ਸੰਤ ਭਿੰਡਰਾਂਵਾਲਿਆਂ ਦੀ ਕੰਵਲ ਨਾਲ ਆਖਰੀ ਗੱਲਬਾਤ

ਗੁਰਬਚਨ ਸਿੰਘ
ਫੋਨ: 91-98156-98451
“ਆ ਬਈ ਕੰਵਲ ਚੜ੍ਹਦੀ ਕਲਾ ਵਿਚ ਏਂ?” ਆਦਤ ਅਨੁਸਾਰ ਮੈਨੂੰ ਚੋਟ ਮਾਰ ਕੇ ਉਹ ਹੱਸ ਪਏ। ਉਹ ਮੈਨੂੰ ਕਮਿਊਨਿਸਟ ਹੀ ਸਮਝਦੇ ਸਨ।
“ਗਲਤ ਭਾਣਾ ਵਰਤਦਾ ਵੇਖ ਕੇ ਸੋਚ ਦਾ ਬੁਰਾ ਹਾਲ ਐ।” ਮੈਂ ਨਿਮਰਤਾ ਨਾਲ ਮੋੜ ਦਿਤਾ।
“ਤੇਰੇ-ਮੇਰੇ ਗੁਰੂ ਗੋਬਿੰਦ ਸਿੰਘ ਨੇ ਲੜਦਿਆਂ ਸਮੇਂ ਨਤੀਜਿਆਂ ਦੀ ਪ੍ਰਵਾਹ ਨਹੀਂ ਸੀ ਕੀਤੀ।” ਉਨ੍ਹਾਂ ਫਖਰ ਨਾਲ ਕਿਹਾ।

“ਉਨ੍ਹਾਂ ਨੇ ਹੱਕਾਂ ਲਈ ਵਿਰੋਧੀਆਂ ਖਿਲਾਫ ਹੋਸ਼ ਨਾਲ ਲੜਨਾ ਸਿਖਾਇਆ ਸੀ। ਉਨ੍ਹਾਂ ਸਤਿਬਚਨੀ ਨੂੰ ਕਮਾ ਕੇ ਵਿਖਾਇਆ ਸੀ ਅਤੇ ਨਤੀਜੇ ਵਜੋਂ ਇਕ ਬਹਾਦਰ ਕੌਮ ਦੁਸ਼ਮਣ ਦੇ ਬਰਾਬਰ ਟੱਕਰ ਵਾਲੀ ਖੜੀ ਕਰ ਦਿਤੀ ਸੀ।”
“ਹੁਣ ਇਸ ਟੱਕਰ ਬਾਰੇ ਤੇਰੀ ਕਲਮ ਕੀ ਕਹਿੰਦੀ ਐ?” ਚੋਟ ਵਾਲਾ ਡੰਗ ਹਾਲੇ ਉਵੇਂ ਹੀ ਤਿੱਖਾ ਸੀ। ਉਹ ਮੈਨੂੰ ਕਮਿਊਨਿਸਟ ਸਮਝ ਚੋਟ ਮਾਰ ਕੇ ਸੁਆਦ ਵੀ ਲੈਂਦੇ ਸਨ।
“ਮੈਂ ਬੇਨਤੀ ਕਰਨ ਆਇਆਂ, ਫਿਲਹਾਲ ਸਰਕਾਰ ਨਾਲ ਟਕਰਾਓ ਛੱਡ ਦਿਓ, ਲੋਹਾ ਬਿਲਕੁਲ ਤੱਤਾ ਨਹੀਂ, ਬਾਹਰ ਆ ਕੇ ਧੰਗੇੜਾਂ ਵਿਰੁਧ ਲੋਕਾਂ ਨੂੰ ਹੋਰ ਜੋੜੋ।” ਮੈਂ ਜੋ ਸੋਚ ਕਿ ਆਇਆ ਸਾਂ, ਕਹਿ ਦਿੱਤਾ।
“ਤੇਰੀ ਇੰਦਰਾ ਤਾਂ ਸਿੱਖਾਂ ਨੂੰ ਮਾਰਨ ਲਈ ਤੁਲੀ ਐ।” ਉਹ Ḕਤੇਰੀ ਇੰਦਰਾḔ ਕਹਿ ਕੇ ਸੁਆਦ ਲੈਂਦੇ ਸਨ। “ਚੜ੍ਹ ਕੇ ਤਾਂ ਉਹ ਸਾਡੇ ਉਤੇ ਆਈ ਏ, ਅਸੀਂ ਤਾਂ ਉਸ ਦੀ ਪਾਰਲੀਮੈਂਟ ਨਹੀਂ ਘੇਰੀ।” ਉਨ੍ਹਾਂ ਲੰਮੇ ਦਾੜ੍ਹੇ ਉਤੇ ਹੱਥ ਫੇਰਿਆ। ਖੱਬੇ ਹੱਥ ਤੀਰ ਲਿਸ਼ਕਾਂ ਮਾਰ ਰਿਹਾ ਸੀ।
“ਪਿਛਲੇ ਸਾਲ ਤਾਂ ਭਿੰਡਰ ਦੀ ਇਲੈਕਸ਼ਨ ਵਿਚ ਤੁਸੀਂ ਇਕ ਸਟੇਜ ਤੋਂ ਅਕਾਲੀਆਂ ਵਿਰੁਧ ਇਕੱਠੇ ਤਕਰੀਰਾਂ ਕਰ ਰਹੇ ਸੀ, ਹੁਣ Ḕਮੇਰੀ ਇੰਦਰਾḔ ਬਣਾ ਧਰੀ।” ਮੈਂ ਵੀ ਚੋਟ ਦਾ ਜਵਾਬ ਮੋੜਿਆ।
“ਇਹ ਵੇਲੇ-ਵੇਲੇ ਦੀਆਂ ਗੱਲਾਂ ਹਨ। ਅਸੀਂ ਸਿੱਧੇ ਨਾਲ ਪੂਰੇ ਸਿੱਧੇ ਤੇ ਵਿੰਗੇ ਨਾਲ ਖਾੜਕੂ, ਗੁਰੂ ਦਾ ਗੌਰਵ ਅਤੇ ਰਜ਼ਾ ਸਾਡੇ ਨਾਲ ਐ।” ਉਨ੍ਹਾਂ ਭਰਵੀਂ ਤਸੱਲੀ ਨਾਲ ਮੈਨੂੰ ਹਲੂਣਿਆ।
“ਮੈਂ ਪਿੰਡੋਂ ਮਿਥ ਕੇ ਤੁਹਾਨੂੰ ਬੇਨਤੀ ਕਰਨ ਆਇਆਂ, ਤੁਸੀਂ ਇਸ ਟਕਰਾਓ ਨੂੰ ਰੋਕ ਸਕਦੇ ਹੋ, ਸ੍ਰੀ ਅਕਾਲ ਤਖਤ ਸਾਹਿਬ ਛੱਡ ਕੇ ਬਾਹਰ ਆ ਜਾਓ ਅਤੇ ਨਿਧੜਕ ਪੇਸ਼ ਹੋ ਜਾਓ, ਇਹ ਮੇਰੀ ਦੂਰ ਦੀ ਸਲਾਹ ਸੋਚ ਐ।” ਮੈਂ ਹਿੱਕ Ḕਤੇ ਹੱਥ ਰੱਖ ਕੇ ਉਨ੍ਹਾਂ ਨੂੰ ਨਿਸ਼ਚਾ ਦੁਹਰਾਇਆ, “ਸਰਕਾਰ ਤੁਹਾਨੂੰ ਮਾਰੇਗੀ ਕਦੇ ਨਹੀਂ, ਅਕਾਲੀਆਂ ਵਿਰੁਧ ਵਰਤਣਾ ਜ਼ਰੂਰ ਚਾਹੇਗੀ, ਇਨ੍ਹਾਂ ਦੋਹਾਂ ਰਾਹਾਂ ਲਈ ਪੈਂਤੜਾ ਤੁਸੀਂ ਆਪ ਬਣਾਉਣਾ ਹੈ।”
“ਕੀ ਭੋਲੀਆਂ ਗੱਲਾਂ ਕਰਦਾਂ ਕੰਵਲ! ਵਾਰੇਸ਼ਾਹ (ਵਾਰਸ ਸ਼ਾਹ) ਕਹਿੰਦਾ ਸੀ, Ḕਅਸੀਂ ਇਸ਼ਕ ਦੇ ਆਣ ਮੈਦਾਨ ਰੁੱਝੇ, ਬੁਰਾ ਸੂਰਮੇ ਨੂੰ ਰਣੋਂ ਹਲਣਾ ਈ।Ḕ ਸ਼ਹੀਦੀ ਦੇਣ ਦੀ ਮੈਂ ਅਰਦਾਸ ਕਰ ਚੁਕਾ ਹਾਂ ਗੁਰੂ ਅੱਗੇ।” ਉਨ੍ਹਾਂ ਭਰਵੇਂ ਜਲਾਲ ਵਿਚ ਤੀਰ ਸਜਿਓਂ ਖੱਬੇ ਹੱਥ ਕਰ ਲਿਆ।
“ਇਸ ਟਾਕਰੇ ਵਿਚ ਸਿੱਖ ਕੌਮ ਦੀ ਬਰਬਾਦੀ ਬਹੁਤੀ ਐ, ਦਰਬਾਰ ਸਾਹਿਬ ਦੀ ਹਾਨੀ ਵੱਖਰੀ। ਜੋਸ਼ ਤੇ ਜਜ਼ਬੇ ਦੀ ਤਾਕਤ ਨੂੰ ਮੈਂ ਮੰਨਦਾਂ, ਪਰ ਤਾਕਤ ਰਾਜਨੀਤਕ ਹੋਸ਼ ਬਿਨਾ ਆਪਣੇ ਜ਼ੋਰ ਨਾਲ ਹੀ ਢਹਿ ਪੈਂਦੀ ਹੈ। ਤੁਹਾਡੇ ਤੇ ਗੁਰੂ ਅੱਗੇ ਬੇਨਤੀ ਹੈ, ਇਹ ਜਜ਼ਬਾਤੀ ਪੈਂਤੜਾ ਛੱਡੋ ਨਸ਼ੰਗ ਨਾ, ਪਰ ਬਦਲ ਜ਼ਰੂਰ ਲਓ।” ਮੇਰੇ ਹੱਥ ਜੋੜੇ ਹੋਏ ਸਨ।
