ਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ

ਮਿੰਟੂ ਬਰਾੜ ਆਸਟ੍ਰੇਲੀਆ
ਦਿੱਲੀ ‘ਚ ਕੰਮ ਦੀ ਜਿੱਤ ਹੋਈ ਹੈ ਤੇ ਨਫਰਤ ਦੀ ਹਾਰ। ਭਾਜਪਾ ਨੇ ਆਪਣੀ ਸਾਰੀ ਤਾਕਤ ਲਾ ਕੇ ਚੋਣਾਂ ਦੇ ਅਖੀਰਲੇ ਦਿਨਾਂ ‘ਚ ਹਰ ਇਕ ਨੂੰ ਸੋਚੀਂ ਪਾ ਦਿੱਤਾ ਸੀ, ਪਰ ਇਕੱਲੇ ਮਨੋਜ ਤਿਵਾੜੀ ਤੋਂ ਬਿਨਾ ਕਿਸੇ ਹੋਰ ਨੇ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਅਰਵਿੰਦ ਕੇਜਰੀਵਾਲ ਅਗਲੇ ਮੁੱਖ ਮੰਤਰੀ ਨਹੀਂ ਬਣ ਸਕਦੇ। ਬੱਸ ਹਰ ਇਕ ਦੀ ਸੋਚ ਸੀ ਕਿ ਦੇਖੋ ਕਿੰਨੀਆਂ ਸੀਟਾਂ ਲੈ ਕੇ ਆਮ ਆਦਮੀ ਪਾਰਟੀ (ਆਪ) ਤੀਜੀ ਵਾਰ ਸੱਤਾ ‘ਚ ਆਉਂਦੀ ਹੈ। ਭਾਵੇਂ ਸਰਵੇਖਣ ਕੇਜਰੀਵਾਲ ਨੂੰ 50 ਤੋਂ ਵੱਧ ਸੀਟਾਂ ਦਿੰਦੇ ਰਹੇ, ਪਰ ਬੁੱਧੀਜੀਵੀ ਵਰਗ ਅਮਿਤ ਸ਼ਾਹ ਦੀਆਂ ਚਾਲਾਂ ਤੋਂ ਭੈਭੀਤ ਦਿਸ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕੁਝ ਵੀ ਹੋ ਸਕਦਾ ਹੈ। ਅਖੀਰ ‘ਚ 62 ਸੀਟਾਂ ‘ਤੇ ਜਿੱਤ ਦਰਜ ਕਰ ਕੇ ḔਆਪḔ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਸੋਚੀਂ ਪਾ ਦਿੱਤਾ ਕਿ ਹੁਣ ਸਹੀ ਸਮਾਂ ਹੈ, ḔਆਪḔ ਦਾ ਦਿੱਲੀ ਤੋਂ ਬਾਹਰ ਖੰਭ ਖਿਲਾਰਨ ਦਾ। ਜਦੋਂ ਇਹ ਗੱਲ ਉਠਦੀ ਹੈ ਤਾਂ ਸਭ ਤੋਂ ਪਹਿਲਾਂ ਅੱਖ ਪੰਜਾਬ ‘ਤੇ ਆਉਂਦੀ ਹੈ।

ਇਕ ਵੇਲਾ ਸੀ, ਜਦੋਂ ਪੰਜਾਬ ਨੇ ਵੀ ḔਆਪḔ ਨੂੰ ਪਲਕਾਂ ‘ਤੇ ਬੈਠਾ ਲਿਆ ਸੀ, ਪਰ ਨੋਸਿਖਿਆ ਵਲੋਂ ਹੋਈਆਂ ਬੱਜਰ ਗਲਤੀਆਂ ਕਾਰਨ ਪੰਜਾਬ ‘ਚ ਆਉਂਦੀਆਂ ਅੱਸੀ ਤੋਂ ਵੀ ਵੱਧ ਸੀਟਾਂ ਵੀਹ ‘ਚ ਸਿਮਟ ਕੇ ਰਹਿ ਗਈਆਂ, ਜੋ ਬਾਅਦ ‘ਚ ਹੋਰ ਵੀ ਖੇਰੂੰ-ਖੇਰੂੰ ਹੋ ਗਈਆਂ।
