ਸਿੱਖਾਂ ਵਿਚ ਬ੍ਰਾਹਮਣਵਾਦ ਵਲ ਮੋੜਾ!

ਪਿਛਲੇ ਕੁਝ ਅਰਸੇ ਤੋਂ ਸਿੱਖ ਚਿੰਤਕ ਵਜੋਂ ਉਭਰੇ ਅਜਮੇਰ ਸਿੰਘ ਉਰਫ ਗੋਬਿੰਦਰ ਸਿੰਘ ਮੰਡੀ ਕਲਾਂ ਸਿੱਖ ਹਲਕਿਆਂ ਵਿਚ ਚੱਲਦੇ ਵਾਦ-ਵਿਵਾਦ ਦਾ ਹਿੱਸਾ ਰਹੇ ਹਨ। ਇਸ ਲੇਖ ਵਿਚ ਉਨ੍ਹਾਂ ਦੇ ਪੁਰਾਣੇ ਸਾਥੀ ਮਾਲਵਿੰਦਰ ਸਿੰਘ ਮਾਲੀ ਨੇ ਕੁਝ ਸਵਾਲ ਉਠਾਏ ਹਨ। ਕਿਹਾ ਜਾ ਰਿਹਾ ਹੈ ਕਿ ਅਜਮੇਰ ਸਿੰਘ ਵੱਖ-ਵੱਖ ਮਸਲਿਆਂ ਦੀ ਵਿਆਖਿਆ ਆਪਣੇ ਹੀ ਹਿਸਾਬ ਨਾਲ ਕਰੀ ਜਾਂਦੇ ਹਨ ਅਤੇ ਬਹੁਤੀ ਦੇਰ ਆਪਣੇ ਪੈਂਤੜੇ ਉਤੇ ਖੜ੍ਹਦੇ ਵੀ ਨਹੀਂ ਹਨ। ਉਨ੍ਹਾਂ ਦੀ ਸਿਆਸੀ ਪਹੁੰਚ ਬਾਰੇ ਵੀ ਅਕਸਰ ਇਹੀ ਗੱਲ ਚਿਤਾਰੀ ਜਾਂਦੀ ਹੈ ਕਿ ਉਹ ਕਿਸੇ ਸਮੇਂ ਕੋਈ ਇਕ ਗੱਲ ਕਹਿ ਕੇ ਅਗਾਂਹ ਤੁਰ ਜਾਂਦੇ ਹਨ। ਇਸੇ ਨੁਕਤੇ ਤੋਂ ਮਾਲਵਿੰਦਰ ਸਿੰਘ ਮਾਲੀ ਦੀ ਇਹ ਟਿੱਪਣੀ ਆਈ ਹੈ, ਜੋ ਅੱਜਕੱਲ੍ਹ ਸੋਸ਼ਲ ਮੀਡੀਆ ਉਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਟਿੱਪਣੀ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ

ਮਾਲਵਿੰਦਰ ਸਿੰਘ ਮਾਲੀ

ਕਾਮਰੇਡ ਗੋਬਿੰਦਰ ਸਿੰਘ ਮੰਡੀ ਕਲਾਂ ਉਰਫ ਅਜਮੇਰ ਸਿੰਘ ਸਿੱਖ ਚਿੰਤਕ ਦਾ ਇਹ ਵਿਖਿਆਨ ਇਹ ਦਰਸਾਉਂਦਾ ਹੈ ਕਿ ਇਸ ਦਾ ਸਿਆਸੀ ਤੌਰ ‘ਤੇ ਨਾ ਕੋਈ ਦੀਨ ਹੈ, ਨਾ ਧਰਮ ਤੇ ਨਾ ਇਮਾਨ…
ਮਾਰਕਸਵਾਦ ਨੂੰ ਤਿਲਾਂਜਲੀ ਦੇਣ ਤੋਂ ਬਾਅਦ ਬਾਦਲ-ਟੌਹੜਾ ਵਿਵਾਦ ਅੰਦਰ ਬਾਦਲਕਿਆਂ ਦਾ ਡੱਟ ਕੇ ਸਾਥ ਦੇਣ ਤੋਂ ਸ਼ੁਰੂ ਹੋਇਆ ਅਜਮੇਰ ਸਿੰਘ ਦਾ ਨਵਾਂ ਨਕੋਰ ਸਿਆਸੀ ਸਫਰ ਸਿੱਖ ਕੌਮ ਤੇ ਖਾਲਿਸਤਾਨ ਦੇ ਅੰਨੇ ਸਮਰਥਨ ਰਾਹੀਂ Ḕਸਿੱਖ ਚਿੰਤਕḔ ਦਾ ਰੁਤਬਾ ਹਾਸਲ ਕਰ ਗਿਆ ਤੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਅਰਦਾਸ ਕਰਦਿਆਂ ਪੰਜਾਬ ਅੰਦਰ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਮੁੜ ਬਹਾਲੀ ਦੀ ਤਾਂਘ ਵਿਚ ਲੀਨ ਹੋ ਗਿਆ ਤੇ ਹੁਣ ਸਿੱਖ ਧਾਰਮਿਕ ਪ੍ਰਬੰਧ, ਇਤਿਹਾਸ ਤੇ ਜੀਵਨ ਜਾਚ ਵਿਚ ਘੁਸੇ ਬਿਪਰ ਸੰਸਕਾਰਾਂ, ਬ੍ਰਾਹਮਣਵਾਦ ਤੇ ਪੁਜਾਰੀਵਾਦ ਦੀ ਪਿੱਠ ਥਾਪੜਨ ਵਿਚ ਮਸ਼ਗੂਲ ਹੋ ਕੇ ਕਰਾਮਾਤੀ ਤੇ ਦੈਵੀ ਸ਼ਕਤੀਆਂ ਦਾ ਪ੍ਰਚਾਰਕ ਬਣ ਰਿਹਾ ਇਹ ਪੁਜਾਰੀਵਾਦ ਤੇ ਬਿਪਰ ਸੰਸਕਾਰ ਦਾ ਮਹਾਂ ਆਧੁਨਿਕ ਪੈਗੰਬਰ।
ਮੈਂ ਇਸ ਦੀ ਅਗਵਾਈ ਵਿਚ ਨਕਸਲੀਆਂ ਦੇ ਪੈਗਾਮ ਗਰੁਪ ਵਿਚ ਕੰਮ ਕੀਤਾ ਹੈ। ਪਰ ਜਦੋਂ ਇਸ ਨੇ ਸਾਡੇ ਗਰੁਪ ਦੀ ਸਿਆਸਤ ਨੂੰ ਸਿੱਖ ਖਾੜਕੂਆਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਬੇਦਾਵਾ ਦੇਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਇਸ ਦੇ ਨਾਲ ਮੱਤ-ਭੇਦ ਸ਼ੁਰੂ ਹੋ ਗਏ।
ਗੱਲ ਸ਼ੁਰੂ ਹੋਈ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਦੇ ਕਤਲ ਤੋਂ। ਸਾਡੇ ਗਰੁਪ ਦੀ ਪੁਜ਼ੀਸ਼ਨ ਸੀ ਕਿ ਇਹ ਕਤਲ ਗਲਤ ਹੈ। ਅਸੀਂ ‘ਜਨਤਕ ਪੈਗਾਮ’ ਜਿਸ ਦਾ ਮੈਂ ਸੰਪਾਦਕ ਸੀ, ਵਿਚ ਲਿਖਿਆ, “ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ ਵਿਚ ਨਾ ਬਦਲੋ।” ਅਸੀਂ ਇਸ ਕਤਲ ਦੀ ਨਿਖੇਧੀ ਕੀਤੀ।
ਸਾਡੇ ਗਰੁਪ ਦੀ ਪੁਜ਼ੀਸ਼ਨ ਸੀ ਕਿ ਸਿੱਖ ਖਾੜਕੂਆਂ ਨੂੰ ਸਿਆਸੀ ਬਦਲ ਪੇਸ਼ ਕਰਨਾ ਚਾਹੀਦਾ ਹੈ ਤੇ ਖਾੜਕੂਆਂ ਨੂੰ ਚੋਣਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।
ਸਾਡੇ ਗਰੁਪ ਵਲੋਂ ਸਿੱਖ ਖਾੜਕੂਆਂ ਨਾਲ ਸੰਪਰਕ ਅਜਮੇਰ ਸਿੰਘ ਦਾ ਹੀ ਸੀ, ਪਰ ਭਾਣਾ ਕੀ ਵਾਪਰਿਆ?
