ਪ੍ਰੋ. ਪੂਰਨ ਸਿੰਘ ਦੇ ‘ਜਪੁ’ ਜੀ ਅਨੁਵਾਦ

ਡਾ. ਜਸਵਿੰਦਰ ਸਿੰਘ*
ਫੋਨ: 91-81462-58800
ਪ੍ਰੋ. ਪੂਰਨ ਸਿੰਘ (1881-1931) ਵੀਹਵੀਂ ਸਦੀ ਦਾ ਪ੍ਰਮੁਖ ਏਸ਼ੀਆਈ-ਚਿੰਤਕ ਹੈ, ਜਿਸ ਨੇ ਸਾਹਿਤ ਅਤੇ ਅਨੁਭਵ ਦੇ ਜਗਤ ਦੀਆਂ ਸਿਰਜਣਾਤਮਕ ਰਚਨਾਵਾਂ ਤੋਂ ਇਲਾਵਾ ਦਰਸ਼ਨ, ਕਾਵਿ-ਸ਼ਾਸਤਰ, ਸਭਿਆਚਾਰ, ਰਾਜਨੀਤੀ, ਸਮਾਜਕ ਵਰਤਾਰੇ, ਸੰਗੀਤ, ਚਿੱਤਰਕਾਰੀ, ਆਰਥਕਤਾ ਅਤੇ ਵਿਗਿਆਨ ਆਦਿ ਖੇਤਰਾਂ ਵਿਚ ਸਿੱਕੇਬੰਦ ਗਿਆਨਾਤਮਕ-ਨਿਸ਼ਾਨਦੇਹੀਆਂ ਕੀਤੀਆਂ ਹਨ। ਪ੍ਰੋ. ਪੂਰਨ ਸਿੰਘ ਤੋਂ ਪਹਿਲਾਂ ਅਰਨੈਸਟ ਟਰੰਪ ਨੇ 1877 ਅਤੇ ਐਮ. ਏ. ਮੈਕਾਲਿਫ ਨੇ 1899 ਵਿਚ ‘ਜਪੁ’ ਬਾਣੀ ਦੇ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕੀਤੇ, ਪਰ ਉਨ੍ਹਾਂ ਵਲੋਂ ‘ਜਪੁ’ ਬਾਣੀ ਦੇ ਕੀਤੇ ਅਨੁਵਾਦਾਂ ਤੋਂ ਸਿੱਖ ਵਿਦਵਾਨ ਸੰਤੁਸ਼ਟ ਨਹੀਂ ਸਨ। ਡਾ. ਟਰੰਪ ਅਤੇ ਮੈਕਾਲਿਫ ਦੇ ਅਨੁਵਾਦ ਪੂਰਬਵਾਦ/ਬਸਤੀਵਾਦ ਦੇ ਪ੍ਰਵਚਨ ਨਾਲ ਜੁੜੇ ਹੋਏ ਸਨ, ਜੋ ‘ਯੂਰਪੀ ਗਿਆਨਵਾਦ’ ਤੋਂ ਮੁਕਤ ਨਹੀਂ ਸਨ।

ਪੂਰਬਵਾਦ ਪੱਛਮੀ ਚਿੰਤਨ ਵਲੋਂ ਘੜਿਆ ਗਿਆ ਵਿਸ਼ੇਸ਼ ਚਿੰਤਨ-ਪ੍ਰਬੰਧ ਸੀ, ਜਿਸ ਰਾਹੀਂ ਪੱਛਮੀ ਸਾਮਰਾਜ/ਸੱਤਾ ਦੀ ਸਦੈਵ ਸਥਾਪਤੀ ਅਤੇ ਪੂਰਬ ਦੇ ਗਿਆਨ-ਪ੍ਰਬੰਧ ਨੂੰ ਨਿਮਨ ਅਤੇ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਬਸਤੀਵਾਦ ਅਤੇ ਬਸਤੀਵਾਦੀ ਰਾਜਨੀਤੀ ਨੂੰ ਪਿਛਲੇ ਲੰਬੇ ਸਮੇਂ ਤੋਂ ਵਿਭਿੰਨ ਚਿੰਤਕਾਂ ਨੇ ਇਸ ਦੇ ਕਈ ਪਹਿਲੂਆਂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਧਿਐਨ ਦੇ ਸਿੱਟੇ ਵਜੋਂ ਇਹ ਸਥਾਪਤ ਹੋ ਗਿਆ ਹੈ ਕਿ ਬਸਤੀਵਾਦ ਦਾ ਵਰਤਾਰਾ ਇਕ ਧਿਰ ਵਲੋਂ ਦੂਜੀ ਧਿਰ ਨੂੰ ਸਿਰਫ ਰਾਜਨੀਤਿਕ ਤੌਰ ‘ਤੇ ਗੁਲਾਮ ਬਣਾਉਣਾ ਹੀ ਨਹੀਂ ਸੀ/ਹੈ, ਸਗੋਂ ਇਸ ਤੋਂ ਵੀ ਵਧੇਰੇ ਖੇਤਰੀ ਲੋਕਾਂ ਦੇ ਸਮੁੱਚੇ ਜੀਵਨ ਨਾਲ ਜੁੜੇ ਗਿਆਨ-ਪ੍ਰਬੰਧਾਂ ਨੂੰ ਵੀ ਇਕ ਖਾਸ ਵਿਆਖਿਆ ਰਾਹੀਂ ਨਿਸ਼ਚਿਤ ਕਰਨਾ ਹੈ ਤਾਂ ਕਿ ਸੱਤਾਧਾਰੀ ਲੋਕਾਂ ਦਾ ਧਰਮ ਅਤੇ ਜੀਵਨ ਬਸਤੀ ਨਿਵਾਸੀਆਂ ਦਾ ਪਰਮ ਉਦੇਸ਼ ਤੇ ਅਭਿਲਾਸ਼ਾ ਬਣ ਸਕੇ। ਬਸਤੀਵਾਦੀ, ਜਿਸ ਗਿਆਨ ਨੂੰ ਲੈ ਕੇ ਵੱਖ-ਵੱਖ ਧਰਤੀਆਂ ‘ਤੇ ਗਏ, ਉਸ ਦਾ ਮੁਖ ਆਧਾਰ ਪੱਛਮੀ ਗਿਆਨਵਾਦ ਸੀ, ਜਿਸ ਵਿਚ ਤਰਕ ਦੇ ਨੁਕਤੇ ਤੋਂ ‘ਮੁਕਤੀ’ ਦਾ ਵਾਅਦਾ ਸ਼ਾਮਲ ਸੀ। ਦੂਜੀ ਗੱਲ, ਇਹ ਗਿਆਨਵਾਦ ਇਤਿਹਾਸ ਦੇ ਲਕੀਰੀ/ਰੇਖਕੀ ਪਸਾਰ ‘ਤੇ ਨਿਰਭਰ ਸੀ, ਜਿਸ ਕਰਕੇ ਇਸ ਦਾ ਚਿੰਤਨ ਮੂਲ ਰੂਪ ਵਿਚ ਇਕਤਰਫਾ ਹੋ ਜਾਂਦਾ ਹੈ, ਜਿਸ ਵਿਚ ਇਹ ਕਿਸੇ ਹੋਰ ਗਿਆਨ ਦੀ ਸ਼ਮੂਲੀਅਤ ਨੂੰ ਪ੍ਰਵਾਨ ਨਹੀਂ ਕਰਦਾ।
ਹੋਰਨਾਂ ਬਸਤੀਆਂ ਵਾਂਗ ਪੰਜਾਬ ਵਿਚ ਇਸ ਮਾਡਲ ਦਾ ਅਸਰ ਪਿਆ, ਜਿਸ ਕਰਕੇ ਇਸ ਧਰਤੀ ਦੇ ਲੋਕ ਆਪਣੇ ਹੀ ਗਿਆਨ ਪ੍ਰਬੰਧ ਅਤੇ ਮੂਲ ਚਿੰਤਨ ਪ੍ਰਤੀ ਸੁਹਿਰਦ ਨਾ ਰਹਿ ਸਕੇ ਅਤੇ ਪ੍ਰਮਾਣਿਕ ਅਤੇ ਅਪ੍ਰਮਾਣਿਕ ਸਵਾਲਾਂ ਵਿਚ ਉਲਝ ਗਏ। ਬਸਤੀਵਾਦੀ ਚਿੰਤਨ ਨੇ ਬਸਤੀਆਂ ਦੇ ਮੂਲ-ਚਿੰਤਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਅਤੇ ਖੰਡਿਤ ਕੀਤਾ, ਇਸ ਦੇ ਅਧਿਐਨ ਲਈ ਬਰਨਾਰਡ ਐਸ਼ ਕੋਹਨ, ਐਸ਼ ਐਨ. ਬਾਲਗੰਗਾਧਰ ਅਤੇ ਅਰਵਿੰਦਪਾਲ ਸਿੰਘ ਮੰਡੇਰ ਦੀਆਂ ਲਿਖਤਾਂ ਵਾਚੀਆਂ ਜਾ ਸਕਦੀਆਂ ਹਨ।
ਜੋਨਾਥਨ ਸਮਿਥ, ਤਲਾਲ ਅਸਾਦ ਅਤੇ ਡੇਨੀਅਲ ਡਿਊਬਿਯੂਸਨ ਚਿੰਤਕਾਂ ਦੇ ਅਧਿਐਨ ਦਸਦੇ ਹਨ ਕਿ ਯੂਰਪੀ ਗਿਆਨ ਨੇ ਵਿਭਿੰਨ ਪ੍ਰਵਰਗਾਂ ਦੀ ਰਾਜਨੀਤਿਕ ਸਥਾਪਤੀ ਨਾਲ ਬਸਤੀ ਨਿਵਾਸੀਆਂ ਦੇ ਮੂਲ ਗਿਆਨ ਵਿਚ ਸਥਾਪਤੀ ਕੀਤੀ ਅਤੇ ਖੇਤਰੀ ਗਿਆਨ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ‘ਰਿਲੀਜਨ’ ਦੇ ਪ੍ਰਵਰਗ ਨੂੰ ਪ੍ਰਮੁਖ ਰੂਪ ਵਿਚ ਸਥਾਪਤ ਕੀਤਾ ਗਿਆ।
ਪੀਟਰ ਗੋਸ਼ਕ ਬਸਤੀਵਾਦੀ ਗਿਆਨਾਤਮਕ ਪ੍ਰਬੰਧ ਨੂੰ ਹਿੰਸਕ ਵਰਤਾਰਾ ਮੰਨਦਾ ਹੈ, ਜਿਸ ਵਿਚ ਕਿਸੇ ਧਰਤੀ ਦੇ ਮੂਲ ਚਿੰਤਨ ਨੂੰ ਵਿਗਿਆਨਕ ਆਧਾਰ ਰਾਹੀਂ ਅਧਿਐਨ ਕਰਦਿਆਂ ਇਕ-ਪਰਤੀ ਦਿਸ਼ਾ ਵਿਚ ਸਿੱਧਾ ਲਿਆ ਜਾਂਦਾ ਹੈ ਅਤੇ ਕੁਝ ਸਿਟਿਆਂ ਵਿਚ ਨਿਸ਼ਚਿਤ ਕਰ ਦਿਤਾ ਜਾਂਦਾ ਹੈ। ਇਸ ਵਰਤਾਰੇ ਵਿਚ ਅਨੁਵਾਦ ਦਾ ਅਨੁਸ਼ਾਸਨ ਵੀ ਰਾਜਨੀਤਿਕ ਮਨਸ਼ਾ ਕਰਕੇ ਸਥਾਪਤ ਹੋਇਆ। ਅਨੁਵਾਦ ਚਿੰਤਨ ਦੇ ਵਰਤਮਾਨ ਪ੍ਰਸੰਗ ਵਿਚ ਸਭ ਤੋਂ ਪਹਿਲਾ ਨੁਕਤਾ ਇਹ ਹੈ ਕਿ ਅਨੁਵਾਦ ਅਤੇ ਰਾਜਨੀਤੀ ਆਪਸ ਵਿਚ ਇਕਸੁਰ ਹਨ। ਅਨੁਵਾਦ ਨੂੰ ਅਜੋਕੇ ਸਮੇਂ ਵਿਚ ਰਾਜਨੀਤੀ ਤੋਂ ਭਿੰਨ ਕਰਕੇ ਵੇਖਣਾ ਗਿਆਨਾਤਮਕ ਚਿੰਤਨ ਦੀ ਰਾਜਨੀਤੀ ਨੂੰ ਨਾ ਸਮਝਣਾ ਹੈ। ਅਨੁਵਾਦ ਅਭਿਆਸ ਵਿਚ ਕਿਸੇ ਇਕ ਭਾਸ਼ਾ ਦਾ ਦੂਜੀ ਭਾਸ਼ਾ ਵਿਚ ਚਲੇ ਜਾਣਾ ਹੀ ਨਹੀਂ ਹੁੰਦਾ, ਸਗੋਂ ਇਸ ਨਾਲ ਕਿਸੇ ਇਕ ਭਾਸ਼ਾ ਦੇ ਚਿੰਨ੍ਹਾਂ ਨੂੰ ਦੂਜੀ ਭਾਸ਼ਾ ਵਿਚ ਸਥਾਪਤ ਕਰ ਦੇਣਾ ਸੂਖਮ ਰਾਜਨੀਤੀ ਦਾ ਹਿੱਸਾ ਹੈ। ਅਨੁਵਾਦ ਵਿਚ ਸਥਾਪਤ ਰਾਜਨੀਤੀ ਦਾ ਵੱਡਾ ਅਸਰ ਹੁੰਦਾ ਹੈ, ਜੋ ਪੇਚੀਦਾ ਅਤੇ ਬਾਰੀਕ ਵੀ ਹੈ ਤੇ ਸੰਘਣੀ ਵੀ। ਇਸ ਲਈ ਇਸ ‘ਤੇ ਸਰਸਰੀ ਧਿਆਨ ਨਹੀਂ ਕੀਤਾ ਜਾ ਸਕਦਾ। ਜੇ ਸੱਤਾਧਾਰੀ ਪ੍ਰਵਚਨ ‘ਚ ਵਰਤੀ ਜਾ ਰਹੀ ਭਾਸ਼ਾ ਵਿਚ ਕੋਈ ਅਨੁਵਾਦ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਵਿਚ ਨੀਰਸਤਾ ਦੇ ਪਾਠ ਦੀ ਆਤਮਾ ਦੀ ਸ਼ੁਧਤਾ ਨੂੰ ਨਾ ਰਖਿਆ ਜਾ ਸਕੇ। ਅਜਿਹਾ ਅਭਿਆਸ ਚੇਤੰਨ ਰੂਪ ਵਿਚ ਹੁੰਦਾ ਹੈ ਕਿਉਂਕਿ ਇਸ ਨਾਲ ਸਥਾਪਤ ਕੀਤੇ ਜਾ ਰਹੇ ਮਹਾਂ-ਪ੍ਰਵਚਨ ਦੇ ਟੁੱਟਣ ਦੇ ਆਸਾਰਾਂ ਨੂੰ ਘਟ ਤੋਂ ਘਟ ਕਰਨਾ ਹੁੰਦਾ ਹੈ ਤਾਂ ਕਿ ਸਥਾਪਤ ਸੱਤਾ ਅਤੇ ਉਸ ਦੇ ਪ੍ਰਵਚਨ ਨੂੰ ਬਰਕਰਾਰ ਰੱਖਿਆ ਜਾ ਸਕੇ।
