ਦਿੱਲੀ: ਭਾਜਪਾ ਦੇ ਆਪਣੇ ਮੈਂਬਰ ਵੀ ਘੁਟਨ ਮਹਿਸੂਸ ਕਰਨ ਲੱਗੇ ਨੇ

-ਜਤਿੰਦਰ ਪਨੂੰ
ਬਿਨਾ ਸ਼ੱਕ ਇਹ ਗੱਲ ਇਸ ਦੇਸ਼ ਦੇ ਲੋਕਾਂ ਦੀ ਵੱਡੀ ਗਿਣਤੀ ਦੇ ਮਨਾਂ ਵਿਚ ਸੀ ਕਿ ਦਿੱਲੀ ਵਿਚ ਭਾਜਪਾ ਦੇ ਪੈਰ ਨਹੀਂ ਲੱਗ ਸਕਣੇ, ਇਸ ਦੇ ਬਾਵਜੂਦ ਇੱਕ ਖਦਸ਼ਾ ਕਾਇਮ ਸੀ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਅੰਤ ਵਿਚ ਕੁਝ ਨਾ ਕੁਝ ਸਿਆਸੀ ਕਲਾਕਾਰੀ ਦਿਖਾ ਸਕਦੀ ਹੈ। ਬਹੁਤਾ ਸ਼ੱਕ ਵੋਟਿੰਗ ਮਸ਼ੀਨਾਂ ਬਾਰੇ ਸੀ। ਜਦੋਂ ਸਾਰੇ ਮੀਡੀਆ ਦੇ ਐਗਜ਼ਿਟ ਪੋਲ ਭਾਜਪਾ ਦੀ ਬਹੁਤ ਬੁਰੀ ਹਾਰ ਅਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਦੱਸਦੇ ਸਨ ਤੇ ਭਾਜਪਾ ਨਾਲ ਨੇੜਤਾ ਦੇ ਦੋਸ਼ ਲਵਾ ਚੁਕਾ ਇੱਕ ਚੈਨਲ ਇਹ ਕਹਿੰਦਾ ਸੀ ਕਿ ਕੇਜਰੀਵਾਲ ਟੀਮ 68 ਸੀਟਾਂ ਵੀ ਜਿੱਤ ਜਾਵੇ ਤਾਂ ਹੈਰਾਨ ਨਹੀਂ ਹੋਣਾ ਚਾਹੀਦਾ, ਉਦੋਂ ਵੀ ਇਹ ਸ਼ੱਕ ਕਾਇਮ ਰਿਹਾ ਸੀ।

ਸਗੋਂ ਇਹ ਕਹਿਣਾ ਵੱਧ ਠੀਕ ਹੋਵੇਗਾ ਕਿ ਉਸ ਵਕਤ ਦਿੱਲੀ ਦੀ ਭਾਜਪਾ ਦੇ ਪ੍ਰਧਾਨ ਨੇ ਇੱਕ ਬਿਆਨ ਦੇ ਕੇ ਇਹ ਸੱ.ਕ ਵਧਾ ਦਿੱਤਾ ਸੀ ਕਿ ਆਖਰੀ ਗਿਣਤੀ ਵਿਚ ਸਾਡੀ ਪਾਰਟੀ ਦੀਆਂ 48 ਸੀਟਾਂ ਆਉਣਗੀਆਂ। ਹਰ ਕੋਈ ਹੈਰਾਨ ਸੀ ਕਿ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ ਤੇ ਇਸੇ ਵਿਚੋਂ ਇਹ ਸ਼ੱਕ ਉਪਜਦਾ ਸੀ ਕਿ ਕੁਝ ਨਾ ਕੁਝ ਕਾਰਸਤਾਨੀ ਕੀਤੀ ਜਾ ਚੁਕੀ ਜਾਪਦੀ ਹੈ। ਏਦਾਂ ਦਾ ਕੁਝ ਵੀ ਨਹੀਂ ਹੋਇਆ ਤੇ ਨਤੀਜਿਆਂ ਨੇ ਭਾਜਪਾ ਨੂੰ ਭੁਆਂਟਣੀ ਦੇ ਕੇ ਆਮ ਆਦਮੀ ਪਾਰਟੀ ਦੀ ਗੁੱਡੀ ਅਸਮਾਨ ਚਾੜ੍ਹ ਦਿੱਤੀ ਹੈ।
ਚੰਗਾ ਹੋਇਆ ਕਿ ਕੋਈ ਗਲਤ ਨਹੀਂ ਹੋਇਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਹੋ ਨਹੀਂ ਸਕਦਾ। ਅਗਲੀ ਵਾਰ ਕਿਸੇ ਥਾਂ ਵਾਪਰ ਵੀ ਸਕਦਾ ਹੈ, ਇਹ ਗੱਲ ਅਜੇ ਤੱਕ ਲੋਕ ਕਹੀ ਜਾਂਦੇ ਹਨ। ਅਸੀਂ ਉਨ੍ਹਾਂ ਦੇ ਨਾਲ ਸਹਿਮਤ ਹੋਈਏ ਜਾਂ ਨਾ, ਪਰ ਉਨ੍ਹਾਂ ਦੇ ਏਦਾਂ ਦੀ ਗੱਲ ਕਹਿਣ ਦਾ ਇੱਕ ਆਧਾਰ ਮੌਜੂਦ ਹੈ ਕਿ ਬਹੁਤ ਸਾਰੀਆਂ ਵੋਟਿੰਗ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਚੋਣ ਕਮਿਸ਼ਨ ਨੂੰ ਭੇਜੇ ਜਾਣ ਵੇਲੇ ਰਾਹ ਵਿਚੋਂ ਗਾਇਬ ਹੋਣ ਦੀ ਚਰਚਾ ਅਜੇ ਵੀ ਹੁੰਦੀ ਹੈ। ਇਸ ਦੀ ਜਾਂਚ ਕਦੀ ਕਰਵਾਈ ਨਹੀਂ ਗਈ, ਇਸ ਲਈ ਲੋਕ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਕਰਨ ਦਾ ਹੱਕ ਵੀ ਹੈ। ਭਾਜਪਾ ਸਰਕਾਰ ਦੇ ਹੁੰਦਿਆਂ ਹੋਰ ਗੱਲਾਂ ਦੀ ਪੜਤਾਲ ਹੁੰਦੀ ਹੈ, ਅਜਿਹੇ ਮੁੱਦਿਆਂ ਦੀ ਨਾ ਹੋਈ ਹੈ, ਨਾ ਹੋਣ ਦੀ ਆਸ ਹੈ।
ਅਸੀਂ ਇਸ ਤੋਂ ਹਟ ਕੇ ਉਸ ਵੱਡੇ ਮੁੱਦੇ ਵੱਲ ਆਉਣਾ ਚਾਹੁੰਦੇ ਹਾਂ, ਜਿਸ ਨਾਲ ਬਹੁਤ ਸਾਰੇ ਲੋਕ ਚਿੰਤਾ ਵਿਚ ਸਨ ਕਿ ਇਸ ਦੇਸ਼ ਲਈ ਇਹ ਚੋਣਾਂ ਕਿਸੇ ਵੱਡੇ ਪੁਆੜੇ ਦਾ ਮੁੱਢ ਬੰਨ੍ਹ ਸਕਦੀਆਂ ਹਨ। ਇੱਕ ਕੇਂਦਰੀ ਮੰਤਰੀ ਉਥੇ ਜਦੋਂ ਭੀੜ ਕੋਲੋਂ ਇਹ ਨਾਅਰਾ ਲਵਾਉਂਦਾ ਵੇਖਿਆ ਗਿਆ ਕਿ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ’ ਤਾਂ ਇਹ ਓਹਲਾ ਕਿਸੇ ਨੂੰ ਨਹੀਂ ਸੀ ਕਿ ਉਹ ਭੀੜ ਤੋਂ ਸਿਰਫ ਨਾਅਰਾ ਨਹੀਂ ਮਰਵਾ ਰਿਹਾ, ਭੀੜ ਨੂੰ ਉਕਸਾ ਰਿਹਾ ਹੈ। ਏਦਾਂ ਉਕਸਾਈ ਭੀੜ ਤੋਂ ਦਿੱਲੀ ਵਿਚ ਕਾਂਗਰਸੀਆਂ ਨੇ ਤੇ ਗੁਜਰਾਤ ਵਿਚ ਭਾਜਪਾਈਆਂ ਨੇ ਬੀਤੇ ਸਮੇਂ ਵਿਚ ਅਜਿਹੇ ਕਹਿਰ ਵਰਤਾਏ ਹੋਏ ਹਨ, ਜੋ ਲੋਕਾਂ ਨੂੰ ਕਦੇ ਵੀ ਭੁੱਲ ਨਹੀਂ ਸਕਣੇ।