ਅਜਮੇਰ ਸਿੰਘ ਨੇ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਸਾਡੇ ਗਰੁਪ ਦੀਆਂ ਸਫਾਂ ਵਿਚ ਜਾਇਜ਼ ਸਾਬਿਤ ਕਰਨ ਦਾ ਪ੍ਰਾਪੇਗੰਡਾ ਕਰਨਾ ਸ਼ੁਰੂ ਕਰ ਦਿੱਤਾ। ਇਹ ਤਾਂ ਅੰਡਰਗਰਾਊਂਡ (ਗੁਪਤਵਾਸ) ਸੀ ਤੇ ਜਨਤਕ ਆਗੂ ਮੈਂ ਹੀ ਸੀ। ਮੈਨੂੰ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਦੂਜਾ, ਜਦੋਂ ਸਿੱਖ ਖਾੜਕੂਆਂ ਨੇ ਦੂਜੀ ਵਾਰ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਤਾਂ ਮੈਂ ਤਲਵੰਡੀ ਸਾਬੋ ਵਿਖੇ ਵਿਸਾਖੀ ਕਾਨਫਰੰਸ ਵਿਚ ਭਾਈ ਅਤਿੰਦਰਪਾਲ ਸਿੰਘ ਨਾਲ ਗੱਲ ਕਰ ਰਿਹਾ ਸੀ ਕਿ ਕਿਸੇ ਨੇ ਖਾੜਕੂਆਂ ਦਾ ਬਿਆਨ ਲਿਆ ਕੇ ਵਿਖਾਇਆ ਕਿ ਉਨ੍ਹਾਂ ਨੇ ਤਾਂ ਚੋਣ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਹ ਹੱਥ ਲਿਖਤ ਬਿਆਨ ਅਜਮੇਰ ਸਿੰਘ ਦੀ ਲਿਖਾਈ ਵਾਲਾ ਹੀ ਸੀ।
ਜਦੋਂ ਇਸ ਤੋਂ ਬਾਅਦ ਸਾਡੇ ਗਰੁਪ ਦੀ ਮੀਟਿੰਗ ਹੋਈ ਤਾਂ ਮੈਂ ਅਜਮੇਰ ਕੋਲੋਂ ਇਹੀ ਸੁਆਲ ਪੁੱਛੇ ਕਿ ਆਹ ਕੀ ਹੈ? ਆਪਣੀ ਪੁਜ਼ੀਸ਼ਨ ਤਾਂ ਇਹ ਸੀ ਕਿ ਆਪਾਂ ਸਿੱਖ ਖਾੜਕੂਆਂ ਨੂੰ ਪ੍ਰੇਰਨਾ ਹੈ ਕਿ ਸਿਆਸੀ ਬਦਲ ਖੜਾ ਕਰੋ ਤੇ ਚੋਣ ਵਿਚ ਹਿੱਸਾ ਲਵੋ। (ਇਸ ਤੋਂ ਪਹਿਲਾਂ ਸਾਡੀ ਪੁਜ਼ੀਸ਼ਨ ਚੋਣ ਬਾਈਕਾਟ ਦੀ ਸੀ ਤੇ ਮੈਂ ਅਨੰਦਪੁਰ ਦੀ ਮੀਟਿੰਗ ਵਿਚ ਇਸ ਦੀ ਵਕਾਲਤ ਕੀਤੀ ਸੀ ਤੇ ਸਾਡੇ ਵੱਲੋਂ ਚੋਣ ਬਾਈਕਾਟ ਦੇ ਹੱਕ ਵਿਚ ਇਕ ਪੈਂਫਲਿਟ ਵੀ ਜਾਰੀ ਕੀਤਾ ਗਿਆ ਸੀ) ਤਾਂ ਅਜਮੇਰ ਦਾ ਜਵਾਬ ਸੀ ਕਿ ਯਾਰੋ ਉਨ੍ਹਾਂ ਦਾ ਐਨਾ ਖੂਨ ਡੁੱਲਿਆ ਹੈ, ਮੇਰੀ ਤਾਂ ਜੁਰਅਤ ਹੀ ਨਹੀਂ ਪਈ ਕਿ ਮੈਂ ਉਨ੍ਹਾਂ ਨੂੰ ਚੋਣ ਵਿਚ ਹਿੱਸਾ ਲੈਣ ਲਈ ਦਲੀਲ ਦੇਵਾਂ।
ਮੇਰਾ ਦੂਜਾ ਸੁਆਲ ਸੀ ਕਿ ਤੂੰ ਜਿੱਥੇ ਜਾਂਦਾ ਹੈ, ਉੱਥੇ ਹੀ ਹਰਮਿੰਦਰ ਸਿੰਘ ਦੇ ਕਤਲ ਨੂੰ ਸਹੀ ਠਹਿਰਾਉਂਦਾ ਹੈ, ਜਦੋਂ ਕਿ ਆਪਣੇ ਗਰੁਪ ਦੀ ਪੁਜ਼ੀਸ਼ਨ ਇਸ ਨੂੰ ਗਲਤ ਕਹਿੰਦੀ ਹੈ। ਤਾਂ ਇਸ ਦਾ ਜਵਾਬ ਸੀ ਕਿ ਲਹੂ ਖਾੜਕੂਆਂ ਦਾ ਡੁੱਲਿਆ ਹੈ ਤੇ ਇਹ ਲਹਿਰ ‘ਤੇ ਸਿਆਸੀ ਕਬਜ਼ਾ ਕਰਨ ਦੇ ਰਾਹ ਪੈ ਰਿਹਾ ਸੀ, ਪਿੰਡ ਪਿੰਡ ਖਾਲਸਾ ਪੰਚਾਇਤਾਂ ਬਣਾਉਣ ਦਾ ਸੱਦਾ ਦੇ ਕੇ। ਇਸ ਲਈ ਸੰਧੂ ਦਾ ਕਤਲ ਸਮਝ ਪੈਂਦਾ ਹੈ। ਮੈਂ ਨਾਲ ਹੀ ਕਿਹਾ ਕਿ ਹਰ ਗੱਲ ਹੀ ਸਮਝ ਪੈਂਦੀ ਹੈ ਪਰ ਸੁਆਲ ਇਹ ਹੈ ਕਿ ਗਲਤ ਕੀ ਹੈ ਤੇ ਠੀਕ ਕੀ ਹੈ?