“ਜਿਸ ਗੁਰੂ ਅੱਗੇ ਤੂੰ ਬੇਨਤੀ ਕਰ ਰਿਹੈ, ਉਸੇ ਗੁਰੂ ਅੱਗੇ ਮੈਂ ਸਿਰ ਧੜ ਦੀ ਲਾਉਣ ਦੀ ਅਰਦਾਸ ਕਰ ਚੁਕਾਂ, ਤੇਰੀਆਂ ਕਿਥੇ ਭਾਉਂਦੀਆਂ ਹਨ।” ਉਨ੍ਹਾਂ ਦਾ ਰੋਹਬ ਹੋਰ ਜਲਾਲ ਫੜ ਗਿਆ।
“ਗੁਰੂ ਨੇ ਸੰਗਤ ਨੂੰ ਆਪਣੇ ਨਾਲੋਂ ਵੱਡੀ ਆਖਿਆ ਸੀ। ਜੇ ਸੰਗਤ ਤੁਹਾਡੀ ਥਾਂ ਅਰਦਾਸ ਕਰਕੇ ਟਕਰਾਓ ਨੂੰ ਰੋਕ ਲਵੇ?” ਮੈਂ ਆਪਣੇ ਵੱਲੋਂ ਕਾਮਯਾਬ ਭਲਥਾ ਮਾਰਿਆ, ਮੈਨੂੰ ਪੂਰੀ ਆਸ ਸੀ ਉਹ ਗੁਰੂ ਬਚਨਾਂ ਅੱਗੇ ਟਕਰਾਓ ਵਾਲਾ ਪੈਂਤੜਾ ਛੱਡ ਦੇਣਗੇ।
“ਮੈਂ ਸੰਗਤ ਨੂੰ ਕਹਿ ਕੇ ਆਪਣੀ ਅਰਦਾਸ ਤੋਂ ਨਹੀਂ ਫਿਰਾਂਗਾ। ਮੈਂ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਨਹੀਂ। ਮੈਂ ਅਰਦਾਸ ਅਨੁਸਾਰ ਸ਼ਹਾਦਤ ਦਾ ਜਾਮ ਪੀਵਾਂਗਾ।” ਤੀਰ ਨਾਲ ਉਨ੍ਹਾਂ ਦੀ ਉਂਗਲ ਖੜ੍ਹੀ ਹੋ ਗਈ।
“ਘੋਰ ਬਰਬਾਦੀ! ਜਨਰਲ ਪਿਛੋਂ ਫੌਜ ਉਤੇ ਕੀ ਭਾਵੀ ਬੀਤੇਗੀ ਅਤੇ ਤੁਹਾਡੇ ਪਿਛੋਂ ਸੰਗਤ ਦਾ ਕੀ ਹਾਲ ਹੋਵੇਗਾ? ਜੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿਚ ਸੰਗਤ ਦੇ ਜ਼ੋਰ ਦੇਣ ‘ਤੇ ਗੜੀ ਵਿਚੋਂ ਨਾ ਨਿਕਲਦੇ, ਅੱਜ ਸਿੱਖ ਦੇਸਾਂ-ਪਰਦੇਸਾਂ ਵਿਚ ਨਾ ਬੈਠੇ ਹੁੰਦੇ।” ਮੈਂ ਕਰੜੀ ਇਤਿਹਾਸਕ ਮਿਸਾਲ ਸੰਤਾਂ ਅੱਗੇ ਰੱਖ ਦਿਤੀ।
“ਕੰਵਲ ਤੂੰ ਚੁਸਤੀ ਨਾਲ ਮੈਨੂੰ ਸ਼ਹਾਦਤ ਤੋਂ ਨਹੀਂ ਥਿੜਕਾ ਸਕਦਾ। ਸੱਚ ਦੇ ਰਾਹ ਸ਼ਹੀਦ ਹੋਣ ਵਾਲਿਆਂ ਦਾ ਗੁਰੂ ਆਪ ਰਾਖਾ ਹੁੰਦਾ ਏ। ਇਤਿਹਾਸ ਦੱਸਦਾ ਏ, ਸ਼ਹੀਦਾਂ ਦਾ ਲਹੂ ਆਜ਼ਾਦੀ ਦੀ ਨਵੀਂ ਲਕੀਰ ਖਿਚਦਾ ਏ। ਮੈਂ ਦਸਮ ਪਾਤਸ਼ਾਹ ਦਾ ਸਿੰਘ ਆਂ, ਸਿਰ ਦੇਵਾਂਗਾ, ਪਰ ਵਚਨ ਤੋਂ ਨਹੀਂ ਹਾਰਾਂਗਾ।” ਉਨ੍ਹਾਂ ਦੀ ਦ੍ਰਿੜ੍ਹਤਾ ਵੇਖਣ ਵਾਲੀ ਸੀ।
“ਸੰਤ ਜੀ ਮੋੜ ਕੱਟੋ, ਮੈਂ ਹੱਥ ਜੋੜਦਾਂ। ਲੋਕਾਂ ਨੂੰ ਜੋੜੋ, ਸ਼ਰਧਾ ਸ਼ਕਤੀ ਨੂੰ ਭਵਾਨੀ ਬਣਾਓ। ਇਹ ਅਹਿਸਾਸ ਸ਼ਕਤੀ ਜੇ ਅੱਜ ਕੁਚਲੀ ਗਈ, ਪਤਾ ਨਹੀਂ ਮੁੜ ਕਦੋਂ ਤਾਰੀਖੀ ਉਭਾਰ ਉਠੇ। ਹਾਰ ਹਮੇਸ਼ਾ ਗੱਦਾਰਾਂ ਦੀ ਧਾੜ ਪੈਦਾ ਕਰਦੀ ਹੈ। ਸਿੱਖ ਰਾਜ ਦੀਆਂ ਲੜਾਈਆਂ ਦਾ ਹਾਲ ਪੜ੍ਹ ਲਵੋ। ਹਾਰ ਕਈ ਵਾਰ ਸਦੀਆਂ ਤਕ ਮੁੜ ਉਠਣ ਦੀ ਸ਼ਕਤੀ ਨਿੱਸਲ ਪਾ ਜਾਂਦੀ ਐ।” ਮੈਂ ਉਨ੍ਹਾਂ ਨੂੰ ਨਤੀਜੇ ਸਮਝਾਉਣ ਲਈ ਪੂਰਾ ਟਿੱਲ ਲਾਇਆ।
“ਕੰਵਲ! ਮੇਰੇ ਕੋਲ ਢਾਹੂ ਗੱਲਾਂ ਨਾ ਕਰ। ਕਲਮਾਂ ਵਾਹੁਣ ਵਾਲੇ ਬੁਜ਼ਦਿਲ ਹੁੰਦੇ ਐ, ਐਨ ਸਮਾਂ ਆਉਣ ‘ਤੇ ਭੱਜ ਤੁਰਦੇ ਐ।” ਸੰਤ ਜਰਨੈਲ ਸਿੰਘ ਨੇ ਇਕ ਤਰ੍ਹਾਂ ਮੇਰੇ ਕਪਾਲ ਵਿਚ ਖਿੱਚ ਮਾਰੀ।
“ਜੋਸ਼ ਉਬਲ ਕੇ ਭਾਂਡਿਓਂ ਬਾਹਰ ਡੁਲ੍ਹ ਪੈਂਦਾ ਹੈ, ਸਮਝ ਗਿਆਨ ਉਸ ਨੂੰ ਸ਼ਕਤੀ ਬਣਾ ਕੇ ਵਰਤਦਾ ਹੈ। ਗੁਰੂ ਗੋਬਿੰਦ ਸਿੰਘ ਜੀ ਜਿੰਨੇ ਹਥਿਆਰ ਦੇ ਧਨੀ ਸਨ, ਉਸ ਤੋਂ ਵਧ ਕਲਮ ਦੇ ਮਾਹਿਰ ਸਨ। ਤੁਸੀਂ ਰਾਜਨੀਤੀ ਨਾਲ ਪੰਗਾ ਵੀ ਲੈਂਦੇ ਹੋ, ਉਸ ਨੂੰ ਬੂਹਿਓਂ ਬਾਹਰ ਵੀ ਰੱਖਦੇ ਹੋ। ਇਸ ਨਾਜ਼ੁਕ ਸਮੇਂ ਪੈਂਤੜਾ ਬਦਲਣ ਦੀ ਲੋੜ ਹੈ।” ਮੈਂ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਟਕਰਾਓ ਤੋਂ ਰੋਕਣਾ ਚਾਹੁੰਦਾ ਸਾਂ।
“ਤੈਨੂੰ ਹੋਰ ਦੱਸਾਂ, ਤੇਰਾ ਸਾਰਾ ਲਿਖਾਰੀ ਲਾਣਾ ਬੁਜ਼ਦਿਲ ਹੁੰਦਾ ਏ, ਮਰ ਨਹੀਂ ਸਕਦਾ। ਮੈਂ ਰਾਜਨੀਤੀ ਨਾਲੋਂ ਧਰਮ ਨਾਲ ਪਿਆਰ ਕਰਨ ਵਾਲਾ ਗੁਰੂ ਦਾ ਸਿੰਘ ਆਂ। ਆਪਣੀ ਅਰਦਾਸ ਤੋਂ ਜ਼ਰਾ ਜਿੰਨਾ ਏਧਰ ਓਧਰ ਨਹੀਂ ਹੋਵਾਂਗਾ। ਤੂੰ ਮੈਨੂੰ ਖੁਸ਼ੀ ਖੂਬਸੂਰਤ ਉਖੇੜੇ ਦੇਹ, ਇਸ ਤੋਂ ਚੰਗੀ ਮੌਤ ਮੈਨੂੰ ਕਦੋਂ ਮਿਲੇਗੀ।”
“ਸੰਤ ਜੀ ਕੌਮ ਲਈ ਨਤੀਜੇ ਚੰਗੇ ਨਹੀਂ ਨਿਕਲਣਗੇ।” ਮੈਂ ਨਿਰਾਸ਼ਾ ਦੇ ਖੂਹ ਵਿਚ ਹੋਰ ਡੂੰਘਾ ਲਹਿ ਪਿਆ।
“ਗੁਰੂ ਗੋਬਿੰਦ ਸਿੰਘ ਦੀਆਂ ਸ਼ਹਾਦਤਾਂ ਰੰਗ ਲਿਆਈਆਂ ਸਨ ਜਾਂ ਨਹੀਂ?” ਉਨ੍ਹਾਂ ਮੇਰੇ ਭਰੋਸੇ ਨੂੰ ਹਿਲਾਉਣਾ ਚਾਹਿਆ, “ਕੰਵਲ ਆਪਣੇ ਗੁਰੂ ਭਰੋਸੇ ਨੂੰ ਸੰਭਾਲ।”
“ਮੇਰੀ ਫਤਿਹ ਪ੍ਰਵਾਨ ਕਰੋ। ਚੰਗਾ ਸੀ ਬਾਹਰ ਆ ਕੇ ਟਕਰਾਓ ਨੂੰ ਟਾਲ ਦਿੰਦੇ।” ਮੈਂ ਆਪਣੀ ਮਾਯੂਸੀ ਵਿਚ ਖਿਝ ਕੇ ਰਹਿ ਗਿਆ।
“ਜੇ ਤੂੰ ਗੁਰੂ ਦਾ ਅੰਮ੍ਰਿਤਪਾਨ ਕੀਤਾ ਹੁੰਦਾ, ਤੇਰਾ ਹੌਸਲਾ ਅਤੇ ਜੋਸ਼ ਸਦਾ ਚੜ੍ਹਦੀ ਕਲਾ ਵਿਚ ਰਹਿੰਦਾ।”
“ਜਜ਼ਬਾਤੀ ਤਾਕਤ ਵੱਡੀ ਹੁੰਦੀ ਐ ਕਿ ਸੂਝ ਗਿਆਨ?” ਮੈਂ ਐਵੇਂ ਜਾਂਦੀ ਵਾਰ ਦੀ ਚੋਟ ਚਲਾਵੀਂ ਮਾਰੀ।
“ਚੰਗੀ ਗੱਲ ਇਹ ਐ ਦੋਵੇਂ ਸ਼ਕਤੀਆਂ ਮਿਲ ਕੇ ਚੱਲਣ, ਪਰ ਸੋਚ ਬੁਜ਼ਦਿਲੀ ਨਾਲ ਸਮਝੌਤਾ ਕਰਦੀ ਹੈ ਅਤੇ ਸਪਿਰਟ ਪੈਂਤੜਾ ਗੱਡ ਕੇ ਨਤੀਜੇ ਪੈਦਾ ਕਰਦੀ ਹੈ। ਹਥਿਆਰ ਉਹ, ਜੋ ਐਨ ਵੇਲੇ ਸਿਰ ਕੰਮ ਕਰ ਜਾਵੇ।” ਸੰਤ ਪੂਰੀ ਚੜ੍ਹਤ ਵਿਚ ਸਨ, ਮੈਨੂੰ ਭੱਜਦਾ ਕਰ ਰਹੇ ਸਨ।
“ਭਲਵਾਨਾਂ ਦੇ ਦੰਗਲ ਵਿਚ ਜ਼ੋਰ ਹਾਵੀ ਹੁੰਦੈ ਕਿ ਦਾਅ?” ਮੈਥੋਂ ਪੰਗਾ ਲਏ ਬਿਨਾ ਰਿਹਾ ਨਾ ਗਿਆ।
“ਜੋ ਪਹਿਲੋਂ ਚਲ ਜਾਵੇ।” ਉਨ੍ਹਾਂ ਫਟ ਉਤਰ ਮੋੜ ਦਿਤਾ।
ਮੈਂ ਹੱਥ ਜੋੜੇ, ਸਿਰ ਝੁਕਾਇਆ ਅਤੇ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਉਤਰ ਆਇਆ।

ਆਤਮਿਕ ਗਿਆਨ ਤੇ ਜਜ਼ਬੇ ਦੀ ਸਾਂਝ
Ḕਪਹਿਲਾਂ ਮਰਨ ਕਬੂਲḔ ਕਰਕੇ ਜਦੋਂ ਕੋਈ ਮਨੁੱਖ ਜਿਉਣ ਦਾ ਐਲਾਨ ਕਰਦਾ ਹੈ ਤਾਂ ਉਹ ਕਿੰਨੇ ਕੁ ਆਤਮਕ ਬਲ ਦਾ ਮਾਲਕ ਬਣ ਜਾਂਦਾ ਹੈ, ਇਸ ਦੀ ਇਕ ਝਲਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਸ਼ ਜਸਵੰਤ ਸਿੰਘ ਕੰਵਲ ਨਾਲ ਹੋਈ ਉਕਤ ਗੱਲਬਾਤ ਵਿਚੋਂ ਮਿਲਦੀ ਹੈ। ਆਖਰੀ ਸਮੇਂ ਹੋਈ ਇਹ ਗੱਲਬਾਤ ਸੰਤਾਂ ਦੇ ਅਨੁਭਵੀ ਗਿਆਨ ਦੀ ਸਿਖਰ ਹੈ।
ਸ਼ ਕੰਵਲ ਦੇ ਇਸ ਸੁਆਲ ਕਿ “ਜਜ਼ਬਾਤੀ ਤਾਕਤ ਵੱਡੀ ਹੁੰਦੀ ਐ ਕਿ ਸੂਝ ਗਿਆਨ?” ਸੰਤਾਂ ਦਾ ਜੁਆਬ ਬੜਾ ਸਪਸ਼ਟ ਹੈ, “ਚੰਗੀ ਗੱਲ ਇਹ ਐ ਕਿ ਦੋਵੇਂ ਸ਼ਕਤੀਆਂ ਮਿਲ ਕੇ ਚੱਲਣ, ਪਰ ਸੋਚ ਬੁਜ਼ਦਿਲੀ ਨਾਲ ਸਮਝੌਤਾ ਕਰਦੀ ਹੈ ਅਤੇ ਸਪਿਰਟ ਪੈਂਤੜਾ ਗੱਡ ਕੇ ਨਤੀਜੇ ਪੈਦਾ ਕਰਦੀ ਹੈ। ਹਥਿਆਰ ਉਹ, ਜੋ ਐਨ ਵੇਲੇ ਸਿਰ ਕੰਮ ਕਰ ਜਾਵੇ।” ਇਥੇ ਸੰਤਾਂ ਦੇ ਬਚਨ ਕਿ Ḕਜਜ਼ਬਾਤੀ ਤਾਕਤ ਅਤੇ ਸੂਝ ਗਿਆਨ ਦੋਵੇਂ ਮਿਲ ਕੇ ਚੱਲਣḔ ਪਰ Ḕਸੋਚ ਬੁਜ਼ਦਿਲੀ ਨਾਲ ਸਮਝੌਤਾ ਕਰਦੀ ਹੈ ਤੇ ਸਪਿਰਟ (ਜਜ਼ਬਾਤ) ਪੈਂਤੜਾ ਗੱਡ ਕੇ ਨਤੀਜੇ ਪੈਦਾ ਕਰਦੀ ਹੈḔ, ਖਾਸ ਧਿਆਨ ਦੇਣ ਯੋਗ ਹਨ। ਸੰਤਾਂ ਦਾ ਇਹ ਵੀ ਕਹਿਣਾ ਹੈ ਕਿ Ḕਹਥਿਆਰ ਉਹ, ਜੋ ਐਨ ਵੇਲੇ ਸਿਰ ਕੰਮ ਕਰ ਜਾਵੇ।Ḕ
ਇਥੇ ਸੋਚਣ ਵਾਲਾ ਨੁਕਤਾ ਇਹ ਹੈ ਕਿ ਜੇ ਚੰਗੀ ਗੱਲ ਜਜ਼ਬਾਤੀ ਤਾਕਤ ਅਤੇ ਸੂਝ ਗਿਆਨ ਦਾ ਮਿਲ ਕੇ ਚੱਲਣਾ ਹੈ ਤਾਂ ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਇਕੱਲਾ ਐਨ ਵੇਲੇ ਸਿਰ ਕੰਮ ਕਿਵੇਂ ਕਰ ਸਕਦਾ ਹੈ?
