ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਖਾਤੇ ਵਿਚ 62, ਭਾਜਪਾ ਦੀ ਝੋਲੀ ਵਿਚ 8 ਸੀਟਾਂ ਆਈਆਂ ਜਦੋਂ ਕਿ ਕਾਂਗਰਸ ਦੇ ਹੱਥ ਪਹਿਲਾਂ ਵਾਂਗ ਇਸ ਵਾਰ ਵੀ ਖਾਲੀ ਹਨ। 2015 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 67 ਅਤੇ ਭਾਜਪਾ ਨੂੰ 3 ਅਤੇ ਕਾਂਗਰਸ ਆਪਣਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੀ ਸੀ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਵੋਟਰਾਂ ਨੇ ਇਕ ਵਾਰ ਫਿਰ ਸਿਆਣਪ ਦਾ ਸਬੂਤ ਦਿੱਤਾ ਹੈ। ਭਾਵੇਂ ਚੋਣ ਮੁਹਿੰਮ ਦੌਰਾਨ ਕੇਂਦਰੀ ਸੱਤਾ ‘ਤੇ ਬਿਰਾਜਮਾਨ ਭਾਜਪਾ ਨੇ ਵੋਟਰਾਂ ਦਾ ਧਰੁਵੀਕਰਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਲਾਮ ਹੈ, ਦਿੱਲੀ ਦੇ ਵੋਟਰਾਂ ਨੂੰ, ਜਿਨ੍ਹਾਂ ਧਾਰਮਿਕ ਕੱਟੜਵਾਦ, ਨਫਰਤ ਅਤੇ ਲੋਕਾਂ ਵਿਚ ਧਰਮ ਦੇ ਆਧਾਰ ‘ਤੇ ਵੰਡ ਪਾਊ ਸ਼ਕਤੀਆਂ ਨੂੰ ਮਾਤ ਦੇ ਕੇ ਸਿਰਫ ਤੇ ਸਿਰਫ ਵਿਕਾਸ ਦੇ ਨਾਂ ‘ਤੇ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਲੋਕਾਂ ਨੂੰ ਸਿੱਧੇ ਤੌਰ ‘ਤੇ ਨਕਾਰਿਆ ਹੈ, ਜਿਨ੍ਹਾਂ ਪਾਰਟੀਆਂ ਦੀ ਬੁਨਿਆਦ ਵਿਕਾਸ ਦੀ ਥਾਂ ਧਰਮ ਦੇ ਨਾਂ ‘ਤੇ ਫੁੱਟ ਪਾਊ ਰਾਜਨੀਤੀ ‘ਤੇ ਖੜੀ ਹੈ।
ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਤੋਂ ਭਲੀਭਾਂਤ ਅਨੁਭਵ ਹੁੰਦਾ ਹੈ ਕਿ ਅੱਜ ਇਕ ਸੱਚਾ ਹਿੰਦੂ ਹੋਵੇ ਜਾਂ ਮੁਸਲਮਾਨ, ਜਾਂ ਕੋਈ ਸਿੱਖ ਜਾਂ ਈਸਾਈ ਹੋਏ-ਸਭ ਦੇ ਸਭ ਸੰਕੀਰਣ ਤੇ ਦੇਸ਼ ਦੇ ਲੋਕਾਂ ਵਿਚ ਧਰਮ ਦੇ ਨਾਂ ‘ਤੇ ਫੁੱਟ ਪਾਊ ਰਾਜਨੀਤੀ ਕਰਨ ਵਾਲਿਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਧਾਰਮਿਕ ਨਫਰਤ ਫੈਲਾਉਣ ਵਾਲਿਆਂ ਦੇ ਸੰਦਰਭ ਵਿਚ ਸੱਚੇ ਹਿੰਦੂ ਅਤੇ ਮੁਸਲਮਾਨ ਕੀ ਸੋਚਦੇ ਹਨ, ਇਸ ਸਬੰਧੀ ਇਕ ਕਵੀ ਨੇ ਕਿਹਾ ਹੈ,
