ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖਾਂ ਵਿਚ ਗੁਰੂ ਪਰਿਵਾਰਾਂ ਨਾਲ ਸਬੰਧਤ ਬੀਬੀਆਂ ਦੇ ਸੰਖੇਪ ਜੀਵਨ-ਬਿਰਤਾਂਤ ਵਿਚ ਇਹ ਦੇਖਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ, ਇਸ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ, ਗੁਰੂ ਸਾਹਿਬਾਨ ਵਲੋਂ ਬਾਣੀ ਅਤੇ ਰਹਿਤ-ਮਰਿਆਦਾ ਦੇ ਰੂਪ ਵਿਚ ਦੱਸੇ ਮੁੱਲ ਵਿਧਾਨ, ਪਰੰਪਰਾਵਾਂ, ਸੇਵਾ ਅਤੇ ਲੰਗਰ ਜਿਹੀਆਂ ਸੰਸਥਾਵਾਂ ਨੂੰ ਵਿਵਸਥਿਤ ਕਰਨ ਲਈ ਕਿਸ ਤਰ੍ਹਾਂ ਨਿੱਗਰ ਯੋਗਦਾਨ ਪਾਇਆ। ਸਮੇਂ ਸਮੇਂ ਗੁਰੂ ਪਰਿਵਾਰਾਂ ਤੋਂ ਬਾਹਰ ਦੀਆਂ ਸਿੱਖ ਬੀਬੀਆਂ ਦਾ ਯੋਗਦਾਨ ਵੀ ਬਹੁਤ ਵਡਮੁੱਲਾ ਰਿਹਾ ਹੈ। ਸਿੱਖ ਬੀਬੀਆਂ ਨੇ ਇਹ ਸਾਬਤ ਕਰਕੇ ਦਿਖਾਇਆ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇ ਦਿੱਤੇ ਬਰਾਬਰੀ ਦੇ ਸਿਧਾਂਤ ਤੇ ਚੱਲਦਿਆਂ ਅੰਮ੍ਰਿਤ ਦੀ ਦਾਤ ਦੇ ਕੇ ‘ਕੌਰ’ ਦਾ ਖ਼ਿਤਾਬ ਬਖਸ਼ਿਆ ਤਾਂ ਉਨ੍ਹਾਂ ਨੇ ਵੀ ਗੁਰੂ ਅੰਮ੍ਰਿਤ ਦੀ ਸ਼ਕਤੀ ਦਾ ਲੋੜ ਪੈਣ ‘ਤੇ ਪੂਰੀ ਤਰ੍ਹਾਂ ਪ੍ਰਗਟਾਵਾ ਕੀਤਾ। ਇਨ੍ਹਾਂ ਬੀਬੀਆਂ ਦਾ ਨਾਂ ਇਤਿਹਾਸ ਵਿਚ ਹਮੇਸ਼ਾ ਚਮਕਦਾ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਰਸਾਵਾ ਰਹੇਗਾ। ਬੇਸ਼ਕ ਸਾਰੀਆਂ ਬੀਬੀਆਂ ਦਾ ਜੀਵਨ-ਵੇਰਵਾ ਇਥੇ ਦੇ ਸਕਣਾ ਸੰਭਵ ਨਹੀਂ ਹੈ ਪਰ ਕੁੱਝ ਇੱਕ ਨਾਂਵਾਂ ਦਾ ਜ਼ਿਕਰ ਮਿਸਾਲ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ।
ਬੀਬੀ ਦਲੇਰ ਕੌਰ: ਜਦੋਂ ਦਸੰਬਰ 1705 ਈਸਵੀ ਵਿਚ ਮੁਗ਼ਲਾਂ ਵਲੋਂ ਕੁਰਾਨ ਦੀਆਂ ਕਸਮਾਂ ਖਾ ਕੇ ਭਰੋਸਾ ਦੇਣ ਅਤੇ ਖ਼ਾਲਸੇ ਦੇ ਕਹਿਣ ‘ਤੇ ਦਸਮ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਅਤੇ ਖ਼ਾਲਸੇ ਸਮੇਤ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਨਾਲ ਹੀ ਇਹ ਵੀ ਫੈਸਲਾ ਕੀਤਾ ਕਿ ਉਹ ਕਿਲਾ ਸੁੰਨਾ ਨਹੀਂ ਛੱਡਣਗੇ। ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਬੀਬੀ ਦਲੇਰ ਕੌਰ ਨੂੰ ਥਾਪੜਾ ਦਿੱਤਾ ਕਿ ਉਹ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲੇ ਦੀ ਰਾਖੀ ਕਰੇਗੀ। ਬੀਬੀ ਦਲੇਰ ਕੌਰ ਨੇ ਸੱਚੇ ਪਾਤਿਸ਼ਾਹ ਦੇ ਹੁਕਮ ਨੂੰ ਮੰਨਦਿਆਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਉਸ ਨੂੰ ਅਸ਼ੀਰਵਾਦ ਦੇਣ ਤਾਂ ਕਿ ਉਹ ਆਪਣਾ ਫ਼ਰਜ਼ ਨਿਭਾ ਕੇ ਖ਼ਾਲਸੇ ਲਈ ਇੱਜ਼ਤ ਕਮਾ ਸਕੇ। ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਬੀਬੀ ਦਲੇਰ ਕੌਰ ਦੇ ਮੋਢੇ ‘ਤੇ ਥਾਪੜਾ ਦਿੱਤਾ। ਗੁਰੂ ਸਾਹਿਬ ਦੇ ਕਿਲਾ ਛੱਡਣ ਤੇ ਮੁਗ਼ਲੀਆ ਫ਼ੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜਦਿਆਂ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਬੀਬੀ ਦਲੇਰ ਕੌਰ ਨੇ ਦੇਖਿਆ ਕਿ ਮੁਗ਼ਲਾਂ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਹੈ। ਉਸ ਨੇ ਦਸ਼ਮੇਸ਼ ਪਿਤਾ ਦੀਆਂ ਪੁੱਤਰੀਆਂ ਨੂੰ ਜੰਗ ਲਈ ਤਿਆਰ ਕੀਤਾ (ਹਰ ਅੰਮ੍ਰਿਤਧਾਰੀ ਸਿੰਘ ਅਤੇ ਸਿੰਘਣੀ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹੈ)।
ਮੁਗ਼ਲ ਫੌਜੀਆਂ ਨੇ ਕਿਲੇ ਨੂੰ ਲੁੱਟਣ ਦੇ ਇਰਾਦੇ ਨਾਲ ਕਿਲੇ ‘ਤੇ ਧਾਵਾ ਬੋਲ ਦਿੱਤਾ ਅਤੇ ਜੋ ਕੁੱਝ ਵੀ ਸਾਹਮਣੇ ਆਇਆ, ਉਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਬੀਬੀ ਦਲੇਰ ਕੌਰ ਨੇ ਸਿੰਘਣੀਆਂ ਨੂੰ ਅੰਮ੍ਰਿਤ ਪਾਨ ਕਰਨ ਵੇਲੇ ‘ਸਿਰ ਦੇਣ’ ਦੇ ਵਾਅਦੇ ਨੂੰ ਯਾਦ ਕਰਾਉਂਦਿਆਂ, ਫੜੇ ਜਾਣ ‘ਤੇ ਦੁਸ਼ਮਣ ਹੱਥੋਂ ਜ਼ਲੀਲ ਹੋਣ ਨਾਲੋਂ ਲੜ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਪ੍ਰੇਰਿਆ। ਆਪਣੀਆਂ ਬੰਦੂਕਾਂ ਸੰਭਾਲਦੇ ਹੋਏ ਮੋਰਚਾ ਮੱਲ ਕੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਬੁਲਾ ਦਿੱਤਾ। ਫ਼ੌਜੀਆਂ ਨੇ ਸਮਝਿਆ ਕਿਲਾ ਖਾਲੀ ਹੈ। ਅਚਾਨਕ ਗੋਲੀਆਂ ਦੀ ਹੋਈ ਬੁਛਾੜ ਨਾਲ ਸੈਂਕੜੇ ਸਿਪਾਹੀ ਕਿਲੇ ਦੇ ਬਾਹਰ ਢੇਰ ਹੋ ਗਏ ਅਤੇ ਬਾਕੀ ਦੇ ਭੱਜ ਨਿਕਲੇ। ਵਜ਼ੀਰ ਖਾਨ ਨੇ ਤੋਪਾਂ ਦੇ ਗੋਲਿਆਂ ਨਾਲ ਕਿਲੇ ਦੀ ਦੀਵਾਰ ਤੋੜਨ ਦਾ ਹੁਕਮ ਦਿੱਤਾ ਅਤੇ ਕੁੱਝ ਹਿੱਸਾ ਤੋੜਨ ਵਿਚ ਕਾਮਯਾਬ ਹੋ ਗਿਆ। ਕਿਲੇ ਵਿਚ ਕੋਈ ਨਜ਼ਰ ਨਾ ਆਇਆ ਪਰ ਫਿਰ ਅਚਾਨਕ ਗੋਲੀਆਂ ਦੀ ਵਾਛੜ ਹੋਈ ਅਤੇ ਫ਼ੌਜੀਆਂ ਦੀ ਕਤਾਰ ਢੇਰੀ ਹੋ ਗਈ। ਹੋਰ ਫ਼ੌਜੀ ਆਉਂਦੇ ਗਏ ਅਤੇ ਮਰਦੇ ਰਹੇ। ਜਦੋਂ ਗੋਲੀ ਸਿੱਕਾ ਮੁੱਕ ਗਿਆ ਤਾਂ ਦਲੇਰ ਕੌਰ ਨੇ ਯਾਦ ਕਰਾਇਆ ਕਿ ਸ਼ਹੀਦੀਆਂ ਪਾਉਣ ਦਾ ਸਮਾ ਆ ਗਿਆ ਹੈ। ਸਿੰਘਣੀਆਂ ਨੇ ਮੋਰਚੇ ਮੱਲ ਲਏ। ਫ਼ੌਜੀਆਂ ਨੇ ਅੱਗੇ ਵਧਣ ਲਈ ਮਲਬੇ ਦੇ ਢੇਰ ‘ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਅੱਗੇ ਸੌ ਸਿੰਘਣੀਆਂ ਅਤੇ ਦਸ ਕੁ ਸਿੰਘਾਂ ਨੂੰ ਜੰਗ ਲਈ ਤਿਆਰ ਦੇਖ ਕੇ ਫ਼ੌਜੀ ਠਿਠਕ ਗਏ। ਉਨ੍ਹਾਂ ਨੇ ਪਹਿਲਾਂ ਕਦੀ ਔਰਤਾਂ ਨੂੰ ਮੈਦਾਨੇ-ਜੰਗ ਵਿਚ ਲੜਦੇ ਨਹੀਂ ਸੀ ਦੇਖਿਆ। ਮੁਗ਼ਲ ਫਿਰ ਪਿੱਛੇ ਹਟ ਗਏ ਅਤੇ ਜ਼ਬਰਦਸਤ ਖਾਨ ਨੇ ਫਿਰ ਤੋਪਾਂ ਦੇ ਗੋਲੇ ਵਰਸਾਉਣ ਦਾ ਹੁਕਮ ਦਿੱਤਾ ਜਿਸ ਨਾਲ ਦੀਵਾਰ ਹੋਰ ਟੁੱਟ ਗਈ। ਕਿਲੇ ਦਾ ਵਿਹੜਾ ਚੰਗੀ ਤਰ੍ਹਾਂ ਨਜ਼ਰ ਆਉਂਦਾ ਸੀ ਪਰ ਉਥੇ ਕੋਈ ਖ਼ਾਲਸਾ ਨਜ਼ਰ ਨਹੀਂ ਸੀ ਆਉਂਦਾ। ਫ਼ੌਜ ਨੇ ਸਾਰਾ ਕਿਲਾ ਛਾਣ ਮਾਰਿਆ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲਿਆ। ਜਦੋਂ ਸਮਾਨ ਲੁੱਟਣ ਦੇ ਇਰਾਦੇ ਨਾਲ ਮਲਬਾ ਫੋਲਿਆ ਤਾਂ ਸ਼ਹੀਦ ਸਿੰਘਣੀਆਂ ਅਤੇ ਸਿੰਘਾਂ ਦੇ ਸਰੀਰ ਮਲਬੇ ਹੇਠ ਦੱਬੇ ਹੋਏ ਨਿਕਲੇ, ਜਿਨ੍ਹਾਂ ਦੇ ਚਿਹਰੇ ਸ਼ਹਾਦਤ ਦੇ ਚਾਅ ਨਾਲ ਚਮਕਾਂ ਮਾਰ ਰਹੇ ਸੀ। (ਸੋਮਾ: ਗੇਟ ਵੇ ਟੂ ਸਿਖਇਜ਼ਮ, ਹਰਜੀਤ ਸਿੰਘ ਲਖਣ)।
ਬੀਬੀ ਦੀਪ ਕੌਰ: ਬੀਬੀ ਦੀਪ ਕੌਰ ਦਾ ਨਾਂ ਬਹੁਤ ਜਾਣਿਆ-ਪਛਾਣਿਆ ਹੈ। ਬੀਬੀ ਦੀਪ ਕੌਰ ਦਾ ਘਰ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਤੋਂ ਤਿੰਨ ਮੀਲ ਦੀ ਵਿੱਥ ‘ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਾਲਬਾਂ ਵਿਚ ਸੀ। ਅਨੰਦਪੁਰ ਸਾਹਿਬ ਵਿਚ ਧਰਮ ਯੁੱਧ ਛਿੜ ਜਾਣ ‘ਤੇ ਮਾਝੇ ਦੇ ਪਿੰਡਾਂ ਵਿਚੋਂ ਸਿੰਘਾਂ ਨੇ ਜਥੇ ਬਣਾ ਕੇ ਯੁੱਧ ਵਿਚ ਸ਼ਾਮਲ ਹੋਣ ਲਈ ਪਿੰਡਾਂ ਤੋਂ ਕੂਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਤੁਰਕ ਫ਼ੌਜ ਦੀ ਟੁਕੜੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਹਕੂਮਤ ਹਰ ਤਰ੍ਹਾਂ ਨਾਲ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕਿ ਉਹ ਅਨੰਦਪੁਰ ਜਾ ਕੇ ਯੁੱਧ ਵਿਚ ਹਿੱਸਾ ਨਾ ਲੈ ਸਕਣ। ਬੀਬੀ ਦੀਪ ਕੌਰ ਜਥੇ ਦੇ ਦਰਸ਼ਨ ਕਰਨ ਅਤੇ ਸੇਵਾ ਕਰਨ ਲਈ ਉਤਸੁਕ ਸੀ। ਇਸ ਲਈ ਉਹ ਸੜਕ ਤੋਂ ਲਾਂਭੇ ਹੋ ਕੇ ਖੜੀ ਹੋ ਗਈ ਅਤੇ ਜਥੇ ਦੀ ਉਡੀਕ ਕਰਨ ਲੱਗੀ। ਬੀਬੀ ਨੂੰ ਦੂਰੋਂ ਧੂੜ ਉਡਦੀ ਦਿਖਾਈ ਦਿੱਤੀ ਅਤੇ ਉਹ ਇਸ ਨੂੰ ਸਿੰਘਾਂ ਦਾ ਜਥਾ ਸਮਝ ਕੇ ਸੜਕ ‘ਤੇ ਆ ਗਈ ਪਰ ਇਹ ਤੁਰਕ ਫ਼ੌਜ ਦੀ ਗਸ਼ਤ ਕਰ ਰਹੀ ਟੁਕੜੀ ਸੀ। ਉਨ੍ਹਾਂ ਨੇ ਬੀਬੀ ਨੂੰ ਦੇਖ ਲਿਆ ਅਤੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਇਹ ਪਤਾ ਲੱਗਣ ‘ਤੇ ਕਿ ਉਹ ਸਿੱਖ ਹੈ, ਕਮਾਂਡਰ ਨੇ ਬੀਬੀ ਨੂੰ ਲਾਲਚ ਦੇ ਕੇ ਆਪਣੇ ਭਰਮ-ਜਾਲ ਵਿਚ ਫਸਾਉਣਾ ਚਾਹਿਆ। ਬੀਬੀ ਦੀਪ ਕੌਰ ਦੇ ਨਾ ਝੁਕਣ ‘ਤੇ ਟੁਕੜੀ ਦੇ ਕਮਾਂਡਰ ਨੇ ਬੀਬੀ ਵੱਲ ਵੱਧਣਾ ਸ਼ੁਰੂ ਕਰ ਦਿੱਤਾ। ਬੀਬੀ ਨੇ ਸ਼ੇਰਨੀ ਦੀ ਤਰ੍ਹਾਂ ਪਿੱਛੇ ਹਟ ਕੇ ਆਪਣੀ ਕਿਰਪਾਨ ਮਿਆਨ ਵਿਚੋਂ ਧੂਹੀ ਅਤੇ ਅੱਖ ਦੇ ਪਲਕਾਰੇ ਵਿਚ ਕਮਾਂਡਰ ਦੇ ਪੇਟ ਵਿਚ ਖੋਭ ਦਿੱਤੀ। ਕਮਾਂਡਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਆਪਣੇ ਕਮਾਂਡਰ ਨੂੰ ਮਰਦਾ ਦੇਖ ਕੇ ਸਿਪਾਹੀ ਗੁੱਸੇ ਨਾਲ ਬੀਬੀ ਵੱਲ ਵਧੇ। ਬੀਬੀ ਘਬਰਾਈ ਨਹੀਂ ਅਤੇ ਇੱਕ ਸ਼ੇਰਨੀ ਦੀ ਤਰ੍ਹਾਂ ਉਨ੍ਹਾਂ ਦਾ ਮੁਕਾਬਲਾ ਕੀਤਾ। ਦੋ ਨੂੰ ਥਾਂਏਂ ਮਾਰ ਮੁਕਾਇਆ ਅਤੇ ਬਾਕੀਆਂ ਨੂੰ ਜ਼ਖ਼ਮੀ ਕਰ ਦਿੱਤਾ। ਏਨੇ ਨੂੰ ਸਿੰਘਾਂ ਦਾ ਜਥਾ ਵੀ ਘੋੜਿਆਂ ‘ਤੇ ਸਵਾਰ ਧੂੜ ਉਡਾਉਂਦਾ ਨੇੜੇ ਆ ਗਿਆ ਜਿਸ ਨੂੰ ਦੇਖ ਕੇ ਤੁਰਕ ਆਪਣੇ ਕਮਾਂਡਰ ਅਤੇ ਸਾਥੀ ਸਿਪਾਹੀਆਂ ਦੀਆਂ ਲਾਸ਼ਾਂ ਥਾਂ ‘ਤੇ ਹੀ ਛੱਡ ਕੇ ਭੱਜ ਨਿਕਲੇ। ਜਥੇ ਨੇ ਜ਼ਖਮੀ ਬੀਬੀ ਨੂੰ ਸੰਭਾਲਿਆ ਅਤੇ ਉਸ ਦੀ ਮਰਮ੍ਹ-ਪੱਟੀ ਕੀਤੀ।
