ਸਾਚਾ ਸਾਹਿਬੁ ਸਾਚੁ ਨਾਇ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਪੁਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ। ਇਸੇ ਲਈ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਉਪਰ ਲਿਖਿਆ ਗਿਆ ਹੈ। ਸ਼ਾਇਦ ਗੁਰੂ ਅਰਜਨ ਦੇਵ ਸਮਝਦੇ ਹੋਣ ਕਿ ਸਿੱਖ ਸ਼ਰਧਾਲੂ ਇਸ ਬਾਣੀ ਨੂੰ ਪੜ੍ਹ ਕੇ ਹੀ ਬਾਕੀ ਦੀਆਂ ਬਾਣੀਆਂ ਪੜ੍ਹਨ ਤਾਂ ਜੋ ਇਸ ਵਿਚ ਦਿੱਤੀ ਸਿਧਾਂਤਕ ਸਿੱਖਿਆ ਬਾਕੀ ਬਾਣੀਆਂ ਸਮਝਣ ਲਈ ਸੇਧ ਦੇਵੇ। ਜਨਮ ਸਾਖੀਆਂ ਅਨੁਸਾਰ ਵੀ ਗੁਰੂ ਨਾਨਕ ਨੇ ਇਸ ਬਾਣੀ ਦੀ ਰਚਨਾ ਸਵੇਰ ਵੇਲੇ ਪੜ੍ਹਨ ਲਈ ਕੀਤੀ ਸੀ।

ਸ਼ਾਇਦ ਇਸੇ ਲਈ ਸਾਰੇ ਸਿੱਖ ਸ਼ਰਧਾਲੂ ਇਸ ਬਾਣੀ ਨੂੰ ਸਵੇਰੇ ਨਿੱਤਨੇਮ ਨਾਲ ਪੜ੍ਹਦੇ ਹਨ ਜਾਂ ਇੱਦਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਨ। ਜੇ ਉਹ ਇਸ ਤਰ੍ਹਾਂ ਕਰਦੇ ਹਨ ਤਾਂ ਬਹੁਤ ਅੱਛੀ ਗੱਲ ਹੈ, ਕਿਉਂਕਿ ਇੱਦਾਂ ਕਰਨ ਨਾਲ ਉਹ ਜਾਣੇ ਅਣਜਾਣੇ ਇਕ ਅਜਿਹੀ ਲਿਖਤ ਨਾਲ ਜੁੜਦੇ ਹਨ, ਜਿਸ ਦਾ ਸਾਨੀ ਦੁਨੀਆਂ ਵਿਚ ਕੋਈ ਨਹੀਂ। ਇਸ ਵਿਚ ਉਹ ਸੱਚਾਈ ਦਰਜ ਹੈ, ਜਿਸ ਦੀ ਪ੍ਰਭੁੱਤਾ ਸ੍ਰਿਸ਼ਟੀ ਦੇ ਰਹਿਣ ਤੀਕ ਰਹੇਗੀ। ਇਹੀ ਨਹੀਂ, ਇਸ ਸੱਚਾਈ ਦੀ ਵੈਧਤਾ ਸ੍ਰਿਸ਼ਟੀ ਦੇ ਵਾਰ ਵਾਰ ਮਿਟ ਕੇ ਵਾਰ ਵਾਰ ਬਣਨ ਨਾਲ ਵੀ ਇਵੇਂ ਹੀ ਬਣੀ ਰਹੇਗੀ। ਸਭ ਤੋਂ ਵੱਡੀ ਤੇ ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਮੱਧ ਕਾਲ ਵਿਚ ਪੰਜਾਬ ਦੇ ਇਕ ਗੁਰੂ ਨੇ ਲਿਖਿਆ, ਪਰ ਦੁੱਖ ਇਹ ਵੀ ਹੈ ਕਿ ਇਸ ਬਾਣੀ ਨੂੰ ਅੱਜ ਤੀਕ ਕਿਸੇ ਨੇ ਸਹੀ ਢੰਗ ਨਾਲ ਸਮਝਿਆ ਨਹੀਂ ਹੈ। ਭਾਵੇਂ ਸਭ ਸਿੱਖ ਸ਼ਰਧਾਲੂ ਕੁਝ ਇੱਕਲੀਆਂ ਦੁੱਕਲੀਆਂ ਤੁਕਾਂ ਨੂੰ ਬੋਲ ਕੇ ਆਪਣੀ ਸਮਝ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਨ੍ਹਾਂ ਵਿਚਲਾ ਸਮੁੱਚਾ ਦਰਸ਼ਨ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ।
ਇਹ ਬਿਆਨ ਕੋਈ ਅਤਿਕਥਨੀ ਨਹੀਂ ਹੈ ਜਾਂ ਕਿਸੇ ਮਾਣਯੋਗ ਵਿਦਵਾਨ ਦੀ ਸਮਝ ‘ਤੇ ਉਂਗਲ ਚੁੱਕਣ ਵਾਲੀ ਗੱਲ ਨਹੀਂ ਹੈ। ਇਹ ਤਾਂ ਸਗੋਂ ਇਕ ਅਜਿਹਾ ਤੱਥ ਹੈ, ਜਿਸ ਨੂੰ ਬਹੁਤੇ ਸਿੱਖ ਸ਼ਰਧਾਲੂ ਤੇ ਵਿਦਵਾਨ ਆਪ ਮੰਨਦੇ ਹਨ। ਸਰਵੇਖਣ ਕੀਤੇ ਜਾਣ ‘ਤੇ ਬਹੁਤੇ ਸ਼ਰਧਾਲੂ ਇਹੀ ਕਹਿੰਦੇ ਮਿਲਣਗੇ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਬਹੁਤਾ ਗਿਆਨ ਨਹੀਂ ਹੈ। ਬਹੁਤੇ ਕਹਿਣਗੇ ਕਿ ਉਨ੍ਹਾਂ ਨੂੰ ਤਾਂ ਉਵੇਂ ਹੀ ਪਤਾ ਹੈ ਜਿਵੇਂ ਸਟੀਕਾਂ ਵਿਚ ਲਿਖਿਆ ਹੈ। ਟੀਕਿਆਂ ਦੀ ਪ੍ਰਸੰਗਕਤਾ ਬਾਰੇ ਪੁੱਛੋ ਤਾਂ ਸਿੱਖ ਸ਼ਰਧਾਲੂ ਕਹਿਣਗੇ ਕਿ ਉਨ੍ਹਾਂ ਨੇ ਇਸ ਬਾਰੇ ਕਦੇ ਬਹੁਤਾ ਡੂੰਘਾ ਨਹੀਂ ਸੋਚਿਆ। ਇੱਥੋਂ ਤੀਕ ਕਿ ਡਾ. ਗੁਰਭਗਤ ਸਿੰਘ ਜਿਹੇ ਗੁਰਬਾਣੀ ਦੇ ਮੰਨੇ ਪ੍ਰਮੰਨੇ ਵਿਦਵਾਨ ਵੀ ਇਹੀ ਮੰਨਦੇ ਹਨ ਕਿ ਗੁਰੂ ਸਾਹਿਬ ਨੇ ਜਪੁਜੀ ਦੀ ਰਚਨਾ ਕਿਸੇ ਬਹੁਤ ਉਚੇ ਮੰਤਵ ਲਈ ਕੀਤੀ ਹੈ ਤੇ ਇਸ ਲਈ ਇਸ ਦੀ ਵਿਆਖਿਆ ਕਰ ਪਾਉਣਾ ਮਨੁੱਖ ਲਈ ਸੰਭਵ ਨਹੀਂ ਹੈ।
ਸਵਾਲ ਹੈ ਕਿ ਜੇ ਜਪੁਜੀ ਇੱਡਾ ਹੀ ‘ਵਿਖਮ ਵਿਚਾਰ’ ਹੈ ਕਿ ਇਸ ਦੀ ਵਿਆਖਿਆ ਤੋਂ ਵਿਦਵਾਨਾਂ ਤੇ ਆਮ ਸ਼ਰਧਾਲੂਆਂ-ਦੋਹਾਂ ਦੇ ਹੀ ਹੱਥ ਖੜ੍ਹੇ ਹਨ ਤਾਂ ਉਹ ਇਸ ਨੂੰ ਨਿੱਤ ਸਵੇਰੇ ਪੜ੍ਹਦੇ ਕਿਸ ਉਦੇਸ਼ ਨਾਲ ਹਨ? ਰੱਬ ਨੂੰ ਮਿਲਣ ਲਈ, ਚੁਰਾਸੀ ਦੇ ਗੇੜ ਤੋਂ ਮੁਕਤੀ ਲਈ, ਆਪਣਾ ਲੋਕ ਪ੍ਰਲੋਕ ਸੁਧਾਰਨ ਲਈ, ਆਪਣੀ ਸੁਖ ਸ਼ਾਂਤੀ ਲਈ ਜਾਂ ਗੁਰ ਮਰਿਆਦਾ ਦਾ ਪਾਲਣ ਕਰਨ ਲਈ? ਸਾਰੇ ਸਿੱਖ ਵਿਦਵਾਨ ਤੇ ਪ੍ਰਚਾਰਕ ਕੁਝ ਅਜਿਹੇ ਹੀ ਉਦੇਸ਼ ਦੱਸਦੇ ਹਨ, ਪਰ ਗੁਰੂ ਸਾਹਿਬ ਦਾ ਕਲਮਬੱਧ ਕੀਤਾ ਜਪੁਜੀ ਸਾਹਿਬ ਇਨ੍ਹਾਂ ਵਿਚੋਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦਾ। ਇਸ ਲਈ ਲੋੜ ਹੈ ਕਿ ਕਰਮ ਕਾਂਡੀ ਸੋਚ ਦੇ ਇਨ੍ਹਾਂ ਸਭ ਮਨੋਰਥਾਂ ਨੂੰ ਤਿਆਗ ਕੇ ਜਪੁਜੀ ਨੂੰ ਤਰਕ ਸੰਗਤ ਢੰਗ ਨਾਲ ਪੜ੍ਹਿਆ ਜਾਵੇ। ਅਜਿਹਾ ਕਰਨ ਨਾਲ ਹੀ ਗੁਰੂ ਸਾਹਿਬ ਦੇ ਸਿੱਖ ਉਨ੍ਹਾਂ ਦੇ ਅਤਿ ਉਤਮ ਵਿਚਾਰਾਂ ਨਾਲ ਜੁੜ ਸਕਣਗੇ। ਇਹੀ ਰਸਤਾ ਹੈ ਕਿ ਉਹ ਆਪਣਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸਹੀ ਸੋਚ ਸਕਣਗੇ। ਇਹ ਗੱਲ ਇੰਨੀ ਅਹਿਮ ਹੈ ਕਿ ਜੇ ਇਸ ਨੂੰ ਸੌ ਵਾਰ ਵੀ ਦੁਹਰਾਉਣਾ ਪਵੇ ਤਾਂ ਦੁਹਰਾਇਆ ਜਾਣਾ ਚਾਹੀਦਾ ਹੈ।
ਸਵਾਲ ਨਾਲ ਇਹ ਵੀ ਹੈ ਕਿ ਜੇ ਵਿਦਵਾਨ ਜਪੁਜੀ ਵਿਚਲੀ ਫਿਲਾਸਫੀ ਨੂੰ ਇੰਨਾ ਹੀ ਕਠਿਨ ਸਮਝਦੇ ਹਨ ਤਾਂ ਫਿਰ ਇਹ ਕਿਉਂ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਆਪਣੇ ਵਿਚਾਰ ਲੋਕਾਂ ਦੀ ਆਮ ਬੋਲੀ ਵਿਚ ਪ੍ਰਗਟਾਏ ਹਨ ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਸਮਝ ਪੈ ਜਾਣ! ਦਰਅਸਲ ਬੋਲੀ ਸੌਖੀ ਹੋ ਸਕਦੀ ਹੈ, ਪਰ ਗਿਆਨ ਕੋਈ ਵੀ ਇੰਨਾ ਸੌਖਾ ਨਹੀਂ ਹੁੰਦਾ ਕਿ ਬਿਨਾ ਮਿਹਨਤ ਤੇ ਲਗਨ ਦੇ ਪੱਲੇ ਪੈ ਜਾਵੇ। ਸਿਰਫ ਪੜ੍ਹਨ-ਸੁਣਨ ਨਾਲ ਤਾਂ ਗਣਿਤ ਤੇ ਭੁਗੋਲ ਵੀ ਨਹੀਂ ਆਉਂਦੇ। ਇਨ੍ਹਾਂ ਨੂੰ ਸਮਝਣ ਲਈ ਵਾਰ ਵਾਰ ਲਿਖ ਕੇ ਅਭਿਆਸ ਕਰਨਾ ਪੈਂਦਾ ਹੈ। ਫਿਰ ਗੁਰੂ ਨਾਨਕ ਦੇ ਵਿਚਾਰਾਂ ਦੀ ਥਾਹ ਪਾਉਣ ਲਈ ਤੇ ਉਨ੍ਹਾਂ ਦੇ ਗਿਆਨ ਪੱਧਰ ‘ਤੇ ਆਉਣ ਲਈ ਕਠਿਨ ਤਪੱਸਿਆ ਤਾਂ ਕਰਨੀ ਪਵੇਗੀ ਹੀ! ਜੋ ਇੱਦਾਂ ਨਹੀਂ ਕਰਨਗੇ, ਉਹ ਉਸੇ ਤਰ੍ਹਾਂ ਦੀ ਵਿਆਖਿਆ ਕਰਨਗੇ ਜਿਵੇਂ ਦੀ ਸਭ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਚੌਥੀ ਪਉੜੀ ਦੀ ਕਰਦੇ ਹਨ। ਇਸ ਪਉੜੀ ਦੀਆਂ ਸੱਤ ਤੁਕਾਂ ਹਨ, ਜੋ ਹੇਠ ਲਿਖੀਆਂ ਹਨ,
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥੪॥
ਸਭ ਵਿਦਵਾਨ ਤੇ ਟੀਕਾਕਾਰ ਇਸ ਪਉੜੀ ਦੀ ਵਿਆਖਿਆ ਥੋੜ੍ਹੇ-ਬਹੁਤੇ ਫਰਕ ਨਾਲ ਕੁਝ ਇਵੇਂ ਕਰਦੇ ਹਨ, “ਸੱਚੇ ਨਾਂ (ਨਾਇ) ਵਾਲਾ ਪਰਮਾਤਮਾ ਸਭ ਦਾ ਸੱਚਾ ਮਾਲਕ ਹੈ। ਉਹ ਚੰਗੇ ਬੋਲ ਬੋਲ ਕੇ ਸਭ ਨਾਲ ਬੜਾ ਪਿਆਰ ਜਤਾਉਂਦਾ ਹੈ। ਸਾਰੀ ਲੋਕਾਈ ਉਸ ਦਾਤੇ ਤੋਂ ‘ਦੇਹਿ ਦੇਹਿ’ ਕਰਕੇ ਮੰਗਦੀ ਰਹਿੰਦੀ ਹੈ ਤੇ ਉਹ ਦਾਤਾਂ ਦਿੰਦਾ ਰਹਿੰਦਾ ਹੈ। ਫਿਰ ਸ਼ਰਧਾਵਾਨ ਮਨੁੱਖ ਅਜਿਹੇ ਸੁਹਿਰਦ ਦਾਤਾਰ ਅੱਗੇ ਕੀ ਰੱਖਣ ਜਾਂ ਕੀ ਅੱਗੇ ਲੈ ਕੇ ਜਾਣ ਭਾਵ ਉਸ ਨੂੰ ਕੀ ਭੇਟ ਕਰਨ ਕਿ ਉਸ ਦੇ ਦਰਬਾਰ/ਅਸਥਾਨ ਦੇ ਦਰਸ਼ਨ ਹੋ ਜਾਣ? ਸ਼ਰਧਾਲੂ-ਜਨ ਆਪਣੇ ਮੂੰਹ ਤੋਂ ਅਜਿਹਾ ਕੀ ਬੋਲਣ, ਭਾਵ ਕਿਨ੍ਹਾਂ ਸ਼ਬਦਾਂ ਨਾਲ ਪ੍ਰਾਰਥਨਾ ਕਰਨ, ਜੋ ਸੁਣ ਕੇ ਉਹ ਪਿਆਰ ਨਾਲ ਤਰੁੱਠ ਜਾਵੇ। ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਦੱਸਦੇ ਹਨ ਕਿ ਇਸ ਉਦੇਸ਼ ਲਈ ਭਾਵ ਉਸ ਨੂੰ ਪਸੀਜਣ ਲਈ ਉਹ ਸਵੇਰੇ ਉਠ ਕੇ ਉਸ ਦੇ ਨਾਮ ਦੀ ਵਡਿਆਈ ਕਰਨ ਭਾਵ ਉਸ ਦਾ ਨਾਮ ਜਪਣ। ਇਸ ਤਰ੍ਹਾਂ ਕਰਨ ਨਾਲ ਹੀ ਪਰਮਾਤਮਾ ਆਪਣੀ ਮਿਹਰ ਭਰੀ ਨਜ਼ਰ ਨਾਲ ਉਨ੍ਹਾਂ ਦੇ ਪੂਰਬਲੇ ਕਰਮਾਂ ਨਾਲ ਮਿਲੇ ਦੇਹ ਰੂਪੀ ਕੱਪੜੇ ਨੂੰ ਮੁਕਤੀ ਦੇਵੇਗਾ। ਗੁਰੂ ਨਾਨਕ ਕਹਿੰਦੇ ਹਨ ਕਿ ਇੱਦਾਂ ਜਾਣਨ ਕਰਕੇ ਉਹ ਸਭ ਕੁਝ ਦੇ ਆਪੇ ਸਚਿਆਰ ਹੈ।
ਉਕਤ ਸਵਾਲਾਂ ਦਾ ਸਰੋਤ ਵੱਖ ਵੱਖ ਵਿਦਵਾਨ ਵੱਖ ਵੱਖ ਦੱਸਦੇ ਹਨ। ਕਈ ਇਨ੍ਹਾਂ ਨੂੰ ਜਗਿਆਸੂ ਸਿੱਖਾਂ ਵਲੋਂ ਪੁੱਛੇ ਗਏ ਦੱਸਦੇ ਹਨ, ਕਈ ਨਾਥ ਜੋਗੀਆਂ ਵਲੋਂ ਤੇ ਕਈ ਉਦਾਸੀਆਂ ਦੌਰਾਨ ਮਿਲਣ ਵਾਲੇ ਵਿਦਵਾਨਾਂ ਵਲੋਂ। ਭਾਵੇਂ ਗੁਰੂ ਸਾਹਿਬ ਨੇ ਆਪਣੇ ਕੋਲੋਂ ਹੀ ਇਹ ਸਵਾਲ ਕਰ ਕੇ ਉਤਰ ਦਿੱਤੇ ਹੋਣ, ਪਰ ਉਤਰਾਂ ਦੀ ਵਿਆਖਿਆ ਤਰਕਹੀਣ ਹੈ। ਇਹ ਉਹੀ ਅਰਥ ਦੱਸਦੀ ਹੈ, ਜੋ ਵਿਦਵਾਨ ਇਨ੍ਹਾਂ ਵਿਚ ਪਾਉਣਾ ਚਾਹੁੰਦੇ ਹਨ। ਇਨ੍ਹਾਂ ਦਾ ਪੂਰਾ ਝੁਕਾਓ ਪੂਜਾ ਪਾਠ ਤੇ ਮੁਕਤੀ ਵੱਲ ਹੈ। ਸੰਸਾਰ ਤੋਂ ਛੁਟਕਾਰਾ ਤੇ ਪਰਮਾਤਮਾ ਦੇ ਦਰਸ਼ਨਾਂ ਨੂੰ ਕਾਹਲੇ ਪਏ ਵਿਆਖਿਆਕਾਰ ਇਹ ਵੀ ਨਹੀਂ ਵਿਚਾਰਦੇ ਕਿ ਇਸ ਤੋਂ ਪਹਿਲਾਂ ਦੀਆਂ ਪਉੜੀਆਂ ਵਿਚ ਕੀ ਲਿਖਿਆ ਹੋਇਆ ਹੈ ਤੇ ਬਾਅਦ ਦੀਆਂ ਵਿਚ ਕੀ?
ਇਸ ਤੋਂ ਪਹਿਲੀਆਂ ਪਉੜੀਆਂ ਵਿਚ ਗੁਰੂ ਸਾਹਿਬ ਪਰਮ-ਸਤਿ ਤੇ ਹੁਕਮ ਦੀ ਗੱਲ ਕਰਦੇ ਹਨ, ਪਰ ਇਸ ਪਉੜੀ ਦੀ ਵਿਆਖਿਆ ਵਿਚ ਉਨ੍ਹਾਂ ਵਿਸ਼ਿਆਂ ਦਾ ਜ਼ਿਕਰ ਨਾਤਾ ਹੀ ਨਹੀਂ ਹੈ। ਉਹ ਇਹ ਵੀ ਨਹੀਂ ਦੱਸਦੇ ਕਿ ਗੁਰੂ ਸਾਹਿਬ ਵਿਸ਼ਾ ਕਿਉਂ ਬਦਲ ਗਏ। ਗੁਰੂ ਸਾਹਿਬ ਨੇ ‘ਅੰਮ੍ਰਿਤ ਵੇਲਾ’ ਲਿਖਿਆ ਹੈ ਤੇ ਵਿਆਖਿਆਕਾਰ ਇਸ ਦੇ ਅਰਥਾਂ ਨੂੰ ਮਰੋੜ ਕੇ ‘ਅੰਮ੍ਰਿਤ ਵੇਲੇ’ ਕਰ ਦਿੰਦੇ ਹਨ। ਗੁਰੂ ਸਾਹਿਬ ਦਾ ਪਰਮ-ਸਤਿ ਅਜੂਨੀ ਹੈ ਤੇ ਅਕਾਲ ਮੂਰਤਿ ਹੈ, ਪਰ ਵਿਦਵਾਨਾਂ ਦਾ ‘ਦਾਤਾਰ’ ਪੱਕੇ ਮਹਿਲ ਵਿਚ ਰਹਿੰਦਾ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਕਰਤਾ ਪੁਰਖੁ ਦਾ ਅਸਲ ਨਾਂ ਹਾਲੇ ਪਤਾ ਨਹੀਂ ਹੈ, ਪਰ ਵਿਦਵਾਨ ਕਹਿੰਦੇ ਹਨ ਕਿ ਸਾਚਾ ਸਾਹਿਬ ਪਿਆਰ ਭਰੇ ਬੋਲਾਂ ਨਾਲ ਬੋਲਦਾ ਹੈ।
ਗੁਰੂ ਸਾਹਿਬ ਨਾਮ ਧਿਆਉਣ ਨੂੰ ਹਰ ਵੇਲੇ ਦੀ ਕ੍ਰਿਆ ਸਮਝਦੇ ਹਨ, ਪਰ ਵਿਦਵਾਨਾਂ ਅਨੁਸਾਰ ਉਨ੍ਹਾਂ ਨੇ ਇਸ ਕਾਰਜ ਨੂੰ ਸਵੇਰੇ ਸਵੇਰੇ ਨਿਪਟਾਉਣ ਲਈ ਕਿਹਾ ਹੈ। ਸਭ ਨੂੰ ਪਤਾ ਹੈ ਕਿ ਦੇਹ ਰੂਪੀ ਸਰੀਰ ਨੂੰ ਕੱਪੜੇ ਦੀ ਤਸਵੀਹ ਦੇ ਕੇ ਆਵਾ-ਗਵਣ ਵਿਚ ਵਿਸ਼ਵਾਸ ਕਰਨਾ ਹਿੰਦੂ ਗ੍ਰੰਥ ਗੀਤਾ ਦਾ ਸਿਧਾਂਤ ਹੈ, ਪਰ ਸਮੂਹ ਵਿਦਵਾਨ ਤੇ ਟੀਕਾਕਾਰ ਫਿਰ ਵੀ ਗੁਰੂ ਸਾਹਿਬ ਨੂੰ ਇਸ ਨਾਲ ਜੋੜ ਕੇ ਗੀਤਾ ਫਲਸਫੇ ਦਾ ਪੈਰੋਕਾਰ ਬਣਾ ਦਿੰਦੇ ਹਨ?
