ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਸਤੇ ਉਤੇ ਚੱਲਣ ਲਈ ਮਜਬੂਰ ਹੋਣਾ ਪੈ ਹੀ ਗਿਆ। ਦਿੱਲੀ ਦੇ ਚੋਣ ਨਤੀਜਿਆਂ ਨੇ ਕੈਪਟਨ ਨੂੰ ਸਿੱਖਿਆ, ਸਿਹਤ, ਪਾਣੀ ਤੇ ਬਿਜਲੀ ਮੁੱਦਿਆਂ ਉਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਚੋਣ ਤੋਂ ਤੁਰਤ ਬਾਅਦ ਚੰਡੀਗੜ੍ਹ ਪੰਜਾਬ ਭਵਨ ਵਿਚ ਹੋਈ ਮੀਟਿੰਗ ‘ਚ ਮੁੱਖ ਮੰਤਰੀ ਵਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਿੱਖਿਆ, ਸਿਹਤ, ਪਾਣੀ ਅਤੇ ਬਿਜਲੀ ਸਮੇਤ ਹੋਰ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਦਿੱਲੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਲੜੀਆਂ ਸਨ। ਇਨ੍ਹਾਂ ਚੋਣਾਂ ਉਤੇ ਦੇਸ਼ ਭਰ ਦੇ ਲੋਕਾਂ ਅਤੇ ਸਿਆਸਤਦਾਨਾਂ ਦੀ ਨਿਗ੍ਹਾ ਟਿਕੀ ਹੋਈ ਸੀ। ਦੂਜੇ ਪਾਸੇ ਹੁਣ ਤੱਕ ਸੂਬੇ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਵੋਟਰਾਂ ਨੂੰ ਸੰਤੁਸ਼ਟ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਕਾਂਗਰਸ ਸਰਕਾਰ ਵਲੋਂ ਸੂਬੇ ਦੇ ਲੋਕਾਂ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਤਕਰੀਬਨ ਸਾਰੇ ਵਾਅਦੇ ਜਿਉਂ ਦੇ ਤਿਉਂ ਲਟਕ ਰਹੇ ਹਨ। ਮਹਿੰਗੇ ਬਿਜਲੀ ਸਮਝੌਤਿਆਂ ਦੇ ਚਲਦੇ ਲੋਕਾਂ ਦੇ ਘਰ ਜਾ ਰਹੇ ਮੋਟੇ ਬਿੱਲ ਰਾਜ ਸਰਕਾਰ ਖਿਲਾਫ ਲੋਕਾਂ ਦੇ ਮਨ ‘ਚ ਰੋਹ ਵਧਾਉਂਦੇ ਜਾ ਰਹੇ ਹਨ ਪਰ ਦਿੱਲੀ ਚੋਣ ਨਤੀਜਿਆਂ ਮਗਰੋਂ ਸ਼ਾਇਦ ਕੈਪਟਨ ਸਰਕਾਰ ‘ਚ ਲੋਕ ਮਸਲਿਆਂ ਅਤੇ ਸਹੂਲਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਤਾਂਗ ਜਾਗੀ ਹੈ। ਸੋਸ਼ਲ ਮੀਡੀਆ ਉਤੇ ਵੀ ਕੈਪਟਨ ਸਰਕਾਰ ਨੂੰ ਕੇਜਰੀਵਾਲ ਵਾਂਗ ਕੰਮ ਕਰਨ ਦੀਆਂ ਸਲਾਹਾਂ ਮਿਲ ਰਹੀਆਂ ਹਨ, ਅਜਿਹੇ ਵਿਚ ਰਹਿੰਦੇ 2 ਸਾਲ ਕਾਂਗਰਸ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਪਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਮੁੱਖ ਸੈਕਟਰਾਂ ਨਾਲ ਸਬੰਧਤ ਵੱਖ-ਵੱਖ ਵਿਕਾਸ ਅਤੇ ਭਲਾਈ ਸਕੀਮਾਂ ਦੀ ਵਿਆਪਕ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਲਈ ਸਰਕਾਰ ਵਲੋਂ ਮਿਥੇ ਏਜੰਡੇ ਦੀ ਲੀਹ ‘ਤੇ ਲੋਕਾਂ ਦੀਆਂ ਖਾਹਿਸ਼ਾਂ ਦੀ ਪੂਰਤੀ ਲਈ ਵਿਕਾਸ ਤੇ ਭਲਾਈ ਪ੍ਰੋਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਕਮਰਕੱਸਣ ਲਈ ਆਖਿਆ। ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬੇ ‘ਚ 515 ਸੇਵਾ ਕੇਂਦਰ ਚੱਲ ਰਹੇ ਹਨ ਅਤੇ ਸਾਰੇ ਜ਼ਿਲ੍ਹਿਆਂ ਵਿਚ ਹਾਸਲ ਹੋਈਆਂ 2,60, 4975 ਅਰਜ਼ੀਆਂ ਵਿਚੋਂ 42261 ਅਰਜ਼ੀਆਂ ਹੀ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੌਜੂਦਾ ਮਾਡਲ ਤਹਿਤ ਸੇਵਾ ਕੇਂਦਰਾਂ ਦਾ ਪ੍ਰੋਜੈਕਟ ਸਵੈ-ਨਿਰਭਰ ਹਨ ਅਤੇ ਇਸ ਦਾ ਵਿੱਤ ਵਿਭਾਗ ‘ਤੇ ਕੋਈ ਬੋਝ ਨਹੀਂ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਜਾਇਦਾਦ ਦੇ ਤਬਾਦਲੇ, ਜ਼ਮੀਨ ਦੀ ਤਕਸੀਮ ਤੇ ਇੰਤਕਾਲ ਵਰਗੇ ਮਾਲ ਮਾਮਲਿਆਂ ਦਾ ਫੌਰਨ ਨਿਪਟਾਰਾ ਯਕੀਨੀ ਬਣਾਉਣ ਲਈ ਮਾਲ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਨੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮਹੀਨਾਵਾਰ ਮੀਟਿੰਗ ਸੱਦਣ ਅਤੇ ਨਿਰਧਾਰਤ ਸਮੇਂ ਉਤੇ ਰਿਪੋਰਟਾਂ ਭੇਜਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਸਰਹੱਦੀ ਖੇਤਰਾਂ ਖਾਸ ਕਰਕੇ ਤਰਨ ਤਾਰਨ ਜ਼ਿਲ੍ਹੇ (71.29 ਫੀਸਦੀ) ‘ਚ ਬਿਜਲੀ ਚੋਰੀ ਦਾ ਗੰਭੀਰ ਨੋਟਿਸ ਲਿਆ।
ਨਸ਼ਿਆਂ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਹੁਣ ਤੱਕ ਦੇ ਨਤੀਜਿਆਂ ‘ਤੇ ਤਸੱਲੀ ਜ਼ਾਹਿਰ ਕੀਤੀ। ਸੂਬੇ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ’ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸੇ ਦੌਰਾਨ ਮੀਟਿੰਗ ‘ਚ ਜਾਣਕਾਰੀ ਦਿੱਤੀ ਕਿ ‘ਪੰਜਾਬ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਤਹਿਤ ਸਰਕਾਰ ਨੇ ਰੋਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਮਾਰਚ, 2020 ਵਿਚ ਅੰਮ੍ਰਿਤਸਰ, ਫਗਵਾੜਾ, ਬਠਿੰਡਾ, ਮੋਹਾਲੀ ਅਤੇ ਐਸ਼ਬੀ.