ਬੀਬੀ ਹਰਸਰਨ ਕੌਰ: ਸਿੱਖ ਬੀਬੀਆਂ ਨੇ ਹਰ ਮੁਸ਼ਕਿਲ ਘੜੀ ਵਿਚ ਆਪਣੇ ਫ਼ਰਜ਼ਾਂ ਨੂੰ ਬਖ਼ੂਬੀ ਨਿਭਾਇਆ ਹੈ। ਆਪਣੇ ਅਧਿਆਤਮਕ ਕਾਰਜਾਂ ਦੇ ਰਸਤੇ ਵਿਚ ਆਉਣ ਵਾਲੀ ਕਿਸੇ ਵੀ ਔਕੜ ਅਤੇ ਮੁਸੀਬਤ ਨੂੰ ਉਨ੍ਹਾਂ ਨੇ ਆਪਣੀ ਮੰਜ਼ਿਲ ਦਾ ਅੜਿੱਕਾ ਨਹੀਂ ਬਣਨ ਦਿੱਤਾ। ਬੀਬੀ ਹਰਸ਼ਰਨ ਕੌਰ ਅਜਿਹੀ ਹੀ ਨਿਡਰ ਅਤੇ ਬਹਾਦਰ ਸਿੰਘਣੀ ਸੀ ਜਿਸ ਨੇ ਅਣਗਿਣਤ ਮੁਗ਼ਲ ਫ਼ੌਜਾਂ ਅਤੇ ਆਉਣ ਵਾਲੀਆਂ ਮੁਸੀਬਤਾਂ ਦੀ ਪਰਵਾਹ ਨਾ ਕਰਦਿਆਂ ਆਪਣਾ ਫ਼ਰਜ਼ ਪੂਰਾ ਕੀਤਾ। ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੋ ਵੱਡੇ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਅਤੇ ਗਿਣਤੀ ਦੇ ਕੁੱਝ ਸਿੰਘਾਂ ਸਮੇਤ ਸਰਸਾ ਪਾਰ ਕਰਕੇ ਚਮਕੌਰ ਪਹੁੰਚੇ ਅਤੇ ਰਾਤ ਨੂੰ ਕੱਚੀ ਗੜ੍ਹੀ ਵਿਚ ਡੇਰਾ ਕੀਤਾ। ਮੁਗ਼ਲ ਫੌਜ ਵੀ ਪਿੱਛਾ ਕਰਦੀ ਆ ਰਹੀ ਸੀ। ਮੁਗ਼ਲ ਫੌਜ ਨਾਲ ਸਾਰਾ ਦਿਨ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਵੱਡੇ ਸਾਹਿਬਜ਼ਾਦੇ ਅਤੇ ਸਿੰਘ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਨੇ ਵੀ ਗੜ੍ਹੀ ਵਿਚੋਂ ਯੁੱਧ ਵਿਚ ਹਿੱਸਾ ਲਿਆ। ਬਚਦੇ ਪੰਜ ਸਿੰਘਾਂ ਨੇ ਰਾਤ ਸਮੇਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਖ਼ਾਲਸਾ ਪੰਥ ਦੀ ਖ਼ਾਤਰ ਉਹ ਰਾਤ ਦੇ ਹਨੇਰੇ ਵਿਚ ਗੜ੍ਹੀ ਛੱਡ ਕੇ ਚਲੇ ਜਾਣ। ਨਾ ਮੰਨਣ ‘ਤੇ ਉਨ੍ਹਾਂ ਨੇ ਖਾਲਸੇ ਦੇ ਤੌਰ ‘ਤੇ ਹੁਕਮ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵੱਲ ਨਿਕਲ ਗਏ ਜਿਥੇ ਉਨ੍ਹਾਂ ਨੂੰ ਪਿੱਛੇ ਆ ਰਹੇ ਤਿੰਨ ਸਿੰਘਾਂ ਨੇ ਮਿਲਣਾ ਸੀ। ਦੋ ਸਿੰਘ ਪਿੱਛੇ ਗੜ੍ਹੀ ਵਿਚ ਮੁਗ਼ਲਾਂ ਦਾ ਮੁਕਾਬਲਾ ਕਰਨ ਲਈ ਠਹਿਰ ਗਏ। ਰਸਤੇ ਵਿਚ ਗੁਰੂ ਸਾਹਿਬ ਬੀਬੀ ਹਰਸ਼ਰਨ ਕੌਰ ਦੇ ਪਿੰਡ ਪਹੁੰਚੇ, ਜਿਸ ਨੇ ਉਨ੍ਹਾਂ ਨੂੰ ਪਛਾਣ ਲਿਆ। ਬੀਬੀ ਨੇ ਸਾਹਿਬਜ਼ਾਦਿਆਂ ਨੂੰ ਬਚਪਨ ਵਿਚ ਖਿਡਾਇਆ ਸੀ। ਉਸ ਨੇ ਜਦੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਨੇ ਚਮਕੌਰ ਦੇ ਯੁੱਧ ਵਿਚ ਪਾਈਆਂ ਸ਼ਹੀਦੀਆਂ ਬਾਰੇ ਦੱਸਿਆ।
ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ। ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਅਤੇ ਰੁਤਬੇ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਕਿਉਂਕਿ ਹਾਕਮਾਂ ਨੂੰ ਦਿਖਾਉਣ ਲਈ ਉਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ ਸੀ। ਅੱਗ ਦੀਆਂ ਲਾਟਾਂ ਦੇ ਚਾਨਣ ਵਿਚ ਉਨ੍ਹਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਇਸਤਰੀ ਹੱਥ ਵਿਚ ਬਰਛਾ ਲਈ ਖੜੀ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ।
ਮੁਗ਼ਲ ਉਸ ਕੋਲ ਪਹੁੰਚੇ ਅਤੇ ਪੁੱਛਿਆ ਕਿ ਉਹ ਕੌਣ ਸੀ ਅਤੇ ਕਿੱਥੋਂ ਆਈ ਸੀ? ਪਰ ਬੀਬੀ ਚੁੱਪ ਰਹੀ ਕਿਉਂਕਿ ਉਸ ਨੇ ਝੂਠ ਨਹੀਂ ਸੀ ਬੋਲਣਾ। ਉਸ ਦੀ ਚੁੱਪ ਕਾਰਨ ਉਹ ਉਸ ਦਾ ਭੇਤ ਖੋਲ੍ਹਣ ਵਿਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨੂੰ ਉਸ ਦੀ ਚੁੱਪ ਤੇ ਏਨਾ ਕ੍ਰੋਧ ਆ ਗਿਆ ਕਿ ਉਨ੍ਹਾਂ ਨੇ ਬਰਛੇ ਸਮੇਤ ਬੀਬੀ ਨੂੰ ਚੁੱਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ। ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ 23 ਦਸੰਬਰ 1704 ਨੂੰ ਸ਼ਹੀਦੀ ਪ੍ਰਾਪਤ ਕਰ ਲਈ। ਭਾਈ ਵੀਰ ਸਿੰਘ ਨੇ ‘ਕਲਗੀਧਰ ਚਮਤਕਾਰ’ ਦੇ ਪੰਜਵੇਂ ਪਾਠ ਵਿਚ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਹੈ। ਬੀਬੀ ਹਰਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸਸਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਜੋ ਸ਼ਾਇਦ ਮੁਗ਼ਲ ਫੌਜਾਂ ਦੇ ਹੁੰਦਿਆਂ ਕੋਈ ਪੁਰਸ਼ ਵੀ ਕਰਨ ਦਾ ਹੌਸਲਾ ਨਾ ਕਰ ਸਕਦਾ। ਇਹ ਹੀ ‘ਚਿੜੀਆਂ ਕੋਲੋਂ ਬਾਜ਼ ਤੁੜਾਉਣ’ ਦੀ ਕਰਾਮਾਤ ਸੀ ਜੋ ਦਸਮ ਗੁਰੂ ਦੇ ਅੰਮ੍ਰਿਤ ਨੇ ਕਰ ਦਿਖਾਈ।