ਇਥੇ ਆ ਕੇ ਸੰਤ ਭਿੰਡਰਾਂਵਾਲੇ ਆਪਣੇ ਆਲੇ-ਦੁਆਲੇ ਦੀ ਹਕੀਕੀ ਜ਼ਿੰਦਗੀ ਵਿਚੋਂ ਹੰਢਾਏ ਸੱਚ ਦੀ ਪੁਸ਼ਟੀ ਕਰ ਰਹੇ ਹਨ ਕਿ Ḕਸੋਚ ਬੁਜ਼ਦਿਲੀ ਨਾਲ ਸਮਝੌਤਾ ਕਰਦੀ ਹੈ।Ḕ
ਅਜੋਕੇ ਲੇਖਕਾਂ, ਬੁਧੀਜੀਵੀਆਂ, ਸੋਚਵਾਨਾਂ ਜਾਂ ਆਪਣੇ-ਆਪ ਨੂੰ ਸੋਚ ਦੇ ਠੇਕੇਦਾਰ ਦੱਸਣ ਵਾਲੇ ਲੋਕਾਂ ਬਾਰੇ ਸੰਤਾਂ ਦਾ ਇਹ ਅਨੁਭਵ ਕਿੰਨਾ ਸਹੀ ਹੈ। ਸ਼ ਕੰਵਲ ਨੂੰ ਕਹੇ ਉਨ੍ਹਾਂ ਦੇ ਇਹ ਬਚਨ ਪੱਥਰ ‘ਤੇ ਲਕੀਰ ਵਾਂਗ ਸੱਚ ਹਨ ਕਿ (ਅੱਜ ਦੇ) “ਕਲਮਾਂ ਵਾਹੁਣ ਵਾਲੇ ਬੁਜ਼ਦਿਲ ਹੁੰਦੇ ਐ, ਐਨ ਸਮਾਂ ਆਉਣ ‘ਤੇ ਭੱਜ ਤੁਰਦੇ ਐ।”… “ਤੈਨੂੰ ਹੋਰ ਦੱਸਾਂ, ਤੇਰਾ ਸਾਰਾ ਲਿਖਾਰੀ ਲਾਣਾ ਬੁਜ਼ਦਿਲ ਏ, ਮਰ ਨਹੀਂ ਸਕਦਾ।”
ਇਹ ਸਾਡੇ ਸਮਿਆਂ ਦਾ ਸੱਚ ਹੈ। ਸੰਤਾਂ ਦਾ ਇਹ ਆਪਣੇ ਅਨੁਭਵ ਵਿਚ ਹੰਢਾਇਆ ਸੱਚ, ਕਿਉਂਕਿ ਪੰਜਾਬ ਦੇ ਬੁਧੀਜੀਵੀਆਂ, ਲੇਖਕਾਂ ਅਤੇ ਕਲਮਕਾਰਾਂ ਨੇ (ਬਹੁਤ ਹੀ ਨਿਗੂਣੀ ਗਿਣਤੀ ਨੂੰ ਛੱਡ ਕੇ) ਹਮੇਸ਼ਾ ਸਰਕਾਰੀ ਜੂਠ ਖਾਧੀ ਹੈ, ਹਮੇਸ਼ਾ ਕੁਝ ਮਧ ਵਰਗੀ ਸਹੂਲਤਾਂ ਬਦਲੇ ਆਪਣੀ ਜਮੀਰ ਵੇਚੀ ਹੈ, ਹਮੇਸ਼ਾ ਸਾਮਰਾਜੀ ਠੱਗਾਂ ਦਾ ਸਾਥ ਦਿਤਾ ਹੈ, ਸਰਕਾਰੀ ਇਨਾਮ-ਸਨਮਾਨ ਤੇ ਰੁਤਬੇ ਲੈਣ ਲਈ ਸੌਦੇਬਾਜੀ ਕੀਤੀ ਹੈ ਅਤੇ ਪੰਜਾਬੀ ਕੌਮ ਤੇ ਸਿੱਖ ਪੰਥ ਨਾਲ ਧੋਖਾ ਕੀਤਾ ਹੈ।
ਜੇ ਥੋੜ੍ਹੇ-ਬਹੁਤੇ ਸੁਹਿਰਦ ਬੁਧੀਜੀਵੀ ਜਾਂ ਲੇਖਕ ਸਨ ਤਾਂ ਉਹ ਧਰਮ ਨਿਰਪੱਖਤਾ ਦੇ ਪੂੰਜੀਵਾਦੀ ਭੁਚਲਾਵੇ ਵਿਚ ਆ ਕੇ ਨਾਸਤਿਕ ਬਣਦੇ ਗਏ ਤੇ ਸਿੱਖ ਧਰਮ ਦੇ ਇਨਕਲਾਬੀ ਸੱਚ ਤੋਂ ਦੂਰ ਹੁੰਦੇ-ਹੁੰਦੇ ਮਨੋਰੋਗੀ ਬਣੀ ਪੱਛਮੀ ਸਭਿਅਤਾ ਦੇ ਮਾਨਸਿਕ ਗੁਲਾਮ ਬਣ ਗਏ ਅਤੇ ਇਥੋਂ ਤਕ ਗੁਲਾਮ ਬਣੇ ਕਿ ਸਿੱਖ ਇਨਕਲਾਬ ਦੇ ਦੁਸ਼ਮਣ ਹੋ ਨਿਬੜੇ। ਅਜਿਹੇ ਕਲਮਕਾਰਾਂ ਨੂੰ ਧਿਆਨ ਵਿਚ ਰੱਖ ਕੇ ਹੀ ਸੰਤ ਭਿੰਡਰਾਂਵਾਲੇ ḔਸੋਚḔ ਨਾਲੋਂ Ḕਮਰ-ਮਿਟਣḔ ਦੇ ਜਜ਼ਬੇ ਨੂੰ ਅਹਿਮੀਅਤ ਦੇ ਰਹੇ ਹਨ, ਕਿਉਂਕਿ ਇਹ ਉਨ੍ਹਾਂ ਦਾ ਹੱਡੀਂ ਹੰਢਾਇਆ ਸੱਚ ਹੈ, ਜਿਸ ਦੀ ਪੁਸ਼ਟੀ ਸ਼ ਕੰਵਲ ਦੀਆਂ ਅੰਤਿਮ ਰਸਮਾਂ ਵੇਲੇ ਵੀ ਹੋਈ ਹੈ। ਇਹੀ ਢਾਣੀ ਹੁਣ ਸ਼ ਕੰਵਲ ਦੇ ਇਨਕਲਾਬੀ ਵਿਰਸੇ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੰਤਾਂ ਦੇ ਬਚਨ ਕਿ “ਮੈਂ ਰਾਜਨੀਤੀ ਨਾਲੋਂ ਧਰਮ ਨਾਲ ਪਿਆਰ ਕਰਨ ਵਾਲਾ ਗੁਰੂ ਦਾ ਸਿੰਘ ਆਂ। ਆਪਣੀ ਅਰਦਾਸ ਤੋਂ ਜ਼ਰਾ ਜਿੰਨਾ ਏਧਰ ਓਧਰ ਨਹੀਂ ਹੋਵਾਂਗਾ, ਤੂੰ ਮੈਨੂੰ ਖੁਸ਼ੀ ਖੂਬਸੂਰਤ ਉਖੇੜੇ ਦੇਹ, ਇਸ ਤੋਂ ਚੰਗੀ ਮੌਤ ਮੈਨੂੰ ਕਦੋਂ ਮਿਲੇਗੀ” ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਧਰਮ ਰਾਜਨੀਤੀ ਨਾਲੋਂ ਵੱਡਾ ਹੈ। ਸਾਡੇ ਸਮਿਆਂ ਦੀ ਬੇਈਮਾਨ ਰਾਜਨੀਤੀ ਨਾਲੋਂ, ਜੋ ਮਜ਼ਲੂਮਾਂ ਤੇ ਗਰੀਬਾਂ ਦੀ ਦੁਸ਼ਮਣ ਹੈ, ਜੋ ਮਲਿਕ ਭਾਗੋਆਂ ਦੀ ਰਖੇਲ ਹੈ। ਦਰਅਸਲ (ਸਿੱਖ) ਧਰਮ ਸੂਝ ਗਿਆਨ ਤੇ ਜਜ਼ਬਾਤੀ ਤਾਕਤ ਦਾ ਸੋਮਾ ਹੈ, ਉਸ ਆਤਮਿਕ ਗਿਆਨ ਦਾ ਜਨਕ ਹੈ, ਜੋ ਸੂਝ-ਗਿਆਨ ਅਤੇ ਜਜ਼ਬਿਆਂ ਦੀ ਸਾਂਝ ਨੂੰ ਪ੍ਰਗਟ ਕਰਦਾ ਹੈ। ਜਦੋਂ ਸੰਤ ਭਿੰਡਰਾਂਵਾਲੇ ਕਹਿ ਰਹੇ ਹਨ, “ਸਪਿਰਟ ਪੈਂਤੜਾ ਗੱਡ ਕੇ ਨਤੀਜੇ ਪੈਦਾ ਕਰਦੀ ਹੈ” ਤਾਂ ਉਦੋਂ ਉਨ੍ਹਾਂ ਦਾ ਇਹੀ ਭਾਵ ਹੈ ਕਿ ਆਤਮਿਕ ਗਿਆਨ ਉਹ ਦ੍ਰਿੜ੍ਹਤਾ ਦਿੰਦਾ ਹੈ, ਜੋ ਪੈਂਤੜਾ ਗੱਡ ਕੇ ਨਤੀਜੇ ਪੈਦਾ ਕਰਨ ਦੀ ਤਾਕਤ ਬਣਦੀ ਹੈ। ਧਰਮ-ਵਿਹੂਣੀ ਸੋਚ ਹੀ ਬੁਜ਼ਦਿਲੀ ਨਾਲ ਸਮਝੌਤਾ ਕਰਦੀ ਹੈ, ਕਿਉਂਕਿ ਅਜਿਹੀ ḔਸੋਚḔ ਮਨੁੱਖ ਦੀ ਜਮੀਰ ਨੂੰ ਮਾਰ ਦਿੰਦੀ ਹੈ। ਮਰੀ ਜਮੀਰ ਦੇ ਮਾਲਕ ਆਪਣੇ ਮਨ ਦੇ ਗੁਲਾਮ ਹੁੰਦੇ ਹਨ, ਆਪਣੇ ਅਣਵਿਕਸਿਤ ਇੰਦ੍ਰਿਆਵੀ ਜਜ਼ਬਿਆਂ ਦੇ ਅਧੀਨ ਹੁੰਦੇ ਹਨ, ਜੋ ਸਮੂਹਕ ਨਾਲੋਂ ਆਪਣੇ ਜਾਤੀ ਹਿੱਤਾਂ ਨੂੰ ਪਹਿਲ ਦਿੰਦੇ ਹਨ। ਅਜਿਹੇ ਮੁਰਦਾ ਜਮੀਰ ਦੇ ਮਾਲਕ ਲੋਕ ਹੀ ਅਜੋਕੀ ਬ੍ਰਾਹਮਣੀ ਸਾਮਰਾਜੀ ਰਾਜਨੀਤੀ ਦਾ ਆਧਾਰ ਬਣੇ ਹੋਏ ਹਨ।