ਸਭ ਪ੍ਰਚਾਰਕ ਤੇ ਪੁਜਾਰੀ ਉਨ੍ਹਾਂ ਨੂੰ ਇਵੇਂ ਪੇਸ਼ ਕਰਦੇ ਹਨ, ਜਿਵੇਂ ਉਨ੍ਹਾਂ ਦੀ ਆਪਣੀ ਕੋਈ ਪ੍ਰਤਿਭਾ ਨਾ ਹੋਵੇ, ਆਪਣਾ ਕੋਈ ਦ੍ਰਿਸ਼ਟੀਕੋਣ ਤੇ ਸਮਝ ਸੋਚ ਨਾ ਹੋਵੇ। ਇਨ੍ਹਾਂ ਅਜੋਕੇ ਸਿੱਖਾਂ ਅਨੁਸਾਰ ਤਾਂ ੴ ਦਾ ਸੂਤਰ ਵੀ ਗੁਰੂ ਸਾਹਿਬ ਨੇ ਹਿੰਦੂ-ਮੱਤ ਤੇ ਇਸਲਾਮ ਤੋਂ ਉਧਾਰ ਲਏ ਸੰਕੇਤਾਂ ਨਾਲ ਹੀ ਘੜਿਆ ਸੀ। ਜੇ ਉਹ ਮੰਨਦੇ ਹੀ ਹਨ ਕਿ ਗੁਰੂ ਸਾਹਿਬ ਗੀਤਾ ਸਿਧਾਂਤ ਦੇ ਸਮਰਥਕ ਸਨ ਤਾਂ ਉਹ ਆਪ ਹਿੰਦੂਤਵ ਤੋਂ ਦੂਰੀ ਕਿਉਂ ਬਣਾਉਂਦੇ ਹਨ? ਜਦੋਂ ਆਵਾਗਵਣ ਤੇ ਮੁਕਤੀ ਦਾ ਇਸ ਪਉੜੀ ਜਾਂ ਜਪੁਜੀ ਦੀ ਕਿਸੇ ਹੋਰ ਪਉੜੀ ਵਿਚ ਕੋਈ ਜ਼ਿਕਰ ਹੀ ਨਹੀਂ ਹੈ ਤਾਂ ਵਿਦਵਾਨ ਲੋਕ ਗੁਰੂ ਸਾਹਿਬ ਨੂੰ ਇਨ੍ਹਾਂ ਅਪ੍ਰਸੰਗਕ ਗੱਲਾਂ ਨਾਲ ਬਦੋਬਦੀ ਕਿਉਂ ਜੋੜਦੇ ਹਨ? ਜਦੋਂ ਪਹਿਲੀ ਪਉੜੀ ਵਿਚ ਗੁਰੂ ਸਾਹਿਬ ‘ਕਿਵ ਸਚਿਆਰਾ ਹੋਈਐ’ ਦਾ ਪ੍ਰਸ਼ਨ ਕਰ ਹੀ ਆਏ ਹਨ ਤਾਂ ਉਹ ਇਸ ਪਉੜੀ ਵਿਚ ਆਪਣੇ ਆਪ ਨੂੰ ਸਚਿਆਰਾ ਕਿਵੇਂ ਦੱਸ ਸਕਦੇ ਹਨ? ਅੰਤ ਵਿਚ ਹਲੀਮੀ ਤੇ ਨਿਮਰਤਾ ਨਾਲ ਵਿਚਰਨ ਵਾਲੇ ਗੁਰੂ ਸਾਹਿਬ ਆਪਣੇ ਆਪ ਨੂੰ ਸਚਿਆਰਾ ਦੱਸ ਕੇ ਹਉਮੈ ਦੇ ਭਾਗੀ ਕਿਵੇਂ ਬਣ ਸਕਦੇ ਹਨ? ਜੇ ਸਿੱਖ ਵਿਦਵਾਨ, ਪੁਜਾਰੀ ਤੇ ਸ਼ਰਧਾਲੂ ਤਰਕਪੁੰਜ ਗੁਰੂ ਨਾਨਕ ਦੀ ਬਾਣੀ ਦੇ ਇਸ ਤਰ੍ਹਾਂ ਦੇ ਵਿਵੇਕ-ਰਹਿਤ ਤੇ ਆਪ ਮੁਹਾਰੇ ਅਰਥ ਕਰਨਗੇ ਤਾਂ ਸਮਾਜ ਵਿਚ ਅਜੋਕੇ ਸਾਧਾਂ ਸੰਤਾਂ ਦੇ ਸਿੰਗ-ਭੇੜ ਤਾਂ ਦੇਖਣ ਨੂੰ ਮਿਲਣਗੇ ਹੀ।
ਜੇ ਗਹੁ ਨਾਲ ਵਿਚਾਰਿਆ ਜਾਵੇ ਤਾਂ ਇਸ ਪਉੜੀ ਦੇ ਅਰਥ ਕੁਝ ਹੋਰ ਨਿਕਲਦੇ ਹਨ। ਪਹਿਲੀਆਂ ਪਉੜੀਆਂ ਦੇ ਪ੍ਰਸੰਗ ਵਿਚ ਚਲਦੀ ਇਹ ਪਉੜੀ ਇਕ ਪਾਸੇ ਕੁਦਰਤ ਦੇ ਹੁਕਮ ਤੇ ਦਾਤਾਂ ਨਾਲ ਜੁੜੀ ਹੋਈ ਹੈ ਅਤੇ ਦੂਜੇ ਪਾਸੇ ਗਿਆਨ ਪ੍ਰਾਪਤੀ ਦੀ ਪਹੁੰਚ ਨਾਲ। ਪਿਛਲੀ ਪਉੜੀ ਦੇ ਅੰਤ ਵਿਚ ਗੁਰੂ ਸਾਹਿਬ ਨੇ ‘ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥’ ਲਿਖਿਆ ਹੈ। ਉਸੇ ਵਿਚਾਰ ਨੂੰ ਉਹ ਇਸ ਪਉੜੀ ਵਿਚ ਅੱਗੇ ਤੋਰਦਿਆਂ ਫੁਰਮਾਉਂਦੇ ਹਨ ਕਿ ਇੱਕਾ-ਦੁੱਕਾ ਗੁਣਾਂ ਦੀ ਪ੍ਰਸ਼ੰਸਾ ਗਾਉਣ ਵਾਲੇ ਲੋਕ ਬਹੁਤ ਹੀ ਭਾਉ ਭਰੀ ਅਰਥਾਤ ਆਪਣੇ ਭਾਉ (ਨਿਟeਰeਸਟ) ਦੀ ਜਾਂ ਆਪਣੇ ਲਾਹੇ ਵਾਲੀ ਜਾਂ ਸੁਆਰਥ ਭਰਪੂਰ ਬੋਲੀ ਬੋਲਦਿਆਂ ਅਰਦਾਸਾਂ ਕਰਦੇ ਹਨ। ਉਹ ਸੰਸਾਰਕ ਲੋਕ ਸੱਚੇ ਇਨਸਾਫ ਵਾਲੇ ਸੱਚੇ ਸਾਹਿਬ ਸਾਨੂੰ ਦਾਤਾਂ ਦੇਹ ਤੇ ਉਹ ਦਾਤਾ ਉਨ੍ਹਾਂ ਨੂੰ ਹਰ ਪ੍ਰਕਾਰ ਦੀਆਂ ਦਾਤਾਂ ਦਿੰਦਾ ਰਹਿੰਦਾ ਹੈ। ਫਿਰ ਉਹ ਪੁੱਛਦੇ ਹਨ ਕਿ ਉਹ ਕੀ ਅੱਗੇ ਰੱਖਣ, ਭਾਵ ਕਿਸ ਚੀਜ਼ ਨੂੰ ਪਹਿਲ ਦੇਣ, ਜਾਂ ਕੀ ਵਿਧੀ ਅਪਨਾਉਣ ਕਿ ਉਸ ਦਾਤੇ ਦਾ ਦਰਬਾਰ ਦਿਖ ਜਾਵੇ, ਭਾਵ ਉਸ ਦੇ ਨਿਵਾਸ ਅਸਥਾਨ ਦੇ ਦਰਸ਼ਨ ਹੋ ਜਾਣ? ਉਹ ਇਹ ਵੀ ਪੁੱਛਦੇ ਹਨ ਕਿ ਉਹ ਆਪਣੇ ਮੂੰਹ ਤੋਂ ਹੋਰ ਕੀ ਉਚਾਰਨ ਜਾਂ ਕਿਨ੍ਹਾਂ ਹੋਰ ਸ਼ਬਦਾਂ ਨਾਲ ਬੇਨਤੀ ਜਾਂ ਅਰਦਾਸ ਕਰਨ, ਜਿਸ ਨੂੰ ਸੁਣ ਕੇ ਉਹ ‘ਸਾਚਾ ਸਾਹਿਬ’ ਉਨ੍ਹਾਂ ਨੂੰ ਪਿਆਰ ਕਰਨ ਲੱਗੇ, ਭਾਵ ਪਸੀਜ ਜਾਵੇ ਤੇ ਉਨ੍ਹਾਂ ਨੂੰ ਦਰਸ਼ਨ ਦੇ ਦੇਵੇ।
