ਬੁੱਤਾਂ ਦਾ ਮਸਲਾ

‘ਪੰਜਾਬ ਟਾਈਮਜ਼’ ਦੇ 8 ਫਰਵਰੀ 2020 ਦੇ ਅੰਕ ਵਿਚ ‘ਭਖਦੇ ਮਸਲੇ’ ਅਧੀਨ ‘ਬੁੱਤਾਂ ਦੀ ਸਿਆਸਤ ਅਤੇ ਸਿੱਖ ਸੁਹਜ’ ਪੜ੍ਹਨ ਨੂੰ ਮਿਲਿਆ। ਲੇਖਕ ਪ੍ਰਭਸ਼ਰਨਦੀਪ ਸਿੰਘ ਨੇ ਆਪਣੇ ਇਸ ਲੇਖ ਦਾ ਮੁੱਢ ਧਾਰਮਿਕ ਨਫਰਤ ਤੋਂ ਬੰਨ੍ਹਿਆ ਹੈ। ਲੇਖ ਦੀ ਦੂਸਰੀ ਸਤਰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਬੁੱਤ ਲਾਉਣ ਜਾਂ ਹਟਾਉਣ ਦੀ ਕਾਰਵਾਈ ਧਰਮਾਂ ਵਿਚ ਚਲ ਰਹੀ ਗੰਭੀਰ ਜੰਗ ਦਾ ਹਿੱਸਾ ਹੈ; ਨਾ ਕਿ ਧਰਮਾਂ ਵਿਚਲੀ ਜੰਗ। ਅਗਾਂਹ ਲੇਖਕ ਨੇ ਇਸ ਨੂੰ ਖੱਬੇ ਪੱਖੀਆਂ ਨਾਲ ਵੀ ਜੋੜ ਦਿੱਤਾ ਹੈ।

ਲੇਖਕ ਨੇ ਹਿੰਦੂ ਧਰਮ ਵਿਰੁਧ ਰੱਜ ਕੇ ਆਪਣੀ ਨਫਰਤ ਦਾ ਇਜ਼ਹਾਰ ਕਰਨ ਵਾਸਤੇ ਇਨ੍ਹਾਂ ਬੁੱਤਾਂ ਦੇ ਮਸਲੇ ਨੂੰ ਇਸਤੇਮਾਲ ਕੀਤਾ ਹੈ। ਉਸ ਨੇ ਆਪਣੀ ਨਫਰਤ ਦਾ ਦਾਇਰਾ ਵਧਾਉਂਦੇ ਹੋਏ ਸਿਆਸੀ ਤਾਕਤਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਲੇਖਕ ਨੇ ਲਿਖਿਆ ਹੈ ਕਿ ਕਿਵੇਂ ਹਿੰਦੁਸਤਾਨੀ ਹਾਕਮਾਂ ਅਤੇ ਬਾਦਲ ਅਕਾਲੀ ਦਲ ਨੇ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਪ੍ਰਭਸ਼ਰਨਦੀਪ ਸਿੰਘ ਸਿਆਣੇ ਅਤੇ ਸਾਹਿਤਕ ਸ਼ਖਸੀਅਤ ਜਾਪਦੇ ਹਨ, ਪਰ ਉਹ ਆਪਣੀ ਸਾਹਿਤਕ ਸੋਚ ਨੂੰ ਤੰਗ ਧਾਰਮਿਕ ਦੂਰਬੀਨ ਰਾਹੀਂ ਹੀ ਵਰਤਦੇ ਹਨ। ਉਨ੍ਹਾਂ ਨੇ ਸਾਂਝੀਵਾਲਤਾ ਦਾ ਕੋਈ ਸੰਦੇਸ਼ ਦੇਣ ਵਾਲਾ ਉਪਰਾਲਾ ਕੀਤਾ ਹੁੰਦਾ ਤਾਂ ਸ਼ਲਾਘਾਯੋਗ ਸੀ। ਇਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਉਨ੍ਹਾਂ ਦੀ ਪੰਜਾਬੀ ਭਾਸ਼ਾ ਦੀ ਬਣਤਰ ਆਮ ਪੰਜਾਬੀ ਦੀ ਸਮਝ ਤੋਂ ਬਾਹਰ ਹੈ।
