ਅਕਾਲੀ-ਭਾਜਪਾ ਗੱਠਜੋੜ ‘ਤੇ ਛਾਏ ਬੇਭਰੋਸਗੀ ਦੇ ਬੱਦਲ

ਦਰਸ਼ਨ ਸਿੰਘ ਸ਼ੰਕਰ
ਫੋਨ: 91-99158-36543
ਪੰਜਾਬ ‘ਚ ਪਿਛਲੇ 23 ਸਾਲ ਤੋਂ ਚਲ ਰਹੇ ਅਕਾਲੀ-ਭਾਜਪਾ ਗੱਠਜੋੜ ਵਿਚ ਤਰੇੜਾਂ ਦੀ ਝਲਕ ਸਪੱਸ਼ਟ ਦਿਸ ਰਹੀ ਹੈ। ਬੇਸ਼ਕ ਅਕਾਲੀ ਦਲ ਇਸ ਨੂੰ ਨਹੁੰ-ਮਾਸ ਦਾ ਰਿਸ਼ਤਾ ਦਸ ਰਿਹਾ ਹੈ, ਪਰ ਕੁਝ ਸਮੇਂ ਤੋਂ ਭਾਜਪਾ ਦਾ ਰਵੱਈਆ ਇਸ ਪ੍ਰਤੀ ਨਾਂਹ-ਪੱਖੀ ਲੱਗ ਰਿਹਾ ਹੈ, ਜਿਸ ਦਾ ਸੰਕੇਤ ਭਾਜਪਾ ਦੀ ਪੰਜਾਬ ਇਕਾਈ ਦੇ ਕਈ ਲੀਡਰ ਖੁੱਲ੍ਹ ਕੇ ਦੇ ਚੁਕੇ ਨੇ।

ਅੰਮ੍ਰਿਤਸਰ ਵਿਚ ਅਕਾਲੀ ਦਲ ਦੀ ਰੈਲੀ ਵਿਚ ਗਠਜੋੜ ਦੇ ਮੁੱਖ ਸਿਰਜਕ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਧਰਮ ਅਤੇ ਨਫਰਤ ਦੀ ਰਾਜਨੀਤੀ ‘ਤੇ ਚਿੰਤਾ ਜਤਾ ਕੇ ਕੇਂਦਰ ਦੀ ਮੋਦੀ ਸਰਕਾਰ ਨਾਲ ਅਸਹਿਮਤੀ ਜਾਹਰ ਕੀਤੀ। ਉਂਜ ਵੀ ਇਹ ਗੱਠਜੋੜ ਸਿਧਾਂਤਾਂ ਦੀ ਥਾਂ ਰਾਜਸੀ ਹਿੱਤਾਂ ‘ਤੇ ਹੀ ਆਧਾਰਤ ਹੈ, ਕਿਉਂਕਿ ਦੋਵੇਂ ਪਾਰਟੀਆਂ ਇਕੱਲੇ ਤੌਰ ‘ਤੇ ਸੂਬੇ ‘ਚ ਸੱਤਾ ‘ਚ ਆਉਣ ਦੀ ਸਥਿਤੀ ਵਿਚ ਹਨ ਹੀ ਨਹੀਂ। ਗੱਠਜੋੜ ਨੂੰ ਅਜੋਕੀ ਸਥਿਤੀ ਵਿਚ ਧੱਕਣ ਲਈ ਦੋਹਾਂ ਪਾਰਟੀਆਂ ਦੀ ਮੌਜੂਦਾ ਲੀਡਰਸ਼ਿਪ ਦਾ ਅੱਖੜ ਤੇ ਤਾਨਾਸ਼ਾਹੀ ਰਵੱਈਆ ਕਿਹਾ ਜਾ ਸਕਦੈ। ਆਉਣ ਵਾਲੇ ਸਮੇਂ ‘ਚ ਗੱਠਜੋੜ ਅੰਦਰ ਬੇਵਿਸਾਹੀ ਪੰਜਾਬ ਵਿਚ ਨਵੇਂ ਰਾਜਸੀ ਸਮੀਕਰਣ ਪੈਦਾ ਹੋਣ ਦੇ ਸੰਕੇਤ ਦਿੰਦੀ ਹੈ।
ਪਿਛੋਕੜ: ਸੂਬੇ ‘ਚ ਸਿੱਖ ਅਤੇ ਹਿੰਦੂ ਵਸੋਂ ਦੇ ਅਨੁਪਾਤ ਦੇ ਮੱਦੇਨਜ਼ਰ ਸਾਰੇ ਅੰਤਰ ਵਿਰੋਧਾਂ ਦੇ ਬਾਵਜੂਦ ਰਾਜਨੀਤਿਕ ਹਿੱਤ ਪੂਰਨ ਲਈ ਕਰੀਬ 23 ਸਾਲ ਪਹਿਲਾਂ ਇਹ ਗੱਠਜੋੜ ਹੋਂਦ ‘ਚ ਆਇਆ, ਜਿਸ ਵਿਚ ਅਕਾਲੀ ਦਲ ਦੀ ਵੱਡੇ ਅਤੇ ਭਾਜਪਾ ਦੀ ਛੋਟੇ ਭਰਾ ਦੀ ਭੂਮਿਕਾ ਸਵੀਕਾਰੀ ਗਈ। ਸਮੇਂ ਸਮੇਂ ਜਦੋਂ ਵੀ ਗੱਠਜੋੜ ‘ਚ ਕੋਈ ਕੁੜਿਤਣ ਆਈ ਤਾਂ ਪ੍ਰੋਢ ਲੀਡਰਸ਼ਿਪ ਨੇ ਮਿਲ ਬੈਠ ਕੇ ਹੱਲ ਕੱਢ ਲਿਆ। ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾ ਉਸ ਸਮੇਂ ਦੇ ਭਾਜਪਾ ਦੇ ਕੌਮੀ ਨੇਤਾ ਅਟੱਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਸੁਖਾਵੇਂ ਸਬੰਧ ਬਣੇ ਰਹੇ, ਜਿਸ ਦੀ ਮੌਜੂਦਾ ਲੀਡਰਸ਼ਿਪ ਵਿਚ ਇਕ ਚਿਣਗ ਵੀ ਨਹੀਂ ਝਲਕਦੀ।
ਗੱਠਜੋੜ ਨੇ ਦਰਜਨ ਤੋਂ ਵੱਧ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਲੜੀਆਂ। ਕੇਂਦਰ ਅਤੇ ਸੂਬੇ ‘ਚ ਪੂਰੀ ਮਿਆਦ ਦੀਆਂ ਸਰਕਾਰਾਂ ਵੀ ਚਲਾਈਆਂ।
ਤਣਾਅ ਦੀ ਸ਼ੁਰੂਆਤ: ਸਹੀ ਦਿਸ਼ਾ ‘ਚ ਚਲਦੇ ਗੱਠਜੋੜ ‘ਚ ਤਣਾਅ ਦਾ ਮੁੱਢ ਵੱਡੇ ਬਾਦਲ ਵਲੋਂ 2009 ਵਿਚ ਭਾਜਪਾ ਆਗੂਆਂ ਨੂੰ ਅਣਗੌਲਿਆਂ ਕਰਕੇ ਪੁੱਤਰ ਮੋਹ ਵਿਚ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਥਾਪਣ ਨਾਲ ਬੱਝਾ, ਪਰ ਭਾਜਪਾ ਆਗੂ ਕਮਜੋਰ ਸਥਿਤੀ ਅਤੇ ਕੇਂਦਰੀ ਲੀਡਰਾਂ ਦੀ ਘੁਰਕੀ ਕਾਰਨ ਕੌੜਾ ਘੁੱਟ ਭਰ ਗਏ।
ਬਾਦਲਕੇ 10 ਸਾਲ ਸੱਤਾ ਦਾ ਅਨੰਦ ਮਾਣਦੇ ਰਹੇ ਅਤੇ ਸੁਖਬੀਰ ਬਾਦਲ ਦੀ ਤੂਤੀ ਬੋਲਦੀ ਰਹੀ। ਫਿਰ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਾਰੇ ਦੇਸ਼ ਵਿਚ ਮੋਦੀ ਦੀ ਹਨੇਰੀ ਚੱਲੀ, ਪਰ ਪੰਜਾਬ ਵਿਚ ਸਰਕਾਰ ਪ੍ਰਤੀ ਜਨਤਾ ਦੇ ਗੁੱਸੇ ਕਾਰਨ ਠੁੱਸ ਹੋ ਕੇ ਰਹਿ ਗਈ। ਭਾਜਪਾ ਦੇ ਕੱਦਾਵਰ ਨੇਤਾ ਅਰੁਣ ਜੇਤਲੀ ਦੀ ਸ਼ਰਮਨਾਕ ਹਾਰ ਹੋਈ।
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਗੱਠਜੋੜ ਦੀ ਕਰਾਰੀ ਹਾਰ ਹੋਈ ਅਤੇ ਪਹਿਲੀ ਵਾਰ ਗੱਠਜੋੜ ਵਿਰੋਧੀ ਧਿਰ ਦਾ ਦਰਜਾ ਵੀ ਹਾਸਿਲ ਨਾ ਕਰ ਸਕਿਆ। ਕਈ ਭਾਜਪਾ ਆਗੂਆਂ ਨੇ ਮਾੜੀ ਕਾਰਗੁਜਾਰੀ ਲਈ ਅਕਾਲੀ ਆਗੂਆਂ ਦੀ ਬਦਨਾਮੀ ਨੂੰ ਇਸ ਦਾ ਕਾਰਨ ਦੱਸਿਆ ਅਤੇ ਭਾਜਪਾ ਦਾ ਰਵੱਈਆ ਅਕਾਲੀ ਦਲ ਪ੍ਰਤੀ ਆਏ ਦਿਨ ਰੁੱਖਾ ਹੁੰਦਾ ਚਲਾ ਗਿਆ। ਅਕਾਲੀ ਦਲ ਦੀ ਲੀਡਰਸ਼ਿਪ ਮਜਬੂਰੀ ਵਸ ਗੱਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦੀ ਆ ਰਹੀ ਹੈ।
ਪੁਲਵਾਮਾ ਅਤਿਵਾਦੀ ਹਮਲੇ ਪਿੱਛੋਂ ਬਾਲਾਕੋਟ ਸਰਜੀਕਲ ਸਟਰਾਈਕ ਦੇ ਮੁੱਦੇ ‘ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਫਿਰ ਇਕ ਵਾਰ ਮੋਦੀ ਦੀ ਤੇਜ ਹਨੇਰੀ ਸਾਰੇ ਦੇਸ਼ ਵਿਚ ਚੱਲੀ, ਪਰ ਪੰਜਾਬ ‘ਚ ਫਿਰ ਇਸ ਦੀ ਹਵਾ ਨਿਕਲ ਗਈ ਅਤੇ ਅਕਾਲੀ ਦਲ 10 ਵਿਚੋਂ ਦੋ ਸੀਟਾਂ (ਸੁਖਬੀਰ ਅਤੇ ਹਰਸਿਮਰਤ ਬਾਦਲ ਵਾਲੀਆਂ) ਹੀ ਜਿੱਤ ਸਕਿਆ। ਕੇਂਦਰ ਵਿਚ ਹਰਸਿਮਰਤ ਬਾਦਲ ਮੁੜ ਮੰਤਰੀ ਤਾਂ ਬਣ ਗਈ, ਪਰ ਮੋਦੀ ਅਤੇ ਅਮਿਤ ਸ਼ਾਹ ਦਾ ਅਕਾਲੀ ਦਲ ਪ੍ਰਤੀ ਰਵੱਈਆ ਤਲਖ ਹੁੰਦਾ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਰਾਜਕਾਲ ਦੌਰਾਨ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਛੱਡਿਆ, ਇਥੋਂ ਤਕ ਕਿ ਅਕਾਲੀ ਦਲ ਦੀ ਇੱਜਤ ਦਾ ਸਵਾਲ ਬਣੇ ਪਾਣੀਆਂ ਦੇ ਮੁੱਦੇ ‘ਤੇ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਰਿਆਣਾ ਦਾ ਪੱਖ ਪੂਰਿਆ, ਪਰ ਬੇਵੱਸ ਅਕਾਲੀ ਦਲ ਕੌੜਾ ਘੁੱਟ ਭਰ ਕੇ ਰਹਿ ਗਿਆ।
ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਇਕ ਹੋਰ ਝਟਕਾ ਦਿੰਦਿਆਂ ਭਾਜਪਾ ਨੇ ਇਕ ਵੀ ਸੀਟ ਨਾ ਦੇ ਕੇ ਅਕਾਲੀਆਂ ਨੂੰ ਬੇਇੱਜਤ ਕੀਤਾ ਅਤੇ ਇਸ ਦਾ ਇਕੋ ਇਕ ਵਿਧਾਇਕ ਵੀ ਭਾਜਪਾ ‘ਚ ਸ਼ਾਮਿਲ ਕਰਕੇ ਜ਼ਖਮਾਂ ‘ਤੇ ਲੂਣ ਛਿੜਕ ਦਿੱਤਾ। ਦਿੱਲੀ ਵਿਧਾਨ ਸਭਾ ਚੋਣਾਂ ਸਮੇਂ ਵੀ ਅਕਾਲੀ ਦਲ ਨੂੰ ਭਾਜਪਾ ਨੇ ਨੁੱਕਰੇ ਲਾਉਂਦਿਆਂ ਇਕ ਵੀ ਸੀਟ ਦੇਣ ਤੋਂ ਕੋਰੀ ਨਾਂਹ ਕਰਕੇ ਜਲੀਲ ਕੀਤਾ ਅਤੇ ਚੋਣ ਮੁਹਿੰਮ ਤੋਂ ਅਕਾਲੀਆਂ ਨੂੰ ਲਾਂਭੇ ਰੱਖ ਕੇ ਗੱਠਜੋੜ ‘ਤੇ ਹੀ ਸਵਾਲੀਆ ਨਿਸ਼ਾਨ ਲਾ ਦਿੱਤੇ। ਬੌਖਲਾਏ ਅਕਾਲੀ ਫਿਰ ਵੀ ਇਸ ਨੂੰ ਨਹੁੰ-ਮਾਸ ਦਾ ਰਿਸ਼ਤਾ ਹੀ ਦੱਸ ਰਹੇ ਨੇ।
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਦੇ ਸਮਾਗਮ ਸਮੇਂ ਬੋਲਦਿਆਂ ਸੀਨੀਅਰ ਨੇਤਾ ਮਾਸਟਰ ਮੋਹਣ ਲਾਲ ਨੇ ਅਕਾਲੀ ਦਲ ਤੋਂ ਛੁਟਕਾਰਾ ਪਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਹਿਮਾਚਲ ਅਤੇ ਹਰਿਆਣਾ ਵਿਚ ਭਾਜਪਾ ਸਰਕਾਰਾਂ ਬਣ ਸਕਦੀਆਂ ਹਨ ਤਾਂ ਪੰਜਾਬ ਵਿਚ ਕਿਉਂ ਨਹੀਂ? ਪਿਛੋਂ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਵੀ ਇਸ ਦੀ ਖੁਲ੍ਹੇਆਮ ਹਮਾਇਤ ਕੀਤੀ। ਮਦਨ ਮੋਹਨ ਮਿੱਤਲ ਨੇ ਮੌਜੂਦਾ ਸਥਿਤੀ ਵਿਚ ਗੱਠਜੋੜ ‘ਚ ਛੋਟੇ ਦੀ ਥਾਂ ਵੱਡੇ ਭਰਾ ਦੇ ਰੋਲ ਦਾ ਦਾਅਵਾ ਠੋਕ ਦਿੱਤਾ ਹੈ, ਜਿਸ ਨਾਲ ਅਕਾਲੀ ਦਲ ਵੀ ਚੌਕੰਨਾ ਹੋ ਗਿਆ ਜਾਪਦਾ ਹੈ।
ਦਿੱਲੀ ਵਿਚ ਭਾਜਪਾ ਵਲੋਂ ਇਕ ਵੀ ਸੀਟ ਨਾ ਦਿਤੇ ਜਾਣ ਦਾ ਕਾਰਨ ਅਕਾਲੀ ਦਲ ਵਲੋਂ ਨਾਗਰਿਕ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਦਾ ਕੀਤਾ ਵਿਰੋਧ ਦੱਸਿਆ ਗਿਆ, ਬੇਸ਼ਕ ਪਿਛੋਂ ਭਾਜਪਾ ਨੂੰ ਹਮਾਇਤ ਦੇ ਦਿੱਤੀ, ਪਰ ਭਾਜਪਾ ਵਲੋਂ ਦਿੱਲੀ ਵਿਧਾਨ ਸਭਾ ਦੀ ਚੋਣ ਮੁਹਿੰਮ ਦੌਰਾਨ ਅਕਾਲੀ ਦਲ ਦੇ ਨੇਤਾਵਾਂ ਨੂੰ ਲਾਂਭੇ ਰੱਖਣਾ ਵੀ ਗੱਠਜੋੜ ਦੀ ਅਹਿਮੀਅਤ ਘੱਟ ਹੋਣ ਦਾ ਸੰਕੇਤ ਮੰਨਿਆ ਜਾ ਰਿਹੈ।
