ਦਿਲ ਦੇ ਵਰਕੇ ਫਰੋਲ ਜੋਗੀਆ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪੱਤਝੜ ਦੌਰਾਨ ਪੱਤਾਹੀਣ ਹੋਏ ਰੁੱਖਾਂ ਦੇ ਹਵਾਲੇ ਨਾਲ ਜ਼ਿੰਦਗੀ ਦੀਆਂ ਉਹ ਗੱਲਾਂ ਕੀਤੀਆਂ ਸਨ, ਜੋ ਸਾਡੇ ਕਦੇ ਚਿੱਤ ਚੇਤੇ ਵੀ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਸੀ, “ਬਿਨ-ਪੱਤਰਾ ਬਿਰਖ, ਪੱਤਹੀਣ ਹੋ ਕੇ ਵੀ ਆਪਣਾ ਪ੍ਰਛਾਵਾਂ ਧਰਤੀ ‘ਤੇ ਜਰੂਰ ਬਣਾਉਂਦਾ। ਪ੍ਰਛਾਵਾਂ, ਜੋ ਉਸ ਦੀ ਹੋਂਦ ਦਾ ਹਾਸਲ, ਉਸ ਦੀ ਹਸਤੀ ਦਾ ਗਵਾਹ ਅਤੇ ਉਸ ਦੇ ਅਸਤਿਤਵ ਦਾ ਰੂਪ।…ਲੋੜ ਹੈ,

ਮਨੁੱਖ ਮਨ ਵਿਚ ਬਿਰਖ ਬਣਨ ਦਾ ਵਿਚਾਰ ਜਰੂਰ ਪੈਦਾ ਕਰੇ, ਪਰ ਰੱਬ ਦਾ ਵਾਸਤਾ ਈ! ਬਿਰਖ ਕਦੇ ਵੀ ਬੰਦਾ ਬਣਨ ਵੰਨੀਂ ਨਾ ਅਹੁਲੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਦਿਲ ਦੀਆਂ ਬਾਤਾਂ ਫਰੋਲੀਆਂ ਹਨ। ਉਹ ਕਹਿੰਦੇ ਹਨ, “ਦਿਲ ਦੇ ਵਰਕੇ ਕੁਝ ਵਿਰਲੇ ਪੜ੍ਹਦੇ, ਇਸ ਦੀ ਸੰਵੇਦਨਾ ਨੂੰ ਆਪਣੀ ਚੇਤਨਾ ਬਣਾਉਂਦੇ।…ਦਿਲ ਦੇ ਵਰਕੇ ਪੜ੍ਹਨ ਵਾਲੇ ਦਰਅਸਲ ਜੋਗੀ ਹੁੰਦੇ, ਆਪਣੇ ਆਪ ਨੂੰ ਅਰਪਿੱਤ। ਖੁਦੀ ਤੋਂ ਖੁਦਾ ਵੱਲ ਨੂੰ ਜਾਂਦੇ ਰਾਹਾਂ ਦੇ ਮਾਰਗੀ।” ਉਨ੍ਹਾਂ ਦੀ ਨਸੀਹਤ ਹੈ, “ਦਿਲ ਦੇ ਵਰਕਿਆਂ ਨੂੰ ਕਦੇ ਵੀ ਗੈਰਾਂ ਨਾਲ ਨਾ ਫਰੋਲੋ, ਕਿਉਂਕਿ ਗੈਰ ਤਾਂ ਗੈਰ ਹੁੰਦੇ। ਕਦੇ ਨਹੀਂ ਆਪਣੇ ਬਣਦੇ। ਨਿਜ-ਪੂਰਤੀ ਲਈ ਉਹ ਕੁਝ ਵੀ ਕਰ ਸਕਦੇ।” ਉਨ੍ਹਾਂ ਦੀ ਇਸ ਗੱਲ ਵਿਚ ਕਿੱਡਾ ਸੱਚ ਹੈ ਕਿ ਦਿਲ ਹੀ ਤਾਂ ਹੁੰਦਾ, ਜੋ ਕਦੇ ਧੋਖਾ ਨਹੀਂ ਦਿੰਦਾ। ਦਿਲ ਵਿਚੋਂ ਦਿਲ ਨੂੰ ਕਦੇ ਵੱਖਰਾ ਹੀ ਨਹੀਂ ਕੀਤਾ ਜਾ ਸਕਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਦਿਲ ਦੀਆਂ ਅਥਾਹ ਪਰਤਾਂ, ਇਸ ਦੀ ਡੂੰਘਾਈ ਅਸੀਮ। ਇਸ ਵਿਚ ਕੀ, ਕਦੋਂ, ਕਿਸ ਤਰ੍ਹਾਂ ਅਤੇ ਕਿਹੜੇ ਰੂਪ ਵਿਚ ਕੁਝ ਵਾਪਰਨਾ, ਕਦੇ ਨਹੀਂ ਪਤਾ ਲੱਗਦਾ।
ਦਿਲ ਬਾਹਰੋਂ ਸ਼ਾਂਤ, ਪਰ ਅੰਦਰੋਂ ਸਦਾ ਅਸ਼ਾਂਤ। ਸਦਾ ਹਰਕਤ ‘ਚ, ਨਿਰੰਤਰ ਧੜਕਦਾ ਅਤੇ ਇਸ ਦੀ ਧੜਕਣ ਵਿਚ ਹੀ ਜੀਵਨ ਦਾ ਵਾਸਾ।