ਮਜ਼ਹਬ ਕੇ ਨਾਮ ਪਰ ਯੇਹ ਫੱਸਾਦਾਤ ਦੇਖ ਕਰ,
ਹਿੰਦੂ ਹੈ ਗਮਜ਼ੁਦਾ ਤੋ ਮੁਸਲਮਾਂ ਉਦਾਸ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਨੇ ਅੱਡੀ ਚੋਟੀ ਦਾ ਪੂਰਾ ਜ਼ੋਰ ਲਾਇਆ ਤੇ ਜਿੱਤਣ ਲਈ ਹਰ ਹਰਬਾ ਅਪਨਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਕਿ ਪਾਰਟੀ ਦੇ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਲੀਡਰਾਂ ਨੇ ਚੋਣ ਮੁਹਿੰਮ ਦੌਰਾਨ ਖੂਬ ਵਧ ਚੜ੍ਹ ਕੇ ਅਸੱਭਿਅਕ ਭਾਸ਼ਾ ਵਰਤੀ। ਭਾਸ਼ਾ ਵੀ ਅਜਿਹੀ ਕਿ ਜਿਸ ਦੀ ਕੋਈ ਸੱਭਿਅਕ ਸਮਾਜ ਕਦਾਚਿਤ ਇਜਾਜ਼ਤ ਨਹੀਂ ਦਿੰਦਾ। ਇਸ ਪਾਰਟੀ ਦੇ ਜਿੰਮੇਵਾਰ ਅਹੁਦਿਆਂ ‘ਤੇ ਬੈਠੇ ਆਗੂਆਂ ਨੇ ਅਭੱਦਰ ਸਲੋਗਨ ਵਰਤੇ, ‘ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ’ ਜਾਂ ‘ਆਠ ਫਰਵਰੀ ਕੋ ਈ. ਵੀ. ਐਮ. ਦਾ ਬਟਨ ਇਸ ਕਦਰ ਦਬਾਓ ਕਿ ਉਸ ਕਾ ਕਰੰਟ ਸ਼ਾਹੀਨ ਬਾਗ ਤਕ ਪਹੁੰਚੇ।’ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਤੱਕ ਕਿਹਾ ਗਿਆ। ਇਕ ਹੋਰ ਭਾਜਪਾ ਉਮੀਦਵਾਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ ਕਿ 8 ਫਰਵਰੀ ਨੂੰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਭਾਰਤ ਬਨਾਮ ਪਾਕਿਸਤਾਨ’ ਮੈਚ ਹੋਵੇਗਾ।
ਦੂਜੇ ਪਾਸੇ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਪਾਰਟੀ ਦੇ ਦੂਜੇ ਆਗੂਆਂ ਨੇ ਦਿੱਲੀ ਵਿਚ ਆਪਣੀ ਸਰਕਾਰ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਮੁਫਤ ਪਾਣੀ, ਬਿਜਲੀ ਅਤੇ ਔਰਤਾਂ ਨੂੰ ਦਿੱਤੀ ਗਈ ਮੁਫਤ ਬਸ ਸਫਰ ਜਿਹੀਆਂ ਸਹੂਲਤਾਂ ਦੀ ਬਿਨਾ ‘ਤੇ ਵੋਟਾਂ ਮੰਗੀਆਂ ਤੇ ਵੋਟਰਾਂ ਨੂੰ ਸਪੱਸ਼ਟ ਕਿਹਾ ਕਿ ਜੇ ਉਨ੍ਹਾਂ ਦਾ ਕੰਮ ਪਸੰਦ ਆਇਆ ਹੈ ਤਾਂ ਉਨ੍ਹਾਂ ਨੂੰ ਵੋਟ ਦਿਓ, ਨਹੀਂ ਤਾਂ ਨਾ ਦਿਓ।