ਅਕਾਲੀ ਦਲ ‘ਚ ਬਾਦਲਾਂ ਦੀ ਤਾਨਾਸ਼ਾਹੀ ਵਿਰੁਧ ਬੋਲ ਕੇ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਹੋਰ ਪੁਰਾਣੇ ਅਕਾਲੀ ਆਗੂ ਪਾਰਟੀ ਨੂੰ ਵੱਡਾ ਖੋਰਾ ਲਾ ਰਹੇ ਹਨ। ਦੂਜੇ ਬੰਨੇ ਸੁਖਦੇਵ ਸਿੰਘ ਢੀਂਡਸਾ ਦਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿਚ ਵੀ ਚੰਗਾ ਅਕਸ਼ ਹੈ, ਜਿਸ ਕਾਰਨ ਭਾਜਪਾ ਅਜੇ ‘ਵੇਟ ਐਂਡ ਵਾਚ’ ਦੇ ਰੌਂਅ ‘ਚ ਲਗਦੀ ਹੈ। ਉਂਜ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਫਿਲਹਾਲ ਗੱਠਜੋੜ ਕਾਇਮ ਰੱਖਣ ਦੇ ਬਿਆਨ ਦੇ ਰਿਹਾ ਹੈ।
ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਤਲਖ ਟਿੱਪਣੀ ਅਕਾਲੀ ਦਲ ਦੀ ਸੋਚੀ ਸਮਝੀ ਰਣਨੀਤੀ ਦਾ ਹੀ ਹਿੱਸਾ ਜਾਪਦੀ ਹੈ। ਇਹ ਵੀ ਚਰਚੇ ਹਨ ਕਿ ਗੱਠਜੋੜ ਟੁੱਟਣ ਦੀ ਹਾਲਤ ਵਿਚ ਅਕਾਲੀ ਦਲ ਪੁਰਾਣੀ ਸਹਿਯੋਗੀ ਬਸਪਾ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਸਕਦਾ ਹੈ। ਕੁਝ ਵੀ ਹੋਵੇ, ਗੱਠਜੋੜ ਦੇ ਦੋਵੇਂ ਭਾਈਵਾਲ ਵੱਖ ਹੋ ਕੇ ਚੋਣਾਂ ਲੜਨ ਦੇ ਨਫੇ-ਨੁਕਸਾਨ ਬਾਰੇ ਅੰਦਰਖਾਤੇ ਵਿਚਾਰ ਕਰਨ ‘ਚ ਰੁੱਝੇ ਜਾਪਦੇ ਨੇ। ਦਿੱਲੀ ‘ਚ ਭਾਜਪਾ ਦੀ ਆਮ ਆਦਮੀ ਪਾਰਟੀ (ਆਪ) ਹੱਥੋਂ ਸ਼ਰਮਨਾਕ ਹਾਰ ਨਾਲ ਅਕਾਲੀ ਦਲ ਨੂੰ ਕੁਝ ਰਾਹਤ ਜਰੂਰ ਮਿਲੀ ਹੈ। ਉਧਰ ਦਿੱਲੀ ‘ਚ ‘ਆਪ’ ਦੀ ਜਿੱਤ ਨਾਲ ‘ਆਪ’ ਦੀ ਪੰਜਾਬ ਇਕਾਈ ‘ਚ ਵੀ ਭਾਰੀ ਉਤਸ਼ਾਹ ਹੈ।
ਗੱਠਜੋੜ ਦੇ ਭਵਿਖ ਦਾ ਪੰਜਾਬ ਦੀ ਸਿਆਸਤ ‘ਤੇ ਗਹਿਰਾ ਪ੍ਰਭਾਵ ਪੈਣਾ ਲਾਜ਼ਮੀ ਹੈ।