ਭਾਜਪਾ ਦੇ ਫਿਰਕੂ ਪਸਾਰ ਖਿਲਾਫ ਪੰਜਾਬ ਤੋਂ ਤਿੱਖੀ ਲਾਮਬੰਦੀ

ਮਲੇਰਕੋਟਲਾ: ਨਾਗਰਿਕਤਾ ਸੋਧ ਕਾਨੂੰਨ, ਪ੍ਰਸਤਾਵਿਤ ਐਨ.ਸੀ.ਆਰ. ਅਤੇ ਐਨ.ਪੀ.ਆਰ. ਖਿਲਾਫ ਪੰਜਾਬ ਵਿਚ ਤਿੱਖੀ ਲਾਮਬੰਦੀ ਸ਼ੁਰੂ ਹੋਈ ਹੈ। ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ-ਬਿਜਲੀ ਕਾਮਿਆਂ, ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ 14 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ਉਤੇ ਸੂਬੇ ਭਰ ਤੋਂ ਹਜ਼ਾਰਾਂ ਲੋਕਾਂ ਨੇ ਮਲੇਰਕੋਟਲਾ ਪਹੁੰਚ ਕੇ ਜਿਥੇ ਦੇਸ਼ ਅੰਦਰ ਕਾਲੇ ਕਾਨੂੰਨਾਂ ਖਿਲਾਫ ਕੇਂਦਰੀ ਹਕੂਮਤ ਨੂੰ ਵੰਗਾਰਿਆ, ਉਥੇ ਮਲੇਰਕੋਟਲਾ ਸ਼ਹਿਰ ‘ਚ ਪਹਿਲੀ ਵਾਰ ਵਿਸ਼ਾਲ ਰੈਲੀ ਕਰ ਕੇ ਪੰਜਾਬ ਅੰਦਰ ਮੁਸਲਮਾਨ ਭਾਈਚਾਰੇ ਨਾਲ ਕਿਸਾਨ-ਮਜ਼ਦੂਰਾਂ-ਕਲਮਕਾਰਾਂ, ਔਰਤਾਂ-ਵਿਦਿਆਰਥੀਆਂ ਤੇ ਨੌਜਵਾਨਾਂ ਦੀ ਨਿਵੇਕਲੀ ਲਾਮਬੰਦੀ ਦਾ ਮੁੱਢ ਵੀ ਬੰਨ੍ਹ ਦਿੱਤਾ।

ਮੁਸਲਿਮ ਔਰਤਾਂ ਆਪਣੇ ਬੱਚਿਆਂ ਸਮੇਤ ਕਾਫਲੇ ਬੰਨ੍ਹ ਕੇ ਰੈਲੀ ਵਿਚ ਸ਼ਾਮਲ ਹੋਈਆਂ। ਵਿਸ਼ਾਲ ਰੈਲੀ ਦੌਰਾਨ ਹਜ਼ਾਰਾਂ ਔਰਤਾਂ ਸਮੇਤ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਕਿਰਤੀ ਲੋਕਾਂ ਦੇ ਆਏ ਲੋਕ ਹੜ੍ਹ ਵਿਚ ‘ਭਾਈ-ਭਾਈ ਨਾਲ ਲੜਨ ਨੀ ਦੇਣਾ, ਸੰਨ ਸੰਤਾਲੀ ਬਣਨ ਨੀ ਦੇਣਾ’, ‘ਫਾਸ਼ੀਵਾਦ ਮੁਰਦਾਬਾਦ’ ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਲੋਕਾਂ ਨੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਦਿੱਲੀ ਦੇ ਸ਼ਾਹੀਨ ਬਾਗ, ਜਾਮੀਆਂ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਕਾਰਵਾਂ-ਏ-ਮੁਹੱਬਤ ਦੇ ਵੱਖ-ਵੱਖ ਡੈਲੀਗੇਸ਼ਨਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਬੁਲਾਰਿਆਂ ਨੇ ਇੱਕਜੁੱਟ ਹੋ ਕੇ ਐਲਾਨ ਕੀਤਾ ਗਿਆ ਕਿ ਆਰ.ਐਸ਼ਐਸ਼ ਤੇ ਭਾਜਪਾ ਦੀ ਕੇਂਦਰੀ ਹਕੂਮਤ ਵਲੋਂ ਦੇਸ਼ ‘ਚ ਫਿਰਕੂ ਵੰਡੀਆਂ ਪਾ ਕੇ ਅਤੇ ਅੰਨ੍ਹਾ ਰਾਸ਼ਟਰਵਾਦ ਭੜਕਾ ਕੇ ਲੋਕਾਂ ਨੂੰ ਧਰਮ ਦੇ ਨਾਂ ਉਤੇ ਲੜਾਉਣ, ਜਮਹੂਰੀ ਹੱਕਾਂ ਦੇ ਘਾਣ ਅਤੇ ਲੋਕਾਂ ਦੀ ਲੁੱਟ ਤਿੱਖੀ ਕਰਨ ਦੇ ਖੋਟੇ ਮਨਸੂਬਿਆਂ ਨੂੰ ਦੇਸ਼ ਦੇ ਬਹਾਦਰ ਲੋਕ ਸਫਲ ਨਹੀਂ ਹੋਣ ਦੇਣਗੇ। ਇਸ ਮੌਕੇ ਮੋਦੀ ਸਰਕਾਰ ਵਲੋਂ ਦੇਸ਼ ‘ਚ ਫੈਲਾਏ ਜਾ ਰਹੇ ਫਿਰਕੂ ਜ਼ਹਿਰ ਪਸਾਰੇ ਦੇ ਟਾਕਰੇ ਲਈ ਮੁਹਿੰਮ ਜਾਰੀ ਰੱਖਣ ਦਾ ਅਹਿਦ ਕਰਦਿਆਂ 24 ਤੋਂ 29 ਫਰਵਰੀ ਤੱਕ ਪੰਜਾਬ ਭਰ ‘ਚ ਵਿਰੋਧ ਹਫਤਾ ਮਨਾਉਣ ਅਤੇ 29 ਫਰਵਰੀ ਪਿੱਛੋਂ ਮਲੇਰਕੋਟਲਾ ਜਾਂ ਲੁਧਿਆਣਾ ਅੰਦਰ ਸ਼ਾਹੀਨ ਬਾਗ ਦਿੱਲੀ ਦੀ ਤਰਜ਼ ਉਤੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ।
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਕਾਰਵਾਂ-ਏ-ਮੁਹੱਬਤ ਦੇ ਵੱਖ-ਵੱਖ ਵਫਦਾਂ ਵੱਲੋਂ ਵੀ ਪ੍ਰਦਰਸ਼ਨ ‘ਚ ਸ਼ਿਰਕਤ ਕੀਤੀ ਗਈ। ਬੁਲਾਰਿਆਂ ਨੇ ਆਰ.ਐਸ਼ਐਸ਼ ਅਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਵੱਲੋਂ ਦੇਸ਼ ‘ਚ ਫਿਰਕੂ ਵੰਡੀਆਂ ਪਾਉਣ ਤੇ ਅੰਨ੍ਹੇ ਰਾਸ਼ਟਰਵਾਦ ਰਾਹੀਂ ਲੋਕਾਂ ਨੂੰ ਧਰਮ ਦੇ ਨਾਂ ਉਤੇ ਲੜਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਆਰ.ਐਸ਼ਐਸ਼ ਤੇ ਭਾਜਪਾ ਦੇ ਇਨ੍ਹਾਂ ਮਨਸੂਬਿਆਂ ਦਾ ਡੱਟ ਕੇ ਵਿਰੋਧ ਕਰਨ ਅਤੇ ਉਕਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਮੋਦੀ ਸਰਕਾਰ ਵੱਲੋਂ ਫੈਲਾਏ ਜਾ ਰਹੇ ਫਿਰਕੂ ਜ਼ਹਿਰ ਪਾਸਾਰੇ ਦੇ ਟਾਕਰੇ ਲਈ ਮੁਹਿੰਮ ਜਾਰੀ ਰੱਖਣ ਦਾ ਅਹਿਦ ਕਰਦਿਆਂ 24 ਤੋਂ 29 ਫਰਵਰੀ ਤੱਕ ਪੰਜਾਬ ਭਰ ‘ਚ ਵਿਰੋਧ ਹਫਤਾ ਮਨਾਉਣ ਦਾ ਐਲਾਨ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਸਖਤ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਸ ਨੇ ਸੂਬੇ ਅੰਦਰ ਐਨ.ਪੀ.ਆਰ. ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਇਸ ਮੌਕੇ ਜਮਾਤ-ਏ-ਇਸਲਾਮੀ ਹਿੰਦ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਬਦੁੱਲ ਸ਼ਕੂਰ ਨੇ ਕਿਹਾ ਕਿ ਦੇਸ਼ ਨੂੰ ਧਰਮ ਦੇ ਆਧਾਰ ਉਤੇ ਵੰਡਣ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਬੁੱਧੀਜੀਵੀ ਹਰਸ਼ ਮੰਦਰ ਨੇ ਕਿਹਾ ਕਿ ਅੱਜ ਲੜਾਈ ਮੁਹੱਬਤ, ਇਨਸਾਨੀਅਤ ਅਤੇ ਬਰਾਬਰੀ ਦੀ ਲੜੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ ਲੋਕ ਤੇ ਸੂਬਾ ਸਰਕਾਰ ਗੁਰੂ ਨਾਨਕ ਦੇ ਦਿਖਾਏ ਰਾਹ ਉਤੇ ਚੱਲਦਿਆਂ ਵਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਸਾਨਾਂ ਵੱਲੋਂ ਸ਼ਾਹੀਨ ਬਾਗ ਦੇ ਸੰਘਰਸ਼ਕਾਰੀਆਂ ਨਾਲ ਦਿਖਾਈ ਇਕਮੁੱਠਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀ ਦੁਬਾਰਾ ਵੰਡ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਮਾਲੇਰਕੋਟਲਾ ਦੀ ਧਰਤੀ ਤੋਂ ਏਕਤਾ ਦੀ ਆਵਾਜ਼ ਉਠੀ ਹੈ ਅਤੇ ਇਹ ਇਕੱਠ ਮੁਹੱਬਤ ਅਤੇ ਏਕਤਾ ਦਾ ਪ੍ਰਤੀਕ ਬਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਆਪਸੀ ਭਾਈਚਾਰਕ ਏਕਤਾ ਹੀ ਲੜਾਈ ਦੀ ਸਭ ਤੋਂ ਵੱਡੀ ਤਾਕਤ ਹੈ। ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਦਾ ਇਕੱਠ ਸਿਰਫ ਕਾਨੂੰਨ ਦੇ ਖਿਲਾਫ ਨਹੀਂ ਹੈ ਸਗੋਂ ਇਹ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਧਰਮਾਂ ਦੇ ਲੋਕਾਂ ਦੀ ਇਕਜੁੱਟਤਾ ਦੀ ਲਹਿਰ ਹੈ ਜਿਸ ਨੇ ਸਾਬਤ ਕੀਤਾ ਹੈ ਕਿ ਉਹ ਦੇਸ਼ ਨੂੰ ਧਰਮ ਦੇ ਨਾਮ ਉਤੇ ਵੰਡਣਾ ਨਹੀਂ ਚਾਹੁੰਦੇ।
__________________________________
ਅਕਾਲ ਤਖਤ ਵੱਲੋਂ ਮੁਸਲਮਾਨਾਂ ਦੇ ਘੋਲ ਦੀ ਹਮਾਇਤ
ਅੰਮ੍ਰਿਤਸਰ: ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਕਰ ਰਹੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿਚ ਧਾਰਮਿਕ ਮੰਚ ਤੋਂ ਨੁਮਾਇੰਦਗੀ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ ਹੈ। ਮੁਸਲਿਮ ਭਾਈਚਾਰੇ ਦੇ ਇਹ ਨੁਮਾਇੰਦੇ ਦਿੱਲੀ, ਬੰਗਲੁਰੂ, ਬੀਜਾਪੁਰ ਅਤੇ ਹੋਰ ਥਾਵਾਂ ਤੋਂ ਆਏ ਸਨ। ਇਸ ਸਬੰਧੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਕੌਮ ਆਪਣੇ ਸਿਧਾਂਤ ਉਤੇ ਖੜ੍ਹੀ ਹੈ ਜਿਸ ਤਹਿਤ ਉਨ੍ਹਾਂ ਹਮੇਸ਼ਾ ਹੀ ਮਜ਼ਲੂਮਾਂ ਦਾ ਸਾਥ ਦਿੱਤਾ ਹੈ। ਹੁਣ ਵੀ ਮੁਸਲਿਮ ਭਾਈਚਾਰੇ ਨਾਲ ਹੋ ਰਹੇ ਵਿਤਕਰੇ ਦੇ ਵਿਰੋਧ ਵਿਚ ਸਿੱਖਾਂ ਨੇ ‘ਹਾਅ ਦਾ ਨਾਅਰਾ’ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਉਨ੍ਹਾਂ ਦੇ ਨਾਲ ਹਨ ਅਤੇ ਨਾਲ ਹੀ ਰਹਿਣਗੇ।