ਕਾਂਗਰਸ ਤਾਂ ਇਸ ਵਕਤ ਕੁਝ ਕਰਨ ਜੋਗੀ ਨਹੀਂ ਤੇ ਉਸ ਦਾ ਕੋਈ ਆਗੂ ਭੀੜਾਂ ਨੂੰ ਭੜਕਾਉਣਾ ਚਾਹੇ ਤਾਂ ਨਹੀਂ ਭੜਕਣਗੀਆਂ, ਪਰ ਜਿਨ੍ਹਾਂ ਲੋਕਾਂ ਨੇ ਦਿੱਲੀ ਚੋਣਾਂ ਦੌਰਾਨ ਇਹ ਰਾਹ ਫੜਿਆ ਸੀ, ਉਨ੍ਹਾਂ ਦੀ ਸੋਚ ਦੇ ਧਾਰਨੀ ਲੋਕ ਹਰ ਹੱਦ ਤੱਕ ਜਾ ਸਕਦੇ ਹਨ। ਦਿੱਲੀ ਚੋਣਾਂ ਨੂੰ ਪਕਿਸਤਾਨ ਤੇ ਭਾਰਤ ਦਾ ਮੈਚ ਹੋਣ ਦੀ ਗੱਲ ਕਹਿਣਾ ਤੇ ਫਿਰ 80 ਫੀਸਦੀ ਨਾਲ 20 ਫੀਸਦੀ ਦਾ ਮੁਕਾਬਲਾ ਕਹਿ ਕੇ 80 ਫੀਸਦੀ ਹਿੰਦੂਆਂ ਅਤੇ 20 ਫੀਸਦੀ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ਦਾ ਭੇੜ ਕਰਾਉਣ ਦੀ ਚੁਆਤੀ ਲਾਉਣਾ ਇਸ ਦੇਸ਼ ਵਿਚ ਲਾਂਬੂ ਲਾਉਣ ਦੀ ਉਸ ਨੀਅਤ ਦਾ ਝਲਕਾਰਾ ਦੇ ਰਿਹਾ ਹੈ, ਜੋ ਨਾਅਰੇ ਲਾਉਣ ਵਾਲਿਆਂ ਦੇ ਲੀਡਰਾਂ ਦੇ ਮਨ ਵਿਚ ਹੈ।
ਜਮਹੂਰੀ ਢੰਗ ਨਾਲ ਚੁਣੇ ਹੋਏ ਮੁੱਖ ਮੰਤਰੀ ਨੂੰ ਦਿੱਲੀ ਵਿਚ ਤੁਰਿਆ-ਫਿਰਦਾ ਅਤਿਵਾਦੀ ਆਖਣਾ ਵੀ ਸਿਰੇ ਦੀ ਬੇਹੂਦਗੀ ਸੀ ਅਤੇ ਏਦਾਂ ਦੀ ਬੇਹੂਦਗੀ ਕਰਨ ਵਾਲੇ ਦੋ-ਚਾਰ ਨਹੀਂ, ਸਗੋਂ ਸਾਰੇ ਦੇਸ਼ ਵਿਚੋਂ ਲਿਆਂਦੀ ਧਾੜ ਇਹੋ ਕੁਝ ਕਰ ਕੇ ਚੁਆਤੀਆਂ ਲਾਉਣ ਲਈ ਸਿਰ ਪਰਨੇ ਹੋਈ ਪਈ ਸੀ। ਸ਼ੁਕਰ ਹੈ ਕਿ ਦਿੱਲੀ ਇੱਕ ਭੱਠੀ ਵਿਚ ਪੈਣ ਤੋਂ ਬਚ ਗਈ ਹੈ।