ਮਾਈ ਭਾਗੋ: ਮਾਈ ਭਾਗੋ ਦਾ ਨਾਮ ਸਿੱਖ ਇਤਿਹਾਸ ਵਿਚ ਕੌਣ ਨਹੀਂ ਜਾਣਦਾ? ਮਾਈ ਭਾਗੋ ਭਾਈ ਪਾਰੇ ਸ਼ਾਹ ਦੇ ਖਾਨਦਾਨ ਵਿਚੋਂ ਸੀ। ਭਾਈ ਪਾਰੇ ਸ਼ਾਹ ਦੇ ਪੁੱਤਰ ਭਾਈ ਮੱਲੋ ਦੀ ਮਾਈ ਭਾਗੋ ਪੁੱਤਰੀ ਸੀ ਜਿਸ ਦਾ ਜਨਮ ਆਪਣੇ ਜੱਦੀ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਭਾਈ ਲੰਗਾਹ ਢਿੱਲੋਂ ਜੱਟ ਸੀ ਜੋ ਗੁਰੂ ਅਰਜਨ ਦੇਵ ਦੇ ਵੇਲੇ ਸਿੱਖ ਸੱਜ ਗਿਆ ਸੀ। ਉਸ ਨੇ ਗੁਰੂ ਅਰਜਨ ਦੇਵ ਜੀ ਦੇ ਨਾਲ ਹਰਮੰਦਰ ਸਾਹਿਬ ਦੀ ਉਸਾਰੀ ਵਿਚ ਹਿੱਸਾ ਪਾਇਆ ਅਤੇ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾਉਣ ਲਾਹੌਰ ਗਏ ਤਾਂ ਭਾਈ ਲੰਗਾਹ ਵੀ ਉਨ੍ਹਾਂ ਪੰਜ ਸਿੱਖਾਂ ਵਿਚ ਸ਼ਾਮਲ ਸੀ ਜਿਹੜੇ ਗੁਰੂ ਅਰਜਨ ਦੇਵ ਜੀ ਨਾਲ ਲਾਹੌਰ ਗਏ।
ਮਾਈ ਭਾਗੋ ਦਾ ਬਚਪਨ ਦਾ ਨਾਮ ਭਾਗਭਰੀ ਸੀ ਅਰਥਾਤ ਕਿਸਮਤ ਵਾਲੀ ਅਤੇ ਅੰਮ੍ਰਿਤ ਛੱਕਣ ਤੋਂ ਬਾਅਦ ਨਾਂ ਭਾਗ ਕੌਰ ਰੱਖਿਆ ਗਿਆ। ਸਿੱਖ ਇਤਿਹਾਸ ਵਿਚ ਉਸ ਨੂੰ ਮਾਈ ਭਾਗੋ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦਾ ਵਿਆਹ ਪੱਟੀ ਦੇ ਨਿਧਾਨ ਸਿੰਘ ਵੜੈਚ ਨਾਲ ਹੋਇਆ ਜੋ ਜਨਮ ਅਤੇ ਪਾਲਣਾ ਕਰਕੇ ਪੂਰਨ ਗੁਰਸਿੱਖ ਸੀ। ਅਨੰਦਪੁਰ ਦਾ ਕਿਲਾ ਖਾਲੀ ਕਰਾਉਣ ਲਈ ਮੁਗ਼ਲਾਂ ਨੇ ਐਲਾਨ ਕੀਤਾ ਸੀ ਕਿ ਜੋ ਕੋਈ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਾ ਮੰਨ ਕੇ ਗੁਰੂ ਨੂੰ ਛੱਡ ਦੇਵੇਗਾ, ਉਸ ਨੂੰ ਕੁੱਝ ਨਹੀਂ ਕਿਹਾ ਜਾਵੇਗਾ। ਮਹਾਂ ਸਿੰਘ ਦੀ ਅਗਵਾਈ ਹੇਠ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਕੋਲ ਇਹ ਕਹਿਣ ਗਏ ਕਿ ਉਹ ਗੁਰੂ ਦੇ ਸਿੱਖ ਨਹੀਂ ਹਨ। ਗੁਰੂ ਸਾਹਿਬ ਨੇ ਕਿਹਾ ਕਿ ‘ਉਹ ਲਿਖ ਕੇ ਦੇ ਦੇਣ ਕਿ ਅੱਜ ਤੋਂ ਉਹ ਗੁਰੂ ਦੇ ਸਿੱਖ ਨਹੀਂ ਹਨ ਅਤੇ ਉਸ ਤੇ ਆਪਣੀ ਸਹੀ ਪਾ ਦੇਣ।’ ਇਸ ਤਰ੍ਹਾਂ ਚਾਲੀ ਸਿੱਖਾਂ ਨੇ ‘ਬੇਦਾਵਾ’ ਲਿਖ ਕੇ ਦੇ ਦਿੱਤਾ ਅਤੇ ਅਨੰਦਪੁਰ ਛੱਡ ਕੇ ਤੁਰ ਪਏ।