ਸਿੱਖ ਫਿਲਾਸਫੀ ਵਿਚਲਾ ਆਤਮਿਕ ਗਿਆਨ ਹੀ ਮਨੁੱਖ ਦੀ ਰੂਹਾਨੀ ਤਾਕਤ ਹੈ, ਜੋ ਉਸ ਨੂੰ ਆਤਮਿਕ ਬਲ ਬਖਸ਼ਦੀ ਹੈ, ਮਨੁੱਖ ਦੀ ਆਤਮਾ ਭਾਵ ਜਮੀਰ ਨੂੰ ਜਿਉਂਦਾ ਕਰਦੀ ਹੈ, ਜੋ ਜਮੀਰ ਸਰਬਤ ਨਾਲ ਜੁੜਦੀ ਹੈ ਅਤੇ ਸਰਬਤ ਦੇ ਭਲੇ ਲਈ Ḕਆਪਿ ਮੁਕਤੁ ਮੁਕਤੁ ਕਰੈ ਸੰਸਾਰḔ ਦੀ ਭਾਵਨਾ ਨਾਲ ਭਰਪੂਰ ਹੋ ਕੇ ਆਪਣਾ ਸਾਰਾ ਕੁਝ ਲੋਕਾਂ ਲਈ ਨਿਛਾਵਰ ਕਰਨ ਦਾ ਜਜ਼ਬਾ ਪੈਦਾ ਕਰਦੀ ਹੈ। ਇਹੀ ਆਤਮਿਕ ਗਿਆਨ ਮਨੁੱਖ ਨੂੰ ਸੋਝੀ ਦਿੰਦਾ ਹੈ,
ਕੋਊ ਹਰਿ ਸਮਾਨ ਨਹੀਂ ਰਾਜਾ॥
ਏ ਭੂਪਤਿ ਸਭਿ ਦਿਵਸ ਚਾਰ ਕੇ
ਝੂਠੈ ਕਰਤ ਦਿਵਾਜਾ॥
ਕਿਆ ਸੁਲਤਾਨੁ ਸਲਾਮ ਵਿਹੂਣਾ
ਅੰਧੀ ਕੋਠੀ ਤੇਰਾ ਨਾਮੁ ਨਾਹੀ॥
ਆਤਮਿਕ ਤੌਰ ‘ਤੇ ਆਜ਼ਾਦ ਮਨੁੱਖ ਹੀ ਮਜ਼ਲੂਮ ਅਤੇ ਗਰੀਬ ਪੱਖੀ ਰਾਜਨੀਤੀ ਦੀ ਪਛਾਣ ਕਰ ਸਕਦਾ ਹੈ। ਅਜਿਹੀ ਰਾਜਨੀਤੀ ਦੀ ਪਛਾਣ ਕਰਨ ਵਾਲਾ ਕੋਈ ਮਹਾਂਪੁਰਖ ਹੀ Ḕਰਾਜੇ ਸੀਂਹ ਮੁਕਦਮ ਕੁਤੇḔ ਕਹਿਣ ਦੀ ਜੁਰਅਤ ਕਰਦਾ ਹੈ। ਇਸੇ ਰਾਜਨੀਤੀ ਦਾ ਪੈਰੋਕਾਰ ਕੋਈ ਮਨੁੱਖ, ਕਿਸੇ ਇੰਦਰਾ ਗਾਂਧੀ ਜਿਹੀ ਤਾਨਾਸ਼ਾਹ ਨੂੰ ਵੰਗਾਰ ਕੇ ਸੱਚੀ ਭਵਿਖਵਾਣੀ ਕਰ ਸਕਦਾ ਹੈ ਅਤੇ ਉਸ ਦੀ ਚਿੱਠੀ ਦੇ ਜੁਆਬ ਵਿਚ ਉਸ ਨੂੰ ਲਿਖਤੀ ਤੌਰ ‘ਤੇ ਇਹ ਭੇਜਣ ਦੀ ਹਿੰਮਤ ਕਰ ਸਕਦਾ ਹੈ ਕਿ “ਹਕੂਮਤ ਦੇ ਨਸ਼ੇ ਵਿਚ ਸਿੱਖਾਂ ਨੂੰ ਮੁਕਾਉਣ ਦਾ ਯਤਨ ਕਰਨ ਵਾਲੇ ਬਹੁਤ ਹੋ ਗੁਜ਼ਰੇ ਹਨ ਅਤੇ ਹਕੂਮਤ ਵਾਲੇ ਲੋਕਾਂ ਦਾ ਨਾਮੋ-ਨਿਸ਼ਾਨ ਨਹੀਂ ਰਿਹਾ। ਜੇ ਇਸੇ ਤਰ੍ਹਾਂ ਹੀ ਜ਼ੁਲਮ ਜਾਰੀ ਰੱਖਿਆ ਤਾਂ ਤੁਹਾਡਾ ਵੀ ਕਦੇ ਓਹੀ ਹਸ਼ਰ ਨਾ ਹੋਵੇ, ਕਿਉਂਕਿ ਕੁਰਸੀ ਅਤੇ ਮਾਇਆ ਇਸਥਿਤ ਨਹੀਂ ਹੈ।” ਗੁਰਬਾਣੀ ਦਾ ਫੁਰਮਾਨ ਹੈ,
ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ
ਜਾਦੀ ਬਿਲਮੁ ਨ ਹੋਇ॥
ਨਾਂਗੇ ਪਾਵਹੁ ਤੇ ਗਏ
ਜਿਨ ਕੇ ਲਾਖ ਕਰੋਰਿ॥
ਰਾਵਨ ਹੂੰ ਤੇ ਅਧਿਕ ਛਤ੍ਰਪਤਿ
ਖਿਨ ਮਹਿ ਗਏ ਬਿਲਾਤ॥
ਆਤਮਿਕ ਤੌਰ ‘ਤੇ ਜਾਗ੍ਰਿਤ ਮਨੁੱਖ ਹੀ ਬਾਦਲਕਿਆਂ ਜਿਹੇ ਰਾਜਸੀ ਠੱਗਾਂ ਨੂੰ ਮੂੰਹ ‘ਤੇ ਭੇਖੀ ਤੇ ਬਹੁਰੂਪੀਏ ਸਿੱਖ, ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਜਿਹਿਆਂ ਨੂੰ ਜਕਰੀਆ ਖਾਂ ਅਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਸਾਬਕਾ ਵਿਦੇਸ਼ ਮੰਤਰੀ ਸਵਰਨ ਸਿੰਘ ਜਿਹਿਆਂ ਨੂੰ Ḕਇੰਦਰਾ ਗਾਂਧੀ ਦੀ ਚਪਲੀ ਦੇ ਸਿੱਖḔ ਕਹਿਣ ਦੀ ਜੁਰਅਤ ਕਰ ਸਕਦਾ ਹੈ। ਆਤਮਿਕ ਗਿਆਨ ਨਾਲ ਸਰਸ਼ਾਰ ਮਨੁੱਖ ਹੀ ਇੰਦਰਾ ਗਾਂਧੀ ਨੂੰ ਇਹ ਕਹਿਣ ਦੀ ਜੁਰਅਤ ਕਰ ਸਕਦਾ ਹੈ ਕਿ “ਜੇ ਮਿਲਣਾ ਹੈ ਤਾਂ ਗੁਰਦੁਆਰੇ ਮਿਲੋ ਅਤੇ ਜੇ ਗੱਲ ਕਰਨੀ ਹੈ ਤਾਂ ਸੰਗਤ ਦੇ ਸਾਹਮਣੇ ਕਰੋ।…ਮੈਂ ਤਾਂ ਆਪਣੇ ਸਿਰ-ਧੜ ਦੀ ਬਾਜ਼ੀ ਲਾਊਂਗਾ। ਨਾ ਮੈਂ ਜੂਸ ਪੀ ਕੇ ਕੋਈ ਗੱਲ ਕਰਾਂ ਤੇ ਨਾ ਸਰਕਾਰ ਦੇ ਪੈਰੀਂ ਪੈ ਕੇ ਗੱਲ ਕਰਾਂ। ਮੈਂ ਕਟਹਿਰੇ ਵਿਚ ਖੜਕਾ ਕੇ ਕਰੂੰ। ਨਿਉਂਦਾ ਹੈ ਨਹੀਂ, ਸਿਰ ਵਢਿਆ ਜਾਊ ਤਾਂ ਵਸ ਨਹੀਂ। ਸਰੀਰ ਨਾਸਵੰਤ ਹੈ।”
Ḕਸਰੀਰ ਨਾਸਵੰਤ ਹੈḔ ਦਾ ਆਤਮਿਕ ਗਿਆਨ ਹੀ ਕਿਸੇ ਮਨੁੱਖ ਦੇ ਮਨ ਵਿਚ ਧਰਮ ਯੁਧ ਲੜਨ ਦਾ ਚਾਅ ਪੈਦਾ ਕਰ ਸਕਦਾ ਹੈ, ਜਿਸ ਦਾ ਆਧਾਰ ਦਇਆ ਅਤੇ ਸੰਤੋਖ ਦਾ ਧਰਮ ਹੈ,
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਦਇਆ ਹਮੇਸ਼ਾ ਮਜ਼ਲੂਮਾਂ ਦੇ ਹੱਕਾਂ-ਹਿਤਾਂ ਲਈ ਲੜਨ ਦਾ ਜਜ਼ਬਾ ਪੈਦਾ ਕਰਦੀ ਹੈ ਅਤੇ ਸੰਤੋਖ ਆਪਣੇ ਸਵੈ ਉਤੇ ਕਾਬੂ ਪਾ ਕੇ, ਆਪਣਾ ਮਨ ਜਿੱਤ ਕੇ, ਨਿਜੀ ਲੋੜਾਂ ਨੂੰ ਸੀਮਤ ਕਰਕੇ, ਕੋਲ ਜੋ ਕੁਝ ਵੀ ਹੈ, ਉਹ ਦੂਜਿਆਂ ਨਾਲ ਵੰਡਣ ਦਾ ਜਜ਼ਬਾ ਪੈਦਾ ਕਰਦਾ ਹੈ। ਇਹੀ ਜਜ਼ਬਾ ਸਰਬਸਾਂਝੀਵਾਲਤਾ ਦੀ ਚੇਤਨਾ ਤੇ ਸਰਬਤ ਦੇ ਭਲੇ ਦੇ ਸਦਾਚਾਰ ਦਾ ਜਨਕ ਹੈ। Ḕਕਿਰਤ ਕਰੋ, ਵੰਡ ਛਕੋ, ਨਾਮ ਜਪੋḔ ਇਸੇ ਜੀਵਨ ਜਾਚ ਦੀ ਦੇਣ ਹੈ।
