ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਸੰਭਾਲੀ ਦਿੱਲੀ ਦੀ ਕਮਾਨ

ਨਵੀਂ ਦਿੱਲੀ: ਰਾਜਧਾਨੀ ਦੇ ਇਤਿਹਾਸਕ ਰਾਮਲੀਲਾ ਮੈਦਾਨ ‘ਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕਣ ਮਗਰੋਂ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਵਿਚ ਵਧੀਆ ਸ਼ਾਸਨ ਦੇਣ ਲਈ ਕੇਂਦਰ ਨਾਲ ਤਾਲਮੇਲ ਕਰਕੇ ਕੰਮ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਬਿਨਾਂ ਕਿਸੇ ਰੁਕਾਵਟ ਦੇ ਸਰਕਾਰ ਚਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਵੀ ਮੰਗਿਆ।

ਇਸ ਤੋਂ ਪਹਿਲਾਂ ਉਪ ਰਾਜਪਾਲ ਅਨਿਲ ਬੈਜਲ ਨੇ ਸ੍ਰੀ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਸੀ। ਫਿਰ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਨੇ ਸਹੁੰ ਚੁੱਕੀ। ਗੋਪਾਲ ਰਾਏ ਨੇ ਸ਼ਹੀਦਾਂ ਦੇ ਨਾਂ ਉਤੇ ਵੀ ਸਹੁੰ ਚੁੱਕੀ ਜਦਕਿ ਇਮਰਾਨ ਹੁਸੈਨ ਨੇ ਅੱਲ੍ਹਾ ਤੇ ਈਸ਼ਵਰ ਦੇ ਨਾਂ ‘ਤੇ ਹਲਫ ਲਿਆ। ਹਲਫ ਲੈਣ ਮਗਰੋਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਚੋਣਾਂ ਖਤਮ ਹੋ ਗਈਆਂ ਹਨ ਅਤੇ ਵਿਰੋਧੀਆਂ ਨੇ ਪ੍ਰਚਾਰ ਦੌਰਾਨ ਉਨ੍ਹਾਂ ਬਾਰੇ ਜੋ ਕੁਝ ਵੀ ਕਿਹਾ, ਉਸ ਲਈ ਉਨ੍ਹਾਂ ਵਿਰੋਧੀਆਂ ਨੂੰ ‘ਮੁਆਫ’ ਕਰ ਦਿੱਤਾ ਹੈ। ਖੁਦ ਨੂੰ ਦਿੱਲੀ ਦਾ ਬੇਟਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਜਿੱਤ ਇਕ-ਇਕ ਦਿੱਲੀ ਵਾਸੀ, ਵਿਦਿਆਰਥੀ, ਅਧਿਆਪਕ, ਅਫਸਰ, ਇੰਜੀਨੀਅਰ, ਆਟੋ ਵਾਲੇ, ਬੱਸ ਚਾਲਕਾਂ, ਰੇਹੜੀ ਵਾਲਿਆਂ ਅਤੇ ਵਪਾਰੀਆਂ ਦੀ ਜਿੱਤ ਹੈ ਜੋ ਦਿੱਲੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਰਾਜਧਾਨੀ ਨੂੰ ਨਿਰਮਾਣ ਕਰਨ ਵਾਲੇ ਚਲਾਉਂਦੇ ਰਹਿੰਦੇ ਹਨ। ਇਸੇ ਕਰਕੇ 50 ‘ਦਿੱਲੀ ਨਿਰਮਾਤਾ’ ਮੁੱੱਖ ਮਹਿਮਾਨ ਬਣੇ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੇ ਸਾਰੇ 2 ਕਰੋੜ ਵਾਸੀਆਂ ਦੇ ਮੁੱਖ ਮੰਤਰੀ ਹਨ।