ਦਿਲ ਦੇ ਬਹੁਤ ਸਾਰੇ ਵਰਕੇ, ਜਿਨ੍ਹਾਂ ਦੀ ਵੱਖੋ-ਵੱਖਰੀ ਤਾਸੀਰ, ਤਰਬੀਅਤ, ਤਵਾਰੀਖ ਤਾਂਘ, ਤਮੰਨਾ ਅਤੇ ਤਕੜਾਈ।
ਦਿਲ ਬਾਹਰੋਂ ਸਾਬਤ ਨਜ਼ਰ ਆਉਂਦਾ ਵੀ ਕਈ ਵਾਰ ਅੰਦਰੋਂ ਤਿੜਕਿਆ ਹੁੰਦਾ। ਤਿੜਕਣ ਦੀ ਚੀਸ ਚੁੱਪ ਦਾ ਲਿਬਾਸ ਪਾਈ ਗੁੰਮਸ਼ੁਦਗੀ ਹੰਢਾਉਣ ਲਈ ਮਜਬੂਰ।
ਦਿਲ ਦੇ ਵਰਕੇ ਕਦੇ ਲਿਖੇ ਜਾਂਦੇ, ਕਦੇ ਲਿਖਵਾਏ ਜਾਂਦੇ; ਕਦੇ ਪੜ੍ਹੇ ਜਾਂਦੇ, ਕਦੇ ਪੜ੍ਹਵਾਏ ਜਾਂਦੇ। ਕਦੇ ਇਨ੍ਹਾਂ ਦੀ ਸਮਝ ਪੈਂਦੀ, ਪਰ ਕਦੇ ਅਰਥਾਂ ਵਿਚ ਹੀ ਗਵਾਚ ਜਾਂਦੀ ਮਨੁੱਖੀ ਸੁਰਤੀ।
ਦਿਲ ਦੇ ਸਾਰੇ ਵਰਕੇ ਇਬਾਰਤ ਨਹੀਂ ਮਾਣਦੇ। ਕੁਝ ਵਰਕੇ ਕੋਰੇ ਅਤੇ ਉਨ੍ਹਾਂ ਦੇ ਮਨਾਂ ਵਿਚ ਇਬਾਰਤ ਉਕਰਵਾਉਣ ਦੀ ਤਮੰਨਾ। ਕਈ ਵਾਰ ਤਾਂ ਇਹ ਤਮੰਨਾ ਪੂਰੀ ਹੋ ਜਾਂਦੀ, ਪਰ ਬਹੁਤੀ ਵਾਰ ਅਧੂਰੀ ਹੀ ਰਹਿੰਦੀ। ਇਹੀ ਅਧੂਰਾਪਣ ਦਿਲ ਦੀ ਚਸਕ ਬਣ ਕੇ ਨੈਣਾਂ ਨੂੰ ਰਿਸਣ ਵੀ ਲਾਉਂਦਾ।
ਦਿਲ ਦੇ ਵਰਕਿਆਂ ਨੂੰ ਪੜ੍ਹਨਾ ਅਤੇ ਇਨ੍ਹਾਂ ਥੀਂ ਉਤਰਨਾ ਸਭ ਤੋਂ ਮੁਸ਼ਕਿਲ। ਕਈ ਵਾਰ ਤਾਂ ਇਨ੍ਹਾਂ ਦੀ ਇਬਾਰਤ ਦੀ ਸਮਝ ਹੀ ਨਾ ਪੈਂਦੀ ਅਤੇ ਕਈ ਵਾਰ ਅਸਾਡੀ ਸੋਚ, ਇਨ੍ਹਾਂ ਦੀ ਡੂੰਘਾਈ ਅਤੇ ਅਰਥ-ਭਾਵ ਨੂੰ ਸਮਝਣ ਤੋਂ ਕੋਰੀ।
ਦਿਲ ਦੇ ਵਰਕੇ ਕੁਝ ਵਿਰਲੇ ਪੜ੍ਹਦੇ, ਇਸ ਦੀ ਸੰਵੇਦਨਾ ਨੂੰ ਆਪਣੀ ਚੇਤਨਾ ਬਣਾਉਂਦੇ। ਇਨ੍ਹਾਂ ‘ਚੋਂ ਜੀਵਨ ਨੂੰ ਨਵੀਆਂ ਬੁਲੰਦੀਆਂ ਦਾ ਮਾਣ ਮਿਲਦਾ।
ਦਿਲ ਦੇ ਵਰਕੇ ਪੜ੍ਹਨ ਵਾਲੇ ਦਰਅਸਲ ਜੋਗੀ ਹੁੰਦੇ, ਆਪਣੇ ਆਪ ਨੂੰ ਅਰਪਿੱਤ। ਖੁਦੀ ਤੋਂ ਖੁਦਾ ਵੱਲ ਨੂੰ ਜਾਂਦੇ ਰਾਹਾਂ ਦੇ ਮਾਰਗੀ। ਉਨ੍ਹਾਂ ਨੂੰ ਜਾਚ ਹੁੰਦੀ, ਦਿਲ ਦੇ ਵਰਕਿਆਂ ਨੂੰ ਪੜ੍ਹਨ ਦੀ ਅਤੇ ਇਬਾਰਤ ਨੂੰ ਇਬਾਦਤ ਬਣਾਉਣ ਦਾ ਚਾਅ ਹੁੰਦਾ।
ਦਿਲ ਦੇ ਵਰਕਿਆਂ ਦੀ ਇਬਾਰਤ ਵਿਭਿੰਨ। ਵੱਖੋ-ਵੱਖੋ ਸਮਿਆਂ ਅਤੇ ਸਰੋਕਾਰਾਂ ਨੂੰ ਸਮਰਪਿਤ। ਵੱਖੋ-ਵੱਖ ਹਾਲਾਤ, ਸਫਲਤਾਵਾਂ, ਅਸਫਲਤਾਵਾਂ, ਨਿਰਾਸ਼ਾਵਾਂ, ਆਸ਼ਾਵਾਂ, ਉਦਾਸੀ, ਹਿਰਖ, ਸੋਗ, ਦੁੱਖ, ਸੁੱਖ, ਸਾਂਝਾਂ, ਸਿਮਰਤੀਆਂ ਅਤੇ ਸੱਜਣਾਂ ‘ਤੇ ਨਿਰਭਰ।