ਆਤਮਿਕ ਗਿਆਨ ਅਤੇ ਧਰਮ ਯੁਧ ਦਾ ਚਾਅ, ਦੋਵੇਂ ਇਕ-ਦੂਜੇ ਦੇ ਪੂਰਕ ਹਨ। ਆਤਮਿਕ ਆਜ਼ਾਦੀ ਦਾ ਭਾਵ ਹੀ ਧਰਮ ਯੁੱਧ ਦੀ ਨਿਰੰਤਰਤਾ ਹੈ। ਇਹੀ ਸੂਝ-ਗਿਆਨ ਅਤੇ ਜਜ਼ਬੇ ਦੀ ਸਾਂਝ ਹੈ। ਇਹੀ ਸਾਂਝ ਇਹ ਚੇਤਨਾ ਪੈਦਾ ਕਰਦੀ ਹੈ, “ਰਾਜ ਬਿਨਾ ਨਹਿ ਧਰਮ ਚਲੈ ਹੈਂ। ਧਰਮ ਬਿਨਾ ਸਭ ਦਲੈ ਮਲੈ ਹੈਂ।” ਭਾਵ ਰਾਜ ਲਏ ਬਿਨਾ ਦਇਆ ਤੇ ਸੰਤੋਖ ਦਾ ਧਰਮ ਸਮਾਜ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ ਅਤੇ ਇਸ ਧਰਮ ਨੂੰ ਮੰਨੇ ਬਿਨਾ ਰਾਜਨੀਤੀ ਅੰਨ੍ਹੀ ਹੈ, ਮਜ਼ਲੂਮਾਂ ਤੇ ਗਰੀਬਾਂ ਦੀ ਦੁਸ਼ਮਣ ਹੈ। ਇਹੀ ਚੇਤਨਾ ਵੇਲੇ ਦੀ ਰਾਜਨੀਤੀ ਨੂੰ ਸਮਝਣ ਅਤੇ ਰਾਜ ਲੈਣ ਲਈ ਲੜਨ ਦਾ ਜਜ਼ਬਾ ਪੈਦਾ ਕਰਦੀ ਹੈ। ਰਾਜ ਕਾਹਦੇ ਲਈ? ਧਰਮ ਦੀ ਪੈਰਵੀ ਲਈ। ਧਰਮ ਕਿਹੜਾ? ਦਇਆ ਅਤੇ ਸੰਤੋਖ ਦਾ, ਮਜ਼ਲੂਮਾਂ-ਗਰੀਬਾਂ ਦੇ ਹੱਕਾਂ-ਹਿਤਾਂ ਦੀ ਪੈਰੋਕਾਰੀ ਦਾ। ਮੀਰੀ ਅਤੇ ਪੀਰੀ ਦੀ, ਰਾਜ ਅਤੇ ਧਰਮ ਦੀ ਇਹੀ ਸਾਂਝ ਹੈ। ਇਸੇ ਦੀ ਨਿਰੰਤਰਤਾ ਧਰਮ ਯੁੱਧ ਹੈ। ਅਸਲ ਵਿਚ ਸੂਝ-ਗਿਆਨ ਤੋਂ ਬਿਨਾ ਜਜ਼ਬਾ ਅੰਨਾ ਹੈ ਅਤੇ ਜਜ਼ਬੇ ਤੋਂ ਬਿਨਾ ਸੂਝ-ਗਿਆਨ ਦੀ ਕੋਈ ਕੀਮਤ ਨਹੀਂ, ਕਿਉਂਕਿ ਇਹ ਅਮਲ ਵਿਚ ਕੋਈ ਸਿੱਟੇ ਨਹੀਂ ਕੱਢ ਸਕਦਾ। ਮਨ ਵਿਚ ਪੈਦਾ ਹੋਇਆ ਇਹ ਜਜ਼ਬਾ ਹੀ ਹੈ, ਜੋ ਮਨੁੱਖ ਨੂੰ ਆਪਣੀ ਸੋਚ ਅਨੁਸਾਰ ਕਰਮ ਕਰਨ ਲਈ ਪ੍ਰੇਰਦਾ ਹੈ।
ਅਜਿਹੇ ਜਜ਼ਬਾਤ ਵਿਹੂਣੇ ਅਜੋਕੇ ਲੇਖਕਾਂ, ਕਲਮਕਾਰਾਂ ਤੇ ਬੁੱਧੀਜੀਵੀਆਂ ਬਾਰੇ ਹੀ ਸੰਤ ਕਹਿ ਰਹੇ ਹਨ ਕਿ ਇਹ ਕਿਸੇ ਵੀ ਮਹਾਨ ਕਾਰਜ ਲਈ ਮਰ ਨਹੀਂ ਸਕਦੇ, ਸਿਰਫ ਗੱਲਾਂ ਹੀ ਕਰ ਸਕਦੇ ਹਨ ਜਾਂ ਸਫੇ ਕਾਲੇ ਕਰ ਸਕਦੇ ਹਨ।
ਇਕ ਚੇਤੰਨ ਮਨੁੱਖੀ ਹੋਂਦ ਲਈ ਸੂਝ-ਗਿਆਨ ਅਤੇ ਜਜ਼ਬਾਤੀ ਤਾਕਤ ਦਾ ਮਿਲ ਕੇ ਚਲਣਾ ਜ਼ਰੂਰੀ ਹੈ। ਜਜ਼ਬਿਆਂ ਦਾ ਕੇਂਦਰ ਮਨ ਹੈ ਅਤੇ ਸੂਝ-ਗਿਆਨ ਦਾ ਸਰੋਤ ਆਤਮਿਕ ਗਿਆਨ। ਭਾਵ ਹੁਕਮੁ (ਕੁਦਰਤੀ ਨੇਮਾਂ) ਦਾ ਮਨੁੱਖੀ ਅਨੁਭਵ ਵਿਚ ਪ੍ਰਗਟ ਹੋਇਆ ਗਿਆਨ। ਇਹੀ ਆਤਮਾ ਹੈ। ਆਤਮਾ ਦਾ ਭਾਵ ਹੀ ਕੁਦਰਤ ਨਾਲ ਆਪਣੇ ਸਿੱਧੇ ਅਨੁਭਵੀ ਰਿਸ਼ਤੇ ਦਾ ਆਤਮਿਕ ਗਿਆਨ ਹੋਣਾ ਹੈ। ਆਤਮਾ ਸਿਰਫ ਇਸ ਆਤਮਿਕ ਗਿਆਨ ਨਾਲ ਹੀ ਜਾਗਦੀ ਹੈ ਅਤੇ ਜਾਗਦੀ ਆਤਮਾ ਹੀ ਅਨੁਭਵੀ ਮਨ ਨੂੰ ਜਾਗ੍ਰਿਤ ਕਰਕੇ ਆਪਣੇ ਅਨੁਸਾਰੀ ਵਿਹਾਰ ਕਰਨ ਲਈ ਪ੍ਰੇਰਦੀ ਹੈ। ਮਨੁੱਖ ਜਾਤੀ ਦੇ ਹੁਣ ਤਕ ਦੇ ਹੋਏ ਇਤਿਹਾਸਕ ਵਿਕਾਸ ਦਾ ਇਹੀ ਨਿਚੋੜ ਹੈ ਕਿ ਆਤਮਾ ਅਤੇ ਮਨ-ਦੋਵੇਂ ਜਾਗ੍ਰਿਤ ਹੋਣ। ਭਾਵ ਸੂਝ-ਗਿਆਨ ਜਜ਼ਬੇ ਨੂੰ ਅਗਵਾਈ ਦੇਵੇ। ਸੂਝ ਗਿਆਨ ਦੀ ਅਗਵਾਈ ਹੇਠ ਪੁੱਟਿਆ ਗਿਆ ਕੋਈ ਜਜ਼ਬਾਤੀ ਕਦਮ ਹੀ ਸਾਰਥਕ ਸਿੱਟੇ ਕੱਢ ਸਕਦਾ ਹੈ।
ਮਤਿ ਉਚੀ ਤੇ ਮਨ ਨੀਵੇਂ ਦਾ ਭਾਵ ਵੀ ਇਹੀ ਹੈ। ਨਿਰਸੰਦੇਹ ਇਸ ਲਈ ਜ਼ਰੂਰੀ ਹੈ ਕਿ ਅਜਿਹੇ ਚੇਤੰਨ ਮਨ ਅਤੇ ਜਿਉਂਦੀ ਆਤਮਾ ਦਾ ਅਹਿਸਾਸ ਮਨੁੱਖ ਆਪਣੀ ਕਾਇਆ ਦੇ ਅੰਦਰ ਕਰੇ। ਇਨ੍ਹਾਂ ਨੂੰ ਆਪਣੇ ਅੰਦਰੋਂ ਖੋਜਣ ਦੀ ਜੁਗਤ ਜਾਣੇ। ਸਬਦੁ ਗੁਰੂ ਦੀ ਫਿਲਾਸਫੀ ਇਹੀ ਜੁਗਤ ਦਸਦੀ ਹੈ। ਸ਼ ਕੰਵਲ ਦੇ ਇਸ ਕਥਨ ਬਾਰੇ ਕਿ “ਜੋਸ਼ ਉਬਲ ਕੇ ਭਾਂਡਿਓਂ ਬਾਹਰ ਡੁਲ੍ਹ ਪੈਂਦਾ ਹੈ, ਸਮਝ ਗਿਆਨ ਉਸ ਨੂੰ ਸ਼ਕਤੀ ਬਣਾ ਕੇ ਵਰਤਦਾ ਹੈ। ਗੁਰੂ ਗੋਬਿੰਦ ਸਿੰਘ ਜਿੰਨੇ ਹਥਿਆਰ ਦੇ ਧਨੀ ਸਨ, ਉਸ ਤੋਂ ਵਧ ਕਲਮ ਦੇ ਮਾਹਿਰ ਸਨ। ਤੁਸੀਂ ਰਾਜਨੀਤੀ ਨਾਲ ਪੰਗਾ ਵੀ ਲੈਂਦੇ ਹੋ, ਉਸ ਨੂੰ ਬੂਹਿਓਂ ਬਾਹਰ ਵੀ ਰੱਖਦੇ ਹੋ। ਇਸ ਨਾਜ਼ੁਕ ਸਮੇਂ ਪੈਂਤੜਾ ਬਦਲਣ ਦੀ ਲੋੜ ਹੈ”, ਸੰਤਾਂ ਦਾ ਜੁਆਬ ਬੜਾ ਸਪਸ਼ਟ ਹੈ, “ਗੁਰੂ ਗੋਬਿੰਦ ਸਿਘ ਦੀਆਂ ਸ਼ਹਾਦਤਾਂ ਰੰਗ ਲਿਆਈਆਂ ਸਨ ਜਾਂ ਨਹੀਂ?”
ਸ਼ ਕੰਵਲ ਦੇ ਇਸ ਸੁਆਲ ਕਿ “ਜੇ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਜੰਗ ਵਿਚ ਸੰਗਤ ਦੇ ਜ਼ੋਰ ਦੇਣ ਉਤੇ ਗੜੀ ਵਿਚੋਂ ਨਾ ਨਿਕਲਦੇ, ਅੱਜ ਸਿੱਖ ਦੇਸਾਂ-ਪਰਦੇਸਾਂ ਵਿਚ ਨਾ ਬੈਠੇ ਹੁੰਦੇ। ਸੰਤ ਜੀ ਮੋੜ ਕੱਟੋ, ਮੈਂ ਹੱਥ ਜੋੜਦਾਂ। ਲੋਕਾਂ ਨੂੰ ਜੋੜੋ, ਸ਼ਰਧਾ ਸ਼ਕਤੀ ਨੂੰ ਭਵਾਨੀ ਬਣਾਓ। ਇਹ ਅਹਿਸਾਸ ਸ਼ਕਤੀ ਜੇ ਅੱਜ ਕੁਚਲੀ ਗਈ, ਪਤਾ ਨਹੀਂ ਮੁੜ ਕਦੋਂ ਤਾਰੀਖੀ ਉਭਾਰ ਉਠੇ। ਹਾਰ ਹਮੇਸ਼ਾ ਗੱਦਾਰਾਂ ਦੀ ਧਾੜ ਪੈਦਾ ਕਰਦੀ ਹੈ। ਸਿੱਖ ਰਾਜ ਦੀਆਂ ਲੜਾਈਆਂ ਦਾ ਹਾਲ ਪੜ੍ਹ ਲਵੋ। ਹਾਰ ਨਾਲ ਕਈ ਵਾਰ ਸਦੀਆਂ ਤਕ ਮੁੜ ਉਠਣ ਦੀ ਸ਼ਕਤੀ ਨਿੱਸਲ ਪੈ ਜਾਂਦੀ ਐ,” ਸੰਤਾਂ ਦਾ ਅੱਗੋਂ ਜੁਆਬ ਹੋਰ ਵੀ ਸਪਸ਼ਟ ਹੈ, “ਕੰਵਲ ਤੂੰ ਚੁਸਤੀ ਨਾਲ ਮੈਨੂੰ ਸ਼ਹਾਦਤ ਤੋਂ ਨਹੀਂ ਥਿੜਕਾ ਸਕਦਾ। ਸੱਚ ਦੇ ਰਾਹ ਸ਼ਹੀਦ ਹੋਣ ਵਾਲਿਆਂ ਦਾ ਗੁਰੂ ਆਪ ਰਾਖਾ ਹੁੰਦਾ ਏ। ਇਤਿਹਾਸ ਦੱਸਦਾ ਏ, ਸ਼ਹੀਦਾਂ ਦਾ ਲਹੂ ਆਜ਼ਾਦੀ ਦੀ ਨਵੀਂ ਲਕੀਰ ਖਿਚਦਾ ਏ। ਮੈਂ ਦਸਮ ਪਾਤਸ਼ਾਹ ਦਾ ਸਿੰਘ ਆਂ, ਸਿਰ ਦੇਵਾਂਗਾ, ਵਚਨ ਤੋਂ ਨਹੀਂ ਹਾਰਾਂਗਾ…ਸ਼ਹੀਦੀ ਦੇਣ ਦੀ ਮੈਂ ਅਰਦਾਸ ਕਰ ਚੁਕਾ ਹਾਂ ਗੁਰੂ ਅੱਗੇ।”
ਸੂਝ-ਗਿਆਨ ਅਤੇ ਜਜ਼ਬੇ ਦੀ ਸਾਂਝ ਦੀ ਇਹ ਸਿਖਰ ਹੈ। ਇਹੀ ਸਿਖਰ ਆਜ਼ਾਦੀ ਦੀ ਨਵੀਂ ਲਕੀਰ ਖਿੱਚਣ ਦੀ ਸਮਰੱਥਾ ਰੱਖਦੀ ਹੈ। ਇਹੀ ਆਤਮਿਕ ਗਿਆਨ ਦੀ ਸਿਖਰ ਹੈ, ਜੋ ਧਰਮ ਯੁਧ ਲੜਨ ਦਾ ਚਾਅ ਪੈਦਾ ਕਰਦੀ ਹੈ। ਸੰਤ ਭਿੰਡਰਾਂਵਾਲਿਆਂ ਨੇ ਕੁਝ ਗਿਣਤੀ ਦੇ ਸਿੰਘਾਂ ਨੂੰ ਨਾਲ ਲੈ ਕੇ ਜੂਨ 1984 ਵਿਚ ਆਪਣੇ ਤੋਂ ਹਜ਼ਾਰਾਂ ਗੁਣਾ ਵੱਡੀ ਅਤੇ ਖਤਰਨਾਕ ਹਥਿਆਰਾਂ ਨਾਲ ਲੈਸ ਫੌਜ ਦਾ ਮੁਕਾਬਲਾ ਕਰਕੇ ਸਾਬਿਤ ਕਰ ਦਿੱਤਾ ਕਿ ਅਖੀਰ ਜਿੱਤ ਮਨੁੱਖੀ ਜਜ਼ਬੇ ਦੀ ਹੋਣੀ ਹੈ। ਸਮੂਹ ਲਈ ਨਿੱਜ ਨੂੰ ਕੁਰਬਾਨ ਕਰਨ ਦਾ ਜਜ਼ਬਾ ਹੀ ਮਨੁੱਖ ਜਾਤੀ ਦੀ ਹੁਣ ਤਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ, ਪਰ ਇਹ ਜਜ਼ਬਾ ਵੀ ਉਸੇ ਆਤਮਿਕ ਗਿਆਨ ਦੀ ਦੇਣ ਹੈ, ਜੋ ਧਰਮ ਭਾਵ ਗੁਰੂ ਸਬਦੁ ਵਿਚ ਪ੍ਰਗਟ ਹੋਈ ਫਿਲਾਸਫੀ ਦਿੰਦੀ ਹੈ।
ਸ਼ ਕੰਵਲ ਦੇ ਇਸ ਕਥਨ ਕਿ “ਗਲਤ ਭਾਣਾ ਵਰਤਦਾ ਵੇਖ ਕੇ ਸੋਚ ਦਾ ਬੁਰਾ ਹਾਲ ਹੈ”, ਅੱਗੋਂ ਸੰਤਾਂ ਦੇ ਬਚਨ ਬੜੇ ਸਪਸ਼ਟ ਹਨ ਕਿ “ਤੇਰੇ-ਮੇਰੇ ਗੁਰੂ ਗੋਬਿੰਦ ਸਿੰਘ ਨੇ ਲੜਦਿਆਂ ਸਮੇਂ ਨਤੀਜਿਆਂ ਦੀ ਪ੍ਰਵਾਹ ਨਹੀਂ ਸੀ ਕੀਤੀ।”
ਇਹ ਬਚਨ ਸਿਰਫ ਸੰਤਾਂ ਦੀ ਚੜ੍ਹਦੀ ਕਲਾ ਦੇ ਜਜ਼ਬੇ ਦਾ ਹੀ ਪ੍ਰਗਟਾਵਾ ਨਹੀਂ ਹਨ, ਸਗੋਂ ਇਕ ਹੋਰ ਬਹੁਤ ਵੱਡੇ ਸੱਚ ਦੀ ਪੁਸ਼ਟੀ ਕਰਦੇ ਹਨ ਕਿ ਸੱਚ ਉਤੇ ਟੇਕ ਰੱਖ ਕੇ ਲੜਦਿਆਂ ਇਹ ਭਰੋਸਾ ਹਮੇਸ਼ਾ ਮਨ ਵਿਚ ਬਣਿਆ ਰਹਿੰਦਾ ਹੈ ਕਿ ਅਖੀਰ ਜਿੱਤ ਸੱਚ ਦੀ ਹੋਣੀ ਹੈ।
ਸ਼ ਕੰਵਲ ਦੇ ਇਸ ਕਥਨ ਕਿ “ਗੁਰੂ ਗੋਬਿੰਦ ਸਿੰਘ ਨੇ ਹੱਕਾਂ ਲਈ ਵਿਰੋਧਾਂ ਖਿਲਾਫ ਹੋਸ਼ ਨਾਲ ਲੜਨਾ ਸਿਖਿਆ ਤੇ ਸਿਖਾਇਆ ਸੀ, ਉਨ੍ਹਾਂ ਸਤਿਬਚਨੀ ਨੂੰ ਕਮਾ ਕੇ ਵਿਖਾਇਆ ਸੀ ਅਤੇ ਨਤੀਜੇ ਵਜੋਂ ਇਕ ਬਹਾਦਰ ਕੌਮ ਦੁਸ਼ਮਣ ਦੇ ਬਰਾਬਰ ਟੱਕਰ ਵਾਲੀ ਖੜੀ ਕਰ ਦਿਤੀ ਸੀ”, ਬਾਰੇ ਸੰਤਾਂ ਦਾ ਉਸ ਨੂੰ ਮੋੜਵਾਂ ਸੁਆਲ ਹੈ, “ਹੁਣ ਇਸ ਟੱਕਰ ਬਾਰੇ ਤੇਰੀ ਕਲਮ ਕੀ ਕਹਿੰਦੀ ਐ?”
