ਪਟਿਆਲਾ: ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਨਾਲ ਪੰਜਾਬ ਦੀ ‘ਆਪ’ ਲੀਡਰਸ਼ਿਪ ਵਿਚ ਹਲਚਲ ਹੋਈ ਹੈ। ਕੁਝ ਆਗੂ ਸਮਾਂ ਆਉਣ ਉਤੇ ਆਪਣਾ ਰਸਤਾ ਅਖਤਿਆਰ ਕਰਨ ਬਾਰੇ ਕਹਿ ਰਹੇ ਹਨ ਤੇ ਕੁਝ ਆਗੂਆਂ ਨੇ ਆਪਣੇ ਮੁੱਦੇ ਹੁਣੇ ਹੀ ਤੈਅ ਕਰ ਲਏ ਹਨ।
‘ਆਪ’ ਦੀ ਟਿਕਟ ਉਤੇ ਜਿੱਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿਚ ਬਹੁਤ ਫਰਕ ਹੈ, ਜਦੋਂ ਪੰਜਾਬ ਦੀਆਂ ਚੋਣਾਂ ਹੋਣਗੀਆਂ ਉਦੋਂ ਮੁੱਦੇ ਵੀ ਵੱਖਰੇ ਹੋਣਗੇ। ਉਸ ਵੇਲੇ ਜਦੋਂ ਵੀ ਕੋਈ ਸਾਂਝਾ ਫਰੰਟ ਬਣੇਗਾ ਤੇ ਜੇ ਉਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੁੰਦੀ ਹੈ ਤਾਂ ਉਹ ਉਸ ਫਰੰਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕਰਨਗੇ। ਉਂਜ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਉਤੇ ਵਿਸ਼ਵਾਸ ਕਰਨਾ ਕਦੇ ਵੀ ਸਹੀ ਨਹੀਂ ਹੋਵੇਗਾ। ਦਿੱਲੀ ਵਿਚ ਜਿੱਤੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਅਨੁਸਾਰ ਚੰਗਾ ਕੰਮ ਕੀਤਾ ਹੋਵੇਗਾ, ਇਸ ਕਰਕੇ ਉਸ ਦੀ ਜਿੱਤ ਹੋਈ ਹੈ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਆਪਣਾ ਪੂਰਾ ਸੱਚ ਦਿਖਾਉਣ ਵਿਚ ਕਾਮਯਾਬ ਨਹੀਂ ਹੋਈ। ਇਸੇ ਤਰ੍ਹਾਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਦਿੱਲੀ ਦਾ ਤੀਜੀ ਵਾਰ ਮੁੱਖ ਮੰਤਰੀ ਬਣਨ ਉਤੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਦਿੱਲੀ ਤੇ ਲੋਕਾਂ ਨੇ ਵੰਡ ਪਾਊ ਰਾਜਨੀਤੀ ਨੂੰ ਦਰਕਿਨਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਉਸ ਦਾ ਦੁਸ਼ਮਣ ਨਹੀਂ ਹੈ ਸਗੋਂ ਉਹ ਇਕ ਆਗੂ ਹੈ। ਪੰਜਾਬ ਵਿਚ ਜੇ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਨਾਲ ਇਕੱਠੇ ਹੋਣ ਦੀ ਗੱਲ ਚਲਦੀ ਹੈ ਤਾਂ ਉਹ ਆਪਣੇ ਮੁੱਦਿਆਂ ਅਨੁਸਾਰ ‘ਆਪ’ ਨਾਲ ਸਮਝੌਤਾ ਕਰ ਸਕਦੇ ਹਨ। ਪੰਜਾਬ ਦੇ ਮੁੱਦਿਆਂ ਉਤੇ ਸਹਿਮਤੀ ਰੱਖਣ ਨਾਲ ਹੀ ਸਮਝੌਤਾ ਹੋ ਸਕਦਾ ਹੈ। ਉਂਜ ਪੰਜਾਬ ਦੇ ਮੁੱਦੇ ਦਿੱਲੀ ਨਾਲ ਕਦੇ ਵੀ ਨਹੀਂ ਮਿਲਦੇ।
‘ਆਪ’ ਤੋਂ ਵਿਧਾਇਕ ਬਣੇ ਤੇ ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਹੈ ਕਿ ਦਿੱਲੀ ਨੂੰ ਅਰਵਿੰਦ ਕੇਜਰੀਵਾਲ ਨੇ ਚੰਗਾ ਮਾਡਲ ਦਿੱਤਾ ਹੈ ਜਿਸ ਕਰਕੇ ਉਸ ਦੀ ਜਿੱਤ ਹੋਈ ਹੈ। ਇਹ ਮਾਡਲ ਲੋਕ ਪੱਖੀ ਹੈ ਪਰ ਪੰਜਾਬ ਵਿਚ ਇਸ ਮਾਡਲ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਚੁੱਪ ਹਨ। ‘ਆਪ’ ਦੇ ਸੂਬਾ ਪ੍ਰਧਾਨ ਰਹੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਸ ਨੂੰ ਦੁੱਖ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਸੀ ਪਰ ਦਿੱਲੀ ਦੀ ਲੀਡਰਸ਼ਿਪ ਨੇ ਉਸ ਨੂੰ ਪਾਰਟੀ ਤੋਂ ਦੂਰ ਕਰਕੇ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ। ਪੰਜਾਬ ਨਾਲ ਹੋਏ ਧੋਖੇ ਦਾ ਉਨ੍ਹਾਂ ਨੂੰ ਅਜੇ ਵੀ ਬੜਾ ਦੁੱਖ ਹੈ।
__________________________________________
ਪੰਜਾਬ ਵਿਚ ‘ਆਪ’ ਨੂੰ ਫਾਇਦਾ ਨਹੀਂ ਹੋਣਾ: ਬ੍ਰਹਮਪੁਰਾ
ਕੁਰਾਲੀ: ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ਉਤੇ ਵਧੇਰੇ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿਚ ਦਿੱਲੀ ਦੇ ਜਾਗਰੂਕ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤੀ ਅਤੇ ਫਾਸੀਵਾਦੀ ਏਜੰਡੇ ਨੂੰ ਨਕਾਰਦਿਆਂ ‘ਆਪ’ ਉਤੇ ਭਰੋਸਾ ਦਿਖਾਇਆ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਦਿੱਲੀ ਵਿਚ ਭਾਵੇਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਹਾਲਾਤ ਪਹਿਲਾਂ ਵਰਗੇ ਹੀ ਹਨ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ‘ਆਪ’ ਦੀ ਕਾਰਗੁਜ਼ਾਰੀ ਵਿਚ ਵਧੇਰੇ ਤਬਦੀਲੀ ਦੀ ਸੰਭਾਵਨਾ ਨਹੀਂ ਹੈ।
___________________________________________
ਪੰਜਾਬ ‘ਤੇ ਪਵੇਗਾ ਦਿੱਲੀ ਫਤਿਹ ਦਾ ਅਸਰ: ਭਗਵੰਤ ਮਾਨ
ਸੰਗਰੂਰ: ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਦਿੱਲੀ ਵਿਚ ‘ਆਪ’ ਦੀ ਵੱਡੀ ਜਿੱਤ ਦਾ ਅਸਰ ਪੰਜਾਬ ਦੀ ਰਾਜਨੀਤੀ ਉਤੇ ਪਵੇਗਾ। ਲੋਕਾਂ ਦਾ ‘ਆਪ’ ਉਤੇ ਯਕੀਨ ਬਣਿਆ ਹੈ ਕਿ ਇਸ ਪਾਰਟੀ ਨੂੰ ਸਰਕਾਰ ਬਣਾਉਣੀ ਅਤੇ ਚਲਾਉਣੀ ਆਉਂਦੀ ਹੈ। ਦਿੱਲੀ ਵਿਚ ‘ਆਪ’ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਝੂਠ ਦੀ ਰਾਜਨੀਤੀ ਨਹੀਂ ਚੱਲਣੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਮਾਡਲ ਹੁਣ ਪੂਰਾ ਦੇਸ਼ ਅਪਣਾਏਗਾ। ਸ੍ਰੀ ਮਾਨ ਨੇ ਕਿਹਾ ਕਿ ਦਿੱਲੀ ਵਿਚ ਆਮ ਲੋਕਾਂ ਦੀ ਅਤੇ ਧਰਮ ਨਿਰਪੱਖਤਾ ਦੀ ਜਿੱਤ ਹੋਈ ਹੈ। ਸ੍ਰੀ ਮਾਨ ਨੇ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਪੰਜਾਬ ਦੇ ਲੋਕ ਨਵਜੋਤ ਸਿੱਧੂ ਨੂੰ ਪਿਆਰ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਰਾਜਨੀਤੀ ਸਾਫ-ਸੁਥਰੀ ਹੈ ਪਰ ਫਿਲਹਾਲ ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।