ਐਸ਼ ਨਗਰ ਵਿਚ ਵੱਡੇ ਰੋਜ਼ਗਾਰ ਮੇਲੇ ਲਾਉਣ ਦੀ ਯੋਜਨਾ ਉਲੀਕੀ ਹੈ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਬਾਲ ਰੱਖਿਆ ਯੂਨਿਟਾਂ ‘ਚ ਅਸਾਮੀਆਂ ਭਰਨ ਵਿਚ ਤੇਜ਼ੀ ਲਿਆਉਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਬੇਜ਼ਮੀਨੇ ਅਤੇ ਬੇਘਰੇ ਗਰੀਬ ਪਰਿਵਾਰਾਂ ਲਈ ਪਹਿਲ ਦੇ ਆਧਾਰ ਉਤੇ ਢੁਕਵੀਂ ਪੰਚਾਇਤੀ ਜ਼ਮੀਨ ਦੀ ਸ਼ਨਾਖਤ ਕਰਨ ਦੀ ਹਦਾਇਤ ਕੀਤੀ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਵਧ ਰਹੇ ਖਤਰੇ ਉਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਡੀ.ਸੀਜ਼ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਟਾਕਰੇ ਲਈ ਢੰਗ-ਤਰੀਕੇ ਸੁਝਾਉਣ ਲਈ ਕਿਹਾ।
____________________________________________
ਕੈਪਟਨ ਨੂੰ ਕੇਜਰੀਵਾਲ ਵਾਂਗ ਕੰਮ ਕਰਨ ਦਾ ਸੁਨੇਹਾ…
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ‘ਚ ਜਿਥੇ ਕਾਂਗਰਸ ਦੀ ਨਮੋਸ਼ੀ ਭਰੀ ਹਾਰ ਕਾਰਨ ਪੂਰੀ ਪਾਰਟੀ ‘ਚ ਮਾਯੂਸੀ ਛਾਈ ਹੋਈ ਹੈ, ਉਥੇ ਕੇਜਰੀਵਾਲ ਵਲੋਂ ਦਿੱਲੀ ‘ਚ ਕੀਤੇ ਕੰਮਾਂ ਦੀ ਹੁਣ ਪੰਜਾਬੀ ਲੋਕ ਵੀ ਸ਼ਲਾਘਾ ਕਰਨ ਲੱਗੇ ਹਨ। ਚੋਣ ਨਤੀਜਿਆਂ ਮਗਰੋਂ ਸੂਬੇ ਦੇ ਨੌਜਵਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਲੱਗੇ ਹਨ ਕਿ ਉਹ ਵੀ ਉਸ ਤਰ੍ਹਾਂ ਕੰਮ ਕਰਨ ਜਿਸ ਤਰ੍ਹਾਂ ਦਿੱਲੀ ‘ਚ ਅਰਵਿੰਦ ਕੇਜਰੀਵਾਲ ਕਰ ਰਹੇ ਹਨ। ਕੈਪਟਨ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਦਿੱਲੀ ਚੋਣ ਨਤੀਜਿਆਂ ਮਗਰੋਂ ਜਿਉਂ ਹੀ ਸੂਬੇ ਦੀ ਕਾਂਗਰਸ ਸਰਕਾਰ ਦੀ ਕੋਈ ਵੀ ਉਪਲਬਧੀ ਬਾਰੇ ਕੋਈ ਪੋਸਟ ਸਾਂਝੀ ਕੀਤੀ ਜਾਂਦੀ ਹੈ ਤਾਂ ਸੂਬੇ ਦੇ ਲੋਕ ਖਾਸਕਰ ਨੌਜਵਾਨ ਵਰਗ ਕੈਪਟਨ ਨੂੰ ਉਥੇ ਹੀ ਘੇਰਨ ਲੱਗਾ ਹੈ। ਕੁਝ ਨੇ ਲਿਖਿਆ ਕਿ ਕੈਪਟਨ ਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਪੰਜਾਬ ਦਾ ਸਰਵ ਪੱਖੀ ਵਿਕਾਸ ਹੋ ਸਕਦਾ ਹੈ।