ਨਾਲ ਹੀ ਮੈਂ ਕਿਹਾ ਕਿ ਸਿੱਖ ਖਾੜਕੂਆਂ ਦਾ ਭਾਈ ਗੁਰਜੀਤ ਸਿੰਘ ਹਰੀਹਰਝੋਕ ਵਾਲਾ ਧੜਾ ਤਾਂ ਮੈਨੂੰ ਵੀ ਮਾਰਨ ਨੂੰ ਫਿਰਦਾ ਹੈ ਤੇ ਜੇ ਮੈਨੂੰ ਮਾਰ ਦਿੱਤਾ ਤੂੰ ਤਾਂ ਫਿਰ ਵੀ ਇਹ ਆਖੇਂਗਾ ਕਿ ਗੱਲ ਸਮਝ ਪੈਂਦੀ ਹੈ? ਕਿਉਂਕਿ ਅਸੀਂ ਜਨਤਕ ਪੈਗ਼ਾਮ ਅੰਦਰ ਸਿੱਖ ਖਾੜਕੂਆਂ ਦੀਆਂ ਗਲਤੀਆਂ ਦੀ ਆਲੋਚਨਾ ਕਰਦੇ ਸੀ ਤੇ ਇਸ ਦਾ ਸੰਪਾਦਕ ਹੋਣ ਕਰਕੇ ਖਾੜਕੂਆਂ ਦੇ ਕੁੱਝ ਹਿੱਸੇ ਮੇਰੇ ‘ਤੇ ਖਫਾ ਰਹਿੰਦੇ ਸਨ।
ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਇਸ ਨੇ ਸਾਰਿਆਂ ਦੇ ਸਾਹਮਣੇ ਇਹ ਕਹਿ ਦਿੱਤਾ ਕਿ ਹਾਂ, ਮੈਂ ਤਾਂ ਇਹੀ ਆਖਾਂਗਾ।
ਮੈਂ ਤੁਰੰਤ ਹੀ ਪੈਗ਼ਾਮ ਗਰੁਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਤੇ ਕਿਹਾ ਕਿ ਮੈਂ ਹੁਣ ਤੁਹਾਡੇ ਨਾਲ ਨਹੀਂ, ਪਰ ਮੈਂ ਮਨੁੱਖੀ ਹੱਕਾਂ ਲਈ ਕੰਮ ਕਰਾਂਗਾ ਤੇ ਮੈਂ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਵਾਲੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵਿਚ ਪੰਜਾਬ ਦੇ ਖੋਜ ਪੜਤਾਲ ਸਕੱਤਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਮੈਨੂੰ ਬਹੁਤ ਪੰਗੇ ਪਾਏ ਤੇ ਮੇਰੇ ਖਿਲਾਫ ਲੁਕਵੇਂ ਰੂਪ ਵਿਚ ਜਨਤਕ ਪੈਗ਼ਾਮ ਵਿਚ ਟਿੱਪਣੀਆਂ ਵੀ ਕੀਤੀਆਂ, ਪਰ ਮੇਰੇ ਤੋਂ ਬਾਅਦ ਚਾਰ ਮਹੀਨੇ ਵਿਚ ਹੀ ਇਨ੍ਹਾਂ ਵਾਲਾ ਪੈਗ਼ਾਮ ਗਰੁਪ ਖਿੰਡ ਖੱਪਰ ਗਿਆ…।
ਗੱਲ ਪੋਸਟ ਬਾਰੇ ਕਰੀਏ, ਅਜਮੇਰ ਦਾ ਇਹ ਨਵਾਂ ਸ਼ਗੂਫਾ ਹੈ ਸਿਆਸੀ ਖੇਤਰ ਅੰਦਰ ਖਾਲਿਸਤਾਨ ਤੋਂ ਬਾਅਦ ਹੁਣ ਧਾਰਮਿਕ ਖੇਤਰ ਅੰਦਰਲੀ ਬ੍ਰਾਹਮਣਵਾਦੀ ਖੋਟ ਨੂੰ ਸ਼ਰਧਾ, ਰੁਹਾਨੀਅਤ, ਬਖਸ਼ਿਸ਼, ਦੈਵੀ ਸ਼ਕਤੀ ਦੇ ਹਵਾਲੇ ਰਾਹੀਂ ਤੇ ਕਰਾਮਾਤਾਂ ਤੱਕ ਨੂੰ ਵਾਜਬ ਠਹਿਰਾਉਣ ਦਾ…।
ਸਿਆਸੀ ਸੂਝ ਤੋਂ ਹੀਣਤਾ ਦਾ ਸ਼ਿਕਾਰ ਹੋਣ ਤੋਂ ਬਾਅਦ ਹੁਣ ਅਜਮੇਰ ਸਿੰਘ ਨੇ ਸਿੱਖਾਂ ਦੀ ਧਾਰਮਿਕ ਖੇਤਰ ਅੰਦਰਲੀ ਬੌਧਿਕ ਹੀਣਤਾ ਦਾ ਵਪਾਰ ਕਰਨ ਦਾ ਨਵਾਂ ਧੰਦਾ ਸ਼ੁਰੂ ਕਰ ਲਿਆ ਹੈ…। ਹਾਲੇ ਬੱਸ ਏਨਾ ਹੀ…!
