ਗੁਰੂ ਨਾਨਕ ਦਾ ਸੱਚ ਅਤੇ ਵਿਗਿਆਨ

ਨੰਦ ਸਿੰਘ ਬਰਾੜ
ਫੋਨ: 916-501-3974
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਸ਼ ਪੁਰਬ ਕਰਕੇ ਪਿਛਲੇ ਸਾਲ ਤੋਂ ਗੁਰੂ ਜੀ ਨਾਲ ਸਬੰਧਤ ਅਨੇਕਾਂ ਵਿਦਵਾਨਾਂ ਦੇ ਲੇਖ ਵੱਖ ਵੱਖ ਅਖਬਾਰਾਂ ਵਿਚ ਛਪਦੇ ਰਹੇ ਹਨ, ਜਿਨ੍ਹਾਂ ਵਿਚ ਜੇ ਇਕ ਪਾਸੇ ਲੇਖਕ ਗੁਰੂ ਜੀ ਨੂੰ ਪਹੁੰਚੇ ਹੋਏ ਅਧਿਆਤਮਵਾਦੀ ਅਤੇ ਹਰ ਤਰ੍ਹਾਂ ਦੀ ਕਰਾਮਾਤ ਕਰਨ ਦੇ ਸਮਰੱਥ ਸਾਬਤ ਕਰਦੇ ਹਨ, ਤਾਂ ਦੂਜੇ ਪਾਸੇ ਲੇਖਕ ਉਨ੍ਹਾਂ ਨੂੰ ਪੂਰਾ ਸੂਰਾ ਤੇ ਸਭ ਤੋਂ ਵੱਡਾ ਵਿਗਿਆਨੀ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਹ ਲੇਖਕ ਆਪੋ ਆਪਣੀ ਲਿਖਤ ਵਿਚ ਤਰਕ ਜਾਂ ਦਲੀਲ ‘ਤੇ ਆਧਾਰਤ ਹੋਣ ਦੀ ਥਾਂ ਸ਼ਰਧਾ ਤੇ ਭਾਵੁਕਤਾ ਵਿਚ ਉਲਾਰ ਹੋਏ ਵੱਧ ਲਗਦੇ ਹਨ।

ਪਹਿਲੀ ਕਿਸਮ ਦੇ ਲੇਖਕਾਂ ਦੀਆਂ ਗੁਰੂ ਜੀ ਦੇ ਆਗਮਨ ਬਾਰੇ ਦੋ ਧਾਰਨਾਵਾਂ ਹਨ। ਪਹਿਲੀ, ਪਰਮਾਤਮਾ ਆਪ ਹੀ ਗੁਰੂ ਨਾਨਕ ਦੇ ਸਰੀਰ ਵਿਚ ਆਇਆ। ਇਸ ਵਾਸਤੇ ਉਹ ਗੁਰੂ ਗ੍ਰੰਥ ਸਾਹਿਬ ਵਿਚੋਂ ਭੱਟ ਬਾਣੀ ‘ਆਪ ਨਰਾਇਣ ਕਲਾਧਾਰ ਜਗ ਮਹਿ ਪਰਵਰਿਓ’ ਦੀ ਮਿਸਾਲ ਦਿੰਦੇ ਹਨ। ਇਸੇ ਸ਼੍ਰੇਣੀ ਦੇ ਦੂਜੇ ਲੇਖਕਾਂ ਦਾ ਪੱਖ ਹੈ ਕਿ ਪਰਮਾਤਮਾ ਨਾ ਜੰਮਦਾ ਹੈ ਤੇ ਨਾ ਉਸ ਦੀ ਮੌਤ ਹੁੰਦੀ ਹੈ। ਇਸ ਲਈ ਉਨ੍ਹਾਂ ਅਨੁਸਾਰ ਗੁਰੂ ਜੀ ਨੂੰ ਪਰਮਾਤਮਾ ਨੇ ਆਪਣਾ ਵਿਸ਼ੇਸ਼ ਦੂਤ ਬਣਾ ਕੇ ਇਸ ਧਰਤੀ ‘ਤੇ ਭੇਜਿਆ ਸੀ ਤਾਂ ਕਿ ਉਹ ਭੁੱਲੀ ਭਟਕੀ ਲੋਕਾਈ ਨੂੰ ਅੰਧਵਿਸ਼ਵਾਸਾਂ ਅਤੇ ਝੂਠੇ ਕਰਮ ਕਾਂਡ ਵਿਚੋਂ ਕੱਢ ਕੇ ਪ੍ਰਭੂ ਦਾ ਸਿਮਰਨ ਕਰਾ ਕੇ ਉਸ ਨਾਲ ਜੋੜਨ।
ਅਜਿਹੇ ਲੇਖਕਾਂ ਦੀਆਂ ਧਾਰਨਾਵਾਂ ਵਿਚ ਮਾਮੂਲੀ ਫਰਕ ਹੋਣ ਦੇ ਬਾਵਜੂਦ ਇਸ ਪੱਖੋਂ ਇੱਕ ਹਨ ਕਿ ਗੁਰੂ ਜੀ ਪਰਮਾਤਮਾ ਨਾਲ ਇੱਕ ਮਿਕ ਸਨ, ਭਾਵ ਉਹ ਅਧਿਆਤਮਕ ਤੌਰ ‘ਤੇ ਸੰਪੂਰਨ ਸਨ। ਉਹ ਲੋਕਾਂ ਨੂੰ ਇਹ ਵਿਸ਼ਵਾਸ ਵੀ ਪੱਕਾ ਕਰਾਉਣ ਵਾਸਤੇ ਲਿਖਦੇ ਹਨ ਕਿ ਅਧਿਆਤਮਵਾਦ ਦੀ ਅੰਤਲੀ ਪੌੜੀ ‘ਤੇ ਪਹੁੰਚੇ ਹੋਏ ਵਿਅਕਤੀ ਨੂੰ ਪਰਮਾਤਮਾ ਸਬੰਧੀ ਗਿਆਨ ਤਾਂ ਹੁੰਦਾ ਹੀ ਹੈ, ਇਸ ਤੋਂ ਬਿਨਾ ਉਸ ਨੂੰ ਇਸ ਸੰਸਾਰ ਅਤੇ ਖੰਡਾਂ, ਬ੍ਰਹਿਮੰਡਾਂ ਦਾ ਹਰ ਕਿਸਮ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ। ਆਪਣੀ ਧਾਰਨਾ ਸਹੀ ਸਾਬਤ ਕਰਨ ਲਈ ਉਹ ਗੁਰੂ ਜੀ ਨਾਲ ਅਨੇਕਾਂ ਕਿਸਮਾਂ ਦੀਆਂ ਮਨੋਕਲਪਿਤ, ਅੰਧਵਿਸ਼ਵਾਸੀ ਅਤੇ ਕਰਾਮਾਤੀ ਕਹਾਣੀਆਂ ਜੋੜ ਕੇ ਬੜੇ ਕ੍ਰਿਸ਼ਮਈ ਢੰਗ ਨਾਲ ਪੇਸ਼ ਕਰਦੇ ਹਨ। ਉਹ ਵਿਗਿਆਨ ਦੀਆਂ ਖੋਜਾਂ ਸਬੰਧੀ ਲਿਖਣ ਵੇਲੇ ਪੂਰੇ ਯਕੀਨ ਨਾਲ ਲਿਖਣਗੇ ਕਿ ਜੋ ਖੋਜਾਂ ਵਿਗਿਆਨੀ ਅਜੇ ਲੱਭ ਰਹੇ ਹਨ, ਗੁਰੂ ਜੀ ਨੇ ਆਪਣੇ ਆਤਮਿਕ ਗਿਆਨ ਰਾਹੀਂ ਕਈ ਸਦੀਆਂ ਪਹਿਲਾਂ ਲਿਖ ਦਿੱਤੀਆਂ ਸਨ। ਕਈ ਵਾਰ ਤਾਂ ਉਹ ਇਸ ਤੋਂ ਵੀ ਅੱਗੇ ਲੰਘ ਕੇ ਇਹ ਲਿਖਣ ਤਕ ਜਾਂਦੇ ਹਨ ਕਿ ਅੱਜ ਕਲ ਦੇ ਵਿਗਿਆਨੀ ਤਾਂ ਗੁਰੂ ਜੀ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਹੀ ਆਪਣੀਆਂ ਖੋਜਾਂ ਕਰਦੇ ਹਨ। ਅਜਿਹੇ ਲੇਖਕ ਆਮ ਤੌਰ ‘ਤੇ ਡੇਰੇਦਾਰ ਪੁਜਾਰੀਆਂ ਨਾਲ ਸਬੰਧਤ ਹੁੰਦੇ ਹਨ ਜਾਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਇਸੇ ਲਈ ਬਹੁਤੀ ਵਾਰ ਉਨ੍ਹਾਂ ਦਾ ਅਸਲ ਮਕਸਦ ਆਪੋ ਆਪਣੇ ਚਹੇਤੇ ਡੇਰੇਦਾਰ ਨੂੰ ਗੁਰੂ ਜੀ ਵਾਂਗ ਪਹੁੰਚੇ ਹੋਏ ਹੋਣ ਦਾ ਪ੍ਰਭਾਵ ਪੈਦਾ ਕਰਨਾ ਹੀ ਹੁੰਦਾ ਹੈ।
ਦੂਸਰੇ ਪਾਸੇ ਅਸੀਂ ਬਹੁਤ ਸਾਰੇ ਵਿਦਵਾਨ ਲੇਖਕਾਂ ਦੇ ਲੇਖ ਵੀ ਪੜ੍ਹਦੇ-ਸੁਣਦੇ ਹਾਂ, ਜਿਨ੍ਹਾਂ ਵਿਚ ਗੁਰੂ ਜੀ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਦੇ ਧਾਰਨੀ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੁੰਦਾ ਹੈ। ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਭਾਵੇਂ ਗੁਰੂ ਜੀ ਨੇ ਲੋਕਾਂ ਨੂੰ ਸੂਤਕ ਦੇ ਵਹਿਮ ‘ਚੋਂ ਕੱਢਣਾ ਸੀ ਜਾਂ ਜਨੇਊ ਦੇ ਝੂਠੇ ਕਰਮ ਕਾਂਡ ਨੂੰ ਫਜ਼ੂਲ ਦੱਸਣਾ ਸੀ ਅਤੇ ਭਾਵੇਂ ਸੂਰਜ ਤੱਕ ਪਾਣੀ ਪਹੁੰਚਾਉਣ ਦਾ ਅੰਧਵਿਸ਼ਵਾਸ ਦੂਰ ਕਰਨਾ ਸੀ, ਉਨ੍ਹਾਂ ਹਮੇਸਾ ਤਰਕ ਤੇ ਦਲੀਲ ਨੂੰ ਮੁੱਖ ਰੱਖਿਆ। ਪ੍ਰਤੱਖ ਸਬੂਤਾਂ ਦੇ ਆਧਾਰ ‘ਤੇ ਤਰਕ ਅਤੇ ਦਲੀਲ ਨਾਲ ਸੱਚਾਈ ਦੇ ਨੇੜੇ ਤੋਂ ਨੇੜੇ ਪੁਜਿਆ ਜਾ ਸਕਦਾ ਹੈ। ਇਸੇ ਪਹੁੰਚ ਨੂੰ ਪੁਰਾਣੇ ਜਮਾਨੇ ਵਿਚ ਵਿਵੇਕ ਜਾਂ ਅਜੋਕੀ ਬੋਲੀ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਕਿਹਾ ਜਾਂਦਾ ਹੈ। ਵਿਗਿਆਨਕ ਢੰਗ ਨਾਲ ਸਮਝਾਈ ਹੋਈ ਗੱਲ ਦਾ ਅਸਰ ਡੂੰਘਾ ਵੀ ਹੁੰਦਾ ਹੈ ਅਤੇ ਚਿਰ ਸਥਾਈ ਵੀ; ਪਰ ਓਪਰਾ ਮਹਿਸੂਸ ਉਦੋਂ ਹੁੰਦਾ ਹੈ, ਜਦੋਂ ਇਹ ਵਿਦਵਾਨ ਲੇਖਕ ਗੁਰੂ ਜੀ ਦੇ ਵਿਗਿਆਨਕ ਧਾਰਨੀ ਹੋਣ ਤੋਂ ਅੱਗੇ ਲੰਘ ਕੇ ਉਨ੍ਹਾਂ ਨੂੰ ਪੂਰੇ ਸੂਰੇ ਵਿਗਿਆਨੀ ਸਾਬਤ ਕਰਨ ‘ਤੇ ਪੂਰਾ ਜੋਰ ਦੇ ਦਿੰਦੇ ਹਨ। ਉਨ੍ਹਾਂ ਵਲੋਂ ਗੁਰੂ ਜੀ ਨੂੰ ਵਿਗਿਆਨੀ ਸਾਬਤ ਕਰਨ ਵਾਸਤੇ ‘ਧੌਲ ਧਰਮ ਦਯਾ ਕਾ ਪੂਤ’, ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਅਤੇ ‘ਅਰਬਦ ਨਰਬਦ ਧੁੰਦੂਕਾਰਾ’ ਆਦਿ ਗੁਰਬਾਣੀ ਵਿਚੋਂ ਅਨੇਕਾਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।
ਇਹ ਬਿਲਕੁਲ ਠੀਕ ਹੈ ਕਿ ਇਹ ਸ਼ਬਦ ਵਿਗਿਆਨਕ ਲੱਭਤਾਂ ਨਾਲ ਮੇਲ ਖਾਂਦੇ ਹਨ, ਪਰ ਵਿਦਵਾਨ ਲੇਖਕਾਂ ਵਲੋਂ ਇਹ ਲਿਖਣਾ ਸੋਭਦਾ ਨਹੀਂ ਕਿ ਗੁਰੂ ਜੀ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਨਾ ਵਿਗਿਆਨੀਆਂ ਨੂੰ ਅਤੇ ਨਾ ਕਿਸੇ ਹੋਰ ਨੂੰ ਇਨ੍ਹਾਂ ਗੱਲਾਂ ਦਾ ਪਤਾ ਸੀ। ਇਹ ਲਿਖਣਾ ਤਾਂ ਡੇਰੇਦਾਰ ਪੁਜਾਰੀਆਂ ਦੀ ਧਾਰਨਾ ਨੂੰ ਹੀ ਬਲ ਬਖਸ਼ਦਾ ਹੈ, ਜੋ ਇਹ ਪ੍ਰਚਾਰਦੇ ਹਨ ਕਿ ਗੁਰੂ ਜੀ ਆਪਣੀ ਦਿਭ ਦ੍ਰਿਸ਼ਟੀ ਨਾਲ ਹੀ ਸਭ ਕੁਝ ਜਾਣ ਲੈਂਦੇ ਸਨ, ਜਿਵੇਂ ਇਹ ਆਪਣੇ ਆਪ ਨੂੰ ਜਾਣੀ ਜਾਣ ਹੋਣ ਦਾ ਢੋਂਗ ਕਰਦੇ ਹਨ।
ਡੇਰੇਦਾਰ ਪੁਜਾਰੀਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਗੁਰੂ ਜੀ ਨਾਲ ਅੰਧਵਿਸ਼ਵਾਸੀ ਗੱਲਾਂ ਜੋੜ ਕੇ ਲਿਖਣਾ ਉਨ੍ਹਾਂ ਦੇ ਆਪੋ ਆਪਣੇ ਡੇਰੇਦਾਰਾਂ ਦੀ ਪੂਜਾ ਪ੍ਰਤਿਸ਼ਠਾ ਬਣਾਈ ਰੱਖਣ ਦੀ ਲੋੜ ਹੁੰਦੀ ਹੈ, ਪਰ ਜਦੋਂ ਵਿਦਵਾਨ ਲੇਖਕ ਤੇ ਖਾਸ ਕਰਕੇ ਅਜਿਹੇ ਵਿਦਵਾਨ, ਜਿਨ੍ਹਾਂ ਨੇ ਵਿਗਿਆਨ ਦੀ ਪੜ੍ਹਾਈ ਵੀ ਕੀਤੀ ਹੋਈ ਹੁੰਦੀ ਹੈ, ਲਿਖਦੇ ਹਨ ਕਿ ਵਿਗਿਆਨ ਨਾਲ ਸਬੰਧਤ ਜੋ ਗੱਲਾਂ ਗੁਰੂ ਜੀ ਨੇ ਲਿਖੀਆਂ, ਉਹ ਗੁਰੂ ਜੀ ਤੋਂ ਪਹਿਲਾਂ ਕਿਸੇ ਵਿਗਿਆਨੀ ਜਾਂ ਕਿਸੇ ਹੋਰ ਵਿਦਵਾਨ ਨੂੰ ਪਤਾ ਨਹੀਂ ਸਨ, ਤਾਂ ਅਫਸੋਸ ਜਰੂਰ ਹੁੰਦਾ ਹੈ। ਮੈਨੂੰ ਨਹੀਂ ਲਗਦਾ ਇਨ੍ਹਾਂ ਵਿਦਵਾਨਾਂ ਵਿਚੋਂ ਕੋਈ ਵੀ ਅਜਿਹਾ ਹੋਵੇ, ਜਿਸ ਨੇ ਘੱਟੋ ਘੱਟ ਹਾਈ ਸਕੂਲ ਤੱਕ ਵਿਗਿਆਨ ਦੀ ਪੜ੍ਹਾਈ ਨਾ ਕੀਤੀ ਹੋਵੇ ਅਤੇ ਵਿਗਿਆਨ ਦੇ ਇਤਿਹਾਸਕ ਵਿਕਾਸ ਬਾਰੇ ਨਾ ਜਾਣਿਆ ਹੋਵੇ। ਫੇਰ ਵੀ ਪਤਾ ਨਹੀਂ ਉਹ ਅਜਿਹਾ ਕੁਝ ਕਿਉਂ ਲਿਖਦੇ ਹਨ, ਜਿਸ ਨਾਲ ਅੰਧਵਿਸ਼ਵਾਸ ਵਿਚ ਵਾਧਾ ਕਰ ਕੇ ਪੁਜਾਰੀਆਂ ਦਾ ਮੰਤਵ ਹੀ ਪੂਰਦੇ ਲਗਦੇ ਹਨ।
ਇਹ ਗੱਲ ਠੀਕ ਹੈ ਕਿ 15ਵੀਂ ਸਦੀ ਤੱਕ ਵਿਗਿਆਨ ਇੱਕ ਵਿਸ਼ੇ ਵਜੋਂ ਨਹੀਂ ਸੀ ਪੜ੍ਹਾਇਆ ਜਾਂਦਾ। ਅਸਲ ਵਿਚ ਉਸ ਵੇਲੇ ਵਿਦਿਆ ਨੂੰ ਵੱਖ ਵੱਖ ਵਿਸ਼ਿਆਂ ਵਿਚ ਨਿਖੇੜਿਆ ਹੋਇਆ ਹੀ ਨਹੀਂ ਸੀ ਅਤੇ ਨਾ ਹੀ ਕੋਈ ਵੱਖ ਵੱਖ ਸਕੂਲ ਜਾਂ ਕਾਲਜ ਆਦਿ ਸਨ। ਹਰ ਤਰ੍ਹਾਂ ਦੀ ਵਿਦਿਆ ਦੇ ਕੇਂਦਰ ਧਾਰਮਿਕ ਕੇਂਦਰ ਹੀ ਹੁੰਦੇ ਸਨ। ਉਥੇ ਹੀ ਹਰ ਤਰ੍ਹਾਂ ਦੀ ਵਿਦਿਆ ਜਿਵੇਂ ਭਾਸ਼ਾ, ਧਰਮ, ਕੁਦਰਤ ਸਬੰਧੀ, ਹਿਸਾਬ, ਰਾਜਨੀਤੀ, ਯੁੱਧ ਕਲਾ ਆਦਿ ਦੀ ਪੜ੍ਹਾਈ ਕਰਵਾਈ ਜਾਂਦੀ ਸੀ। ਇਨ੍ਹਾਂ ਵਿਚੋਂ ਕੁਝ ਵਿਦਿਆਰਥੀ ਕਿਸੇ ਇੱਕ ਵਿਸ਼ੇ ਦਾ ਅਧਿਐਨ ਵੱਧ ਡੂੰਘਾਈ ਨਾਲ ਵੀ ਕਰ ਲੈਂਦੇ ਸਨ। ਇਨ੍ਹਾਂ ਵਿਚੋਂ ਜੋ ਕੁਦਰਤ ਦੇ ਰਹੱਸਾਂ ਨੂੰ ਸਮਝਣ ਵਿਚ ਮਾਹਰ ਹੁੰਦੇ ਸਨ, ਉਨ੍ਹਾਂ ਨੂੰ ਕੁਦਰਤ ਦੇ ਫਿਲਾਸਫਰ ਕਿਹਾ ਜਾਂਦਾ ਸੀ। ਅੱਜ ਦੀ ਬੋਲੀ ਅਨੁਸਾਰ ਉਨ੍ਹਾਂ ਨੂੰ ਕੁਦਰਤ ਦੇ ਵਿਗਿਆਨੀ ਕਿਹਾ ਜਾ ਸਕਦਾ ਹੈ। ਕੁਦਰਤ ਦੇ ਇਨ੍ਹਾਂ ਵਿਗਿਆਨੀਆਂ ਨੇ 15ਵੀਂ ਸਦੀ ਤੱਕ ਕੁਦਰਤ ਦੇ ਅਨੇਕਾਂ ਭੇਦ ਉਜਾਗਰ ਕਰ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਕੁਦਰਤ ਦੇ ਇਨ੍ਹਾਂ ਵਿਗਿਆਨੀਆਂ ਦੀਆਂ ਲੱਭਤਾਂ ਨੂੰ ਲੋਕਾਂ ਵਿਚੋਂ ਅੰਧਵਿਸ਼ਵਾਸ ਦੂਰ ਕਰਨ ਅਤੇ ਸੱਚਾਈ ਸਮਝਾ ਕੇ ਉਨ੍ਹਾਂ ਵਿਚ ਆਤਮਵਿਸ਼ਵਾਸ ਭਰਨ ਲਈ ਆਪਣੀ ਬਾਣੀ ਵਿਚ ਅਨੇਕਾਂ ਵਾਰ ਵਰਤਦੇ ਰਹੇ ਹਨ।
ਗੁਰੂ ਨਾਨਕ ਦੇਵ ਜੀ ਨੇ ਵੱਖ ਵੱਖ ਕੇਂਦਰਾਂ ਤੋਂ ਅਨੇਕ ਤਰ੍ਹਾਂ ਦੀ ਵਿਦਿਆ ਹਾਸਲ ਕੀਤੀ ਹੋਈ ਸੀ, ਜਿਸ ਕਰਕੇ ਉਹ ਆਪਣੇ ਸਮੇਂ ਦੇ ਇੱਕ ਉਚ ਕੋਟੀ ਦੇ ਵਿਦਵਾਨ ਸਨ। ਆਪਣੀ ਵਿਦਵਤਾ ਦੇ ਸਿਰ ‘ਤੇ ਉਹ ਕਿਸੇ ਵੀ ਰਾਜ ਦਰਬਾਰ ਵਿਚ ਉਚਾ ਅਹੁਦਾ ਪ੍ਰਾਪਤ ਕਰਕੇ ਐਸ਼ ਅਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਸਨ, ਪਰ ਉਨ੍ਹਾਂ ਨੇ ਸਮਾਜ ਵਿਚ ਵਿਚਰਦਿਆਂ ਦੇਖਿਆ ਕਿ ਪੁਜਾਰੀ ਲੋਕ ਕਿਸ ਤਰ੍ਹਾਂ ਲੋਕਾਂ ਨੂੰ ਅੰਧਵਿਸ਼ਵਾਸ, ਫੋਕੇ ਵਹਿਮ-ਭਰਮ ਅਤੇ ਕਰਮ ਕਾਂਡ ਵਿਚ ਫਸਾ ਕੇ ਉਨ੍ਹਾਂ ਦੇ ਤਨ, ਮਨ ਤੇ ਧਨ ਦੀ ਲੁੱਟ ਕਰਦੇ ਹਨ। ਇਸ ਲੁੱਟ-ਖਸੁੱਟ ਵਿਚ ਹਾਕਮ ਲੋਕ, ਜਿਨ੍ਹਾਂ ਦਾ ਫਰਜ਼ ਲੋਕਾਂ ਦੀ ਸੁਰਖਿਆ ਕਰਨਾ ਹੁੰਦਾ ਹੈ, ਸਗੋਂ ਪੁਜਾਰੀਆਂ ਦਾ ਪੱਖ ਪੂਰਦੇ ਸਨ ਅਤੇ ਲੋੜ ਪੈਣ ‘ਤੇ ਰਾਜਸੀ ਤਾਕਤ ਦੀ ਵਰਤੋਂ ਕਰਕੇ ਉਨ੍ਹਾਂ ਦੀ ਹਰ ਮਦਦ ਵੀ ਕਰਦੇ ਸਨ। ਆਮ ਜਨਤਾ ਦਾ ਇਸ ਦੂਹਰੀ ਮਾਰ ਨਾਲ ਜਿਉਣਾ ਦੁੱਭਰ ਹੋਇਆ ਪਿਆ ਸੀ। ਇਨ੍ਹਾਂ ਲੁਟੇਰਿਆਂ ਦੀ ਦੂਹਰੀ ਮਾਰ ਤੋਂ ਮੁਕਤੀ ਦਿਵਾਉਣ ਵਾਸਤੇ ਗੁਰੂ ਜੀ ਨੇ ਆਪਣੀ ਜਿੰ.ਦਗੀ ਦੇ ਸਾਰੇ ਸੁਖ ਅਰਾਮ ਤਿਆਗ ਕੇ, ਆਪਣੀ ਵਿਦਵਤਾ ਨੂੰ ਉਨ੍ਹਾਂ ਦੇ ਆਪਣੇ ਕਥਨ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਅਨੁਸਾਰ ਸਮੁੱਚੀ ਲੋਕਾਈ ਨੂੰ ਜਾਗ੍ਰਿਤ ਕਰਨ ਅਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਭਰਨ ਲਈ ਵਰਤਿਆ। ਇਸ ਉਦੇਸ਼ ਖਾਤਿਰ ਉਨ੍ਹਾਂ ਦੂਰ ਦੂਰ ਤੱਕ ਪੈਦਲ ਯਾਤਰਾ ਕੀਤੀ। ਯਾਤਰਾ ਕਰਦਿਆਂ ਜਦੋਂ ਵੀ ਢੁਕਵਾਂ ਪ੍ਰਤੀਤ ਹੁੰਦਾ, ਉਹ ਅੰਧਵਿਸ਼ਵਾਸ ਦੂਰ ਕਰਨ ਲਈ ਵਿਗਿਆਨ ਦੀਆਂ ਲੱਭਤਾਂ ਨੂੰ ਲੋਕਾਂ ਦੀ ਆਮ ਬੋਲੀ ਵਿਚ ਸਮਝਾਉਂਦੇ। ਸਮਝਾਉਣ ਦਾ ਢੰਗ ਐਨਾ ਦਲੀਲ ਭਰਪੂਰ ਅਤੇ ਸਰਲ ਹੁੰਦਾ ਕਿ ਵਿਗਿਆਨ ਦੀਆਂ ਗੁੰਝਲ ਭਰੀਆਂ ਲੱਭਤਾਂ ਵੀ ਲੋਕਾਂ ਨੂੰ ਆਸਾਨੀ ਨਾਲ ਸਮਝ ਆ ਜਾਂਦੀਆਂ ਅਤੇ ਉਨ੍ਹਾਂ ਦੇ ਧੁਰ ਅੰਦਰ ਤੱਕ ਪੱਕੀਆਂ ਹੋ ਜਾਂਦੀਆਂ। ਇਹ ਸਮਝਣ ਲਈ ਕਿ ਗੁਰੂ ਜੀ ਵਲੋਂ ਗੁਰਬਾਣੀ ਵਿਚ ਦਰਜ ‘ਧੌਲ ਧਰਮ ਦਯਾ ਕਾ ਪੂਤ’, ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਅਤੇ ‘ਅਰਬਦ ਨਰਬਦ ਧੁੰਦੂਕਾਰਾ’ ਆਦਿ ਬਾਣੀਆਂ ਬਾਰੇ ਪਹਿਲਾਂ ਤੋਂ ਵਿਦਵਾਨਾਂ (ਵਿਗਿਆਨੀਆਂ) ਨੇ ਲਿਖਿਆ ਅਤੇ ਦੱਸਿਆ ਹੋਇਆ ਸੀ, ਅੱਗੇ ਲਿਖੀਆਂ ਮਿਸਾਲਾਂ ਤੋਂ ਪਤਾ ਲਗਦਾ ਹੈ।