ਮਿਸਾਲ ਲੇਖ ਦੀਆਂ ਪਹਿਲੀਆਂ ਸਤਰਾਂ ਹਨ। ਹੁਣ ਜੇ ਇਹ ਸਤਰਾਂ ਕਿਸੇ ਆਮ ਪੰਜਾਬੀ ਸ਼ਹਿਰੀ ਜਾਂ ਪੇਂਡੂ ਨੂੰ ਸੁਣਾਈਆਂ ਜਾਣ ਤਾਂ ਮੇਰਾ ਖਿਆਲ ਹੈ ਕਿ ਸੌ ਵਿਚੋਂ ਇਕ ਬੰਦਾ ਹੀ ਇਸ ਨੂੰ ਸਮਝ ਸਕੇਗਾ। ਲੇਖਕ ਵਲੋਂ ਵਰਤੀ ਗਈ ਬੰਬਵਾਦੀ ਸ਼ਬਦਾਵਾਲੀ ਅਤੇ ਫਿਕਰੇ ਦੀ ਲੰਬਾਈ ਆਮ ਪੇਂਡੂ ਜਾਂ ਸ਼ਹਿਰੀ ਪੰਜਾਬੀ ਦੀ ਸਮਝ ਤੋਂ ਬਾਹਰ ਹੈ।
ਲੇਖਕ ਨੇ ਬੁੱਤਾਂ ਦੇ ਮਸਲੇ ਨੂੰ ਅਜੋਕੀ ਰਾਜਨੀਤੀ ਤੋਂ ਪਿਛਾਂਹ ਖਿੱਚ ਕੇ 1849 ਨਾਲ ਜੋੜ ਕੇ 1947 ਤੋਂ ਬਾਅਦ ਦੀ ਸਾਰੀ ਤਬਾਹੀ ਦਾ ਕਾਰਨ ਹਿੰਦੂਆਂ ਨੂੰ ਕਰਾਰ ਦਿੱਤਾ ਹੈ।
ਸਿੱਧੇ ਤੌਰ ‘ਤੇ ਹਿੰਦੂਆਂ ਨੂੰ ਸਭ ਕੁਝ ਬੁਰੇ ਵਾਸਤੇ ਜ਼ਿੰਮੇਵਾਰ ਠਹਿਰਾਉਣ ਨਾਲ ਇਹ ਜਾਪਦਾ ਹੈ ਕਿ ਲੇਖਕ ਨੂੰ ਜਾਂ ਤਾਂ ਕਿਸੇ ਹਿੰਦੂ ਨਾਲ ਕੋਈ ਜਾਤੀ ਰੰਜਿਸ਼ ਹੋ ਸਕਦੀ ਹੈ, ਜਾਂ ਉਹ ਕਿਸੇ ਖਾਮ ਖਿਆਲੀ ਦਾਇਰੇ ਵਿਚ ਹੀ ਜਕੜਿਆ ਹੋਇਆ ਹੈ। ਲੇਖਕ ਮੁਤਾਬਕ 1947 ਤੋਂ ਬਾਅਦ ਸਿਰਫ ਹਿੰਦੂ ਹੀ ਸਭ ਕੁਝ ਮਾੜੇ ਵਾਸਤੇ ਜ਼ਿੰਮੇਵਾਰ ਹਨ ਤਾਂ ਕੀ ਲੇਖਕ ਨੂੰ ਪ੍ਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਰਾਜਿੰਦਰ ਕੌਰ ਭੱਠਲ, ਅਮਰਿੰਦਰ ਸਿੰਘ ਵਗੈਰਾ ਸਿੱਖ ਵੀ ਹਿੰਦੂ ਹੀ ਦਿਸਦੇ ਹਨ, ਕਿਉਂਕਿ ਇਨ੍ਹਾਂ ਸਾਰਿਆਂ ਦਾ ਪੰਜਾਬ ਦੇ ਭਲੇ ਜਾਂ ਬੁਰੇ ਵਿਚ ਬਹੁਤ ਯੋਗਦਾਨ ਰਿਹਾ ਹੈ।
ਕੀ ਲੇਖਕ ਨੇ ਕਦੇ ਪਟਨਾ ਸਾਹਿਬ ਵਿਚ ਇਕ ਹਿੰਦੂ ਮੁੱਖ ਮੰਤਰੀ ਵਲੋਂ ਗੁਰੂ ਸਾਹਿਬਾਨ ਦੇ ਜਸ਼ਨਾਂ ਨੂੰ ਮਨਾਉਣ ਦੀ ਸ਼ਲਾਘਾ ਕੀਤੀ ਹੈ? ਕੀ ਲੇਖਕ ਨੇ ਗੁਰੂ ਗੋਬਿੰਦ ਸਿੰਘ ਮਾਰਗ ਜਾਂ ਸੁਲਤਾਨਪੁਰ ਲੋਧੀ ਵਿਚ ਕੀਤੇ ਗਏ ਉਪਰਾਲਿਆਂ ਨੂੰ ਗੌਲਿਆ ਹੈ? ਲੇਖਕ ਨੂੰ ਸਿਰਫ ਅਤੇ ਸਿਰਫ ਨਾਂਹ-ਪੱਖੀ ਹੀ ਕਿਉਂ ਨਜ਼ਰ ਆਉਂਦੇ ਹਨ?