ਪ੍ਰੋ. ਪੂਰਨ ਸਿੰਘ ਉਪਰੋਕਤ ਰਾਜਨੀਤੀ ਅਤੇ ਬਸਤੀਵਾਦੀ ਪ੍ਰਵਚਨ ਨੂੰ ਆਪਣੇ ਸਮੇਂ ਵਿਚ ਸਮਝਣ ਵਾਲੇ ਪ੍ਰਮੁਖ ਚਿੰਤਕ ਹਨ, ਜਿਨ੍ਹਾਂ ਨੇ ‘ਜਪੁ’ ਬਾਣੀ ਦੇ ਅੰਗਰੇਜ਼ੀ ਭਾਸ਼ਾ ਵਿਚ ਦੋ ਅਨੁਵਾਦ ਕੀਤੇ ਅਤੇ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬਾਣੀਆਂ ਦਾ ਅਨੁਵਾਦ ਕੀਤਾ। ਇਨ੍ਹਾਂ ਅਨੁਵਾਦਾਂ ਵਿਚ ਉਨ੍ਹਾਂ ਨੇ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਣੀ ਨਾ-ਅਨੁਵਾਦ ਕੀਤੇ ਜਾਣ ਵਾਲੀ ਹੈ, ਭਾਵ ਬਾਣੀ ਦੀ ਇਕ-ਪਰਤੀ ਵਿਆਖਿਆ ਸੰਭਵ ਨਹੀਂ ਹੈ। ਬਾਣੀ ‘ਅਕਾਲੀ ਵਸਤ’ ਹੈ, ਜਿਸ ਨੂੰ ਕਾਲ ਅਤੇ ਸਥਾਨ ਦੀ ਨਿਸ਼ਚਿਤਤਾ ਵਿਚ ਸੀਮਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਬਾਣੀ ਦੀ ਕਿਸੇ ਵੀ ਕਾਲ/ਸਮੇਂ ਵਿਚ ਵਿਆਖਿਆ ਕਰਨ ਲਈ ਸਿੱਖ ਅਨੁਭਵ ਦੀ ਨਿਸ਼ਚਿਤ ਕਾਲ ‘ਚ ਪਸਰੀ ਚੇਤਨਾ ਨਾਲ ਲਗਾਤਾਰ ਸਬੰਧ ਬਣਾਉਣੇ ਪੈਣਗੇ। ਕਾਲ ਦੀ ਤੋਰ ਲਗਾਤਾਰ ਮਨੁੱਖੀ ਚੇਤਨਾ ਵਿਚ ਨਵੇਂ ਪ੍ਰਸ਼ਨ ਅਤੇ ਸਮੱਸਿਆਵਾਂ ਪੈਦਾ ਕਰਦੀ ਹੈ, ਜਿਸ ਦੀ ਸਮਝ ਲਈ ਸਿੱਖ ਅਨੁਭਵ ‘ਚੋਂ ਲਗਾਤਾਰ ਵਿਆਖਿਆਵਾਂ ਦਾ ਹੁੰਦੇ ਰਹਿਣਾ ਜਰੂਰੀ ਹੈ ਕਿਉਂਕਿ ਕੋਈ ਇਕ ਵਿਆਖਿਆ ਸਿੱਖ ਅਨੁਭਵ ਦੇ ਸਮੁੱਚੇ ਪਸਾਰਾਂ ਨੂੰ ਪ੍ਰਗਟ ਨਹੀਂ ਕਰ ਸਕਦੀ। ਇਹ ਵਿਆਖਿਆ ਦੀ ਹੱਦ ਹੋਣ ਦੇ ਨਾਲ-ਨਾਲ ਇਕ ਪ੍ਰਾਪਤੀ ਵੀ ਹੈ ਕਿਉਂਕਿ ਹੱਦ ਹੀ ਕਿਸੇ ਕਾਰਜ ਨੂੰ ਪ੍ਰਗਟ ਅਤੇ ਰੂਪਮਾਨ ਕਰ ਸਕਦੀ ਹੈ। ਇਸ ਤੋਂ ਬਿਨਾ ਕਿਸੇ ਵੀ ਲਿਖਤ ਦਾ ਜਨਮ ਲੈਣਾ ਵੀ ਮੁਸ਼ਕਿਲ ਕਾਰਜ ਹੈ।