ਦਿਲ ਦੇ ਵਰਕਿਆਂ ਨੂੰ ਫਰੋਲੋ, ਇਸ ਦੀਆਂ ਗੁੰਝਲਾਂ ਸਮਝੋ। ਇਸ ਦੀਆਂ ਬਾਰੀਕੀਆਂ ਨੂੰ ਸਮਝਣ ਅਤੇ ਇਸ ਵਿਚੋਂ ਨਵੇਂ ਸੂਰਜ ਉਗਾਉਣ ਦੀ ਤਮੰਨਾ ਮਨ ਵਿਚ ਪੈਦਾ ਕਰੋ।
ਦਿਲ ਦੇ ਵਰਕਿਆਂ ਨੂੰ ਕਦੇ ਵੀ ਗੈਰਾਂ ਨਾਲ ਨਾ ਫਰੋਲੋ, ਕਿਉਂਕਿ ਗੈਰ ਤਾਂ ਗੈਰ ਹੁੰਦੇ। ਕਦੇ ਨਹੀਂ ਆਪਣੇ ਬਣਦੇ। ਨਿਜ-ਪੂਰਤੀ ਲਈ ਉਹ ਕੁਝ ਵੀ ਕਰ ਸਕਦੇ। ਉਨ੍ਹਾਂ ਵਰਕਿਆਂ ਨੂੰ ਜੱਗ ਜਾਹਰ ਕਰ ਸਕਦੇ, ਜਿਨ੍ਹਾਂ ਨੂੰ ਤੁਸੀਂ ਆਪਣੇ ਲਈ ਹੀ ਮਹਿਫੂਜ਼ ਰੱਖਣਾ ਚਾਹੁੰਦੇ। ਪਰਾਇਆਂ ਕੋਲ ਖੋਲੇ ਰਾਜ ਅਤੇ ਫਰੋਲੀਆਂ ਪਰਤਾਂ, ਕਦੇ ਵੀ ਤੁਹਾਡੀਆਂ ਨਹੀਂ ਰਹਿੰਦੀਆਂ।
ਦਿਲ-ਵਰਕਿਆਂ ਨੂੰ ਆਪਣਿਆਂ ਨਾਲ ਫਰੋਲੋ, ਜੋ ਅੰਦਰੋਂ ਤੁਹਾਡੇ ਰਾਜ਼ਦਾਨ। ਤੁਹਾਡੀਆਂ ਖੈਰ-ਸੁੱਖਾਂ ਦੇ ਗਵਾਹ। ਤੁਹਾਡੇ ਲਈ ਦੁਆ ਅਤੇ ਚੜ੍ਹਦੀ ਕਲਾ ਦੀ ਅਰਦਾਸ।
ਦਿਲ ਦੇ ਵਰਕਿਆਂ ‘ਤੇ ਕੁਝ ਇਬਾਰਤ ਧੁੰਦਲੀ ਹੁੰਦੀ, ਜੋ ਆਪਣਿਆਂ ਨੂੰ ਉਡੀਕਦੀ ਧੁੰਦਲਕੇ ਦਾ ਸ਼ਿਕਾਰ ਹੋ ਨੈਣਾਂ ਵਿਚ ਕੋਸੇ ਹੰਝੂਆਂ ਦੀ ਨੈਂਅ ਵਹਾਉਣ ਜੋਗੀ ਹੀ ਰਹਿੰਦੀ। ਕਦੇ ਇਸ ਧੁੰਦਲਕੀ ਇਬਾਰਤ ਦੀ ਸੰਵੇਦਨਾ ਨੂੰ ਸਮਝੋ, ਇਸ ਨਾਲ ਸੰਵਾਦ ਰਚਾਓ ਅਤੇ ਇਸ ਵਿਚੋਂ ਬੀਤੇ ਨੂੰ ਕਿਆਸੋ। ਆਪਣੇ ਸਫਰ ਦੀਆਂ ਪੈੜਾਂ ਨੂੰ ਨਿਹਾਰੋ ਅਤੇ ਦੇਖੋ ਕਿ ਤੁਹਾਡੀ ਸੰਵੇਦਨਾ ਤੇ ਸੋਚ ਵਿਚ ਸੂਹੇ ਫੁੱਲ ਉਗੇ ਨੇ ਜਾਂ ਬੀਤੇ ਸਮਿਆਂ ਵਿਚ ਤੁਹਾਡੀ ਰੂਹ ਦੇ ਖਿੜੇ ਫੁੱਲ ਵੀ ਮੁਰਝਾ ਗਏ ਨੇ?
ਦਿਲ ਦੇ ਵਰਕਿਆਂ ‘ਤੇ ਕੁਝ ਹਰਫ-ਬੰਧਨਾ ਬਹੁਤ ਹੀ ਉਘੜਵੇਂ ਰੂਪ ਵਿਚ ਹੁੰਦੀ। ਹਰਫ ਚਮਕਦੇ। ਇਸ ਦੇ ਅਰਥਾਂ ਵਿਚ ਸੁੱਚਮ ਅਤੇ ਸੰਦੇਸ਼ ਦੀ ਭਾਵਨਾ। ਇਸ ਇਬਾਰਤ ਵਿਚੋਂ ਉਗਦੇ ਸੂਰਜਾਂ ਨੂੰ ਨਮਸਕਾਰ ਕਰੋ। ਇਸ ‘ਚ ਟਿਮਟਿਮਾਉਂਦੇ ਤਾਰਿਆਂ ਵਿਚੋਂ ਰੌਸ਼ਨ-ਰਾਗਨੀ ਦਾ ਨਾਦ ਸੋਚ-ਜੂਹ ਵਿਚ ਉਪਜਾਓ, ਤੁਹਾਡੀ ਮਨ-ਨਗਰੀ ਨੂੰ ਆਪਣੀਆਂ ਰਹਿਮਤਾਂ, ਬਖਸ਼ਿਸ਼ਾਂ ਅਤੇ ਇਸ ਦੇ ਅਨੰਦ ਤੇ ਬੇਪਨਾਹੀ ਦਾ ਅਹਿਸਾਸ ਜਰੂਰ ਹੋਵੇਗਾ।