ਉਹ ਭਾਜਪਾ, ਕਾਂਗਰਸ ਤੇ ਹੋਰ ਪਾਰਟੀਆਂ ਨੂੰ ਵੋਟਾਂ ਦੇਣ ਵਾਲਿਆਂ ਲਈ ਜਾਤ-ਧਰਮ ਤੋਂ ਉਪਰ ਉੱਠ ਕੇ ਕੰਮ ਕਰਨਗੇ ਅਤੇ ਪਹਿਲਾਂ ਵੀ ਕਿਸੇ ਨਾਲ ਮਤਰੇਆ ਸਲੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਨਵੀਂ ਰਾਜਨੀਤੀ ਸ਼ੁਰੂ ਕੀਤੀ ਹੈ ਜੋ ‘ਕੰਮ ਦੀ ਰਾਜਨੀਤੀ’ ਹੈ ਜਿਸ ਕਰਕੇ ਦੇਸ਼ ਦੀ ਰਾਜਨੀਤੀ ਬਦਲ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਬੇਟੇ ਨੇ ਤੀਜੀ ਵਾਰ ਸਹੁੰ ਚੁੱਕੀ ਹੈ ਅਤੇ ਇਹ ਜਿੱਤ ਉਨ੍ਹਾਂ ਦੀ ਨਹੀਂ ਇਕ-ਇਕ ਦਿੱਲੀ ਵਾਲੇ ਦੀ ਹੈ। ‘ਪਿਛਲੇ 5 ਸਾਲਾਂ ਦੌਰਾਨ ਇਹੀ ਕੋਸ਼ਿਸ਼ ਕੀਤੀ ਕਿ ਦਿੱਲੀ ਵਾਲਿਆਂ ਦੀ ਜ਼ਿੰਦਗੀ ‘ਚ ਖੁਸ਼ਹਾਲੀ ਲਿਆ ਸਕੀਏ ਤੇ ਰਾਜਧਾਨੀ ਦਾ ਖੂਬ ਵਿਕਾਸ ਹੋਵੇ। ਇਹੀ ਕੋਸ਼ਿਸ਼ ਅਗਲੇ 5 ਸਾਲ ਵੀ ਜਾਰੀ ਰਹੇਗੀ।’ ਉਨ੍ਹਾਂ ਕਿਹਾ, ”ਸਾਰੇ ਲੋਕ ਆਪਣੇ ਪਿੰਡਾਂ ‘ਚ ਫੋਨ ਕਰਕੇ ਆਖ ਦੇਣ ਕਿ ਤੁਹਾਡਾ ਬੇਟਾ ਮੁੱਖ ਮੰਤਰੀ ਬਣ ਗਿਆ ਹੈ ਅਤੇ ਚਿੰਤਾ ਦੀ ਲੋੜ ਨਹੀਂ ਹੈ।”
ਭਵਿੱਖ ਦੀ ਰਣਨੀਤੀ ਦੇ ਸੰਕੇਤ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਦਿੱਲੀ ਲਈ ਬਹੁਤ ਵੱਡੇ ਕੰਮ ਕਰਨੇ ਹਨ ਜੋ ਉਹ ਇਕੱਲੇ ਨਹੀਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਬਣਾਉਣਾ ਚਾਹੁੰਦੇ ਹਨ। ‘ਮੈਂ ਪ੍ਰਧਾਨ ਮੰਤਰੀ ਨੂੰ ਵੀ ਸੱਦਾ ਭੇਜਿਆ ਸੀ ਪਰ ਉਹ ਕਿਤੇ ਰੁੱਝੇ ਹੋਏ ਹਨ ਤੇ ਆ ਨਹੀਂ ਸਕੇ। ਪਰ ਇਸ ਮੰਚ ਤੋਂ ਦਿੱਲੀ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਵੀ ਚਾਹੁੰਦਾ ਹਾਂ।’
ਕੇਜਰੀਵਾਲ ਦੇ ਭਾਸ਼ਨ ਦੌਰਾਨ ਤਾੜੀਆਂ ਵੱਜਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਈ ਨਵੀਂ ਰਾਜਨੀਤੀ ਦਾ ਡੰਕਾ ਪੂਰੇ ਦੇਸ਼ ‘ਚ ਵੱਜ ਰਿਹਾ ਹੈ। ਦਿੱਲੀ ਸਰਕਾਰ ਦੇ ਮੁਹੱਲਾ ਕਲੀਨਿਕ/ਹਸਪਤਾਲ ਅਤੇ ਸਕੂਲ ਦੀ ਚਰਚਾ ਪੂਰੇ ਦੇਸ਼ ਵਿਚ ਹੈ ਅਤੇ ਆਉਣ ਵਾਲੇ ਸਮੇਂ ‘ਚ ਭਾਰਤ ਦਾ ਪੂਰੇ ਵਿਸ਼ਵ ‘ਚ ਡੰਕਾ ਵਜੇਗਾ। ਚੋਣਾਂ ਦੌਰਾਨ ਵਿਰੋਧੀਆਂ ਵੱਲੋਂ ਦਿੱਲੀ ਸਰਕਾਰ ਦੀਆਂ ਮੁਫਤ ਯੋਜਨਾਵਾਂ ਬਾਰੇ ਟਿੱਪਣੀਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ ਅੰਦਰ ਜਿੰਨੀਆਂ ਵੀ ਅਨਮੋਲ ਚੀਜ਼ਾਂ ਹਨ, ਭਗਵਾਨ ਨੇ ਮੁਫਤ ਬਣਾਈਆਂ ਹਨ। ਜੇ ਉਹ ਵਿਦਿਆਰਥੀਆਂ ਤੇ ਮਰੀਜ਼ਾਂ ਤੋਂ ਪੈਸੇ ਲੈਂਦੇ ਹਨ ਤਾਂ ਅਜਿਹਾ ਮੁੱਖ ਮੰਤਰੀ ਹੋਣ ਉਤੇ ‘ਲਾਹਣਤ’ ਹੈ।