ਬਾਦਲ ਨੇ ਵੀ ਭਾਜਪਾ ਦੀਆਂ ਫਿਰਕੂ ਨੀਤੀਆਂ ਖਿਲਾਫ ਅਵਾਜ਼ ਬੁਲੰਦ ਕੀਤੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜਾਸਾਂਸੀ (ਅੰਮ੍ਰਿਤਸਰ) ਦੀ ਅਕਾਲੀ ਰੈਲੀ ਵਿਚ ਦਿੱਤੇ ਭਾਸ਼ਣ ਨਾਲ ਪੰਜਾਬ ਦੀ ਸਿਆਸਤ ਫਿਰ ਭਖ ਗਈ ਹੈ। ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਤੋਂ ਬਾਅਦ ਸੀਨੀਅਰ ਬਾਦਲ ਵੱਲੋਂ ਬਿਨਾਂ ਨਾਮ ਲਏ ਭਾਜਪਾ ਉਤੇ ਕੀਤੇ ਗਏ ਪਹਿਲੇ ਨੀਤੀਗਤ ਹਮਲੇ ਵਿਚ ਨਫਰਤ ਵਾਲਾ ਮਾਹੌਲ ਬਣਾਉਣ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦੇ ਧਰਮ-ਨਿਰਪੱਖ ਖਾਸੇ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।

ਬਾਦਲ ਨੇ ਘੱਟਗਿਣਤੀਆਂ ਅੰਦਰ ਪੈਦਾ ਹੋ ਰਹੇ ਡਰ ਅਤੇ ਸਹਿਮ ਦੇ ਮਾਹੌਲ ਨੂੰ ਦੂਰ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਅਕਾਲੀ ਦਲ ਦੀ ਅੰਦਰੂਨੀ ਫੁੱਟ ਨੂੰ ਵੀ ਬਾਦਲ ਨੇ ਭਾਜਪਾ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਸਮੇਤ ਆਪਣੇ ਪੁਰਾਣੇ ਸਾਥੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖਦਿਆਂ 70 ਸਾਲ ਹੋ ਗਏ ਹਨ ਕਿ ਦਿੱਲੀ ਹਮੇਸ਼ਾ ਅਕਾਲੀਆਂ ਵਿਚ ਫੁੱਟ ਪਾਉਣ ਦੀ ਨੀਤੀ ਉਤੇ ਚੱਲਦੀ ਹੈ। ਕੌਮੀ ਨਾਗਰਿਕਤਾ ਸੋਧ ਕਾਨੂੰਨ ਬਣਾਉਣ ਸਮੇਂ ਵੀ ਅਕਾਲੀ ਦਲ ਨੇ ਭਾਜਪਾ ਦਾ ਡਟ ਕੇ ਵਿਰੋਧ ਨਹੀਂ ਸੀ ਕੀਤਾ।
ਅਕਾਲੀ-ਭਾਜਪਾ ਗੱਠਜੋੜ ਇਸ ਵੇਲੇ ਪਹਿਲੋਂ ਕਾਫੀ ਤਿੱਖੇ ਤਣਾਅ ਵਾਲੀ ਹਾਲਤ ‘ਚੋਂ ਲੰਘ ਰਿਹਾ ਹੈ ਤੇ ਬਾਦਲ ਵਰਗੇ ਪ੍ਰੋਢ ਸਿਆਸਤਦਾਨਾਂ ਵਲੋਂ ਕੀਤੀਆਂ ਟਿੱਪਣੀਆਂ ਗੱਠਜੋੜ ਨੂੰ ਡੂੰਘੇ ਰੂਪ ‘ਚ ਪ੍ਰਭਾਵਿਤ ਕਰਨ ਤੋਂ ਬਗੈਰ ਨਹੀਂ ਰਹਿ ਸਕਦੀਆਂ। ਬਾਦਲ ਦੀਆਂ ਟਿੱਪਣੀਆਂ ਬਾਅਦ ਗੱਠਜੋੜ ਦੇ ਭਵਿੱਖ ਬਾਰੇ ਵੀ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਤੇ ਮੋਦੀ ਸਰਕਾਰ ਵਲੋਂ ਪਿਛਲੇ 8-9 ਮਹੀਨਿਆਂ ‘ਚ ਲਏ ਗਏ ਬਹੁਤ ਸਾਰੇ ਫੈਸਲਿਆਂ ਖਾਸ ਕਰ ਜੰਮੂ-ਕਸ਼ਮੀਰ ਸੂਬੇ ਨੂੰ ਕੇਂਦਰ ਸ਼ਾਸਤ ਰਾਜਾਂ ‘ਚ ਬਦਲਣ ਅਤੇ ਨਾਗਰਿਕਤਾ ਸੋਧ ਕਾਨੂੰਨ ਬਣਾਏ ਜਾਣ ਖਿਲਾਫ ਦੇਸ਼ ਪੱਧਰ ਉਤੇ ਵਿਆਪਕ ਰੋਸ ਤੇ ਬੇਚੈਨੀ ਚੱਲ ਰਹੀ ਹੈ। ਅਕਾਲੀ ਲੀਡਰਸ਼ਿਪ ਵੀ ਭਾਜਪਾ ਦੀ ਭਾਈਵਾਲ ਹੋਣ ਕਾਰਨ ਆਲੋਚਨਾ ਦਾ ਸ਼ਿਕਾਰ ਹੋ ਰਹੀ ਸੀ, ਪਰ ਸ਼ ਬਾਦਲ ਨੇ ਮੋਦੀ ਸਰਕਾਰ ਦਾ ਨਾਂ ਲਏ ਬਗੈਰ ਵੀ ਕੇਂਦਰ ਸਰਕਾਰ ਦੇ ਸਮੁੱਚੇ ਵਿਵਹਾਰ ਤੇ ਕਿਰਦਾਰ ਨੂੰ ਆਪਣੀ ਵਿਆਪਕ ਆਲੋਚਨਾ ਹੇਠ ਲਿਆ ਕੇ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਮੋਦੀ ਸਰਕਾਰ ਦੀ ਕਾਰਜਸ਼ੈਲੀ ‘ਤੇ ਸਿੱਧਾ ਵਾਰ ਕਰਦਿਆਂ ਕਿਹਾ ਕਿ ਧਰਮ ਨਿਰਪੱਖਤਾ ਨੂੰ ਭੰਗ ਕਰਨ ਵਾਲੀ ਕੋਈ ਵੀ ਕਾਰਵਾਈ ਦੇਸ਼ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਇਹ ਦੇਸ਼ ਦੇ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਦੂਜਾ ਉਨ੍ਹਾਂ ਦੇਸ਼ ਦੀ ਹਾਲਤ ਚੰਗੀ ਨਾ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਗਾ ਸ਼ਾਸਨ ਉਹ ਹੁੰਦਾ ਹੈ, ਜਿਥੇ ਸਭ ਧਰਮਾਂ ਦਾ ਸਤਿਕਾਰ ਹੋਵੇ ਤੇ ਖਾਸ ਕਰ ਘੱਟ ਗਿਣਤੀਆਂ ਨੂੰ ਸੁਰੱਖਿਆ ਤੇ ਬਰਾਬਰਤਾ ਦਾ ਅਹਿਸਾਸ ਹੋਵੇ। ਉਨ੍ਹਾਂ ਦਾ ਇਹ ਕਹਿਣਾ ਉਤਰ ਪ੍ਰਦੇਸ਼ ਤੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਿਸੇ ਇਕ ਵੀ ਮੁਸਲਿਮ ਆਗੂ ਨੂੰ ਭਾਜਪਾ ਵਲੋਂ ਉਮੀਦਵਾਰ ਨਾ ਬਣਾਏ ਜਾਣ ਵੱਲ ਇਸ਼ਾਰਾ ਸੀ। ਉਨ੍ਹਾਂ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦੇ ਨੂੰ ਵੀ ਉਭਾਰਿਆ।
ਇਸ ਮੌਕੇ ਮੋਦੀ ਸਰਕਾਰ ਦੇਸ਼ ‘ਚ ਅਸਹਿਣਸ਼ੀਲਤਾ ਫੈਲਾਉਣ ਤੇ ਘੱਟ ਗਿਣਤੀਆਂ ਖਾਸ ਕਰ ਮੁਸਲਿਮ ਭਾਈਚਾਰੇ ਉਤੇ ਹਮਲਿਆਂ ਲਈ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਮੌਕੇ ਸ਼ ਬਾਦਲ ਦਾ ਭਾਜਪਾ ਦੀ ਆਲੋਚਨਾ ਦਾ ਅਪਣਾਇਆ ਇਹ ਪੈਂਤੜਾ ਅਕਾਲੀ ਸਿਆਸਤ ‘ਚ ਨਵੀਂ ਕਰਵਟ ਵਜੋਂ ਲਿਆ ਜਾ ਰਿਹਾ ਹੈ। ਉਨ੍ਹਾਂ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ‘ਸਰਬੱਤ ਦੇ ਭਲੇ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਭਨਾਂ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਦੇਸ਼ ਇਕਜੁੱਟ ਹੋਵੇਗਾ ਤੇ ਅੱਗੇ ਵਧੇਗਾ। ਸਮਝਿਆ ਜਾ ਰਿਹਾ ਹੈ ਕਿ ਸ਼ ਬਾਦਲ ਵਲੋਂ ਤੈਅ ਕਰ ਦਿੱਤੇ ਦਿਸ਼ਾ-ਨਿਰਦੇਸ਼ ਉਤੇ ਸਮੁੱਚੀ ਅਕਾਲੀ ਲੀਡਰਸ਼ਿਪ ਫੁੱਲ ਚੜ੍ਹਾਉਣ ਲਈ ਵੀ ਤਿਆਰ ਹੈ। ਅਜਿਹੀ ਹਾਲਤ ‘ਚ ਅਕਾਲੀ-ਭਾਜਪਾ ਸਬੰਧਾਂ ‘ਚ ਤਰੇੜ ਹੋਰ ਵਧ ਸਕਦੀ ਹੈ। ਕਈ ਆਲੋਚਕ ਤਾਂ ਇਥੋਂ ਤੱਕ ਵੀ ਆਖ ਰਹੇ ਹਨ ਕਿ ਜੇਕਰ ਮੋਦੀ ਸਰਕਾਰ ਦੇ ਫੈਸਲੇ ਨਾਲ ਦੇਸ਼ ‘ਚ ਅਸਥਿਰਤਾ ਫੈਲਦੀ ਹੈ ਤੇ ਧਰਮ ਨਿਰਪੱਖਤਾ ਨੂੰ ਢਾਅ ਲਗਦੀ ਹੈ ਤਾਂ ਅਕਾਲੀ ਦਲ ਨੂੰ ਸਰਕਾਰ ‘ਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਪਦ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
__________________________________________
ਅਕਾਲੀ ਸੱਚੇ ਹਨ ਤਾਂ ਹਰਸਿਮਰਤ ਅਸਤੀਫਾ ਦੇਵੇ: ਰੰਧਾਵਾ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਾਗਰਿਕਤਾ ਸੋਧ ਕਾਨੂੰਨ ਦੇ ਬੁਰੇ ਪ੍ਰਭਾਵਾਂ ‘ਤੇ ਦੇਰੀ ਨਾਲ ਜਾਗ ਖੋਲ੍ਹਣ ਉਤੇ ਕਾਂਗਰਸ ਨੇ ਚੁਟਕੀ ਲੈਂਦਿਆਂ ਇਸ ਨੂੰ ਅਕਾਲੀ ਦਲ ਦਾ ਦੋਗਲਾ ਕਿਰਦਾਰ ਦੱਸਿਆ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਨੇ ਪਹਿਲਾਂ ਸੰਸਦ ਦੇ ਦੋਵਾਂ ਸਦਨਾਂ ‘ਚ ਸੀ.ਏ.ਏ. ਦੇ ਹੱਕ ਵਿਚ ਭੁਗਤਦਿਆਂ ਵੋਟ ਪਾਈ ਅਤੇ ਹੁਣ ਵੱਡੇ ਬਾਦਲ ਇਹ ਕਹਿ ਰਹੇ ਹਨ ਕਿ ਨਾਗਰਿਕਤਾ ਲੈਣ ਦਾ ਹੱਕ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਸ਼ ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਅਤੇ ਉਨ੍ਹਾਂ ਦੀ ਪਾਰਟੀ ਸੱਚਮੁੱਚ ਗੰਭੀਰ ਹੈ ਤਾਂ ਪਹਿਲਾਂ ਆਪਣੀ ਨੂੰ ਹਰਸਿਮਰਤ ਕੌਰ ਬਾਦਲ ਕੋਲੋਂ ਕੇਂਦਰੀ ਕੈਬਨਿਟ ਤੋਂ ਅਸਤੀਫਾ ਦਿਵਾਉਣ।