ਇਸ ਤਰ੍ਹਾਂ ਦੇ ਸਵਾਲ ਗੁਰੂ ਸਾਹਿਬ ਤੋਂ ਗੋਸ਼ਟੀਆਂ ਦੌਰਾਨ ਆਮ ਪੁੱਛੇ ਜਾਂਦੇ ਸਨ। ਗੁਰੂ ਸਾਹਿਬ ਨੇ ਇਨ੍ਹਾਂ ਦਾ ਜੋ ਉਤਰ ਦਿੱਤਾ ਹੈ, ਉਹ ਗਿਆਨ ਵਿਧੀ ਦੇ ਪੱਖ ਤੋਂ ਬਹੁਤ ਅਹਿਮ ਹੈ। ਉਹ ਫੁਰਮਾਉਂਦੇ ਹਨ ਕਿ ਜਗਿਆਸੂ ਇਹ ਸਮਝਣ ਕਿ ਸਤਿ ਨਾਮ ਦੇ ਗਿਆਨ ਪ੍ਰਤੀ ਇਹ ਉਨ੍ਹਾਂ ਦਾ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਰਾਤ ਦਾ ਪਿਛਲਾ ਪੱਖ ਹੁੰਦਾ ਹੈ, ਜਿਸ ਵੇਲੇ ਤ੍ਰੇਲ ਪੈਂਦੀ ਹੈ; ਪਰ ਗੁਰੂ ਸਾਹਿਬ ਨੇ ਇੱਥੇ ਇਸ ਨੂੰ ਤ੍ਰੇਲ ਪੈਣ ਜਾਂ ਅੰਮ੍ਰਿਤ ਵਰਖਾ ਹੋਣ ਦੇ ਸੰਦਰਭ ਵਿਚ ਨਹੀਂ ਵਰਤਿਆ, ਕਿਉਂਕਿ ਇਨ੍ਹਾਂ ਦਾ ਸਤਿ ਨਾਮੁ ਦੀਆਂ ਵਡਿਆਈਆਂ ਵਿਚਾਰਨ ਨਾਲ ਕੋਈ ਸਬੰਧ ਨਹੀਂ ਹੈ। ਜੋ ਵਿਦਵਾਨ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਦੀ ਸ਼ਾਂਤੀ ਨਾਮ ਜਪਣ ਲਈ ਬੜੀ ਲਾਭਕਾਰੀ ਹੈ, ਉਹ ਇਸ ਗੱਲ ਨੂੰ ਭੁੱਲਦੇ ਹਨ ਕਿ ਸਭ ਤੋਂ ਵੱਧ ਸ਼ੋਰ ਪ੍ਰਦੂਸ਼ਣ ਸਵੇਰ ਵੇਲੇ ਹੀ ਹੁੰਦਾ ਹੈ।
ਯਾਦ ਰਹੇ, ਅੰਮ੍ਰਿਤ ਵੇਲੇ ਕੁਝ ਹੋਰ ਵੀ ਵਾਪਰਦਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਉਤਰ ਵਿਚ ਵਰਤਿਆ ਹੈ। ਅੰਮ੍ਰਿਤ ਵੇਲਾ ਰਾਤ ਦਾ ਸਭ ਤੋਂ ਹਨੇਰਾ ਪੱਖ ਹੁੰਦਾ ਹੈ, ਪਰ ਇਸ ਹਨੇਰੇ ਤੇ ਸਵੇਰ ਦੇ ਉਜਾਲੇ ਵਿਚਾਲੇ ਬੜਾ ਥੋੜ੍ਹਾ ਫਰਕ ਹੁੰਦਾ ਹੈ। ਇਸੇ ਘੁੱਪ ਹਨੇਰੇ ਵਿਚੋਂ ਪਹੁ ਫੁੱਟਦੀ ਹੈ ਤੇ ਅਚਨਚੇਤ ਚਾਰੇ ਪਾਸੇ ਚਾਨਣ ਹੋ ਜਾਂਦਾ ਹੈ। ਹਨੇਰਾ ਅਗਿਆਨ ਦਾ ਪ੍ਰਤੀਕ ਹੈ ਤੇ ਚਾਨਣ ਗਿਆਨ ਦਾ। ਇਸ ਵਰਤਾਰੇ ਦੇ ਦ੍ਰਿਸ਼ਟਾਂਤ ਨਾਲ ਗੁਰੂ ਸਾਹਿਬ ਜਗਿਆਸੂਆਂ ਨੂੰ ਦੱਸਦੇ ਹਨ ਕਿ ਗਿਆਨ ਦੀ ਖੋਜ ਦਾ ਸਮਾਂ ਉਨ੍ਹਾਂ ਸਾਰਿਆਂ ਲਈ ਅੰਮ੍ਰਿਤ ਵੇਲਾ ਹੈ ਭਾਵ ਉਹ ਅੰਮ੍ਰਿਤ ਵੇਲੇ ਦੀ ਸਥਿਤੀ ਹੈ। ਇਸ ਸਥਿਤੀ ਵਿਚ ਉਨ੍ਹਾਂ ਦੁਆਲੇ ਅਗਿਆਨ ਦਾ ਅੰਧਕਾਰ ਫੈਲਿਆ ਹੋਇਆ ਹੈ, ਪਰ ਸਤਿ ਨਾਮੁ ਦੇ ਧਾਰਕ (ਕਰਤਾ ਪੁਰਖੁ) ਦੀਆਂ ਵਡਿਆਈਆਂ ਵਿਚਾਰਨ, ਧਿਆਉਣ, ਘੋਖਣ ਜਾਂ ਖੋਜਣ ਨਾਲ ਪਹੁ-ਫੁਟੀ ਵਾਂਗ ਉਜਾਲਾ ਹੋ ਜਾਵੇਗਾ। ਇਸ ਨਾਲ ਗਿਆਨ ਦਾ ਸੂਰਜ ਨਿਕਲ ਆਵੇਗਾ, ਜਿਸ ਨਾਲ ਸਭ ਸਵਾਲਾਂ ਦੇ ਉਤਰ ਮਿਲ ਜਾਣਗੇ। ਜਗਿਆਸੂਆਂ ਦੇ ਮਨਾਂ ਵਿਚਲੇ ਹਨੇਰੇ ਤੇ ਬਾਹਰਲੇ ਗਿਆਨ ਵਿਚਕਾਰ ਇਕ ਪਤਲਾ ਪਰਦਾ ਹੀ ਹੈ, ਜੋ ਤਰਕ ਵਿਵੇਕ ਨਾਲ ਸਾਫ ਹੋ ਜਾਵੇਗਾ।
ਮਿਸਾਲ ਵਜੋਂ ਮੱਧ ਕਾਲ ਤੀਕ ਸਭ ਵਿਦਵਾਨ ਇਹ ਸਮਝਦੇ ਸਨ ਕਿ ਜੀਵ ਸਰੀਰਾਂ ਵਿਚ ਬਣੇ ਪਦਾਰਥਾਂ ਦੀ ਰਚਨਾ ਦੇ ਭੇਦ ਕੁਦਰਤ ਦੇ ਹੱਥ ਵਿਚ ਹਨ। ਇਸ ਲਈ ਇਨ੍ਹਾਂ ਨੂੰ ਵਿਗਿਆਨ ਨਾ ਜਾਣ ਸਕਦਾ ਹੈ ਤੇ ਨਾ ਬਣਾ ਸਕਦਾ ਹੈ। ਇਹ ਅਗਿਆਨ ਦੀ ਅੰਮ੍ਰਿਤ ਵੇਲੇ ਵਾਲੀ ਸਟੇਜ ਸੀ, ਜਿਸ ਵਿਚ ਗਿਆਨ ਦਾ ਆਗਮਨ ਹੋਣ ਵਾਲਾ ਸੀ। ਫਿਰ ਫਰਾਂਸੀਸੀ ਵਿਗਿਆਨੀ ਐਚ. ਐਮ. ਰੋਲੇ ਨੇ ਖੋਜ ਕਰਕੇ 1773 ਵਿਚ ਮਨੁੱਖੀ ਪਿਸ਼ਾਬ ਵਿਚੋਂ ਯੂਰੀਆ ਨਾਮਕ ਪਦਾਰਥ ਦੀ ਪਛਾਣ ਕਰ ਲਈ। ਇਹ ਗਿਆਨ ਦੀ ਪਹਿਲੀ ਕਿਰਨ ਸੀ, ਪਰ ਰੋਲੇ ਇਸ ਨੂੰ ਰੱਬੀ ਪਦਾਰਥ ਸਮਝ ਕੇ ਲਿਬਾਰਟਰੀ ਵਿਚ ਬਣਾ ਨਾ ਸਕਿਆ। ਇਸ ਨੂੰ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਚਲਦੀਆਂ ਰਹੀਆਂ ਤੇ ਪੂਰੇ ਪਚਵੰਜਾ ਸਾਲ ਪਿਛੋਂ ਜਰਮਨ ਵਿਗਿਆਨੀ ਫ੍ਰੈਡ੍ਰਿਕ ਵ੍ਹੋਲਰ ਨੇ ਪੋਟਾਸੀਅਮ ਸਾਇਨੇਟ ਤੇ ਅਮੋਨੀਆਂ ਕਲੋਰਾਈਡ ਦੇ ਅ-ਜੈਵਿਕ (ਨੋਰਗਅਨਚਿ) ਮਿਸ਼ਰਣ ਨੂੰ ਗਰਮ ਕਰ ਕੇ ਪ੍ਰਯੋਗਸ਼ਾਲਾ ਵਿਚ ਯੂਰੀਆ ਬਣਾ ਲਿਆ।
ਇਸ ਕਾਮਯਾਬੀ ਨੇ ਗਿਆਨ ਦੇ ਚਾਨਣ ਲਈ ਪਹੁਫੁੱਟੀ ਦਾ ਕੰਮ ਕੀਤਾ। ਫਿਰ ਇਕ ਪਿਛੋਂ ਇਕ ਕੁਦਰਤੀ ਪਦਾਰਥ ਆਮ ਰਸਾਇਣਕ ਵਿਧੀਆਂ ਨਾਲ ਬਣਨ ਲੱਗੇ। ਦਵਾਈਆਂ ਤੇ ਹੋਰ ਸਿੰਥੈਟਿਕ ਪਦਾਰਥਾਂ ਦਾ ਉਤਪਾਦਨ ਹੋਣ ਲੱਗਾ। ਪਦਾਰਥਾਂ ਦੀ ਗਿਣਤੀ ਇੰਨੀ ਵਧ ਗਈ ਕਿ ਉਨ੍ਹਾਂ ਦੇ ਨਾਂ ਰੱਖਣੇ ਵੀ ਔਖੇ ਹੋ ਗਏ। ਇਸ ਲਈ ਇਨ੍ਹਾਂ ਨੂੰ ਇਨ੍ਹਾਂ ਦੇ ਅਸਲ ਤੱਤਾਂ ਦੇ ਨਾਂਵਾਂ ਅਨੁਸਾਰ ਭਾਵ ਪੱਕੇ ਸੰਯੋਜਕ ਰਸਾਇਣਕ ਨਾਂਵਾਂ ਨਾਲ ਹੀ ਪੁਕਾਰਿਆ ਜਾਣ ਲੱਗਾ। ਇਸ ਸਾਰੇ ਗਿਆਨ ਨੂੰ ਸੰਭਾਲਣ ਲਈ ਜੈਵਿਕ-ਰਸਾਇਣ (ੌਰਗਅਨਚਿ ਛਹeਮਸਿਟਰੇ) ਨਾਂ ਦੀ ਇਕ ਵੱਖਰੀ ਵਿਗਿਆਨ ਸ਼ਾਖਾ ਸਥਾਪਤ ਹੋ ਗਈ। ਵਿਗਿਆਨੀਆਂ ਨੂੰ ਇਕ ਗਿਆਨ ਤੇ ਇਕ ਸੇਧ ਮਿਲ ਗਈ, ਜਿਸ ਨਾਲ ਥੋੜ੍ਹੀ ਦੇਰ ਵਿਚ ਹੀ ਕੁਦਰਤ ਦੇ ਗੁੱਝੇ ਜੈਵਿਕ ਭੇਦ ਆਮ ਜਾਣਕਾਰੀ ਤੇ ਵਿਸਪਾਦਨ ਦਾ ਹਿੱਸਾ ਬਣ ਗਏ।
ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਇਨ੍ਹਾਂ ਕਰਮਾਂ ਨਾਲ ਭਾਵ ਕੁਦਰਤ ਦੀਆਂ ਵਡਿਆਈਆਂ ਵਿਚਾਰਨ ਨਾਲ ਹੀ ਕਰਤਾ ਪੁਰਖੁ ਦੇ ਦਰਬਾਰ ਦੇ ਮੁੱਖ ਦੁਆਰ ‘ਤੇ ਝੂਲਦਾ ਕੱਪੜਾ ਭਾਵ ਝੰਡਾ ਅਰਥਾਤ ਲਹਿਰਾਉਂਦਾ ਧੱਵਜ ਨਜਰੀਂ ਆਵੇਗਾ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਇੱਦਾਂ ਕਰਨ ਨਾਲ ਪਰਮ-ਸਤਿ ਦੇ ਦਰਸ਼ਨ ਹੋ ਜਾਣਗੇ। ਉਹ ਇਹ ਵੀ ਨਹੀਂ ਕਹਿੰਦੇ ਕਿ ਵਡਿਆਈਆਂ ਵਿਚਾਰਨ ਨਾਲ ਕਰਤਾਰ ਜਾਂ ਦਾਤੇ ਦਾ ਦਰਬਾਰ ਜਾਂ ਉਸ ਦਾ ਨਿਵਾਸ ਅਸਥਾਨ ਦਿੱਸ ਜਾਵੇਗਾ। ਜੋ ਦਿੱਸੇਗਾ ਬਸ ਸਵੇਰ ਦੇ ਘੁਸਮੁਸੇ ਵਾਂਗ ਦੂਰ ਉਸ ਦੇ ਮੁੱਖ ਦੁਆਰ ਤੇ ਉਚੇ ਜਿਹੇ ਲਹਿਰਾਉਂਦਾ ਇਕ ਕੱਪੜਾ ਭਾਵ ਨਿਸ਼ਾਨ ਹੀ ਦਿੱਸੇਗਾ। ਇਸ ਤਰ੍ਹਾਂ ਕਰਨ ਨਾਲ ਜਗਿਆਸੂਆਂ ਨੂੰ ਬੱਸ ਇਕ ਸੇਧ ਮਿਲੇਗੀ, ਜਿਸ ਵਿਚ ਚਲ ਕੇ ਉਨ੍ਹਾਂ ਨੂੰ ਲਗਾਤਾਰ ਮਿਹਨਤ ਕਰਨੀ ਪਵੇਗੀ।
ਅਖੀਰ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਨ੍ਹਾਂ ਨੂੰ ਭਾਵ (ਗੁਰੂ) ਨਾਨਕ ਨੂੰ ਤਾਂ ਇਵੇਂ ਈ ਪਤਾ ਹੈ, ਦੂਜੇ ਸਭ ਭਾਵੇਂ ਆਪਣੇ ਆਪ ਵਿਚ ਆਪ ਹੀ ਸਿਆਣੇ ਬਣੀ ਫਿਰਦੇ ਹਨ। ਇਨ੍ਹਾਂ ਦੀ ਨਿੱਜੀ ਲਾਭ ਵਾਲੀ ਸੋਚ ਉਨ੍ਹਾਂ ਨੂੰ ਬਾਹਰ ਨਿਕਲ ਕੇ ਨਿਰਪੱਖ ਵਿਚਾਰ ਕਰਨ ਦੀ ਖੁਲ੍ਹ ਨਹੀਂ ਦਿੰਦੀ, ਇਸ ਲਈ ਉਹ ਹਉਮੈ ਦਾ ਸ਼ਿਕਾਰ ਹੋ ਕੇ ਖੁਦ ਦੀ ਸਮਝ ਨੂੰ ਹੀ ਉਪਰ ਰੱਖਦੇ ਹਨ।