ਪਹਿਲਾਂ ਹੋਈਆਂ ਗਲਤੀਆਂ ਤੋਂ ਸਿੱਖ ਕੇ ਜੇ ਹੁਣ ਵੀ ḔਆਪḔ ਕੁਝ ਵੱਡੇ ਫੈਸਲੇ ਕਰ ਲਵੇ ਤਾਂ ਹੋ ਸਕਦਾ ਹੈ, ਪੰਜਾਬ ਵੀ ਜਿੱਤ ਲਵੇ, ਜੋ ਕੋਈ ਅਸੰਭਵ ਕੰਮ ਨਹੀਂ ਦਿਸ ਰਿਹਾ। ਨਵਜੋਤ ਸਿੱਧੂ ਅੱਜ ਵੀ ਚੌਰਾਹੇ ‘ਤੇ ਖੜ੍ਹਾ ਹੈ। ਉਸ ਦੀ ਕਾਬਲੀਅਤ ‘ਤੇ ਭਰੋਸਾ ਕੀਤਾ ਜਾ ਸਕਦਾ ਹੈ। ਉਸ ਨੂੰ ਸਟਾਰ ਪ੍ਰਚਾਰਕ ਬਣਾਉਣ ਦੀ ਤਾਂ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ḔਆਪḔ ਅੱਧੀ ਲੜਾਈ ਜਿੱਤ ਸਕਦੀ ਹੈ। ਸਿੱਧੂ ਨਾਲ ਹੋਣਹਾਰ ਪਰਗਟ ਸਿੰਘ, ਤੇ ਹੋ ਸਕਦਾ ਬੈਂਸ ਭਰਾ ਵੀ ਆ ਜਾਣ। ਡਾ. ਧਰਮਵੀਰ ਗਾਂਧੀ ਜਿਹੇ ਬੇਦਾਗ ਇਨਸਾਨਾਂ ਨੂੰ ਮਨਾਇਆ ਜਾ ਸਕਦਾ ਹੈ। ਸੁਖਪਾਲ ਸਿੰਘ ਖਹਿਰਾ ਵੀ ਬੱਸ ਬਹਾਨਾ ਹੀ ਭਾਲਦੈ ਕਿ ਕੇਜਰੀਵਾਲ ਉਸ ਨੂੰ ਕਹਿਣ, “ਆਪ ਕਾ ḔਆਪḔ ਮੇਂ ਫਿਰ ਸੇ ਸਵਾਗਤ ਹੈ।” ਮੇਰੇ ਹਿਸਾਬ ਨਾਲ ਤਾਂ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਵਾਪਸ ਬੁਲਾਇਆ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਲਈ ਭਗਵੰਤ ਮਾਨ ਦੀ ਕੁਰਬਾਨੀ ਵੱਡੀ ਹੈ ਤੇ ਵੱਡੀ ਰਹੇਗੀ, ਪਰ ਉਸ ਨੂੰ ਵੀ ਇਕ ਟੀਮ ਪਲੇਅਰ ਵਾਲੀ ਭੂਮਿਕਾ ‘ਚ ਆਉਣਾ ਪਵੇਗਾ, ਕਿਉਂਕਿ ਪਿਛਲੀ ਵਾਰ ਇਹ ਦੋਸ਼ ਲੱਗਾ ਸੀ ਕਿ ਭਗਵੰਤ ਮਾਨ ਨੇ ਵੱਡੇ ਦਿੱਗਜਾਂ ਨੂੰ ਜਾਣ ਬੁੱਝ ਕੇ ḔਆਪḔ ‘ਚ ਨਹੀਂ ਆਉਣ ਦਿੱਤਾ। ਸ਼ਾਇਦ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਦਿਸਣ ਲੱਗ ਪਈ ਸੀ। ਆਖਰ ਕੁਰਸੀ ਦਾ ਵੀ ਆਪਣਾ ਹੀ ਨਸ਼ਾ ਹੈ!
ਸੁਣਨ ‘ਚ ਤਾਂ ਇਹ ਵੀ ਆਇਆ ਹੈ ਕਿ ਹੋ ਸਕਦੈ, ਕੇਜਰੀਵਾਲ ਦਿੱਲੀ ਦੀ ਡੋਰ ਮਨੀਸ਼ ਸਿਸੋਦੀਆ ਨੂੰ ਫੜਾ ਕੇ ਖੁਦ ਆਪਣਾ ਰਥ ਪੰਜਾਬ ਵੱਲ ਕਰ ਲੈਣ, ਪਰ ਇੰਨਾ ਕੁ ਤਾਂ ਤੈਅ ਹੈ ਕਿ ਲੰਮੇ ਵਕਫੇ ਪਿਛੋਂ ਕੇਜਰੀਵਾਲ ਪੰਜਾਬ ‘ਚ ਰੋਡ ਸ਼ੋਅ ਕਰਨ ਆ ਰਹੇ ਹਨ। ਜੇ ਉਹ ਸੱਚੀ ਆ ਰਹੇ ਹਨ, ਤਾਂ ਮੇਰਾ ਵਿਚਾਰ ਹੈ ਕਿ ਉਨ੍ਹਾਂ ਨੂੰ ਪਹਿਲਾਂ ਰੁੱਸਿਆਂ ਨੂੰ ਖੁਦ ਮਨਾ ਲੈਣਾ ਚਾਹੀਦਾ ਹੈ। ਇਸ ਰੋਡ ਸ਼ੋਅ ਨੂੰ ਇਸ ਤਰ੍ਹਾਂ ਉਲੀਕਿਆ ਜਾਵੇ ਕਿ ਇਸ ਦੌਰਾਨ ਚੰਗੇ ਲੋਕਾਂ ਅਤੇ ਵਧੀਆ ਲੀਡਰਾਂ ਨੂੰ ḔਆਪḔ ‘ਚ ਭਾਰਤੀ ਕੀਤਾ ਜਾਵੇ।
ਪਟਿਆਲੇ ਸਿੱਧੂ ਤੇ ਗਾਂਧੀ ਕੇਜਰੀਵਾਲ ਦੀ ਉਡੀਕ ‘ਚ ਖੜ੍ਹੇ ਹੋਣ, ਲੁਧਿਆਣੇ ਬੈਂਸ ਭਰਾ ਤੇ ਖਹਿਰਾ, ਮੁਹਾਲੀ ਕੰਵਰ ਸੰਧੂ, ਗੁਰਦਾਸਪੁਰ ‘ਚ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਘੁੱਗੀ ਅਤੇ ਜਲੰਧਰ ‘ਚ ਪਰਗਟ ਸਿੰਘ ਹੱਥਾਂ ‘ਚ ਫੁੱਲਾਂ ਦਾ ਹਾਰ ਲਈ ਖੜ੍ਹੇ ਹੋਣ। ਬੇਸ਼ਕ ਪਹਿਲਾਂ ਲੱਖ ਗੁੱਸੇ ਗਿਲੇ ਹੋ ਗਏ ਹੋਣ, ਪਰ ਇਸ ਗੱਲ ‘ਚ ਵੀ ਸੱਚਾਈ ਹੈ ਕਿ ਉਕਤ ਸਾਰੇ ਨਾਂਵਾਂ ‘ਤੇ ਪੰਜਾਬ ਦੇ ਲੋਕ ਹਾਲੇ ਵੀ ਭਰੋਸਾ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਪੰਜਾਬੀ ਕਦੇ ਵੀ ਬਾਹਰਲਿਆਂ ਦੀ ਚੌਧਰ ਨਹੀਂ ਮੰਨਦਾ।
ਜੇ ਇਹ ਸਾਰੇ 2017 ਦੀਆਂ ਚੋਣਾਂ ‘ਚ ਇਕੱਠੇ ਹੋ ਜਾਂਦੇ ਤਾਂ ਨਤੀਜੇ ਕੁਝ ਹੋਰ ਹੀ ਹੋਣੇ ਸਨ, ਪਰ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਤੇ ਚੁੱਕੇ ਜਾ ਸਕਦੇ ਹਨ। ਪੰਜਾਬ ਦੀ ਜਨਤਾ ਕੋਲ ਹੁਣ ਬੱਸ ਇਹ ਆਖਰੀ ਆਸ ਬਚੀ ਹੈ। ਕੇਜਰੀਵਾਲ ਜੇ ਪਹਿਲ ਕਰ ਲਵੇ ਝੁਕਣ ਦੀ, ਤਾਂ ਫਲ ਵੀ ਉਸੇ ਦੇ ਲੱਗੂ! ਕਿਉਂਕਿ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਐ, ਉਚਾ ਰੁੱਖ ਤਾਂ ਸਿੰਮਲ ਦਾ ਵੀ ਹੁੰਦੈ-ਨਾ ਫਲ ਕੰਮ ਦੇ, ਨਾ ਫੁੱਲ ਕੰਮ ਦੇ!