ਜਦੋਂ ਮਾਈ ਭਾਗੋ ਨੂੰ ਪਤਾ ਲੱਗਾ ਕੇ ਸਿੰਘ ਔਕੜ ਸਮੇਂ ਗੁਰੂ ਨੂੰ ਛੱਡ ਆਏ ਹਨ ਤਾਂ ਉਸ ਨੂੰ ਬਹੁਤ ਅਫਸੋਸ ਲੱਗਾ। ਉਸ ਨੇ ਉਨ੍ਹਾਂ ਨੂੰ ਮਿਹਣੇ ਮਾਰੇ ਜਿਸ ਤੋਂ ਉਹ ਸ਼ਰਮਿੰਦਾ ਹੋ ਗਏ ਅਤੇ ਮਾਈ ਭਾਗੋ ਦੀ ਅਗਵਾਈ ਹੇਠ ਗੁਰੂ ਸਾਹਿਬ ਨੂੰ ਮਿਲਣ ਲਈ ਚੱਲ ਪਏ। ਉਦੋਂ ਤੱਕ ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ ਗਿਆ ਸੀ। ਮੁਗ਼ਲ ਫੌਜ ਗੁਰੂ ਸਾਹਿਬ ਦਾ ਪਿੱਛਾ ਕਰਦੀ ਆ ਰਹੀ ਸੀ। ਮਾਲਵੇ ਵਿਚ ਮਾਈ ਭਾਗੋ ਚਾਲੀ ਸਿੰਘਾਂ ਸਮੇਤ ਖਿਦਰਾਣੇ ਦੀ ਢਾਬ ‘ਤੇ (ਮੁਕਤਸਰ) ਗੁਰੂ ਸਾਹਿਬ ਨੂੰ ਆ ਮਿਲੀ। ਇਥੇ ਮੁਗ਼ਲਾਂ ਨਾਲ ਲੜਾਈ ਵਿਚ ਸਿੰਘ ਸ਼ਹੀਦ ਹੋ ਗਏ ਅਤੇ ਮਹਾਂ ਸਿੰਘ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਗੁਰੂ ਸਾਹਿਬ ਜ਼ਖਮੀ ਮਹਾਂ ਸਿੰਘ ਕੋਲ ਆਏ, ਉਸ ਦਾ ਸਿਰ ਆਪਣੀ ਗੋਦ ਵਿਚ ਰੱਖ ਕੇ ਉਸ ਦੀ ਆਖ਼ਰੀ ਇੱਛਾ ਪੁੱਛੀ ਤਾਂ ਮਹਾਂ ਸਿੰਘ ਨੇ ‘ਬੇਦਾਵਾ’ ਪਾੜ ਦੇਣ ਦੀ ਬੇਨਤੀ ਕੀਤੀ। ਗੁਰੂ ਨੇ ਬੇਦਾਵਾ ਪਾੜ ਦਿੱਤਾ ਅਤੇ ਚਾਲੀ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਬਖਸ਼ਿਸ਼ ਕੀਤਾ। ਮਾਈ ਭਾਗੋ ਜ਼ਖਮੀ ਹੋ ਗਈ ਸੀ ਅਤੇ ਗੁਰੂ ਸਾਹਿਬ ਦੀ ਦੇਖ ਰੇਖ ਵਿਚ ਆ ਗਈ। ਉਹ ਗੁਰੂ ਮਹਾਰਾਜ ਦੀ ਅੰਗ-ਰੱਖਿਅਕ ਬਣ ਗਈ ਅਤੇ ਨਾਂਦੇੜ ਵੀ ਗੁਰੂ ਸਾਹਿਬ ਦੇ ਨਾਲ ਗਈ। 1708 ਈæ ਵਿਚ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾ ਜਾਣ ‘ਤੇ ਉਹ ਹੋਰ ਵੀ ਦੱਖਣ ਵਿਚ ਚਲੀ ਗਈ ਅਤੇ ਭਗਤੀ ਕਰਨ ਲੱਗੀ। ਕਰਨਾਟਕ ਵਿਚ ਬਿਦਰ ਤੋਂ 11 ਮੀਲ ਦੂਰ ਜਿਨਵਾਰਾ ਦੇ ਸਥਾਨ ‘ਤੇ ਮਾਈ ਭਾਗੋ ਦੀ ਝੌਂਪੜੀ ਵਾਲੀ ਥਾਂ ਉਸ ਦੀ ਯਾਦ ਵਿਚ ‘ਗੁਰਦੁਆਰਾ ਤਪ ਅਸਥਾਨ ਮਾਈ ਭਾਗੋ’ ਬਣਿਆ ਹੋਇਆ ਹੈ।
ਜੇ ਮਾਈ ਭਾਗੋ 40 ਸਿੰਘਾਂ ਨੂੰ ਮੋੜ ਕੇ ਗੁਰੂ ਸਾਹਿਬ ਦੀ ਸ਼ਰਨ ਵਿਚ ਨਾ ਲਿਆਉਂਦੀ ਤਾਂ ਉਨ੍ਹਾਂ ਦਾ ਨਾਂ ਸਦਾ ਲਈ ਅਮਰ ਹੋ ਕੇ ਸਿੱਖ ਅਰਦਾਸ ਵਿਚ ’40 ਮੁਕਤਿਆਂ’ ਵਜੋਂ ਨਹੀਂ ਸੀ ਲਿਆ ਜਾਣਾ ਬਲਕਿ ਉਨ੍ਹਾਂ ਨੂੰ ਗੁਰੂ ਨੂੰ ਪਿੱਠ ਦਿਖਾਉਣ ਵਾਲੇ ਗੱਦਾਰ ਮੰਨਿਆ ਜਾਣਾ ਸੀ। ਮਾਈ ਭਾਗੋ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ।
Leave a Reply