ਇਸ ਪਉੜੀ ਵਿਚ ਸਮੋਏ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਕਈ ਵਿਸ਼ੇਸ਼ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਪਹਿਲੀ ਇਹ ਕਿ ਪਰਮ-ਸਤਿ ਦੀ ਖੋਜ ਉਸ ਦੇ ਗੁਣ ਜਾਂ ਵਡਿਆਈਆਂ ਵਿਚਾਰਨ ਤੋਂ ਬਿਨਾ ਨਹੀਂ ਹੋ ਸਕਦੀ। ਉਸ ਦੇ ਗੁਣ ਸਾਨੂੰ ਸਿੱਧੇ ਰੂਪ ਵਿਚ ਪਤਾ ਨਹੀਂ ਲਗਦੇ, ਸਗੋਂ ਉਸ ਦੀ ਕੁਦਰਤ ਦੇ ਸਦੀਵੀ ਤੇ ਪੱਕੇ ਨਿਯਮਾਂ ਰਾਹੀਂ ਸਾਹਮਣੇ ਆਉਂਦੇ ਹਨ। ਇਸ ਲਈ ਇਨ੍ਹਾਂ ਨਿਯਮਾਂ ਦੀ ਪਰਖ ਪੜਤਾਲ ਕਰ ਕੇ ਹੀ ਗਿਆਨ ਵੱਲ ਵਧਿਆ ਜਾ ਸਕਦਾ ਹੈ। ਕੁਦਰਤ ਦੀਆਂ ਦਾਤਾਂ ਦਾ ਅਧੂਰਾ ਤੇ ਅਲਫਾਜ਼ੀ ਗੁਣਗਾਨ ਕਰਕੇ ਗਿਆਨ ਵਲ ਜਾਣ ਦੀ ਗੱਲ ਹਉਮੈ ਭਰਪੂਰ ਹੈ, ਇਸ ਲਈ ਕਾਮਯਾਬ ਨਹੀਂ ਹੈ। ਇਸ ਅਨੁਸਾਰ ਕੀਤੇ ਕਾਰਜ ਗਿਆਨ ਪੈਦਾ ਨਹੀਂ ਕਰਦੇ। ਗੁਣ ਵਡਿਆਈਆਂ ਨੂੰ ਘੋਖ ਕੇ ਪ੍ਰਕ੍ਰਿਤੀ ਦੇ ਨਿਯਮਾਂ ਨੂੰ ਪਛਾਣਨਾ ਇਕ ਵਿਸ਼ੇਸ਼ ਤਰ੍ਹਾਂ ਦਾ ਪਾਰਦਰਸ਼ੀ ਖੋਜ ਕਾਰਜ ਹੈ, ਜੋ ਨਦਰਿ ਭਾਵ ਨਿਰਪੇਖ ਨੀਝ ਵਾਲੇ, ਅਰਥਾਤ ਤਰਕ-ਅਭਿਆਸ ਵਾਲੇ ਲੋਕ ਹੀ ਕਰ ਸਕਦੇ ਹਨ।
ਸਪਸ਼ਟ ਹੈ ਕਿ ਇਹ ਕਾਰਜ ਪੂਜਾ ਪਾਠ, ਸ਼ਰਧਾ ਤੇ ਅਧਿਆਤਮਵਾਦ ਦੇ ਖੇਤਰ ਵਿਚ ਨਹੀਂ ਆਉਂਦਾ। ਗੁਰੂ ਸਾਹਿਬ ਦੇ ਸਮੇਂ ਵਿਚ ਵਿਗਿਆਨ ਨਹੀਂ ਸੀ, ਪਰ ਅੱਜ ਵਿਗਿਆਨ ਵੀ ਹੈ ਤੇ ਵਿਗਿਆਨੀ ਵੀ। ਅੱਜ ਕੁਦਰਤ ਦੇ ਨਿਯਮਾਂ ਦੀ ਭਾਲ ਨੂੰ ਪ੍ਰਣਾਏ ਵਿਗਿਆਨੀ ਨਿੱਤ ਨਵੀਂਆਂ ਉਪਲਬਧੀਆਂ ਹਾਸਲ ਕਰ ਰਹੇ ਹਨ। ਉਹ ਗੁਰੂ ਸਾਹਿਬ ਦੇ ਸੱਚੇ ਅਨੁਆਈ ਹਨ ਤੇ ਉਨ੍ਹਾਂ ਦੀ ਦੱਸੀ ਸੇਧ ਵਿਚ ਚਲ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਵਧਾ ਰਹੇ ਹਨ। ਸਿੱਖ ਵਿਦਵਾਨ, ਪੁਜਾਰੀ, ਪ੍ਰਚਾਰਕ ਤੇ ਸ਼ਰਧਾਲੂ ਇਨ੍ਹਾਂ ਵਿਚਾਰਾਂ ਤੋਂ ਭੱਜ ਨਹੀਂ ਸਕਦੇ।
ਇਸ ਪਉੜੀ ਦੇ ਅਧਿਐਨ ਤੋਂ ਦੂਜੀ ਗੱਲ ਇਹ ਸਪਸ਼ਟ ਹੁੰਦੀ ਹੈ ਕਿ ਵਡਿਆਈਆਂ ਵਿਚਾਰਨ ਨਾਲ ਭਾਵ ਨਿਯਮ ਖੋਜਣ ਨਾਲ ਵੀ ਸਿਰਫ ਸੇਧ ਹੀ ਮਿਲ ਸਕਦੀ ਹੈ, ਪਰਮ-ਸਤਿ ਨਹੀਂ। ਪਰਮ-ਸਤਿ ਇਸ ਦੇ ਗੁਣਾਂ ਤੇ ਵਡਿਆਈਆਂ ਦੇ ਨਿਰਪੱਖ ਨਿਰੀਖਣ ਦੇ ਰਸਤੇ ਵੱਲ ਤਾਂ ਹੈ, ਭਾਵ ਵਿਗਿਆਨ ਦੀ ਸੇਧ ਵਿਚ ਤਾਂ ਹੈ, ਪਰ ਕਿੱਥੇ ਕੁ ਕਰਕੇ ਹੈ, ਅਰਥਾਤ ਕਿੰਨੀ ਕੁ ਦੂਰ ਅੱਗੇ ਜਾ ਕੇ ਹੈ? ਇਸ ਗੱਲ ਦਾ ਗੁਰੂ ਸਾਹਿਬ ਨੇ ਇੱਥੇ ਕੋਈ ਨਬੇੜਾ ਨਹੀਂ ਕੀਤਾ। ਉਨ੍ਹਾਂ ਨੇ ਇਹ ਕਹਿ ਕੇ ਆਪਣੀ ਗੱਲ ਖਤਮ ਕਰ ਦਿੱਤੀ ਹੈ ਕਿ ਨਾਨਕ ਨੂੰ ਭਾਵ ਉਨ੍ਹਾਂ ਨੂੰ ਤਾਂ ਸਿਰਫ ਇੰਨਾ ਹੀ ਪਤਾ ਹੈ ਕਿ ਇਹ ਉਸ ਪਾਸੇ ਹੈ, ਪਰ ਇਸ ਦੀ ਅਸਲ ਦੂਰੀ ਤੇ ਟਿਕਾਣੇ ਦਾ ਕੋਈ ਅੰਦਾਜ਼ਾ ਨਹੀਂ ਹੈ। ਉਹ ਇਹ ਗੱਲ ਮੂਲਮੰਤਰ ਵਿਚ ਹੀ ਸਪਸ਼ਟ ਕਰ ਆਏ ਸਨ ਕਿ ਸਿਰਜਣਾ ਦਾ ਕਾਰਕ ਅਕਾਲ ਮੂਰਤਿ ਹੈ, ਭਾਵ ਦੁਰਾਡੇ ਦਿੱਸਣ ਵਾਲਾ ਸਦੀਵੀ ਬਿੰਬ ਹੈ।