ਪ੍ਰੋ. ਪੂਰਨ ਸਿੰਘ ਅਨੁਸਾਰ ‘ਜਪੁ’ ਬਾਣੀ ਦਾ ਸਦਾ ਲਈ ਇਕ ਹੀ ਅਨੁਵਾਦ ਅਸੰਭਵ ਹੈ, ਕਿਉਂਕਿ ਇਸ ਵਿਚ ਅਨੰਤ ਬ੍ਰਹਿਮੰਡ ਇਕੱਠੇ ਘੁੰਮ ਰਹੇ ਹਨ। ਉਨ੍ਹਾਂ ਦਾ ਚਿੰਤਨ ਪ੍ਰਮੁਖ ਰੂਪ ਵਿਚ ਗਿਆਨ, ਸੁਹਜ ਅਤੇ ਅਧਿਆਤਮਕਤਾ ਦੇ ਆਪਸੀ ਰਿਸ਼ਤਿਆਂ ਵਿਚੋਂ ਪੈਦਾ ਹੁੰਦਾ ਹੈ। ਉਨ੍ਹਾਂ ਦੀ ਲਿਖਤ ਵਿਚ ਦੋ ਮੁਖ ਸਿਧਾਂਤਕ ਧੁਰੇ ‘ਅਨੁਭਵ’ ਅਤੇ ‘ਅਹਿਸਾਸ’ ਹਨ, ਜਿਨ੍ਹਾਂ ਨੂੰ ਉਹ ‘ਵਿਚਾਰ’ ਦੇ ਸਿਧਾਂਤ ਤੋਂ ਉਪਰ ਮੰਨਦੇ ਹਨ। ‘ਜਪੁ’ ਬਾਣੀ ਦਾ ਰੋਜ਼ਾਨਾ ਪਾਠ ਕੀਤਾ ਜਾਂਦਾ ਹੈ, ਜੋ ਹਰ ਵਾਰ ਨਵਾਂ ਹੈ। ਇਸ ਕਰਕੇ ਪ੍ਰੋ. ਪੂਰਨ ਸਿੰਘ ‘ਜਪੁ’ ਬਾਣੀ ਦਾ ਵਾਰ-ਵਾਰ ਅਨੁਵਾਦ ਕਰਨਾ ਚਾਹੁੰਦੇ ਹਨ ਤਾਂ ਕਿ ਕਾਲ ਵਿਚ ਪਸਰੀ ਚੇਤਨਾ ਦੇ ਆਪਣੇ ਅਧਿਆਤਮਕ ਸਰੋਤ ਨਾਲ ਮਿਲਣ ਅਤੇ ਉਸ ਵਿਚੋਂ ਪ੍ਰਗਟ ਹੁੰਦੇ ਅਹਿਸਾਸਾਂ ਨੂੰ ਦੱਸ ਸਕਣ ਕਿ ਇਹ ਹਰ ਵਾਰ ਨਵੇਂ ਅਤੇ ਮੌਲਦੇ ਹੋਏ ਹੁੰਦੇ ਹਨ। ਆਪਣੇ ਕੀਤੇ ਅਨੁਵਾਦ ਬਾਰੇ ਉਹ ਕਹਿੰਦੇ ਹਨ, “ਹੋ ਸਕਦਾ ਹੈ, ਤੁਸੀਂ ਕਹੋ ਕਿ ਇਹ ਅਨੁਵਾਦ ਨਹੀਂ ਹੈ। ਸਚਮੁਚ ਹੀ, ਇਹ ਨਹੀਂ ਹੈ ਸਗੋਂ ਇਹ ਅਨੰਤ ਕੀਤੇ ਗਏ ਪਾਠਾਂ ਵਿਚੋਂ ਇਕ ਹੈ।”
ਇਸ ਤਰ੍ਹਾਂ ਪ੍ਰੋ. ਪੂਰਨ ਸਿੰਘ ਅਨੁਵਾਦ ਦੇ ਬਸਤੀਵਾਦੀ ਨਿਸ਼ਚਿਤ ਚੌਖਟੇ ਵਿਚ ਅਨੁਵਾਦ ਕਰਨ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ, ਸਗੋਂ ਸਿੱਖ ਅਨੁਭਵ ਦੇ ਨੁਕਤੇ ਤੋਂ ‘ਪਾਠ’ ਦਾ ਮੌਲਿਕ ਪ੍ਰਵਰਗ ਉਸਾਰਦੇ ਹਨ, ਜੋ ਬਸਤੀਵਾਦੀ ਰਾਜਨੀਤਿਕ ਗਿਆਨਾਤਮਕ ਪ੍ਰਬੰਧ ਤੋਂ ਮੁਕਤ ਮੁਹਾਵਰਾ ਸਿਰਜਦਾ ਹੈ। ਉਹ ‘ਜਪੁ’ ਬਾਣੀ ਦੀ ਵਿਆਖਿਆ ਇਕਹਿਰੇ ਦ੍ਰਿਸ਼ਟੀਕੋਣ ਤੋਂ ਨਾ ਕਰਕੇ ਇਸ ਦੀ ਵਿਸ਼ਵ-ਵਿਆਪੀ ਸੰਦਰਭ ਵਿਚ ਵਿਆਖਿਆ ਕਰਦੇ ਹਨ। ਉਨ੍ਹਾਂ ਲਈ ਬਾਣੀ ਦੀ ਤਾਸੀਰ ਦਾ ਅਨੁਭਵ ਕਿਸੇ ਨਿਸ਼ਚਿਤ, ਸਥਾਨਕ ਅਤੇ ਮਨੋਵਿਗਿਆਨਕ ਪ੍ਰਭਾਵ ਤੋਂ ਮੁਕਤ ਹੈ, ਜਿਸ ਕਰਕੇ ਉਹ ਬਾਣੀ ਦੀ ਵਿਆਖਿਆ ਨੂੰ ਬਹੁ-ਦਿਸ਼ਾਵੀ ਪਰਿਪੇਖ ਤੋਂ ਕਰਦੇ ਹਨ। ੴ ਦੀ ਵਿਆਖਿਆ ਉਹ “੍ਹe ਸਿ ੌਨe। ੍ਹe ਸਿ ਟਹe ਾਰਿਸਟ। ੍ਹe ਸਿ ਅਲਲ ਟਹਅਟ ਸਿ।” ਕਰਦੇ ਹਨ, ਜੋ ਬਸਤੀਵਾਦੀ ਚਿੰਤਨ ਤੋਂ ਮੁਕਤ ਵਿਆਖਿਆ ਹੈ। ਇਸ ਅਨੁਸਾਰ ਅਕਾਲ ਪੁਰਖੁ/ਵਾਹਿਗੁਰੂ ਇਕ ਵੀ ਹੈ, ਆਦਿ ਵੀ ਹੈ ਅਤੇ ਸਭ ਕਿਛੁ ਵੀ ਹੈ, ਭਾਵ ਉਸ ਨੂੰ ਕਾਲ ਅਤੇ ਸਥਾਨ ਦੀ ਇਕਪਰਤੀ ਚੇਤਨਾ ਅਧੀਨ ਤਸੱਵਰ ਨਹੀਂ ਕੀਤਾ ਜਾ ਸਕਦਾ।
ਪ੍ਰੋ. ਪੂਰਨ ਸਿੰਘ ਦੇ ਅਨੁਵਾਦ ਕਿਸੇ ਸ਼ਬਦ ਦੇ ਸਾਧਾਰਨ ਅਰਥਾਂ ਤਕ ਮਹਿਦੂਦ ਨਾ ਹੋ ਕੇ ਸਿੱਖ ਅਨੁਭਵ ਦੀਆਂ ਸਿਮਰਨਮਈ ਪਰਤਾਂ ਨੂੰ ਖੋਲਣ ਦੇ ਸਮਰੱਥ ਹਨ, ਜਿਸ ਵਿਚ ਆਪਹੁਦਰੇ ਅਤੇ ਮਨੋਵਿਗਿਆਨਕ ਅੰਸ਼ਾਂ ਦੇ ਜਜ਼ਬਾਤੀ ਉਲਾਰਾਂ ਦੀ ਥਾਂ ਕਿਰਤਮਈ ਅਨੁਭਵ ਦੀ ਵਿਆਖਿਆ ਪੈਦਾ ਹੁੰਦੀ ਹੈ। ‘ਜਪੁ’ ਬਾਣੀ ਦੇ ਅੰਤਲੇ ਸਲੋਕ ਦੀ ਵਿਆਖਿਆ ਦਸਦੀ ਹੈ ਕਿ ਪ੍ਰੋ. ਪੂਰਨ ਸਿੰਘ ਦਾ ਗਿਆਨਾਤਮਕ ਅਨੁਭਵ ਉਨ੍ਹਾਂ ਪਸਾਰਾਂ ਨਾਲ ਇਕਮਿਕ ਸੀ, ਜਿਥੇ ਕਿਸੇ ਵੀ ਚਿੰਨ੍ਹ ਦੀ ਆਤਮਾ ਅਤੇ ਗਿਆਨਾਤਮਕ ਦਿਭਤਾ ਨੂੰ ਸਹਿਜ ਨਾਲ ਆਤਮਸਾਤ ਕੀਤਾ ਜਾ ਸਕਦਾ ਸੀ ਅਤੇ ਦੂਜੇ ਪਾਸੇ ਉਹ ਇੰਨੇ ਚੇਤੰਨ ਸਨ ਕਿ ਉਨ੍ਹਾਂ ਅਨੁਸਾਰ ਸਿੱਖ ਅਨੁਭਵ ਦੀ ਮੌਲਿਕਤਾ ਦੇ ਸੰਕਲਪਾਂ ਜਿਵੇਂ ਕਿ ਧਿਆਨ ਅਤੇ ਨਾਮ ਆਦਿ ਦੀ ਆਮ ਵਿਆਖਿਆ ਨਹੀਂ ਕੀਤੀ ਜਾ ਸਕਦੀ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਨਾਮ ਨੂੰ ਅੰਗਰੇਜ਼ੀ ਭਾਸ਼ਾ ਦੇ ਂਅਮe ਵਿਚ ਉਲਥਾਇਆ ਨਹੀਂ ਜਾ ਸਕਦਾ। ਅਜਿਹਾ ਕਰਨ ਨਾਲ ਨਾਮ ਜਪਣ ਦੀ ਨਿਰੰਤਰਤਾ ਦਾ ਅਨੁਭਵ ਕਿਸੇ ਦੂਜੀ ਭਾਸ਼ਾ ਦੇ ਇਕਪਰਤੀ ਸੰਕਲਪ ਵਿਚ ਗੁਆਚ ਸਕਦਾ ਹੈ।
ਪ੍ਰੋ. ਪੂਰਨ ਸਿੰਘ ਵਲੋਂ ‘ਜਪੁ’ ਬਾਣੀ ਦੇ ਮੂਲ ਸੰਕਲਪਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਨਾ ਉਲਥਾ ਕੇ ਮੌਲਿਕ ਰੂਪ ਵਿਚ ਰੱਖਣਾ ਉਨ੍ਹਾਂ ਦਾ ਬਸਤੀਵਾਦੀ-ਰਾਜਨੀਤੀ ਤੋਂ ਚੇਤੰਨ ਹੋਣਾ ਹੈ। ਉਨ੍ਹਾਂ ਵਲੋਂ ‘ਜਪੁ’ ਬਾਣੀ ਤੋਂ ਇਲਾਵਾ ਗੁਰਬਾਣੀ ਦੇ ਹੋਰ ਅਨੁਵਾਦਾਂ ਦੇ ਸਿਧਾਂਤਕ ਸੂਤਰਾਂ ਦਾ ਸਿੱਖ/ਪੰਜਾਬੀ ਅਕਾਦਮਿਕਤਾ ਵਿਚ ਅਧਿਐਨ ਹੋਣਾ ਅਜੇ ਬਾਕੀ ਹੈ, ਜਿਸ ਦੇ ਅਨੁਸਰਣ/ਅਭਿਆਸ ਨਾਲ ਇਸ ਧਰਤੀ ਦੇ ਮੌਲਿਕ ਪ੍ਰਵਰਗਾਂ ਦੀ ਵਿਸ਼ਵ-ਅਕਾਦਮਿਕਤਾ ਵਿਚ ਹਾਜ਼ਰੀ ਲਵਾਈ ਜਾ ਸਕਦੀ ਹੈ।

*ਅਸਿਸਟੈਂਟ ਪ੍ਰੋਫੈਸਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।