ਨਸ਼ਿਆਂ ਨੇ ਖਾ ਲਿਆ ਪੰਜਾਬ; ਨੱਕੋ-ਨੱਕ ਭਰੇ ਸੂਬੇ ਦੇ ਨਸ਼ਾ ਛੁਡਾਊ ਕੇਂਦਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਸੱਤਾ ਵਿਚ ਆਉਂਦੇ ਸਾਰ ਚਾਰ ਹਫਤਿਆਂ ਵਿਚ ਨਸ਼ਿਆਂ ਦਾ ਸਫਾਇਆ ਕਰਨ ਦਾ ਵਾਅਦਾ ਕੀਤਾ ਸੀ, ਪਰ ਕਾਂਗਰਸ ਦੇ ਪਿਛਲੇ ਤਿੰਨ ਸਾਲ ਦੇ ਰਾਜ ਦੌਰਾਨ ਸੂਬਾ ਵਾਸੀਆਂ ਨੂੰ ਚਿੱਟੇ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।

ਪਿਛਲੇ ਇਕ ਸਾਲ ਤੋਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਰੋਜ਼ਾਨਾ 215 ਕੇਸ ਆਉਣ ਦੀ ਔਸਤ ਪੈ ਰਹੀ ਹੈ। ਪਿਛਲੇ ਮਹੀਨੇ ਰਾਜ ਦੇ ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਤੇ ਸਿਹਤ ਅਫਸਰਾਂ ਦੀ ਮੀਟਿੰਗ ‘ਚ ਪੇਸ਼ ਕੀਤੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਜਨਵਰੀ ਤੋਂ ਦਸੰਬਰ 2019 ਤੱਕ ਤਕਰੀਬਨ 80000 ਹੈਰੋਇਨ ਦੇ ਨਵੇਂ ਕੇਸ ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਦਰਜ ਹੋਏ ਹਨ।
ਪਿਛਲੇ ਇਕ ਸਾਲ ਵਿਚ ਅਫੀਮ, ਭੁੱਕੀ ਖਾਣ ਵਾਲੇ ਨਸ਼ੇੜੀਆਂ ਦੀ ਕੁੱਲ ਗਿਣਤੀ 2.09 ਲੱਖ ਹੈ। ਸਾਲ 2019 ਵਿਚ ਜਨਵਰੀ ਤੋਂ ਦਸੰਬਰ ਤੱਕ ਹੈਰੋਇਨ ਦੇ ਨਸ਼ੇੜੀਆਂ ਵਿਚ 35 ਫੀਸਦੀ ਦਾ ਵਾਧਾ ਹੋਇਆ ਹੈ। ਪੰਜਾਬ ਵਿਚ ਨਸ਼ਿਆਂ ਦੇ ਤਾਣੇ ਬਾਣੇ ਦੀ ਭਿਆਨਕ ਸਥਿਤੀ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਵਿਚ ਤਕਰੀਬਨ ਚਾਰ ਲੱਖ ਨਸ਼ਾ ਛੱਡਣ ਵਾਲਿਆਂ ਦੇ ਨਾਂ ਦਰਜ ਹਨ। ਜਦੋਂ ਕਿ ਪੰਜਾਬ ਵਿਚ 15 ਤੋਂ 49 ਸਾਲ ਤੱਕ ਦੇ ਲੋਕਾਂ ਦੀ ਕੁੱਲ ਗਿਣਤੀ ਕਰੀਬ 86 ਲੱਖ ਹੈ।
ਮਾਹਿਰਾਂ ਅਨੁਸਾਰ ਚਾਰ ਲੱਖ ਲੋਕਾਂ ਦੀ ਗਿਣਤੀ ਨਾਲ ਸੂਬੇ ਦੀ ਸਹੀ ਤਸਵੀਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂਕਿ ਬਹੁਤ ਵੱਡੀ ਗਿਣਤੀ ਵਿਚ ਲੋਕ ਅਜਿਹੇ ਹਨ ਜਿਨ੍ਹਾਂ ਦੇ ਨਾਂ ਕਿਤੇ ਵੀ ਇਲਾਜ ਲਈ ਦਰਜ ਨਹੀਂ ਹਨ। ਤਿੰਨ ਸਾਲ ਪਹਿਲਾਂ ਸੂਬੇ ਵਿਚ ਕੀਤੇ ਇਕ ਸਰਵੇ ਅਨੁਸਾਰ 80 ਫੀਸਦੀ ਲੋਕ ਅਜਿਹੇ ਸਨ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਇਲਾਜ ਕਰਾਉਣ ਦੀ ਇੱਛਾ ਦਾ ਪ੍ਰਗਟਾਵਾ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਕੁੱਲ 12.16 ਲੱਖ ਨਸ਼ੇੜੀ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਆਏ ਸਨ ਤੇ ਇਨ੍ਹਾਂ ਵਿਚੋਂ ਸਰਕਾਰ ਕੇਂਦਰਾਂ ਵਿਚ 5.64 ਲੱਖ ਲੋਕ ਪੁੱਜੇ ਸਨ ਤੇ ਬਾਕੀ ਪ੍ਰਾਈਵੇਟ ਕੇਂਦਰਾਂ ਵਿਚ ਪੁੱਜੇ। ਇਸ ਤੋਂ ਇਲਾਵਾ ਨਸ਼ਾ ਕਰਨ ਵਾਲੇ ਨਸ਼ਾ ਛੱਡਣ ਲਈ ਵਰਤੀਆਂ ਜਾਂਦੀਆਂ ਕਈ ਪ੍ਰਕਾਰ ਦੀਆਂ ਦਵਾਈਆਂ ਨੂੰ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਵਰਤ ਰਹੇ ਹਨ।
________________________________________________
ਹਥਿਆਰ ਤਸਕਰੀ ਦੇ ਮਾਮਲੇ ਵਧੇ
ਚੰਡੀਗੜ੍ਹ: ਪੰਜਾਬ ਵਿਚ ਸਰਗਰਮ ਗੈਂਗਸਟਰਾਂ ਨੂੰ ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਬਿਹਾਰ ਸੂਬਿਆਂ ਵਿਚ ਬਣ ਰਹੇ ‘ਹੋਮ ਮੇਡ’ ਆਧੁਨਿਕ ਕਿਸਮ ਦੇ ਪਿਸਤੌਲ ਸਪਲਾਈ ਕਰਨ ਦੇ ਤੱਥ ਪੁਲਿਸ ਦੇ ਖੁਫੀਆ ਵਿੰਗ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਹਨ। ਇੰਟੈਲੀਜੈਂਸ ਦੇ ਸੂਤਰਾਂ ਅਨੁਸਾਰ ਇਹ ਹਥਿਆਰ ਅੰਤਰਰਾਜੀ ਸਮਗਲਰਾਂ ਵੱਲੋਂ ਹੀ ਸਪਲਾਈ ਨਹੀਂ ਕੀਤੇ ਗਏ, ਸਗੋਂ ਪੰਜਾਬ ਦੇ ਛੋਟੇ-ਵੱਡੇ ਸ਼ਹਿਰਾਂ ਵਿਚ ਸਥਿਤ ਅਸਲਾ ਡੀਲਰਾਂ ਵੱਲੋਂ ਵੀ ਸਪਲਾਈ ਕੀਤੇ ਜਾ ਰਹੇ ਹਨ। ਉਤਰ ਪ੍ਰਦੇਸ਼ ਤੇ ਬਿਹਾਰ ਨਾਲ ਸਬੰਧਤ ਹਥਿਆਰ ਸਪਲਾਈ ਕਰਨ ਵਾਲੇ ਤਸਕਰਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਹੈ। ਪੁਲਿਸ ਨੇ ਅਬੋਹਰ ਦੇ ਇਕ ਅਸਲਾ ਡੀਲਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦਰਜਨ ਦੇ ਕਰੀਬ ਹੋਰ ਅਸਲਾ ਡੀਲਰ ਪੁਲਿਸ ਦੇ ਨਿਸ਼ਾਨੇ ਉਤੇ ਹਨ। ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ਉਤੇ ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅਸ਼ੀਸ਼ ਨਾਮ ਦੇ ਤਸਕਰ ਨੂੰ ਵੀ ਕਾਬੂ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਉਸ ਵੱਲੋਂ 100 ਤੋਂ ਵੱਧ ਪਿਸਤੌਲ ਸੁੱਖਾ ਕਾਹਲਵਾਂ, ਅਕੁਲ ਖੱਤਰੀ, ਪ੍ਰੀਤ ਫਗਵਾੜਾ, ਜੱਗੂ ਭਗਵਾਨਪੁਰੀਆ, ਗੁਗਨੀ ਅਤੇ ਸੁਖਪ੍ਰੀਤ ਉਰਫ ਬੁੱਢਾ ਨਾਮੀ ਗੈਂਗਸਟਰਾਂ ਤੇ ਹੋਰਨਾਂ ਨੂੰ ਸਪਲਾਈ ਕੀਤੇ ਗਏ ਸਨ।