ਪੱਤਰਕਾਰ ਹੋਣ ਕਰ ਕੇ ਮੈਂ ਕਿਸੇ ਅਰਵਿੰਦ ਕੇਜਰੀਵਾਲ ਦਾ ਉਪਾਸ਼ਕ ਹੋਣ ਦਾ ਦਾਅਵਾ ਨਹੀਂ ਕਰਦਾ ਤੇ ਕਰਨਾ ਵੀ ਨਹੀਂ ਚਾਹੁੰਦਾ, ਉਹ ਚੰਗਾ ਕੰਮ ਕਰੇ ਤਾਂ ਸਿਫਤ ਵੀ ਕਰਾਂਗੇ ਅਤੇ ਗਲਤੀ ਕੀਤੀ ਤਾਂ ਚੋਭ ਵੀ ਲਾਵਾਂਗੇ, ਪਰ ਦੇਸ਼ ਦੇ ਲੋਕਾਂ ਦੀ ਅਵਾਜ਼ ਇਹੋ ਕਹਿੰਦੀ ਹੈ ਕਿ ਉਸ ਨੇ ਪੰਜ ਸਾਲ ਕੀਤੇ ਕੰਮ ਦੇ ਆਸਰੇ ਇਹ ਫਤਵਾ ਹਾਸਲ ਕੀਤਾ ਹੈ। ਭਾਰਤ ਦੇ ਕਿਸੇ ਵੀ ਹੋਰ ਸੂਬੇ ਵਿਚ ਇਸ ਤਰ੍ਹਾਂ ਦੀ ਧੜੱਲੇਦਾਰ ਜਿੱਤ ਲਗਾਤਾਰ ਦੂਜੀ ਵਾਰ ਕਿਸੇ ਲੀਡਰ ਦੀ ਹੋਈ ਹੋਵੇ, ਸਾਨੂੰ ਅਜਿਹਾ ਕੋਈ ਮੌਕਾ ਯਾਦ ਨਹੀਂ। ਨਰਿੰਦਰ ਮੋਦੀ ਵੀ ਗੁਜਰਾਤ ਦਾ ਮੁੱਖ ਮੰਤਰੀ ਬਣ ਕੇ ਆਪਣੀ ਪਹਿਲੀ ਚੋਣ ਦੌਰਾਨ 182 ਵਿਚੋਂ 127 ਸੀਟਾਂ ਹੀ ਜਿੱਤ ਸਕਿਆ ਸੀ ਤੇ ਵੋਟਾਂ 50 ਫੀਸਦੀ ਤੋਂ ਕੁਝ ਘੱਟ ਰਹੀਆਂ ਸਨ ਅਤੇ ਦੂਜੀ ਚੋਣ ਵਿਚ ਉਸ ਦੀਆਂ ਸੀਟਾਂ ਨਾਲ ਵੋਟਾਂ ਵੀ ਘਟ ਗਈਆਂ ਸਨ। ਉਹ ਗੁਜਰਾਤ ਤੋਂ 50 ਫੀਸਦੀ ਵੋਟਾਂ ਸ਼ਾਇਦ ਕਦੇ ਵੀ ਨਹੀਂ ਲੈ ਸਕਿਆ। ਕੇਜਰੀਵਾਲ ਨੇ ਪਹਿਲੀ ਵਾਰ ਕੱਚਘਰੜ ਜਿਹੀ ਪਾਰਟੀ ਨਾਲ 30 ਕੁ ਫੀਸਦੀ ਵੋਟਾਂ ਨਾਲ 28 ਸੀਟਾਂ ਜਿੱਤੀਆਂ, ਦੂਜੀ ਵਾਰੀ ਪੱਕੀ ਪਾਰਟੀ ਬਣਾ ਕੇ ਸਾਹਮਣੇ ਆਇਆ ਤਾਂ 70 ਵਿਚੋਂ 67 ਸੀਟਾਂ ਅਤੇ 54 ਫੀਸਦੀ ਤੋਂ ਵੱਧ ਵੋਟਾਂ ਲੈ ਗਿਆ ਸੀ। ਆਪਣੇ ਪੰਜ ਸਾਲ ਦੇ ਰਾਜ ਪਿੱਛੋਂ ਪਹਿਲੀ ਵਾਰ ਲੋਕਾਂ ਤੋਂ ਵੋਟਾਂ ਮੰਗਣ ਗਿਆ ਕੇਜਰੀਵਾਲ 62 ਸੀਟਾਂ ਦੇ ਨਾਲ ਸਾਢੇ 53 ਫੀਸਦੀ ਵੋਟਾਂ ਲੈ ਗਿਆ। ਲੋਕਾਂ ਨੇ ਏਦਾਂ ਦਾ ਧਰਤੀ ਹਲੂਣਵਾਂ ਫਤਵਾ ਉਸ ਨੂੰ ਦਿੱਤਾ ਹੈ ਤਾਂ ਇਸ ਦਾ ਸਤਿਕਾਰ ਭਾਜਪਾ ਲੀਡਰਸ਼ਿਪ ਨੂੰ ਕਰਨਾ ਚਾਹੀਦਾ ਹੈ।