________________________
ਸਿੱਖ ਚਿੰਤਕ ਦਾ ਨਵਾਂ ਤਰਕ
ਕਾਮਰੇਡ ਗੋਬਿੰਦਰ ਸਿੰਘ ਮੰਡੀਕਲਾਂ ਉਰਫ ਅਜਮੇਰ ਸਿੰਘ ਨੇ ਰੂਹਾਨੀਅਤ, ਅਗੰਮੀ ਬਖਸ਼ਿਸ਼ਾਂ, ਦੈਵੀ ਮਾਹੌਲ, ਕਰਾਮਾਤਾਂ ਦੀ ਸਮੂਹਿਕ ਹਿਤਾਂ ਲਈ ਸਾਰਥਕਤਾ ਤੇ ਸੱਚਾਈ ਸਿੱਧ ਕਰਨ ਤੋਂ ਬਾਅਦ ਹੁਣ ਇਕ ਨਵਾਂ ਤਰਕ ਸਿਰਜਿਆ ਹੈ। ਉਘੇ ਲਿਖਾਰੀ ਜਸਵੰਤ ਸਿੰਘ ਕੰਵਲ ਦੇ ਸਿੱਖ ਸੰਘਰਸ਼ ਬਾਰੇ ਆਲੋਚਨਾਤਮਕ ਵਿਚਾਰਾਂ ਨੂੰ ਨਕਾਰਨ ਲਈ ਉਹ ਕਹਿੰਦਾ ਹੈ ਕਿ ਹਰ ਬੰਦੇ ਦਾ ਆਪਣਾ ਖੇਤਰ ਹੁੰਦਾ ਹੈ, ਤੇ ਜਦੋਂ ਉਹ ਆਪਣੇ ਖੇਤਰ ਤੋਂ ਬਾਹਰ ਜਾ ਕੇ ਗੱਲ ਕਰਦਾ ਹੈ ਤਾਂ ਉਹ ਸਹੀ ਨਹੀਂ ਹੁੰਦਾ। ਕੰਵਲ ਬਾਰੇ ਉਹ ਕਹਿੰਦਾ ਹੈ ਕਿ ਉਸ ਦਾ ਖੇਤਰ ḔਸਾਹਿਤਕḔ ਹੈ; ਸੋ, ਉਸ ਦੀਆਂ ਸਿਆਸੀ ਟਿੱਪਣੀਆਂ ਅਤੇ ਸੰਤ ਭਿੰਡਰਾਵਾਲਿਆਂ ਨਾਲ ਵਾਰਤਾਲਾਪ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਗੁਰਬਚਨ ਸਿੰਘ ਜਲੰਧਰ ਨੇ ਅਜਮੇਰ ਸਿੰਘ ਦੇ ਇਸ ਤਰਕ ਦੇ ਤੂਸ ਉਡਾ ਦਿੱਤੇ ਪਰ ਮੇਰਾ ਸੁਆਲ ਹੈ ਕਿ ਅਜਮੇਰ ਸਿੰਘ ਜੀ, ਤੁਹਾਡਾ ਖੇਤਰ ਕਿਹੜਾ ਹੈ? ਇਤਿਹਾਸਕ, ਧਾਰਮਿਕ, ਸਿਆਸੀ ਜਾਂ ਕੋਈ ਹੋਰ? ਪੱਤਰਕਾਰ ਕਰਮਜੀਤ ਸਿੰਘ (ਚੰਡੀਗੜ੍ਹ) ਦਾ ਕਿਹੜਾ ਖੇਤਰ ਹੈ? ਜਸਵੰਤ ਸਿੰਘ ਕੰਵਲ ਦੇ ਖੇਤਰ ਦੀ ਨਿਸ਼ਾਨਦੇਹੀ ਕਰਨ ਤੋਂ ਪਹਿਲਾਂ ਆਪਣੇ ਖੇਤਰ ਦੀ ਨਿਸ਼ਾਨਦੇਹੀ ਕਰੋ। ਕਿਤੇ ਤੁਹਾਡੇ ਉਪਰ Ḕਅਗੰਮੀ ਬਖਸ਼ਿਸ਼ ਤਾਂ ਨਹੀਂ ਹੋ ਗਈ ਕਿ ਤੁਹਾਡੇ ਉਪਰ ਕੋਈ ḔਹੁਕਮḔ ਲਾਗੂ ਹੀ ਨਹੀਂ ਹੁੰਦਾ?