ਦਿਲ ਦੇ ਵਰਕਿਆਂ ‘ਤੇ ਕੁਝ ਇਬਾਰਤ ਕਾਲੇ ਹਾਦਸਿਆਂ ਨਾਲ ਲਪੇਟੀ। ਵਰਤੇ ਭਾਣੇ, ਹੋਈਆਂ ਅਣਹੋਣੀਆਂ, ਢਾਹੇ ਕਹਿਰਾਂ ਅਤੇ ਤਸ਼ੱਦਦ ਦੀਆਂ ਤਹਿਆਂ। ਇਹ ਕੁਝ ਕਹਿਣਾ, ਕੁਝ ਦੱਸਣਾ, ਕੁਝ ਫਰੋਲਣਾ ਅਤੇ ਕੁਝ ਸੰਵੇਦਨਾ ਰੂਹ-ਰਮਤਾ ਦੇ ਨਾਮ ਲਾਉਣਾ ਚਾਹੁੰਦੀਆਂ। ਕਦੇ ਅਜਿਹੀ ਇਬਾਰਤ ਵਿਚ ਖੁਦ ਨੂੰ ਭਿਉਣਾ ਤੇ ਜਿਉਣਾ, ਸ਼ਬਦ ਮਾਲਾ ਨੂੰ ਆਪਣਿਆਂ ਨਾਲ ਮਿਲ ਕੇ ਬਹੁਤ ਚੰਗਾ ਲੱਗੇਗਾ।
ਦਿਲ ਦੇ ਵਰਕਿਆਂ ‘ਤੇ ਉਕਰੀ ਉਸ ਇਬਾਰਤ ਦੀ ਕਦੇ ਕਦਾਈਂ ਨਜ਼ਰਸਾਨੀ ਕਰਦੇ ਰਹਿਣਾ, ਜਿਨ੍ਹਾਂ ਵਿਚ ਸਿਸਕੀਆਂ ਦੀ ਵੇਦਨਾ ਹੈ, ਰੁੱਸੇ ਹੋਏ ਚਾਵਾਂ ਦੀਆਂ ਲਿਲਕੜੀਆਂ ਨੇ, ਤਿੜਕੇ ਸੁਪਨਿਆਂ ਦਾ ਦਰਦ ਹੈ, ਬਸਤਿਆਂ ‘ਚ ਗੁੰਮ ਕਿਤਾਬ-ਅਰਜੋਈ ਹੈ, ਭੁੱਖੇ ਪੇਟ ਲਈ ਟੁੱਕਰ ਦੀ ਆਸਥਾ ਹੈ, ਆਪਣੇ ਆਪ ਤੋਂ ਦੂਰ ਜਾਂਦੀਆਂ ਪੈੜਾਂ ਲਈ ਹੋਕਰਾ ਹੈ ਅਤੇ ਆਪਣਾ ਮਰਸੀਆ ਪੜ੍ਹਨ ਤੋਂ ਬੇਮੁੱਖ ਹੋਈ ਸੋਚ ਦਾ ਵਿਗੋਚਾ ਹੈ। ਅਜਿਹੀ ਇਬਾਰਤ ਵਿਚ ਬਹੁਤ ਕੁਝ ਪ੍ਰਤੱਖ ਅਤੇ ਬਹੁਤ ਕੁਝ ਅਪ੍ਰਤੱਖ ਰੂਪ ਵਿਚ ਹੁੰਦਾ। ਸਭ ਤੋਂ ਜਰੂਰੀ ਹੁੰਦਾ ਹੈ ਅਪ੍ਰਤੱਖ ਨੂੰ ਸਮਝਣਾ ਅਤੇ ਇਸ ਦੀ ਸਾਰਥਕਤਾ ਤੇ ਸਮਝ ਨੂੰ ਸੋਚ-ਜੂਹ ਵਿਚ ਧਰਨਾ।
ਦਿਲ ਦੇ ਕੁਝ ਵਰਕਿਆਂ ਨੂੰ ਜ਼ਰਜ਼ਰੀ ਹੋਂਦ ਦਾ ਘੁਣ ਵੀ ਵਿਚੋ ਵਿਚ ਖਾਈ ਜਾਂਦਾ। ਉਹ ਹੋਂਦ ਦੀ ਚਿਰੰਜੀਵਤਾ ਦੀ ਜਦੋਜਹਿਦ ਵਿਚ ਹੀ ਖੁਦ ਨੂੰ ਦਰਦਮੰਦਾਂ ਦੀ ਆਹੀਂ ਬਣਾ ਲੈਂਦੇ। ਇਹ ਆਹ ਮਨੁੱਖੀ ਸੋਚ ਵਿਚਲੇ ਉਨ੍ਹਾਂ ਮਘੋਰਿਆਂ ਕਾਰਨ ਹੁੰਦੀ, ਜਿਨ੍ਹਾਂ ਵਿਚੋਂ ਕਾਲਖਾਂ ਨੂੰ ਚਾਨਣ ਹਜ਼ਮ ਕਰਨ ਅਤੇ ਆਪਣਾ ਪਰਚਮ ਲਹਿਰਾਉਣ ਦਾ ਹੋਕਰਾ ਮਿਲਦਾ।
ਦਿਲ ਦੇ ਵਰਕਿਆਂ ਦੀ ਇਬਾਰਤ ਵਿਚ ਕੁਝ ਸਾਰਥਕ ਸੁਨੇਹੇ ਵੀ, ਜੋ ਬੀਤੇ ਵਕਤ ‘ਤੇ ਆਪਣੀ ਪਛਾਣ ਸਿਰਜਦੇ। ਇਨ੍ਹਾਂ ਸੁਨੇਹਿਆਂ ਦੀ ਕੰਨੀ ਫੜ ਕੇ ਮੰਝਧਾਰ ਵਿਚ ਠਿੱਲਣ ਅਤੇ ਇਸ ਨੂੰ ਪਾਰ ਕਰਨ ਦਾ ਹੀਆ ਮਨ ਵਿਚ ਪੈਦਾ ਹੁੰਦਾ। ਇਨ੍ਹਾਂ ਵਰਕਿਆਂ ਨੂੰ ਆਪਣੀ ਰੂਹ-ਰਵਾਨਗੀ ਅਤੇ ਰੂਹ-ਪੈਗਾਮ ਬਣਾ ਕੇ ਰਾਹਾਂ ਨੂੰ ਜੀਵਨ-ਬੰਦਗੀ ਬਣਾਉਣ ਵਾਲੇ ਹੀ ਸ਼ਾਹ-ਅਸਵਾਰ ਹੁੰਦੇ।
