ਗੋਲਕ ਚੋਰੀ ਦੇ ਦੋਸ਼ਾਂ ਤਹਿਤ ਜੀ. ਕੇ. ਦੀ ਮੈਂਬਰਸ਼ਿਪ ਖਾਰਜ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦੇ ਇਜਲਾਸ ਵਿਚ ਇਤਿਹਾਸਕ ਫੈਸਲਾ ਲੈਂਦਿਆਂ ਮੈਂਬਰਾਂ ਨੇ ਸਰਬਸੰਮਤੀ ਨਾਲ ਗੋਲਕ ਚੋਰੀ ਦੇ ਦੋਸ਼ਾਂ ਤਹਿਤ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਖਾਰਜ ਕਰਨ ਦਾ ਫੈਸਲਾ ਲਿਆ ਹੈ।

ਮੀਟਿੰਗ ਉਪਰੰਤ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਨਰਲ ਹਾਊਸ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਜਿਸ ਵਿਚ ਸਮੁੱਚੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਮਨਜੀਤ ਸਿੰਘ ਜੀ.ਕੇ. ਨੇ ਕੁੱਲ 57-58 ਕਰੋੜ ਰੁਪਏ ਗੋਲਕ ਵਿਚੋਂ ਕੱਢੇ ਹਨ। ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਨੇ ਜਿਥੇ ਵੱਖ-ਵੱਖ ਸਮੇਂ ਉਤੇ 80 ਲੱਖ, 50 ਲੱਖ, 51 ਲੱਖ, 30 ਲੱਖ, 13.65 ਲੱਖ ਰੁਪਏ ਕਢਵਾਏ, ਉਥੇ ਹੀ ਉਨ੍ਹਾਂ ਦੇ ਸਹੁਰਾ ਪਰਿਵਾਰ ਵੱਲੋਂ ਜੋ ਜਾਇਦਾਦ ਗੁਰਦੁਆਰਾ ਕਮੇਟੀ ਨੂੰ ਦਿੱਤੀ ਗਈ ਸੀ, ਉਸ ਵਿਚੋਂ ਵੀ ਅੱਧੀ 50 ਕਰੋੜ ਰੁਪਏ ਦੀ ਜਾਇਦਾਦ ਆਪਣੇ ਨਾਂ ਕਰਵਾ ਲਈ। ਸ੍ਰੀ ਸਿਰਸਾ ਨੇ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਸਹੁਰੇ ਪਰਿਵਾਰ ਵੱਲੋਂ ਕੀਤੀ ਗਈ ‘ਵਸੀਅਤ’ ਦੇ ਕਾਗਜ਼ ਇਥੋਂ ਚੋਰੀ ਕਰ ਲਏ ਤੇ ਅਦਾਲਤ ਵਿਚ ਇਹ ਦੱਸਿਆ ਕਿ ਪਰਿਵਾਰ ਅੱਧੀ ਜਾਇਦਾਦ ਵਾਪਸ ਲੈਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੀ.ਕੇ. ਨੇ ਆਪਣੇ ਪਿਤਾ ਸੰਤੋਖ ਸਿੰਘ ਤੇ ਆਪਣੀ ਧੀ ਦੇ ਨਾਂ ‘ਤੇ ਵੀ ਪੈਸੇ ਕਢਵਾਏ। ਇਸ ਤੋਂ ਇਲਾਵਾ ਪ੍ਰਿੰਟਿੰਗ ਪ੍ਰੈੱਸ ਵਾਸਤੇ ਦਿੱਤੇ ਗਏ ਇਕ ਲੱਖ ਡਾਲਰ, ਮੁਲਾਜ਼ਮਾਂ ਦੀਆਂ ਵਰਦੀਆਂ ਵਾਸਤੇ ਇਕ ਪਰਿਵਾਰ ਵੱਲੋਂ ਦਿੱਤੇ ਗਏ 44 ਲੱਖ ਰੁਪਏ ਅਤੇ ਵਿਦੇਸ਼ਾਂ ਵਿਚ ਫੰਡ ਦੇਣ ਦੇ ਬਹਾਨੇ ਕਮੇਟੀ ਦੇ ਖਾਤੇ ਵਿਚੋਂ ਇਕ ਲੱਖ ਡਾਲਰ ਵੀ ਜੀ.ਕੇ. ਨੇ ਕਢਵਾਏ ਹਨ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ 24 ਨੁਕਤਿਆਂ ਉਤੇ ਵਿਸਥਾਰ ਨਾਲ ਦੋ ਘੰਟੇ ਚਰਚਾ ਹੋਈ ਤੇ ਸੱਤਾਧਾਰੀ ਧਿਰ ਦੇ ਨਾਲ ਵਿਰੋਧੀ ਧਿਰ ਦੇ ਮੈਂਬਰ ਕਰਤਾਰ ਸਿੰਘ, ਬਲਦੇਵ ਸਿੰਘ ਰਾਣੀ ਬਾਗ, ਕੁਲਤਾਰਣ ਸਿੰਘ ਤੇ ਤਲਵਿੰਦਰ ਸਿੰਘ ਮਰਵਾਹ ਨੇ ਵੀ ਸਹਿਮਤੀ ਦਿੱਤੀ ਕਿ ਜੀ.ਕੇ. ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜੋ ਉਸ ਨੂੰ ਸਾਰੀ ਉਮਰ ਯਾਦ ਰਹੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਨੂੰ ਗੋਲਕ ਚੋਰੀ ਦੇ ਦੋਸ਼ਾਂ ਵਿਚ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਹਾਊਸ ਨੇ ਇਹ ਫੈਸਲਾ ਲਿਆ ਹੈ ਕਿ ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤੀਆਂ ਗਈਆਂ ਗੋਲਕ ਚੋਰੀਆਂ ਬਾਰੇ ਬੋਰਡ ਬਣਵਾ ਕੇ ਕਮੇਟੀ ਦੇ ਸਾਰੇ ਗੁਰਦੁਆਰਿਆਂ ਦੇ ਬਾਹਰ ਲਗਾਏ ਜਾਣ ਤੇ ਸਮੁੱਚੀਆਂ ਸਿੰਘ ਸਭਾਵਾਂ ਨੂੰ ਵੀ ਅਜਿਹੇ ਹੀ ਬੋਰਡ ਬਣਾ ਕੇ ਸਥਾਨਕ ਗੁਰਦੁਆਰਿਆਂ ਦੇ ਬਾਹਰ ਲਗਾਉਣ ਦੀ ਬੇਨਤੀ ਕੀਤੀ ਜਾਵੇ ਤਾਂ ਜੋ ਸੰਗਤ ਨੂੰ ਗੋਲਕ ਚੋਰੀ ਦਾ ਸਾਰਾ ਸੱਚ ਪਤਾ ਲੱਗ ਸਕੇ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਜਨਰਲ ਹਾਊਸ ਨੇ ਮਨਜੀਤ ਸਿੰਘ ਜੀ.ਕੇ. ਨੂੰ ਇਕ ਮਹੀਨੇ ਦੀ ਮੋਹਲਤ ਦਿੱਤੀ ਹੈ ਕਿ ਉਹ ਕਮੇਟੀ ਦੀ ਜਾਇਦਾਦ ਵਾਪਸ ਕਮੇਟੀ ਦੇ ਨਾਂ ਕਰਵਾ ਦੇਣ ਅਤੇ ਚੋਰੀ ਕੀਤਾ ਗੋਲਕ ਦਾ ਪੈਸਾ ਵਾਪਸ ਜਮ੍ਹਾਂ ਕਰਵਾ ਦੇਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਰ ਕਮੇਟੀ ਅਦਾਲਤ ਪਹੁੰਚ ਕਰ ਕੇ ਉਨ੍ਹਾਂ ਦੀ ਜਾਇਦਾਦ ਕੁਰਕ ਕਰ ਕੇ ਗੁਰਦੁਆਰਾ ਕਮੇਟੀ ਦੇ ਪੈਸੇ ਵਸੂਲਣ ਦੀ ਬੇਨਤੀ ਕਰੇਗੀ।
________________________________________
ਜੀ. ਕੇ. ਵੱਲੋਂ ਸਿਰਸਾ ਨੂੰ ਮੋੜਵਾਂ ਜਵਾਬ
ਨਵੀਂ ਦਿੱਲੀ: ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਉਪਰ ਲੱਗ ਰਹੇ ਦੋਸ਼ਾਂ ਦੇ ਜਵਾਬ ਵਜੋਂ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਉਤੇ ਅਹੁਦੇ ਪ੍ਰਾਪਤ ਕਰਨ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦੀ 2.99 ਏਕੜ ਜ਼ਮੀਨ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਦੇਣ ਦਾ ਸੌਦਾ ਕਰਨ ਦੇ ਦੋਸ਼ ਲਗਾਏ ਹਨ। ਜੀਕੇ ਨੇ ਇਸ ਸਬੰਧੀ ਸਕੂਲ ਪ੍ਰਿੰਸੀਪਲ ਸੁਖਦੀਪ ਸਿੰਘ ਵੱਲੋਂ ਕਮੇਟੀ ਦੇ ਮੁੱਖ ਕਾਨੂੰਨੀ ਅਧਿਕਾਰੀ ਪੀ ਸ਼ਰਮਾ ਨੂੰ ਭੇਜੇ ਗਏ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਨੇ ਕਮੇਟੀ ਵੱਲੋਂ 4 ਫਰਵਰੀ ਨੂੰ ਸਕੂਲ ਵਿਚ ਸਥਾਪਤ ਖੇਡ ਅਕੈਡਮੀਆਂ ਤੋਂ ਆ ਰਹੀ ਆਮਦਨ ਬਾਰੇ ਜਾਣਕਾਰੀ ਲੈਣ ਲਈ ਭੇਜੇ ਗਏ ਪੱਤਰ ਦੇ ਜਵਾਬ ਵਿਚ ਦਾਅਵਾ ਕੀਤਾ ਕਿ ਸਕੂਲ ਵਿਚ ਦਿੱਲੀ ਕਮੇਟੀ ਦਾ ਦਖਲ ਗੈਰਕਾਨੂਨੀ ਹੈ ਕਿਉਂਕਿ ਸਕੂਲ ਦੀ ਜ਼ਮੀਨ ਦਾ ਮਾਲਕਾਨਾ ਹੱਕ ਸੁੱਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨਲ ਸਕੂਲ ਸੁਸਾਇਟੀ ਦੇ ਨਾਂ ਉਤੇ ਹੈ।