਮੁੱਦੇ ਵਿਚਾਰੇ। ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵੇਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਬੜੀ ਸਪਸ਼ਟ ਤੇ ਖੁੱਲ੍ਹੀ ਗੱਲਬਾਤ ਹੋਈ ਜੋ ਆਉਂਦੀਆਂ ਵਿਚਾਰ-ਚਰਚਾਵਾਂ ਦਾ ਚੰਗਾ ਆਧਾਰ ਬਣੇਗੀ। ਡਾæ ਮਨਮੋਹਨ ਸਿੰਘ ਨੇ ਦੱਸਿਆ ਕਿ ਲੱਦਾਖ ਦੀ ਖੜੋਤ ਤੋਂ ਸਬਕ ਸਿੱਖਦਿਆਂ ਦੋਵੇਂ ਮੁਲਕਾਂ ਨੇ ਆਪਣੇ-ਆਪਣੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਸਰਹੱਦ ਨਾਲ ਅਮਨ-ਸ਼ਾਂਤੀ ਬਣਾਈ ਰੱਖਣ ਲਈ ਲੋੜੀਂਦੇ ਹੋਰ ਉਪਰਾਲੇ ਵਿਚਾਰਨ ਦਾ ਕੰਮ ਸੌਂਪ ਦਿੱਤਾ ਹੈ।
ਦੋਵੇਂ ਧਿਰਾਂ ਦੇ ਪ੍ਰਤੀਨਿਧ ਮਿਲ ਕੇ ਕੋਈ ਉਚਿਤ ਤੇ ਸਹੀ ਹੱਲ ਸਰਹੱਦੀ ਵਿਵਾਦ ਬਾਰੇ ਤੈਅ ਕਰਨਗੇ। ਆਪਣੇ ਵੱਲੋਂ ਚੀਨ ਦੇ ਪ੍ਰਧਾਨ ਮੰਤਰੀ ਲੀ ਖਚਿਆਂਗ ਨੇ ਮੰਨਿਆ ਕਿ ਦੋਵੇਂ ਮੁਲਕਾਂ ਵਿਚਾਲੇ ਕੁਝ ਮੁਸ਼ਕਲਾਂ ਸਨ ਤੇ ਦੋਵੇਂ ਧਿਰਾਂ ਮੰਨਦੀਆਂ ਹਨ ਕਿ ਇਤਿਹਾਸ ਵੱਲੋਂ ਛੱਡੇ ਸਵਾਲ, ਸਮੇਂ ਨਾਲ ਦੋਵੇਂ ਧਿਰਾਂ ਨੇ ਸਿਧਾਂਤਬੱਧ ਕਰ ਲਏ ਹਨ। ਉਨ੍ਹਾਂ ਨੇ ਸਾਰੇ ਮਸਲੇ ਆਪਸੀ ਸਹਿਯੋਗ ਨਾਲ ਹੱਲ ਕਰਨ ਦੀ ਗੱਲ ਕੀਤੀ।
ਉਧਰ, ਚੀਨ ਨੇ ਆਪਣੇ ਪ੍ਰਧਾਨ ਮੰਤਰੀ ਲੀ ਖਚਿਆਂਗ ਦੇ ਭਾਰਤ ਦੌਰੇ ਨੂੰ ਸਫਲ ਕਰਾਰ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਂਗ ਲੇਈ ਨੇ ਕਿਹਾ ਕਿ ਲੀ ਖਚਿਆਂਗ ਦੇ ਭਾਰਤ ਦੌਰੇ ਨਾਲ ਦੁਵੱਲੇ ਸਹਿਯੋਗ ਨੂੰ ਹੁਲਾਰਾ ਮਿਲੇਗਾ। ਲੀ ਖੁਦ ਵੀ ਇਸ ਦੌਰੇ ਨੂੰ ਸਫਲ ਆਖ ਚੁੱਕੇ ਹਨ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਵੇਲੇ ਮਾਹੌਲ ਆਪਣੇ ਘਰ ਵਰਗਾ ਹੀ ਲੱਗਿਆ।
ਬੁਲਾਰੇ ਨੇ ਕਿਹਾ ਕਿ ਭਾਰਤ ਤੇ ਚੀਨ ਨੇ ਆਪਸੀ ਸਹਿਯੋਗ ਵਧਾਉਣ ਦੇ ਨਾਲ-ਨਾਲ ਕੌਮਾਂਤਰੀ ਤੇ ਖੇਤਰੀ ਮਾਮਲਿਆਂ ਵਿਚ ਤਾਲਮੇਲ ਕਰਨ ਦਾ ਫੈਸਲਾ ਕੀਤਾ ਹੈ। ਲੀ ਦਾ ਭਾਰਤ ਦੌਰਾ ਸਫਲ ਰਿਹਾ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਦੌਰੇ ਨਾਲ ਭਾਰਤ-ਚੀਨ ਹੋਰ ਨੇੜੇ ਆਉਣਗੇ ਜਿਸ ਨਾਲ ਸ਼ਾਂਤੀ ਤੇ ਖੁਸ਼ਹਾਲੀ ਦਾ ਪਸਾਰ ਹੋਵੇਗਾ। ਚੀਨੀ ਪ੍ਰਧਾਨ ਮੰਤਰੀ ਨੇ ਭਾਰਤ ਤੋਂ ਇਲਾਵਾ ਪਾਕਿਸਤਾਨ, ਸਵਿਟਜ਼ਰਲੈਂਡ ਤੇ ਜਰਮਨੀ ਜਾਣਾ ਹੈ।
Leave a Reply