ਦਿਲ ਦੇ ਵਰਕਿਆਂ ਵਿਚ ਕੁਝ ਕਵਿਤਾ ਜਿਹੇ ਪਲ ਵੀ ਹੁੰਦੇ, ਜਦ ਰੰਗਾਂ ਵਿਚ ਭਿੱਜਣ ਨੂੰ ਜੀਅ ਕਰਦਾ। ਕੁਝ ਮਹਿਕਾਂ ਨਾਲ ਲਬਰੇਜ਼ ਪਲਾਂ ਦੀ ਬੁੱਕਲ ਵੀ ਹੁੰਦੀ, ਜਦ ਮਹਿਕ ਵਿਚ ਮਹਿਕ ਬਣਨ ਦੀ ਲੋਚਾ ਹੁੰਦੀ। ਆਪਣਿਆਂ ਦੇ ਸਾਥ ਵਿਚ ਜੀਵਨ ਨੂੰ ਨਵੀਂਆਂ ਬੁਲੰਦੀਆਂ ਦੇਣ ਅਤੇ ਆਪਣੇ ‘ਚੋਂ ਆਪੇ ਨੂੰ ਮਨਫੀ ਕਰਨ ਦਾ ਵਿਸਮਾਦ ਹੁੰਦਾ। ਉਹ ਪਲ ਵੀ ਹੁੰਦੇ, ਜੋ ਤੁਸੀਂ ਆਪਣਿਆਂ ਨਾਲ ਹੀ ਸਾਂਝੇ ਕੀਤੇ ਹੁੰਦੇ। ਮਾਪਿਆਂ ਦੀ ਨਿੱਘੀ ਬੁੱਕਲ ਦਾ ਕੋਸਾਪਣ ਵੀ ਹੁੰਦਾ। ਉਨ੍ਹਾਂ ਦੀ ਹੱਲਾਸ਼ੇਰੀ ਵੀ ਅਤੇ ਸਿਰ ਦੇ ਸ਼ਮਲੇ ਨੂੰ ਉਚਾ ਰੱਖ ਕੇ ਜਿਉਣ ਦਾ ਵਲਵਲਾ ਵੀ।
ਦਿਲ ਦੇ ਵਰਕਿਆਂ ਵਿਚ ਜੀਵਨ ਦੇ ਸੁਖਦ ਅਹਿਸਾਸਾਂ ਦੀ ਮਿੱਠੀ ਯਾਦ ਵੀ ਅੰਗੜਾਈ ਭਰਦੀ, ਜਦ ਅਸੀਂ ਉਨ੍ਹਾਂ ਦੀ ਛੋਹ ਨੂੰ ਪੁਨਰ-ਸੰਜੀਵ ਕਰਦੇ। ਬਚਪਨੀ ਪਲਾਂ, ਸ਼ਰਾਰਤਾਂ, ਅਲਮਸਤੀ, ਲਬਰੇਜ਼ਤਾ ਅਤੇ ਫਕੀਰੀ ਨੂੰ ਆਪਣੀ ਰੂਹ-ਰੰਗਰੇਜ਼ਤਾ ਬਣਾ ਕੇ ਆਪਣਾ ਸੰਸਾਰ ਖੁਦ ਸਿਰਜਦੇ। ਇਸ ਵਿਚੋਂ ਆਪਣੀ ਖੁਦੀ ਅਤੇ ਖੁਦਾ ਨੂੰ ਚਿਤਵ ਕੇ ਕੁਝ ਅਜਿਹਾ ਕਰਦੇ ਨੇ ਕਿ ਸਮਾਂ ਹੀ ਠਹਿਰ ਜਾਵੇ। ਅਜਿਹੀ ਇਬਾਰਤ-ਮੌਲਣ ਰੁੱਤ ਕਦੇ ਵਾਪਸ ਨਹੀਂ ਪਰਤਦੀ।
ਦਿਲ ਦੇ ਵਰਕਿਆਂ ‘ਤੇ ਉਕਰੀ ਇਬਾਰਤ ਰੂਹ ਦੀ ਚਾਦਰ ‘ਤੇ ਸੂਖਮ ਸੋਚ ਅਤੇ ਭਾਵਨਾ ਨਾਲ ਉਕਰੀ ਉਹ ਤਸ਼ਬੀਹ, ਜਿਸ ਵਿਚੋਂ ਮਨੁੱਖਤਾ ਅਤੇ ਮਾਨਵਤਾ ਹੀ ਹਾਜ਼ਰ ਜਦ ਕਿ ਮਨੁੱਖ ਮਨਫੀ।
ਦਿਲ ਦੇ ਵਰਕੇ ਫਰੋਲਣ ਵਾਲੇ ਜੋਗੜੇ ਹੁੰਦੇ। ਉਹ ਖੁਦ ਨਾਲ ਸੰਵਾਦ ਰਚਾਉਂਦੇ, ਆਪਣੇ ਆਪ ਨਾਲ ਗੱਲਾਂ ਕਰਦੇ, ਹੁੰਗਾਰਾ ਭਰਦੇ। ਉਹ ਆਪਣੀ ‘ਮੈਂ’ ਨੂੰ ‘ਆਪਾਂ’, ਖੁਦੀ ਨੂੰ ਖੁਦਾ, ਹੰਕਾਰ ਨੂੰ ਹਲੀਮੀ, ਵਡਿੱਤਣ ਨੂੰ ਨਿਵਾਣ ਅਤੇ ਬਹੁਤ ਕੁਝ ਨੂੰ ਤੁੱਛ ਸਮਝਣ ਵਿਚ ਭਲਾਈ ਸਮਝਦੇ।
ਬਹੁਤੇ ਲੋਕ ਦਿਲ ਦੇ ਬੰਦ ਦਰਵਾਜਿਆਂ ‘ਤੇ ਪਹਿਰੇ ਲਾਉਂਦੇ। ਇਨ੍ਹਾਂ ਦੇ ਤਖਤਿਆਂ ਦੀਆਂ ਝੀਤਾਂ ਵੀ ਨਾ ਰਹਿਣ ਦਿੰਦੇ। ਵੱਡੇ ਲਟਕਦੇ ਜਿੰਦਰੇ, ਖੋਲ੍ਹਣ ਵਾਲੇ ਲਈ ਤਾੜਨਾ ਹੁੰਦੇ। ਅਜਿਹੇ ਦਿਲ ਬੋਅ ਮਾਰਦੇ। ਬਹੁਤ ਕੁਝ ਦਫਨ ਹੁੰਦਾ ਰਹਿੰਦਾ। ਕਬਰਾਂ ਜਿਹੇ ਇਨ੍ਹਾਂ ਦਿਲਾਂ ਵਿਚ ਕਿਸੇ ਨੇ ਕੀ ਰਹਿਣਾ? ਰਹਿ ਕੇ ਵੀ ਕੀ ਕਰਨਾ? ਸਿਰਫ ਮਰਨਾ ਹੀ ਹੁੰਦਾ ਅਤੇ ਇਸ ਮਰਨ ਨਾਲੋਂ ਤਾਂ ਖੁਦਕੁਸ਼ੀ ਹੀ ਭਲੀ।
ਦਿਲ ਨੂੰ ਹਨੇਰੀਆਂ ਕੰਦਕਾਂ ਵਿਚ ਬਦਲਣ ਵਾਲੇ, ਦਿਲ ਦੀਆਂ ਸੁੱਕੀਆਂ ਬਰੂਹਾਂ ਵਿਚ ਪੈਦਾ ਹੋਏ ਰੁੱਖੇਪਣ ਨੂੰ ਮੁਖਾਤਬ ਹੋਣ ਵਾਲੇ ਜਾਂ ਆਪਣੇ ਦਿਲ ਦੀ ਨਗਰੀ ਵਿਚ ਆਉਣ ਵਾਲਿਆਂ ਨੂੰ ਦਰ-ਕਿਨਾਰ ਕਰਨ ਵਾਲਿਆਂ ਨੂੰ ਕੀ ਕਹੋਗੇ? ਅਜਿਹੇ ਲੋਕ ਜਦ ਆਪਣੇ ਦਿਲ ਵਿਚ ਕਿਸੇ ਨੂੰ ਥਾਂ ਨਹੀਂ ਦਿੰਦੇ ਤਾਂ ਹੋਰਨਾਂ ਦੇ ਦਿਲ-ਦਰਵਾਜੇ ਵੀ ਉਨ੍ਹਾਂ ਲਈ ਸਦਾ ਬੰਦ ਹੋ ਜਾਂਦੇ। ਉਹ ਸਿਰਫ ਇਕ ਸੋਗ ਅਤੇ ਸੋਗਵਰ ਪਲਾਂ ਦਾ ਪੀੜ੍ਹਾ ਡਾਹ ਕੇ ਆਪਣੀ ਮੌਤ ਉਡੀਕਦਿਆਂ ਜੀਵਨ ਨੂੰ ਅਲਵਿਦਾ ਕਹਿ ਜਾਂਦੇ, ਤਾਂ ਹੀ ਕਦੇ ਕਦੇ ਕਹਿਣ ਨੂੰ ਜੀ ਕਰਦਾ,
ਦਿਲ ਦੇ ਵਰਕੇ ਫਰੋਲ ਜੋਗੀਆ
ਸੂਹਾ ਰੰਗ ਫਿੱਕੜੇ ‘ਚ ਘੋਲ ਜੋਗੀਆ
ਵਰਕੇ ਤਾਂ ਸਮਿਆਂ ਦੀ ਜੂਹ ਜੋਗੀਆ
ਇਨ੍ਹਾਂ ਵਿਚ ਵੱਸਦੀ ਏ ਰੂਹ ਜੋਗੀਆ
ਕਦੇ ਲੈ ਤੂੰ ਇਸ ਦੀ ਤਾਂ ਸਾਰ ਜੋਗੀਆ
ਜਿੰਦਗੀ ਤੋਂ ਕਾਹਤੋਂ ਬੈਠਾ ਹਾਰ ਜੋਗੀਆ।

ਵਰਕੇ ਤਾਂ ਪੈੜਾਂ ਦੇ ਨਿਸ਼ਾਨ ਜੋਗੀਆ
ਇਨ੍ਹਾਂ ਵਿਚੋਂ ਝਾਕਦਾ ਈਮਾਨ ਜੋਗੀਆ
ਇਬਾਰਤ ‘ਚੋਂ ਖੁਦ ਨੂੰ ਪਛਾਣ ਜੋਗੀਆ
ਤਾਂ ਹੀ ਬਣ ਸਕਦੈਂ ਮਹਾਨ ਜੋਗੀਆ।

ਵਰਕੇ ਦੇ ਰੰਗੀਂ ਰਚੀ ਸੋਚ ਜੋਗੀਆ
ਜਿਸ ਵਿਚ ਜੀਵਨ ਦੀ ਲੋਚ ਜੋਗੀਆਂ
ਇਹੀ ਸਨ ਹੋਸ਼ ਤੇ ਜੋਸ਼ ਜੋਗੀਆ
ਜਖਮਾਂ ਦੇ ਖਰੀਂਢ ਨਾ ਖਰੋਚ ਜੋਗੀਆ।

ਕਰੇ ਵਰਕਿਆਂ ਦੀ ਚੁੱਪ ਸਵਾਲ ਜੋਗੀਆ
ਧਰੀਂ ਉੱਤਰਾਂ ਦਾ ਜਰਾ ਤੂੰ ਖਿਆਲ ਜੋਗੀਆ
ਸੁੱਤੀ ਹੋਈ ਚੇਤਨਾ ਉਠਾਲ ਜੋਗੀਆ
ਨਹੀਂ ਹੋ ਜੁ ਜੀਣਾ ਮੁਹਾਲ ਜੋਗੀਆ।

ਵਰਕਿਆਂ ‘ਚ ਗਮ ਦਾ ਨਾਸੂਰ ਜੋਗੀਆ
ਹੋਣਾ ਪੈਣਾ ਸਨਮੁਖ ਤਾਂ ਜਰੂਰ ਜੋਗੀਆ
ਪਤਾ ਕਰੀਂ ਕੀਹਦਾ ਏ ਕਸੂਰ ਜੋਗੀਆ
ਤਾਂ ਹੀ ਬੁੱਝੇ ਮੁੱਖੋਂ ਝਰੂ ਨੂਰ ਜੋਗੀਆ।

ਵਰਕਿਆਂ ਦੀ ਹਾਕ ਕਦੇ ਸੁਣ ਜੋਗੀਆ
ਹਾਸਿਆਂ ‘ਚ ਹਾੜਿਆਂ ਨੂੰ ਪੁਣ ਜੋਗੀਆ
ਸੱਦ-ਸੋਚ ਕਰਮਾਂ ‘ਤੇ ਖੁਣ ਜੋਗੀਆ
ਉਧੜੀ ਜਿੰਦ-ਦਰੀਂ ਤੂੰ ਬੁਣ ਜੋਗੀਆ।