ਇੱਕ ਪ੍ਰਚਲਿਤ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਮੇਲੇ ਸਮੇਂ ਕੁਰੂਕਸ਼ੇਤਰ ਗਏ। ਆਪਾਂ ਸਭ ਨੂੰ ਪਤਾ ਹੈ ਕਿ ਸੂਰਜ ਗ੍ਰਹਿਣ ਵਾਰ ਵਾਰ ਆਮ ਰੁਟੀਨ ਵਿਚ ਨਹੀਂ ਲਗਦਾ, ਸਗੋਂ ਕਿਸੇ ਕਿਸੇ ਖਾਸ ਸਮੇਂ ‘ਤੇ ਹੀ ਲਗਦਾ ਹੈ। ਫੇਰ ਗੁਰੂ ਜੀ ਅਤੇ ਲੋਕਾਂ ਨੂੰ ਗ੍ਰਹਿਣ ਦੇ ਸਮੇਂ ਤੇ ਸਥਾਨ ਦਾ ਪਤਾ ਕਿਵੇਂ ਲੱਗਾ? ਇਹ ਸੰਭਵ ਤਾਂ ਹੋਇਆ ਸੀ ਕਿਉਂਕਿ ਬਹੁਤ ਸਮਾਂ ਪਹਿਲਾਂ ਵਿਦਵਾਨਾਂ ਨੇ ਸੂਰਜ, ਚੰਦ, ਧਰਤੀ ਅਤੇ ਅਕਾਸ਼ੀ ਗ੍ਰਹਿਆਂ ਦੀਆਂ ਗਤੀਆਂ ਤੇ ਦਿਸ਼ਾਵਾਂ ਨਿਸ਼ਚਿਤ ਕਰਕੇ ਅਤੇ ਉਨ੍ਹਾਂ ਗਿਣਤੀਆਂ ਮਿਣਤੀਆਂ ਦੇ ਆਧਾਰ ‘ਤੇ ਅਗਲੇ ਹਜਾਰਾਂ ਸਾਲਾਂ ਵਾਸਤੇ ਚੰਦ ਅਤੇ ਸੂਰਜ ਗ੍ਰਹਿਣਾਂ ਦੇ ਸਮੇਂ ਤੇ ਸਥਾਨ ਨਿਸ਼ਚਿਤ ਕਰਕੇ ਜੰਤਰੀਆਂ ਵਿਚ ਦਰਜ ਕੀਤੇ ਹੋਏ ਸਨ। ਇਸ ਲਈ ਸਪਸ਼ਟ ਹੈ ਕਿ ਗੁਰੂ ਜੀ ਨੇ ‘ਧੌਲ ਧਰਮ ਦਯਾ ਕਾ ਪੂਤ’ ਅਤੇ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਆਦਿ ਗੁਰਬਾਣੀ ਦੇ ਸ਼ਬਦ ਲੋਕਾਂ ਨੂੰ ਅੰਧਵਿਸ਼ਵਾਸਾਂ ਵਿਚੋਂ ਕੱਢਣ ਲਈ ਵਿਗਿਆਨਕ ਲੱਭਤਾਂ ਨੂੰ ਆਮ ਬੋਲੀ ਵਿਚ ਸਮਝਾਉਣ ਵਾਸਤੇ ਲਿਖੇ ਸਨ।
ਅਗਲੀ ਮਿਸਾਲ ਆਪਾਂ ਇਸ ਸੰਸਾਰ ਤੇ ਬ੍ਰਹਿਮੰਡ ਦੇ ਨਿਰਮਾਣ ਸਬੰਧੀ ਲੈਂਦੇ ਹਾਂ। ਇਸ ਸਬੰਧੀ 15ਵੀਂ ਸਦੀ ਤੱਕ ਕੁਦਰਤ ਦੇ ਭੇਦਾਂ ਦੀ ਘੋਖ ਕਰਨ ਵਾਲੇ ਕਰੀਬ ਸਾਰੇ ਵਿਦਵਾਨ (ਵਿਗਿਆਨੀ) ਇੱਕ ਪਰਿਕਲਪਨਾ (ਹੇਪੋਟਹeਸਸਿ) ‘ਤੇ ਸਹਿਮਤ ਸਨ ਕਿ ਊਰਜਾ ਅਤੇ ਮਾਦਾ ਇੱਕ ਦੂਜੇ ਵਿਚ ਪਰਿਵਰਤਨਸ਼ੀਲ ਹਨ। ਉਨ੍ਹਾਂ ਅਨੁਸਾਰ ਇਹ ਧਰਤੀ, ਇਸ ਉਪਰਲਾ ਜੀਵਨ ਅਤੇ ਇਸ ਬ੍ਰਹਿਮੰਡ ਦੀ ਹੋਂਦ ਹਮੇਸ਼ਾ ਤੋਂ ਇਸੇ ਤਰ੍ਹਾਂ ਨਹੀਂ ਸੀ, ਸਗੋਂ ਬਹੁਤ ਸਮਾਂ ਪਹਿਲਾਂ ਇਹ ਸਾਰਾ ਕੁਝ ਹੈ ਹੀ ਨਹੀਂ ਸੀ। ਸਾਰੇ ਪਾਸੇ ਘੁੱਪ ਹਨੇਰੇ ਵਿਚ ਇੱਕ ਊਰਜਾ ਪਸਰੀ ਹੋਈ ਸੀ। ਕੁਝ ਅਜਿਹੇ ਹਾਲਾਤ ਬਣੇ ਕਿ ਕੁਝ ਊਰਜਾ ਮਾਦਾ ਵਿਚ ਪਰਿਵਰਤਨ ਹੋਣੀ ਸ਼ੁਰੂ ਹੋਈ ਅਤੇ ਇਹ ਮਾਦਾ (ਪਦਾਰਥ) ਫੈਲਦਾ ਗਿਆ। ਇਸੇ ਪਦਾਰਥ ਤੋਂ ਹੀ ਇਹ ਬ੍ਰਹਿਮੰਡ, ਇਹ ਧਰਤੀ ਅਤੇ ਇਸ ਉਪਰਲਾ ਸਾਰਾ ਜੀਵਤ ਜਗਤ ਬਣਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਮਾਦੇ ਜਾਂ ਪਦਾਰਥ ਦੀ ਹੋਂਦ ਉਨਾ ਚਿਰ ਕਾਇਮ ਰਹੇਗੀ, ਜਿੰਨਾ ਚਿਰ ਇਹ ਊਰਜਾ ਉਸ ਵਿਚ ਸਮਾਈ ਰਹੇਗੀ। ਮਾਦੇ ਵਿਚੋਂ ਇਹ ਊਰਜਾ ਨਿਕਲਣ ਨਾਲ ਮਾਦੇ ਦੀ ਹੋਂਦ ਖਤਮ ਹੋ ਜਾਵੇਗੀ ਅਤੇ ਉਸੇ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਜਿਵੇਂ ਬ੍ਰਹਿਮੰਡ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਨ।
ਗੁਰੂ ਜੀ ਜਾਣਦੇ ਸਨ ਕਿ ਵੱਖ ਵੱਖ ਧਰਮਾਂ ਦੇ ਪੁਜਾਰੀ ਆਪੋ ਆਪਣੇ ਰੱਬ ਬਣਾ ਕੇ ਇਸ ਸੰਸਾਰ ਦੀ ਉਤਪਤੀ ਦੀਆਂ ਆਪੋ ਆਪਣੀਆਂ ਮਨਘੜਤ ਕਹਾਣੀਆਂ ਨਾਲ ਸਮੁੱਚੀ ਮਾਨਵ ਜਾਤੀ ਨੂੰ ਗੁਮਰਾਹ ਕਰ ਰਹੇ ਹਨ। ਇਹੀ ਨਹੀਂ, ਉਹ ਆਪੋ ਆਪਣੇ ਕਾਲਪਨਿਕ ਰੱਬਾਂ ਦੇ ਨਾਂ ਉਤੇ ਅਤੇ ਵੱਖ ਵੱਖ ਅਦਿੱਖ ਦੈਵੀ ਸ਼ਕਤੀਆਂ ਦੇ ਕ੍ਰੋਪ ਦਾ ਭੈਅ ਦਿਖਾ ਕੇ ਲੋਕਾਂ ਦੀ ਅੰਨੀ ਲੁੱਟ ਕਰ ਰਹੇ ਹਨ। ਅਜਿਹੇ ਸਮੇਂ ਲੋਕਾਈ ਨੂੰ ਇਨ੍ਹਾਂ ਅੰਧਵਿਸ਼ਵਾਸਾਂ ਵਿਚੋਂ ਕੱਢਣ ਲਈ ਸੰਸਾਰ ਦੀ ਉਤਪਤੀ ਸਬੰਧੀ ਵਿਗਿਆਨਕ ਦ੍ਰਿਸ਼ਟੀਕੋਣ ਸਮਝਾਉਣ ਵਾਸਤੇ ਗੁਰੂ ਜੀ ਨੇ ਲੋਕਾਂ ਦੀ ਆਮ ਬੋਲੀ ਵਿਚ ‘ਅਰਬਦ ਨਰਬਦ ਧੁੰਦੂਕਾਰਾ’ ਸ਼ਬਦ ਆਪਣੀ ਬਾਣੀ ਵਿਚ ਦਰਜ ਕੀਤਾ।
ਇੱਕ ਗੱਲ ਹੋਰ ਕਿ ਇਸ ਬ੍ਰਹਿਮੰਡ ਦੇ ਸ਼ੁਰੂ ਹੋਣ ਦੇ ਸਮੇਂ ਦਾ ਅੰਦਾਜ਼ਾ 15ਵੀਂ ਸਦੀ ਤਾਂ ਕੀ 19ਵੀਂ ਸਦੀ ਤੱਕ ਵੀ ਨਹੀਂ ਸੀ ਲੱਗਾ। ਅੱਜ ਸਾਨੂੰ ਬਿੱਗ ਬੈਂਗ ਦੀ ਥਿਊਰੀ ਕਰਕੇ ਇਸ ਬ੍ਰਹਿਮੰਡ ਦੇ ਹੋਂਦ ਵਿਚ ਆਉਣ ਦਾ ਅੰਦਾਜ਼ਾ ਹੋ ਗਿਆ ਹੈ। ਜੇ ਇਹ ਬਿੱਗ ਬੈਂਗ ਦੀ ਥਿਊਰੀ 15ਵੀਂ ਸਦੀ ਵਿਚ ਹੋਂਦ ਵਿਚ ਆਈ ਹੋਈ ਹੁੰਦੀ ਤਾਂ ਗੁਰੂ ਜੀ ਨੇ ‘ਅਰਬਦ ਨਰਬਦ’ ਦੀ ਥਾਂ ਸਮਾਂ ਵੀ ਸਪਸ਼ਟ ਲਿਖ ਦੇਣਾ ਸੀ।
ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਵੀ ਮਿਸਾਲਾਂ ਇਹ ਦੱਸਣ ਲਈ ਦਿਤੀਆਂ ਜਾ ਸਕਦੀਆਂ ਹਨ ਕਿ ਗੁਰਬਾਣੀ ਵਿਚ ਦਰਜ ਵਿਗਿਆਨ ਸਬੰਧੀ ਗੱਲਾਂ ਵਿਗਿਆਨੀਆਂ ਨੇ ਉਸ ਵੇਲੇ ਤੱਕ ਲੱਭ ਲਈਆਂ ਸਨ। ਅਜਿਹਾ ਲਿਖਣ ਨਾਲ ਸਾਡੇ ਮਨਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਘਟਦੀ ਨਹੀਂ, ਸਗੋਂ ਉਨ੍ਹਾਂ ਦੀ ਕੁਰਬਾਨੀ ਦਾ ਸੱਚ ਜਾਣ ਕੇ ਉਨ੍ਹਾਂ ਦੀ ਮਹਾਨਤਾ ਅਨੇਕ ਗੁਣਾਂ ਵੱਧ ਜਾਂਦੀ ਹੈ। ਉਨ੍ਹਾਂ ਆਪਣੀ ਵਿਦਵਤਾ ਤੇ ਆਪਣਾ ਸਮੁੱਚਾ ਜੀਵਨ ਦੱਬੇ ਕੁਚਲੇ ਤੇ ਦੀਨ ਦੁਖੀਆਂ ਦਾ ਜੀਵਨ ਸੁਧਾਰਨ ਵਿਚ ਲਾ ਦਿੱਤਾ।