ਮਾਰੂਥਲ ਦੇ ਨਖਲਿਸਤਾਨ ਵਾਂਗ ਇਸ ਵਲ ਜਾਇਆ ਤਾਂ ਜਾ ਸਕਦਾ ਹੈ, ਪਰ ਅਪੜਿਆ ਨਹੀਂ ਜਾ ਸਕਦਾ ਕਿਉਂਕਿ ਇਹ ਅਗਾਂਹ ਸਰਕ ਜਾਂਦਾ ਹੈ। ਇਹ ਇਕ ਮ੍ਰਿਗ-ਤ੍ਰਿਸ਼ਨਾ ਵਾਂਗ ਹੈ, ਜਿਸ ਵਿਚ ਨੇੜੇ ਜਾਇਆਂ ਹਰਿਆਵਲੀ ਦ੍ਰਿਸ਼ ਹੋਰ ਦੂਰ ਚਲਾ ਜਾਂਦਾ ਹੈ। ਲੰਮੇ ਖੋਜ-ਸੰਘਰਸ਼ ਪਿਛੋਂ ਹੀ ਇਸ ਤੀਕ ਪਹੁੰਚ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ‘ਪ੍ਰਭੂ’ ਨੂੰ ਤੁਰੰਤ ਮਿਲਣ ਦੀਆਂ ਗੱਲਾਂ ਫਰਜ਼ੀ ਤੇ ਭਰਮਾਉਣ ਵਾਲੀਆਂ ਹਨ। ਅਰਥਾਤ ਜਪੁਜੀ ਮੁਤਾਬਿਕ ਗੁਰੂ ਨਾਨਕ ਦੀ ਸਿੱਖੀ ਵਿਚ ਅਰਜ਼-ਅਰਜੋਈਆਂ ਤੇ ਪੂਜਾ-ਪਾਠਾਂ ਰਾਹੀਂ ਪ੍ਰਭੂ ਮਿਲਾਪ ਦੀ ਕੋਈ ਥਾਂ ਨਹੀਂ ਹੈ। ਅਜੋਕੇ ਵਿਦਵਾਨ ਜਿਸ ਨੂੰ ਅਧਿਆਤਮਵਾਦ ਕਹਿੰਦੇ ਹਨ, ਉਹ ਅਸਲ ਵਿਚ ਅੰਧਕਾਰ ਕਾਲ ਦੀ ਫਹਿਮ-ਖਿਆਲੀ ਜਾਂ ਅਗਿਆਨ ਦੇ ਦੌਰ ਦੀ ਸੁਪਨਸਾਜੀ ਹੈ, ਜਿਸ ਨੂੰ ਗੁਰੂ ਸਾਹਿਬ ਨੇ ‘ਕੂੜ ਦੀ ਪਾਲ’ ਕਿਹਾ ਹੈ।
ਇਸ ਪਉੜੀ ਦਾ ਇਕ ਉਪ-ਸਿੱਟਾ ਇਹ ਵੀ ਹੈ ਕਿ ਪਰਮ-ਸਤਿ ਦੀ ਖੋਜ ਤੇ ਗਿਆਨ ਜਣੇ ਖਣੇ ਦਾ ਕੰਮ ਨਹੀਂ। ਹਰ ਮਨੁੱਖ ਕੋਲ ਇਸ ਵਿਚ ਜਾਣ ਦਾ ਮਨ ਤੇ ਸਮਾਂ ਵੀ ਨਹੀਂ ਹੈ। ਇਸ ਨੂੰ ਕੁਝ ਇਕ ਸੁ-ਸਿੱਖਿਅਤ ਤੇ ਖੋਜ ਨੂੰ ਪ੍ਰਣਾਏ ਵਿਅਕਤੀ ਹੀ ਕਰ ਸਕਦੇ ਹਨ। ਕਾਰਜ ਲੰਮਾ ਹੈ, ਪੂਰੇ ਸਿੱਟੇ ਆਉਣ ਨੂੰ ਅਨਿਸ਼ਚਿਤ ਕਾਲ ਲਗ ਸਕਦਾ ਹੈ। ਇਸ ਲਈ ਇਸ ਦੀ ਉਡੀਕ ਕੀਤੇ ਬਿਨਾ ਹਰ ਵਿਅਕਤੀ ਵਿਵੇਕ ਬੁੱਧੀ ਤੇ ਭਾਈਚਾਰਕ ਸਾਂਝ ਨਾਲ ਆਪਣਾ ਕੰਮ ਕਰਦਾ ਰਹੇ। ਇਹੀ ਸੱਚਾ ਰਸਤਾ ਹੈ। ਇਸੇ ਗੱਲ ਨੂੰ ਗੁਰੂ ਸਾਹਿਬ ਇਉਂ ਵੀ ਲਿਖਦੇ ਹਨ, “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥”
ਇਸ ਪਉੜੀ ਦਾ ਤੀਜਾ ਵਿਸ਼ੇਸ਼ ਸਿੱਟਾ ਇਹ ਹੈ ਕਿ ਇਹ ‘ਆਦਿ ਸਚੁ ਜੁਗਾਦਿ ਸਚੁ’ ਵਾਲੇ ਸਲੋਕ ਦੇ ਸ਼ੰਕਿਆਂ ਨੂੰ ਦੂਰ ਕਰਦੀ ਹੈ। ਇਹ ਦਰਸਾਉਂਦੀ ਹੈ ਕਿ ਉਸ ਸਲੋਕ ਵਿਚ ਗੁਰੂ ਸਾਹਿਬ ਦਾ ਇਸ਼ਾਰਾ ਅਧਿਆਤਮਵਾਦ ਵਲ ਨਹੀਂ, ਸਗੋਂ ਪੱਕਾ ਪਦਾਰਥਵਾਦ ਵਲ ਹੈ। ਪਰਮ-ਸਤਿ ਕੁਦਰਤ ਵਿਚੋਂ ਦੀ ਪ੍ਰਗਟ ਹੁੰਦਾ ਹੈ। ਕੁਦਰਤ ਮਾਯਾ ਹੈ, ਭਾਵ ਪਦਾਰਥ ਦਾ ਰੂਪ ਹੈ, ਇਸ ਲਈ ਇਸ ਦੇ ਨਿਯਮਾਂ ਦਾ ਅਧਿਐਨ ਹੀ ਪਰਮ-ਸਤਿ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ। ਉਸ ਨਾਮ ਰਹਿਤ ਹੋਂਦ, ਜਿਸ ਨੂੰ ਗੁਰੂ ਸਾਹਿਬ ਸਤਿ ਤੇ ਅਬਿਨਾਸ਼ੀ ਦੱਸਦੇ ਹਨ, ਪਦਾਰਥ ਹੀ ਹੈ। ਉਸ ਦੇ ਨਿਯਮ ਸਦਾ ਅਡੋਲ ਤੇ ਅਟੱਲ ਹਨ। ਅਜਿਹੇ ਨਿਯਮਾਂ ਨੂੰ ਜਾਣਨ ਦਾ ਸਹੀ ਰਸਤਾ ਅਧਿਆਤਮ ਨਹੀਂ, ਵਿਗਿਆਨ ਹੈ।
ਇਸ ਤਰ੍ਹਾਂ ਇਸ ਪਉੜੀ ਵਿਚ ਗੁਰੂ ਸਾਹਿਬ ਨੇ ਪਰਮ-ਸਤਿ ਦੀ ਖੋਜ ਦਾ ਦਰਿਆਫਤੀ ਮਾਰਗ ਦਰਸਾ ਕੇ ਨਾ ਸਿਰਫ ਆਪਣੇ ਸਿੱਖਾਂ ਨੂੰ ਸਹੀ ਰਾਹ ਦਿਖਾਇਆ ਹੈ, ਸਗੋਂ ਆਧੁਨਿਕ ਵਿਗਿਆਨ ਦਾ ਵੀ ਸਮਰਥਨ ਕੀਤਾ ਹੈ। ਉਨ੍ਹਾਂ ਨੇ ਅਗਿਆਨ ਦੇ ਦੌਰ ਵਿਚ ਵਿਗਿਆਨਕ ਪਹੁੰਚ ਦਾ ਸਿਧਾਂਤ ਦੇ ਕੇ ਵਿਗਿਆਨ ਨੂੰ ਦਿਸ਼ਾ ਦਿਖਾਈ ਹੈ। ਜੋ ਵਿਦਵਾਨ ਵਿਗਿਆਨ ਨੂੰ ਤਕਨੀਕੀ ਵਿਗਿਆਨ ਤੀਕ ਸੰਗੋੜਦੇ ਹਨ, ਤੇ ਇਸ ਨੂੰ ਵਾਤਾਨੁਕੂਲ ਪ੍ਰਯੋਗਸ਼ਾਲਾ ਤੀਕ ਸੀਮਤ ਕਰਕੇ ਗੁਰੂ ਨਾਨਕ ਦੀ ਸਿੱਖਿਆ ਨੂੰ ਇਸ ਤੋਂ ਨਿਖੇੜਦੇ ਹਨ, ਉਨ੍ਹਾਂ ਨੂੰ ਇਹ ਪਉੜੀ ਵਾਰ ਵਾਰ ਪੜ੍ਹਨੀ ਚਾਹੀਦੀ ਹੈ।