ਦਿਲ ਦੇ ਵਰਕੇ ਫਰੋਲਦਿਆਂ ਪਿੱਛਲਖੁਰੀ ਝਾਤ ਜਰੂਰ ਮਾਰਨਾ, ਅਪਣੱਤ ਤੇ ਬੇਗਾਨਗੀ ਵਿਚਲਾ ਫਰਕ ਸਾਹਮਣੇ ਆਵੇਗਾ; ਆਪਣਿਆਂ ਤੇ ਬੇਗਾਨਿਆਂ ਦੇ ਵਰਤਾਅ ਵਿਚਲਾ ਫਰਕ ਪਤਾ ਲੱਗੇਗਾ ਅਤੇ ਪੈਰਾਂ ਵਿਚ ਵਿਛਾਏ ਕੰਡੇ ਜਾਂ ਰਾਹਾਂ ‘ਚ ਚਾਨਣ-ਵਿਛਾਈ ਨੂੰ ਸਮਝ ਸਕੋਗੇ।
ਦਿਲ ਦੇ ਵਰਕਿਆਂ ‘ਤੇ ਜਦ ਕਿਸੇ ਲੇਖਕ ਦਾ ਮਨ ਜਾਂ ਕਿਸੇ ਕਵੀ ਦੀ ਆਤਮਾ ਆਪਣੀ ਸੰਵੇਦਨਾ ਉਕਰਦੀ ਤਾਂ ਸਮਿਆਂ ਦਾ ਸੱਚ ਇਸ ਦੇ ਸਰਬ-ਸੁਖਨ ਦਾ ਸੰਦੇਸ਼ ਬਣਦਾ।
ਦਿਲ ਦੇ ਵਰਕਿਆਂ ਨੂੰ ਜਰੂਰ ਫਰੋਲੋ, ਜਦ ਉਦਾਸੀ ਮਨ ਦੀ ਜੂਹ ਮੱਲੇ, ਚੁੱਪ ਹਾਵੀ ਹੋ ਜਾਵੇ, ਸ਼ਬਦ, ਭਾਵਨਾਵਾਂ ਨੂੰ ਉਲਥਾਉਣ ਤੋਂ ਮੁੱਨਕਰ ਹੋ ਜਾਣ, ਲਿਖਤ ਵਿਚੋਂ ਅਰਥਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਜਾਵੇ ਜਾਂ ਖੁਦ ਨੂੰ ਜਲਾਵਤਨ ਕਰਨ ਦੀ ਕਾਹਲ ਹੋਵੇ। ਅਜਿਹੇ ਮੌਕੇ ਦਿਲ ਦੇ ਵਰਕਿਆਂ ਦੀ ਆਗੋਸ਼ ਵਿਚਲਾ ਨਿੱਘ ਅਤੇ ਸਕੂਨ, ਉਪਰਾਮਤਾ ਨੂੰ ਖਤਮ ਕਰ, ਤੁਹਾਨੂੰ ਤੁਹਾਡੇ ਸਮੁੱਚ ਦੇ ਰੂਬਰੂ ਕਰ ਸੁਖਦ-ਭਾਵ ਦਾ ਅਹਿਸਾਸ ਪੈਦਾ ਕਰੇਗਾ।
ਦਿਲ ਦੇ ਵਰਕਿਆਂ ਨੂੰ ਮੋਹ ਨਾਲ ਸਜਾਵੋ, ਅਪਣੱਤ ਦਾ ਛਿੜਕਾਓ ਕਰੋ ਅਤੇ ਤਲੀ ‘ਤੇ ਪਿਆਰ ਪਰੁੱਚੇ ਪਲਾਂ ਦਾ ਨਿਉਂਦਾ ਪਾਓ, ਇਹ ਵਰਕੇ ਤੁਹਾਡਾ ਹਾਰਦਿਕ ਸੁਆਗਤ ਕਰਦੇ ਤੁਹਾਡੀਆਂ ਬਲਾਵਾਂ ਆਪਣੇ ਸਿਰ ਲੈਣਗੇ। ਦਿਲ ਹੀ ਤਾਂ ਹੁੰਦਾ, ਜੋ ਕਦੇ ਧੋਖਾ ਨਹੀਂ ਦਿੰਦਾ। ਦਿਲ ਵਿਚੋਂ ਦਿਲ ਨੂੰ ਕਦੇ ਵੱਖਰਾ ਹੀ ਨਹੀਂ ਕੀਤਾ ਜਾ ਸਕਦਾ।
ਦਿਲ ਦੇ ਵਰਕੇ ਇਹ ਵੀ ਸੂਹ ਦਿੰਦੇ ਕਿ ਆਪਣੇ ਮੂਲ ਨਾਲ ਜੁੜਨਾ ਕਿੰਨਾ ਜਰੂਰੀ? ਆਪਣੀ ਗਰੀਬੀ, ਪੁਰਾਣੇ ਘਰਾਂ, ਢਾਰਿਆਂ ਅਤੇ ਛੰਨਾਂ ਨੂੰ ਯਾਦ ਰੱਖਣ ਦੇ ਕੀ ਮਾਅਨੇ? ਬਰਸਾਤਾਂ ਵਿਚ ਚੋਂਦੀਆਂ ਛੱਤਾਂ ਅਤੇ ਕੱਚੀਆਂ ਕੰਧਾਂ ਤੋਂ ਕਿਰਦੇ ਲਿਓੜ ਕਿਸੇ ਗਰੀਬ ਲਈ ਕੀ ਅਰਥ ਰੱਖਦੇ? ਸਿਰ ‘ਤੇ ਬੋਰੀ ਦਾ ਝੁੰਬ ਮਾਰ ਕੇ ਖੜੇ ਪਾਣੀ ਵਿਚ ਚਰੀ ਵੱਢਣ ਨੂੰ ਅਤੇ ਪੁੱਤਾਂ ਵਾਂਗ ਪਾਲੇ ਪਸੂਆਂ ਦੀ ਭੁੱਖ-ਪੂਰਤੀ ਕਿਸ ਨੂੰ ਕਹਿੰਦੇ?