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਸਾਰੇ ਇਕੱਠੇ ਤਾਂ ਲੱਖ ਦੇ ਹੋ ਸਕਦੇ ਹਨ, ਪਰ ਇਕੱਲਾ ਇਕੱਲਾ ਤਾਂ ਰੋਲ ਕੇ ਰੱਖ ਦਿੱਤਾ ਹੈ, ਘਾਗ ਸਿਆਸਤਦਾਨਾਂ ਨੇ। ਭਾਵੇਂ ਉਹ ਸਿੱਧੂ ਹੋਵੇ, ਭਾਵੇਂ ਖਹਿਰਾ। ਬੈਂਸ ਭਰਾਵਾਂ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜਾਨ ਲਾਈ ਹੋਈ ਹੈ, ਪਰ ਉਹ ਵੀ ਇਕੱਲੇ ਪੰਜਾਬ ਦੀ ਕਿਸਮਤ ਨਹੀਂ ਬਦਲ ਸਕਦੇ। ਹਾਲ ਦੀ ਘੜੀ ਪਿਛਲੇ ਤਿੰਨ ਸਾਲ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਮੁੜ ਜਿੱਤਣ ਵਾਲੀ ਨਹੀਂ ਦਿਸਦੀ। ਟਕਸਾਲੀ ਅਕਾਲੀ ਸੁਖਬੀਰ ਸਿੰਘ ਬਾਦਲ ਥੱਲੇ ਲੱਗਣ ਨੂੰ ਤਿਆਰ ਨਹੀਂ। ਭਾਵੇਂ ḔਆਪḔ ਨੇ ਪਿਛਲੇ ਸਾਲਾਂ ‘ਚ ਪੰਜਾਬ ‘ਚ ਆਪਣਾ ਆਧਾਰ ਗੁਆਇਆ ਹੀ ਹੈ, ਪਰ ਫਿਰ ਵੀ ਜੇ ਸਹੀ ਦਿਸ਼ਾ ਵਿਚ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਇਕ ਰੋਡ ਸ਼ੋਅ ਹੁਣ ਕੇਜਰੀਵਾਲ ਕਰਦੇ ਹਨ ਤਾਂ ਮੇਰੀ ਜਾਚੇ ਪੰਜਾਬ ਦੇ ਹਾਲੇ ਵੀ ਚਹੇਤੇ ਉਕਤ ਨੇਤਾ ਦਸ ਕੁ ਦਿਨਾਂ ‘ਚ ਹੀ ਕੇਜਰੀਵਾਲ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹ ਸਕਦੇ ਹਨ।
ਇੱਥੇ ਮਤਲਬ ਕੇਜਰੀਵਾਲ ਦੇ ਪਿਛੇ ਲੱਗਣ ਦਾ ਨਹੀਂ ਹੈ, ਬੱਸ ਇਕ ਬਹਾਨਾ ਹੈ ਚੰਗੀ ਸੋਚ ਅਤੇ ਚੰਗੇ ਤੇ ਬੇਦਾਗ ਲੋਕਾਂ ਨੂੰ ਮੂਹਰੇ ਲਿਆਉਣ ਦਾ। ਪੰਜਾਬ ‘ਚ 2022 ਦੀ ਇਬਾਰਤ ਲਿਖਣ ਦਾ ਹੁਣ ਸੁਨਹਿਰੀ ਮੌਕਾ ਹੈ। ਲੋਹਾ ਗਰਮ ਹੈ, ਹਥੌੜਾ ਤਿਆਰ ਪਿਆ, ਬੱਸ ਲੋੜ ਹੈ, ਹਉਮੈ ਛੱਡ ਕੇ ਇਕ ਜ਼ੋਰਦਾਰ ਸੱਟ ਮਾਰਨ ਦੀ।