ਸ਼ ਕੰਵਲ ਦੇ ਇਸ ਜੁਆਬ ਕਿ “ਮੈਂ ਬੇਨਤੀ ਕਰਨ ਆਇਆਂ, ਫਿਲਹਾਲ ਸਰਕਾਰ ਨਾਲ ਟਕਰਾਓ ਛੱਡ ਦਿਓ, ਲੋਹਾ ਬਿਲਕੁਲ ਤੱਤਾ ਨਹੀਂ, ਬਾਹਰ ਆ ਕੇ ਧੰਗੇੜਾਂ ਵਿਰੁਧ ਲੋਕਾਂ ਨੂੰ ਹੋਰ ਜੋੜੋ”, ਸੰਤਾਂ ਦੇ ਬਚਨ, ਉਨ੍ਹਾਂ ਦੀ ਕਮਾਲ ਦੀ ਰਾਜਸੀ ਸੂਝ ਦਾ ਪ੍ਰਗਟਾਵਾ ਕਰਦੇ ਹਨ, “ਇੰਦਰਾ ਤਾਂ ਸਿੱਖਾਂ ਨੂੰ ਮਾਰਨ ‘ਤੇ ਤੁਲੀ ਐ, ਚੜ੍ਹ ਕੇ ਤਾਂ ਉਹ ਸਾਡੇ ਉਤੇ ਆਈ ਏ, ਅਸੀਂ ਤਾਂ ਉਸ ਦੀ ਪਾਰਲੀਮੈਂਟ ਨਹੀਂ ਘੇਰੀ।”
ਸੰਤਾਂ ਦਾ ਜੁਆਬ ਜਿੰਨਾ ਸਪਸ਼ਟ ਹੈ, ਓਨਾ ਹੀ ਅਰਥ ਭਰਪੂਰ ਵੀ ਹੈ ਕਿ ਹਮਲਾਵਰ ਇੰਦਰਾ ਗਾਂਧੀ ਹੈ, ਅਸੀਂ ਨਹੀਂ। ਅਸੀਂ ਤਾਂ ਆਪਣੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਰਾਜਨੀਤੀ ਦੇ ਧੁਰੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀ ਰਾਖੀ ਲਈ ਹਥਿਆਰ ਚੁਕੇ ਹਨ, ਜੋ ਸਾਡੀ ਮਜਬੂਰੀ ਬਣਾ ਦਿੱਤੀ ਗਈ ਹੈ।
ਸ਼ ਕੰਵਲ ਤੇ ਸੰਤ ਭਿੰਡਰਾਂਵਾਲਿਆਂ ਵਿਚਾਲੇ ਹੋਇਆ ਇਹ ਬਚਨ-ਬਿਲਾਸ, ਸੰਤਾਂ ਦੇ ਰੋਮ-ਰੋਮ ਵਿਚੋਂ ਪ੍ਰਗਟ ਹੋ ਰਹੇ ਚੜ੍ਹਦੀ ਕਲਾ ਦੇ ਜਜ਼ਬੇ ਦੇ ਨਾਲ ਉਨ੍ਹਾਂ ਦੀ ਅਨੁਭਵੀ ਸਿਆਣਪ ਅਤੇ ਸੂਝ-ਗਿਆਨ ਦਾ ਵੀ ਪ੍ਰਤੀਕ ਹੈ। ਸਵਾਲ ਹੈ, ਇਹ ਸੂਝ-ਗਿਆਨ ਅਤੇ ਜਜ਼ਬਾ ਕਿਥੋਂ ਪੈਦਾ ਹੁੰਦਾ ਹੈ?
ਇਸ ਸੂਝ-ਗਿਆਨ ਤੇ ਜਜ਼ਬੇ ਦਾ ਸਰੋਤ ਆਤਮਿਕ ਗਿਆਨ ਹੈ। ਆਤਮਿਕ ਗਿਆਨ, ਜੋ ਹੁਣ ਤੱਕ ਦੇ ਇਕੱਠੇ ਹੋਏ ਸਾਰੇ ਮਨੁੱਖੀ ਗਿਆਨ ਦਾ ਫਿਲਾਸਫੀ ਦੇ ਰੂਪ ਵਿਚ ਨਿਕਲਿਆ ਨਿਚੋੜ ਹੈ। ਭਾਵ ਮਨੁੱਖ ਕੀ ਹੈ, ਕੁਦਰਤ ਕੀ ਹੈ, ਇਨ੍ਹਾਂ ਦੋਹਾਂ ਦਾ ਆਪਸੀ ਰਿਸ਼ਤਾ ਕੀ ਹੈ ਅਤੇ ਇਨ੍ਹਾਂ ਦੋਹਾਂ ਦੇ ਆਪਸੀ ਰਿਸ਼ਤੇ ਨੂੰ ਇਕਸੁਰ ਕਿਵੇਂ ਰੱਖਿਆ ਜਾ ਸਕਦਾ ਹੈ? ਇਸ ਰਿਸ਼ਤੇ ਨੂੰ ਸਮਝ ਕੇ ਹੀ ਮਨੁੱਖ ਨੂੰ ਪਤਾ ਲਗਦਾ ਹੈ ਕਿ ਮੇਰਾ Ḕਇਹ ਸਰੀਰ ਨਾਸਵੰਤ ਹੈ।Ḕ ਪਰ ਜਿੰਨਾ ਚਿਰ ਇਸ ਸਰੀਰ ਨੇ ਕਾਇਮ ਰਹਿਣਾ ਹੈ, ਓਨਾ ਚਿਰ ਮਨੁੱਖ ਕੁਦਰਤ ਦੇ ਸਦੀਵੀ ਵਿਧਾਨ (ਹੁਕਮੁ) ਵਿਚ ਰਹਿ ਕੇ ਹੀ ਸੁਖੀ ਅਤੇ ਰਸ-ਭਰਪੂਰ ਜੀਵਨ ਜਿਉਂ ਸਕਦਾ ਹੈ। ਇਸ ਆਤਮਿਕ ਗਿਆਨ ਨਾਲ ਭਰਪੂਰ ਹੋ ਕੇ ਹੀ ਮਨੁੱਖ ਨੂੰ ਸਮਝ ਆਉਂਦੀ ਹੈ ਕਿ ਧਰਤੀ ‘ਤੇ ਰਹਿੰਦੇ ਬਾਕੀ ਦੇ ਮਨੁੱਖ ਵੀ ਮੇਰੇ ਵਾਂਗ ਹੀ Ḕਕੁਦਰਤੀ ਬੰਦੇḔ ਹਨ ਤੇ ਸਾਰੇ ਮੇਰੇ ਬਰਾਬਰ ਹਨ,
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥
ਇਹ ਜਾਣਕਾਰੀ ਮਿਲਣ ਪਿਛੋਂ ਹੀ ਪਤਾ ਲਗਦਾ ਹੈ ਕਿ ਮੌਜੂਦਾ ਸਾਮਰਾਜੀ ਰਾਜ ਪ੍ਰਬੰਧ ਨਾ ਸਿਰਫ ਗਰੀਬਾਂ ਅਤੇ ਮਜ਼ਲੂਮਾਂ ਦਾ ਖੂਨ ਚੂਸ ਰਿਹਾ ਹੈ, ਸਗੋਂ ਕੁਦਰਤ ਨਾਲ ਵੀ ਟੱਕਰ ਲੈ ਰਿਹਾ ਹੈ, ਜਿਸ ਲਈ ਇਸ ਦਾ ਅੰਤ ਅਟੱਲ ਹੈ। ਕਿਉਂਕਿ ਇਹ ਬ੍ਰਾਹਮਣੀ-ਸਾਮਰਾਜੀ ਅਡੰਬਰ ਸਿਰੇ ਦਾ ਗੈਰ-ਮਨੁੱਖੀ ਅਤੇ ਗੈਰ-ਕੁਦਰਤੀ ਹੈ।
ਇਸ ਸਿੱਟੇ ‘ਤੇ ਪਹੁੰਚ ਕੇ ਹੀ ਇਸ ਬ੍ਰਾਹਮਣੀ ਸਾਮਰਾਜੀ ਰਾਜ ਪ੍ਰਬੰਧ ਦੀ ਥਾਂ ḔਖਾਲਸਾḔ ਰਾਜ ਕਾਇਮ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਅਤੇ ਉਸ ਲਈ ਲੜਨ ਦਾ ਜਜ਼ਬਾ ਪੈਦਾ ਹੁੰਦਾ ਹੈ। ਖਾਲਸਾ ਰਾਜ ਤੋਂ ਭਾਵ ḔਪਗੜੀਧਾਰੀḔ ਸਿੱਖਾਂ ਦਾ ਰਾਜ ਨਹੀਂ, ਜਿਸ ਵਿਚ ਬਹੁਰੂਪੀਏ ਤੇ ਭੇਖੀ ਬਾਦਲਕੇ ਅਤੇ ਅਮਰਿੰਦਰ ਸਿੰਘ ਜਿਹੇ ਮਨੋਰੋਗੀ ਰਜਵਾੜੇ ਵੀ ਸ਼ਾਮਿਲ ਹਨ। ਇਥੇ ਖਾਲਸਾ ਰਾਜ ਤੋਂ ਭਾਵ ḔਖਾਲਸਾḔ ਸਬੰਧਾਂ ਦਾ ਧਾਰਨੀ ਰਾਜ ਹੈ, ਜੋ ਇਹ ਜਾਣਕਾਰੀ ਦਿੰਦੇ ਹਨ ਕਿ ਇਹ ਕੁਦਰਤੀ ਦਾਤਾਂ ਜਿੰਨੀਆਂ ਮੇਰੀਆਂ ਹਨ, ਓਨੀਆਂ ਹੀ ਸਭ ਦੀਆਂ ਹਨ। ਇਨ੍ਹਾਂ ਉਤੇ ਜਿੰਨਾ ਮੇਰਾ ਹੱਕ ਹੈ, ਓਨਾ ਹੀ ਸਭ ਦਾ ਹੱਕ ਹੈ,
ਦਦਾ ਦਾਤਾ ਏਕੁ ਹੈ ਸਭ ਕਉ ਦੇਣਵਹਾਰ॥
ਦੇਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥
ਤੇ ਫਿਰ ਕੁਦਰਤੀ ਸੋਮਿਆਂ ਭਾਵ ਇਨ੍ਹਾਂ ਦਾਤਾਂ ਉਤੇ ਕਬਜ਼ਾ ਕਰੀ ਬੈਠੇ ਇਹ ਲੋਕ ਕੌਣ ਹਨ? ਗੁਰਬਾਣੀ ਇਹ ਜਾਣਕਾਰੀ ਵੀ ਦਿੰਦੀ ਹੈ ਕਿ ਇਹ ਤਸਕਰ ਹਨ। ਅਜੋਕੀ ਭਾਸ਼ਾ ਵਿਚ ਇਹ ਸਾਮਰਾਜੀ ਠੱਗ ਹਨ। ਲੁਟੇਰੇ ਹਨ, ਜੋ ਗਰੀਬਾਂ ਅਤੇ ਮਜ਼ਲੂਮਾਂ ਦਾ ਖੂਨ ਚੂਸ ਰਹੇ ਹਨ ਅਤੇ ਅਰਬਾਂ-ਖਰਬਾਂ ਨਹੀਂ, ਨਰਬਾਂ ਰੁਪਏ, ਇਸ ਸਾਮਰਾਜੀ ਤਾਣੇ-ਬਾਣੇ ਨੂੰ ਕਾਇਮ ਰੱਖਣ ਲਈ ਅਜਾਈਂ ਗੁਆ ਰਹੇ ਹਨ ਅਤੇ ਇਹ ਸਮੁੱਚੀ ਮਨੁੱਖ ਜਾਤੀ ਉਤੇ ਵਾਧੂ ਦਾ ਭਾਰ ਹਨ।