ਦਿਲ ਦੇ ਵਰਕੇ ਇਹ ਵੀ ਪਤਾ ਦਿੰਦੇ ਕਿ ਮੰਡ ਵਿਚ ਪਸੂ ਚਾਰਨੇ ਜਾਂ ਘਾਹ ਖੋਤਦਿਆਂ ਅੰਬਰ ਜਿੱਡੇ ਸੁਪਨੇ ਲੈਣ ਅਤੇ ਇਨ੍ਹਾਂ ਦੀ ਪੂਰਤੀ ਵਿਚਲੇ ਪਾੜੇ ਨੂੰ ਪੂਰਨ ਲਈ ਕਿਵੇਂ ਵਿਉਂਤਾਂ ਗੂੰਦੀਆਂ ਜਾਂਦੀਆਂ? ਵੱਗ ਚਾਰਨ ਜਾਂਦਿਆਂ ਰਾਹ ਦੀ ਧੁੱਦਲ ਵਿਚ ਗੁੰਮ ਜਾਣ ਅਤੇ ਇਸ ‘ਚੋਂ ਕਿਸੇ ਸੂਰਜ ਦੀ ਝਾਕ ਰੱਖਣ ਲਈ ਕੀ ਤਰੱਦਦ ਕਰਨਾ ਪੈਂਦਾ? ਇਹ ਵੀ ਚੇਤਿਆਂ ਵਿਚ ਤਾਜਾ ਹੋ ਜਾਂਦਾ ਕਿ ਸਵੇਰੇ ਚਾਹ ਪੀਣ ਤੋਂ ਪਹਿਲਾਂ ਸਾਝਰੇ-ਸਾਝਰੇ ਘਾਹ ਖੋਤ ਕੇ ਲਿਆਉਣ ਅਤੇ ਸਿਰ ‘ਤੇ ਚੁੱਕੀ ਘਾਹ ਦੀ ਪੰਡ ਦਾ ਭਾਰ ਕਿਉਂ ਨਹੀਂ ਸੀ ਲੱਗਦਾ?
ਦਿਲ ਦੇ ਵਰਕਿਆਂ ਤੋਂ ਇਹ ਵੀ ਸੋਅ ਮਿਲਦੀ ਕਿ ਤੁਹਾਡੇ ਸ਼ਬਦ-ਸਫਰ ਵਿਚ ਆਪਣਿਆਂ ਨੇ ਕਿਹੜੀਆਂ ਰੁਕਾਵਟਾਂ ਪਾਈਆਂ? ਹੱਥ ਵਿਚ ਆਈ ਸੁਪਨ-ਪੂਰਤੀ ਲਈ ਚਾਲੀ ਸਾਲ ਦੀ ਉਡੀਕ ਨੂੰ ਕਿਵੇਂ ਪਲ ਪਲ ਕਰਕੇ ਜੀਵਿਆ? ਇਹ ਵੀ ਜਾਹਰ ਹੁੰਦਾ ਕਿ ਬੇਰੁਜ਼ਗਾਰੀ ਵਿਚ ਜ਼ਿੰਦਗੀ ਦੀ ਤੋਰ ਕਿਵੇਂ ਲੜਖੜਾਉਂਦੀ ਏ? ਆਮ ਪਰਿਵਾਰ ਦੇ ਬੱਚੇ ਨੂੰ ਆਪਣੀ ਥਾਂ ਨਿਸ਼ਚਿਤ ਕਰਨ ਲਈ ਕਿਵੇਂ ਚੌਧਰੀਆਂ ਵਲੋਂ ਹਰ ਮੋੜ ‘ਤੇ ਠੋਕਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ?
ਦਿਲ ਦੇ ਵਰਕਿਆਂ ਵਿਚੋਂ ਹੀ ਸਪਸ਼ਟ ਹੁੰਦਾ ਕਿ ਸੁਪਨ-ਅਪੂਰਤੀ ਕਿਵੇਂ ਅੰਤਰੀਵ ਵਿਚ ਚਸਕਦੀ ਰਹਿੰਦੀ। ਤੁਸੀਂ ਇਸ ਦੀ ਪੂਰਤੀ ਤੀਕ ਸਫਰ ਨੂੰ ਜਾਰੀ ਰੱਖਣ ਦਾ ਅਹਿਦ ਕਰਦੇ, ਜੋ ਹਰ ਮੋੜ ‘ਤੇ ਵਫਾ ਕਰਦਾ ਅਤੇ ਆਖਰ ਨੂੰ ਸੁਪਨਿਆਂ ਦਾ ਸੱਚ ਤੁਹਾਡਾ ਹਾਸਲ ਬਣਦਾ।
ਦਿਲ ਦੇ ਵਰਕਿਆਂ ਨੂੰ ਵਿਸ਼ਵਾਸ, ਆਸ, ਧਰਵਾਸ ਅਤੇ ਹੁਲਾਸ ਨਾਲ ਮਿਲਦੀ ਨਵੀਂ ਤਰਕੀਬ, ਜੋ ਜੀਵਨ ਦਾ ਸਾਰਥਕ ਸੁਨੇਹਾ ਬਣਨ ਦੇ ਯੋਗ।
ਦਿਲ ਦੇ ਵਰਕਿਆਂ ਵਿਚਲੀ ਸੁਪਨ-ਸਾਧਨਾ, ਸਿਰੜ, ਸਮਰਪਣ ਅਤੇ ਸਖਤ ਘਾਲਣਾ ਨੂੰ ਕਿਵੇਂ ਅੱਖੋਂ ਪਰੋਖੇ ਕਰੋਗੇ, ਜਿਨ੍ਹਾਂ ਸਦਕਾ ਹੀ ਮਨੁੱਖ, ਮਨੁੱਖ ਹੋਣ ਦਾ ਧਰਮ ਪਾਲਦਾ ਏ।
ਦਿਲ ਦੇ ਵਰਕਿਆਂ ਵਿਚ ਤਫਸੀਲ, ਤਕਦੀਰ ਅਤੇ ਤਦਬੀਰ। ਇਸ ਦੇ ਅਰਥਾਂ ਵਿਚ ਅਦਬ, ਅਰਦਾਸ, ਅਰਾਧਨਾ, ਅਰਜੋਈ ਅਤੇ ਅੰਤਰ-ਯਾਮਤਾ। ਲਾਡ ਨਾਲ ਲਬਰੇਜ਼ ਭਾਵ। ਜੀਵਨ ਨੂੰ ਨਵੀਂ ਸੇਧ ਮਿਲਦੀ। ਵਰਕਿਆਂ ਦੇ ਹਰਫਾਂ ਵਿਚ ਹੌਸਲਾ, ਹਲੀਮੀ, ਹਮਜੋਲਤਾ ਅਤੇ ਹਮਦਰਦੀ ਦੀਆਂ ਸੂਹਾਂ, ਜੋ ਜੀਵਨ-ਜਾਚ ਨੂੰ ਪਰਿਭਾਸ਼ਤ ਕਰਨ ਵਿਚ ਅਹਿਮ।