ਇਹ ਆਮ ਜਾਣਿਆ ਜਾਂਦਾ ਹੈ ਕਿ ਜੇ ਕੋਈ ਆਪ ਨਾਲੋਂ ਤਾਕਤਵਰ, ਸੂਝਵਾਨ ਤੇ ਉਚੇਰੇ ਬੰਦੇ ਦੀ ਨਿੰਦਿਆ ਕਰਦਾ ਹੈ ਤਾਂ ਉਸ ਦਾ ਇਹ ਕਾਰਜ ਆਪਣੀ ਹੀ ਹੀਣ ਭਾਵਨਾ ਦਰਸਾਉਣ ਦਾ ਸਾਧਨ ਬਣਦਾ ਹੈ।
ਲੇਖਕ ਨੇ ਬੁੱਤਾਂ ਦੀ ਜਗ੍ਹਾ ਗੁਰਬਾਣੀ ਦੀਆਂ ਸਤਰਾਂ ਵਾਲੇ ਪੱਥਰ ਲਾਉਣ ਦੀ ਤਜਵੀਜ਼ ਰੱਖੀ ਹੈ। ਕੀ ਕਿਸੇ ਗੁਰੂ ਨੇ ਕਦੇ ਐਸੀ ਮਿਸਾਲ ਕਾਇਮ ਕੀਤੀ ਹੈ, ਜਿਸ ਦਾ ਇਸ ਸੂਝਵਾਨ ਲੇਖਕ ਨੂੰ ਵੱਧ ਇਲਮ ਹੋਵੇਗਾ।
ਸੜਕ ਦੇ ਕੰਢੇ ਗੱਡੇ ਪੱਥਰਾਂ ਨੂੰ ਪੰਛੀਆਂ ਦੀਆਂ ਬਿੱਠਾਂ ਤੋਂ ਕਿਵੇਂ ਬਚਾਇਆ ਜਾਵੇਗਾ? ਧੂੰਏਂ, ਮਿੱਟੀ ਤੋਂ ਕਿਵੇਂ ਬਚਾਇਆ ਜਾਵੇਗਾ? ਇਕ ਪਾਸੇ ਤਾਂ ਗੁਰਬਾਣੀ ਨੂੰ ਸਤਿਕਾਰ ਸਹਿਤ ਰੁਮਾਲਿਆਂ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ, ਤੇ ਦੂਜੇ ਪਾਸੇ ਇਹੀ ਗੁਰਬਾਣੀ ਮੀਲ ਪੱਥਰਾਂ ਵਾਂਗ ਮੀਂਹ, ਹਨੇਰੀ, ਮਿੱਟੀ-ਘੱਟਾ, ਧੂੰਆਂ ਅਤੇ ਬਿੱਠਾਂ ਦਾ ਸ਼ਿਕਾਰ ਨਹੀਂ ਬਣੇਗੀ?
ਲੇਖਕ ਹਿੰਦੂਵਾਦ ਨੂੰ ਕੋਸਦਾ ਹੈ, ਰਾਸ਼ਟਰਵਾਦ ਨੂੰ ਨਿੰਦਦਾ ਹੈ। ਕੀ ਉਸ ਵਿਚ ਦੂਜੇ ਧਰਮਾਂ ਦੇ ਕੁਝ ਹਿਸਿਆਂ ਵਲੋਂ ਆਪੋ-ਆਪਣੇ ਧਰਮ ਨੂੰ ਅੱਗੇ ਤੋਰਨ ਦੀ ਨਿੰਦਿਆ ਕਰਨ ਦਾ ਵੀ ਹੌਸਲਾ ਹੈ ਕਿ ਨਹੀਂ? ਮਿਸਾਲ ਵਜੋਂ ਕੀ ਮੁਸਲਮਾਨਾਂ ਅਤੇ ਸਿੱਖਾਂ ਦੇ ਕੁਝ ਹਿੱਸਿਆਂ ਵਲੋਂ ਜ਼ੋਰ-ਜਬਰ ਨਾਲ ਆਪੋ-ਆਪਣੇ ਧਰਮਾਂ ਦੇ ਨਾਮ ‘ਤੇ ਹਕੂਮਤਾਂ ਕਾਇਮ ਕਰਨ ਦੇ ਹੀਲੇ ਇਸ ਦਾਇਰੇ ਵਿਚ ਆਉਂਦੇ ਹਨ ਕਿ ਨਹੀਂ?
ਇਕ ਪਾਸੇ ਤਾਂ ਲੇਖਕ ਸਿੱਖੀ ਨੂੰ ਸਮੁੱਚੀ ਮਨੁੱਖਤਾ ਲਈ ਸੁਨੇਹਾ ਦੱਸਦਾ ਹੈ ਅਤੇ ਦੂਜੇ ਪਾਸੇ ਬਿਹਾਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨਾਂ ਅਤੇ ਸ਼ੁਭ ਦਿਹਾੜਿਆਂ ਦੀ ਮਾਨਤਾ ਜਿਸ ਤਰ੍ਹਾਂ ਇਕ ਹਿੰਦੂ ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਹੈ, ਉਸ ਦਾ ਜ਼ਿਕਰ ਕਰਨਾ ਲੇਖਕ ਵਾਸਤੇ ਸਮੁੱਚੀ ਮਨੁੱਖਤਾ ਦੇ ਦਾਇਰੇ ਤੋਂ ਬਾਹਰ ਦੀ ਗੱਲ ਜਾਪਦੀ ਹੈ।
ਅੰਤ ਵਿਚ ਇਹੋ ਬੇਨਤੀ ਕੀਤੀ ਜਾ ਸਕਦੀ ਹੈ ਕਿ ਆਪਣੇ ਆਪ ਨੂੰ ਬੁਧੀਜੀਵੀ ਅਤੇ ਲਿਖਾਰੀ ਜਾਂ ਸਾਹਿਤ ਨਾਲ ਜੁੜਨ ਦਾ ਦਾਅਵਾ ਕਰਨ ਵਾਲੇ ਸਮੁੱਚੀ ਲੋਕਾਈ ਅਤੇ ਸਮਾਜ ਨੂੰ ਜੋੜਨ ਵਾਲੀ ਗੱਲ ਕਰਨ ਅਤੇ ਆਪਣੀ ਸ਼ਬਦਾਵਲੀ ਆਮ ਪੰਜਾਬੀ ਦੇ ਸਮਝਣ ਵਾਲੀ ਰੱਖਣ। ਬੰਬਾਂ ਵਰਗੇ ਸ਼ਬਦ ਵਰਤਣ ਨਾਲ ਪੜ੍ਹਨ ਵਾਲਾ ਸ਼ੁਰੂ ਵਿਚ ਹੀ ਮਜ਼ਮੂਨ ਵਿਚ ਆਪਣੀ ਦਿਲਚਸਪੀ ਗੁਆ ਬੈਠਦਾ ਹੈ ਅਤੇ ਇਸ ਨੂੰ ਸਿਰਫ ਲੇਖਕ ਵਲੋਂ ਭਾਸ਼ਾ ਗਿਆਨ ਦੇ ਦਿਖਾਵੇ ਤੋਂ ਵਧ ਨਹੀਂ ਸਮਝਦਾ।
-ਕਮਲਜੀਤ ਸਿੰਘ ਧਾਮੀ, ਕੈਲੀਫੋਰਨੀਆ
ਕਅਮਚਅਲਚਅਲ@ਹੋਟਮਅਲਿ।ਚੋਮ