ਮੈਂ ਇੱਥੇ ਗੁਰੂ ਜੀ ਦੇ ਸਾਥੀ ਭਾਈ ਮਰਦਾਨੇ ਦੀ ਕੁਰਬਾਨੀ ਦੱਸਣ ਤੋਂ ਵੀ ਨਹੀਂ ਰਹਿ ਸਕਦਾ। ਭਾਈ ਮਰਦਾਨਾ ਉਸ ਸਮੇਂ ਦੇ ਇੱਕ ਉਚ ਕੋਟੀ ਦੇ ਸੰਗੀਤਕਾਰ ਸਨ। ਉਹ ਵੀ ਆਪਣੇ ਇਸ ਹੁਨਰ ਸਦਕਾ ਬੜੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਸਨ, ਪਰ ਉਨ੍ਹਾਂ ਵੀ ਆਪਣੇ ਸਮੁੱਚੇ ਜੀਵਨ ਨੂੰ ਗੁਰੂ ਜੀ ਦੇ ਸਾਥੀ ਵਜੋਂ ਮਨੁੱਖਤਾ ਦੀ ਭਲਾਈ ਵਾਸਤੇ ਅਰਪਣ ਕਰ ਦਿੱਤਾ।
ਅਫਸੋਸ! ਸਾਡੇ ਦੁੱਧ ਚਿੱਟੇ ਚੋਲਿਆਂ ਵਾਲੇ ਡੇਰੇਦਾਰ ਤੇ ਪੁਜਾਰੀ ਬਾਬੇ ਆਪਣਾ ਹਲਵਾ ਮੰਡਾ ਚਲਦਾ ਰੱਖਣ ਲਈ ਗੁਰੂ ਨਾਨਕ ਦੇਵ ਦੀਆਂ ਘਾਲਣਾਵਾਂ ਨੂੰ ਕੌਡੀਆਂ ਘੱਟੇ ਰੋਲਣ ਵਿਚ ਕੋਈ ਕਸਰ ਨਹੀਂ ਛੱਡਦੇ। ਇਨ੍ਹਾਂ ਵਲੋਂ ਗੁਰੂ ਸਾਹਿਬਾਨ ਨਾਲ ਮਨੋਕਲਪਿਤ, ਅੰਧਵਿਸ਼ਵਾਸੀ ਅਤੇ ਕਰਾਮਾਤੀ ਕਥਾਵਾਂ ਜੋੜਨ ਦਾ ਮੰਤਵ ਸਾਨੂੰ ਗੁਰੂ ਸਾਹਿਬਾਨ ਦੀਆਂ ਅਸਲੀ ਸਿਖਿਆਵਾਂ ਤੋਂ ਦੂਰ ਕਰਕੇ ਉਨ੍ਹਾਂ ਦੀ ਸਿਰਫ ਪੂਜਾ ਵੱਲ ਤੋਰਨਾ ਅਤੇ ਅੰਤ ਨੂੰ ਬਾਬਿਆਂ ਦੀ ਆਪਣੀ ਸ਼ਰਨ ਵਿਚ ਪਹੁੰਚਣ ਲਈ ਤਿਆਰ ਕਰਨਾ ਹੁੰਦਾ ਹੈ। ਇਨ੍ਹਾਂ ਪੁਜਾਰੀ ਬਾਬਿਆਂ ਵਲੋਂ ਹੀ ਆਪਣੇ ਚੇਲਿਆਂ ਦੀ ਗੁੱਝੀ ਮਿਲੀਭੁਗਤ ਨਾਲ ਆਪਣੇ ਆਪ ਨੂੰ ਤਿੰਨਾਂ ਲੋਕਾਂ ਦੇ ਜਾਣੀ ਜਾਣ ਤੇ ਅੰਤਰਯਾਮੀ ਹੋਣ ਦਾ ਭੁਲੇਖਾ ਪਾਉਣ ਵਾਸਤੇ ਗੁਰੂ ਜੀ ਨਾਲ ਅਜਿਹੀਆਂ ਕਥਾ ਕਹਾਣੀਆਂ ਜੋੜੀਆਂ ਜਾਂਦੀਆਂ ਰਹੀਆਂ ਹਨ ਕਿ ਗੁਰੂ ਜੀ ਨੇ ਆਪਣੀ ਦਿਭ ਦ੍ਰਿਸ਼ਟੀ ਨਾਲ ਸੈਂਕੜੇ ਸਾਲ ਪਹਿਲਾਂ ਵਿਗਿਆਨ ਦੀਆਂ ਅਜਿਹੀਆਂ ਖੋਜਾਂ ਬਾਰੇ ਦਸ ਦਿੱਤਾ ਸੀ, ਜਦੋਂ ਵਿਗਿਆਨ ਅਜੇ ਪੈਦਾ ਹੀ ਨਹੀਂ ਸੀ ਹੋਇਆ। ਇਸ ਵਿਚ ਕੋਈ ਸੱਚਾਈ ਨਹੀਂ ਹੈ। ਗੁਰੂ ਜੀ ਨੇ ਪੂਰੀ ਮਿਹਨਤ ਨਾਲ ਉਸ ਵੇਲੇ ਦਾ ਗਿਆਨ ਹਾਸਲ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਸੀ। ਇਸ ਲਈ ਇਹ ਨਿਰਣਾ ਆਪਾਂ ਕਰਨਾ ਹੈ ਕਿ ਗੁਰੂ ਸਾਹਿਬਾਨ ਦੀਆਂ ਸੱਚੀਆਂ ਸੁੱਚੀਆਂ ਸਿਖਿਆਵਾਂ ‘ਤੇ ਚਲਣਾ ਹੈ ਜਾਂ ਇਨ੍ਹਾਂ ਪੁਜਾਰੀਆਂ ਦੀ ਲੁੱਟ ਦਾ ਸ਼ਿਕਾਰ ਬਣੇ ਰਹਿਣਾ ਹੈ!