ਜਦੋਂ ਇਹ ਚੋਣਾਂ ਲੰਘ ਗਈਆਂ ਅਤੇ ਨਤੀਜਾ ਆਏ ਨੂੰ ਤਿੰਨ ਦਿਨ ਲੰਘ ਗਏ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਿਹਾ ਹੈ ਕਿ ਦਿੱਲੀ ਚੋਣਾਂ ਵਿਚ ਸਾਡੇ ਕੁਝ ਲੋਕਾਂ ਵੱਲੋਂ ‘ਭਾਰਤ-ਪਾਕਿਸਤਾਨ ਮੈਚ’ ਜਾਂ ‘ਗੋਲੀ ਮਾਰੋ’ ਵਾਲੀ ਗੱਲ ਕਹਿਣ ਦਾ ਸਾਨੂੰ ਨੁਕਸਾਨ ਹੋਇਆ ਹੈ। ਉਹ ਠੀਕ ਆਖਦਾ ਹੈ। ਭਾਰਤ ਦੇ ਹਰ ਰਾਜ ਵਿਚੋਂ ਆਏ ਹੋਏ ਲੋਕ, ਜੋ ਸ਼ਹਿਰ ਵਿਚ ਵੱਸਦੇ ਹਨ, ਉਥੇ ਇਸ ਤਰ੍ਹਾਂ ਦੀਆਂ ਬੇਹੂਦਾ ਗੱਲਾਂ ਨੇ ਲੋਕਾਂ ਵਿਚ ਡਰ ਪੈਦਾ ਕੀਤਾ ਸੀ ਕਿ ਦਿੱਲੀ ਦਾ ਅਮਨ ਇਹ ਚੋਣ ਜਿੱਤਣ ਲਈ ਖਤਰੇ ਵਿਚ ਪਾਇਆ ਗਿਆ ਹੈ। ਜਦੋਂ ਇਹ ਹਾਲਾਤ ਪੈਦਾ ਕੀਤੇ ਜਾ ਰਹੇ ਸਨ, ਜਦੋਂ ਇਹ ਬੇਹੂਦਗੀ ਭਰੇ ਭਾਸ਼ਣ ਕੀਤੇ ਜਾ ਰਹੇ ਸਨ, ਉਸ ਵੇਲੇ ਅਮਿਤ ਸ਼ਾਹ ਜਾਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ, ਸਗੋਂ ਅਮਿਤ ਸ਼ਾਹ ਨੇ ਖੁਦ ਲੋਕਾਂ ਨੂੰ ਸੱਦਾ ਦੇ ਦਿੱਤਾ ਸੀ ਕਿ ਵੋਟ ਪਾਉਣ ਵੇਲੇ ਏਨੇ ਜ਼ੋਰ ਨਾਲ ਬਟਨ ਦਬਾਇਓ ਕਿ ਸ਼ਾਹੀਨ ਬਾਗ ਵਿਚ ਧਰਨਾ ਲਾਈ ਬੈਠਿਆਂ ਨੂੰ ਇਸ ਦਾ ਕਰੰਟ ਜ਼ਰੂਰ ਲੱਗੇ। ਨਵੇਂ ਉਠ ਰਹੇ ਆਗੂ ਕੁਝ ਬੋਲਦੇ ਸਨ ਤਾਂ ਵੱਡਿਆਂ ਨੇ ਰੋਕਣਾ ਸੀ, ਪਰ ਇਥੇ ਵੱਡੇ ਆਗੂ ਉਨ੍ਹਾਂ ਨੂੰ ਰੋਕਣ ਦੀ ਥਾਂ ਇਸ ਦੌੜ ਦੇ ਖਿਡਾਰੀ ਬਣ ਗਏ ਕਿ ਸਾਮ-ਦਾਮ-ਦੰਡ-ਭੇਦ ਜਿਵੇਂ ਵੀ ਹੋਵੇ, ਚੋਣ ਲੜਾਈ ਜਿੱਤਣ ਲਈ ਸਭ ਜਾਇਜ਼ ਹੈ।