ਸੰਤ ਭਿੰਡਰਾਂਵਾਲਿਆਂ ਦਾ ਖੇਤਰ ਕਿਹੜਾ ਸੀ? ਉਨ੍ਹਾਂ ਦੀਆਂ ਕਿਹੜੇ ਖੇਤਰ ਦੀਆਂ ਗੱਲਾਂ ਨੂੰ ਸਾਨੂੰ ਉਨ੍ਹਾਂ ਦੀ ਸੀਮਤਾਈ ਸਮਝਣੀ ਚਾਹੀਦੀ ਹੈ? ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਸੀ ਕਿ ਅਸੀਂ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਹਾਂ ਪਰ ਗੁਲਾਮ ਬਣ ਕੇ ਨਹੀਂ, ਬਰਾਬਰ ਦੇ ਬਣ ਕੇ ਰਹਿਣਾ ਹੈ। ਸਿੱਖ ਖਾਲਿਸਤਾਨ ਦੀ ਮੰਗ ਨਹੀਂ ਕਰਦੇ, ਪਰ ਜੇ ਉਹ (ਕੇਂਦਰ ਸਰਕਾਰ) ਦੇਣਾ ਚਾਹੁੰਦੇ ਨੇ ਤਾਂ ਅਸੀਂ ਨਾਂਹ ਵੀ ਨਹੀਂ ਕਰਾਂਗੇ…। ਬੰਦੇ ਬਣ ਜਾਓ, ਨਹੀਂ (ਤਾਂ) ਇਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਨੇ।
-ਮਾਲਵਿੰਦਰ ਸਿੰਘ ਮਾਲੀ
(ਪਿਛਲੇ ਦਿਨੀਂ ਜਸਵੰਤ ਸਿੰਘ ਕੰਵਲ ਦੀ ਦੇਣ ਬਾਰੇ ਚੰਡੀਗੜ੍ਹ ਵਿਚ ਸਮਾਗਮ ਹੋਇਆ ਸੀ, ਜਿਸ ਵਿਚ ਅਜਮੇਰ ਸਿੰਘ ਤੋਂ ਇਲਾਵਾ ਕਰਮਜੀਤ ਸਿੰਘ, ਗੁਰਬਚਨ ਸਿੰਘ ਜਲੰਧਰ, ਡਾ. ਸਵਰਾਜ ਸਿੰਘ, ਮਾਲਵਿੰਦਰ ਸਿੰਘ ਮਾਲੀ, ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ ਅਤੇ ਹੋਰਾਂ ਨੇ ਵਿਚਾਰ ਰੱਖੇ ਸਨ)।