ਨਤੀਜਾ ਇਸ ਦਾ ਜੋ ਨਿਕਲਿਆ, ਉਹ ਬਾਕੀ ਲੋਕ ਸੀਟਾਂ ਦੇ ਪੱਖੋਂ ਵੇਖਦੇ ਹਨ ਅਤੇ ਅਸੀਂ ਇੱਕ ਵੱਖਰੇ ਪੱਖ ਤੋਂ ਵੇਖਿਆ ਹੈ। ਭਾਜਪਾ ਨੇ ਪਿਛਲੇ ਸਮੇਂ ਵਿਚ ਆਪਣੀ ਮੈਂਬਰਸ਼ਿਪ ਦੀ ਇੱਕ ਉਚੇਚੀ ਮੁਹਿੰਮ ਸ਼ੁਰੂ ਕੀਤੀ ਸੀ। ਪਿਛੋਂ ਇਹ ਦੱਸਿਆ ਗਿਆ ਸੀ ਤੇ ਅੱਜ ਵੀ ਭਾਜਪਾ ਦਾ ਇਹ ਦਾਅਵਾ ਕਾਇਮ ਹੈ ਕਿ 62 ਲੱਖ ਲੋਕ ਦਿੱਲੀ ਵਿਚ ਇਸ ਪਾਰਟੀ ਦੇ ਮੈਂਬਰ ਹਨ। ਇਸ ਦਾਅਵੇ ਦਾ ਉਹ ਮਾਣ ਕਰ ਸਕਦੀ ਹੈ, ਪਰ ਜੋ ਗੱਲ ਸ਼ਰਮਿੰਦਾ ਕਰਨ ਵਾਲੀ ਹੈ, ਉਹ ਇਹ ਕਿ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਨੂੰ ਦਿੱਲੀ ਵਿਚ ਸਿਰਫ ਪੌਣੇ ਛੱਤੀ ਲੱਖ ਵੋਟਾਂ ਪਈਆਂ ਹਨ। ਇਸ ਦਾ ਦੂਜਾ ਅਰਥ ਇਹ ਹੈ ਕਿ ਇਸ ਪਾਰਟੀ ਦੇ 62 ਲੱਖ ਵਿਚੋਂ ਮਸਾਂ 36 ਲੱਖ ਨੇ ਆਪਣੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਭਾਜਪਾ ਦੇ ਆਪਣੇ 26 ਲੱਖ ਮੈਂਬਰਾਂ ਨੇ ਇਸ ਪਾਰਟੀ ਨੂੰ ਵੋਟਾਂ ਪਾਉਣ ਦੇ ਲਈ ਹੱਕਦਾਰ ਨਹੀਂ ਸਮਝਿਆ।
ਆਖਰ ਕੀ ਕਾਰਨ ਹੈ ਕਿ ਭਾਜਪਾ ਦੇ ਆਪਣੇ 26 ਲੱਖ ਮੈਂਬਰ ਵੀ ਇਸ ਨੂੰ ਵੋਟਾਂ ਪਾਉਣ ਤੋਂ ਮੂੰਹ ਮੋੜ ਗਏ ਅਤੇ ਉਨ੍ਹਾਂ ਨੇ ਇਸ ਦੇ ਖਿਲਾਫ ਵੋਟਾਂ ਪਾ ਦਿੱਤੀਆਂ? ਕੀ ਕਾਰਨ ਹੈ ਕਿ ਉਹ ਪਾਰਟੀ ਦੀ ‘ਅਭੀ ਜਾਂ ਕਭੀ ਨਹੀਂ’ ਦੇ ਨਾਅਰੇ ਵਾਲੀ ਲੜਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਗਏ? ਅਰਥ ਇਹੋ ਹੈ ਕਿ ਹਵਾਈ ਉਡਾਰੀਆਂ ਲਾ ਰਹੀ ਇਸ ਪਾਰਟੀ ਦੇ ਆਪਣੇ ਮੈਂਬਰ ਵੀ ਇਸ ਦੇ ਰਾਜ ਵਿਚ ਸੁਖਾਵਾਂ ਮਹਿਸੂਸ ਨਹੀਂ ਕਰਦੇ, ਉਹ ਘੁਟਨ ਮਹਿਸੂਸ ਕਰਦੇ ਹਨ ਅਤੇ ਬਹੁਤੀ ਦੂਰ ਇਸ ਨਾਲ ਜਾਣ ਤੋਂ ਝਿਜਕਣ ਲੱਗੇ ਹਨ। ਇਹ ਸ਼ੁਭ ਸੰਕੇਤ ਹਨ ਭਾਰਤ ਲਈ ਕਿ ਦੇਸ਼ ਦੇ ਲੋਕ ਮੋੜਾ ਕੱਟ ਰਹੇ ਹਨ।