ਹਾਂ-ਪੱਖੀ ਪ੍ਰਚਾਰ ਦਾ ਪ੍ਰਭਾਵ ਵੀ ਹਾਂ-ਪੱਖੀ ਪੈਂਦਾ ਹੈ ਅਤੇ ਨਾਂਹ-ਪੱਖੀ ਪ੍ਰਚਾਰ ਦੇ ਨਤੀਜੇ ਨਾਂਹ-ਪੱਖੀ ਹੀ ਆਉਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਵੀ ਪ੍ਰਚਾਰ ਦੋ ਧਾਰੀ ਤਲਵਾਰ ਹੋਇਆ ਕਰਦੀ ਹੈ, ਕਈ ਵਾਰ ਅਸੀਂ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਖੁਦ ਜਰਬ ਖਾ ਬੈਠਦੇ ਹਾਂ। ਇਹੋ ਕੁਝ ਭਾਜਪਾ ਨਾਲ ਹੋਇਆ ਜਾਪਦਾ ਹੈ। ਪਾਰਟੀ ਨੇ ਆਪਣਾ ਸਾਰਾ ਜੋਰ ਨਾਂਹ-ਪੱਖੀ ਪ੍ਰਚਾਰ ‘ਤੇ ਲਾਇਆ, ਨਤੀਜੇ ਵਜੋਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਵਾਲੇ ਏਜੰਡੇ ਨੂੰ ਮਾਨਤਾ ਦਿੰਦਿਆਂ ਪੰਜ ਸਾਲ ਲਈ ਫਿਰ ਤੋਂ ਸੱਤਾ ਦੀ ਵਾਗਡੋਰ ਸੰਭਾਲ ਦਿੱਤੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਝਾਰਖੰਡ ਚੋਣਾਂ ਦੌਰਾਨ ਵੀ ਭਾਜਪਾ ਨੇ ਨਾਗਰਿਕਤਾ ਸੋਧ ਬਿਲ (ਸੀ. ਏ. ਏ.) ਦੇ ਨਾਂ ‘ਤੇ ਬੜੇ ਜੋਰ ਸ਼ੋਰ ਨਾਲ ਵੋਟਾਂ ਮੰਗੀਆਂ ਸਨ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਝਾਰਖੰਡ ਵਿਚ ਵੀ ਭਾਜਪਾ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦਿੱਲੀ ਦੇ ਨਤੀਜਿਆਂ ਨੇ ਇਕ ਵਾਰ ਫਿਰ ਤੋਂ ਪਾਰਟੀ ਨੂੰ ਇਹ ਸਪੱਸ਼ਟ ਫਤਵਾ ਸੁਣਾ ਦਿੱਤਾ ਹੈ।
ਅਫਸੋਸ! ਭਾਜਪਾ ਨੇ ਝਾਰਖੰਡ ਵਾਲੀ ਕਰਾਰੀ ਹਾਰ ਤੋਂ ਕੋਈ ਵੀ ਸਬਕ ਨਾ ਲਿਆ ਤੇ ਲਗਾਤਾਰ ਆਪਣੇ ਫਿਰਕਾਪ੍ਰਸਤੀ ਵਾਲੇ ਏਜੰਡੇ ਅਤੇ ਫੁੱਟ ਪਾਊ ਨੀਤੀ ‘ਤੇ ਕੰਮ ਕਰਦੀ ਰਹੀ। ਭਾਜਪਾ ਵਾਲੇ ਇਹ ਗੱਲ ਭੁੱਲ ਗਏ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਿਆ ਕਰਦੀ।
ਦਿੱਲੀ ਵਿਚ ਕੇਜਰੀਵਾਲ ਦੀ ਬੰਪਰ ਜਿੱਤ ਦੇ ਸੰਦਰਭ ਵਿਚ ਦੇਸ਼ ਦੀਆਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਜੋ ਪ੍ਰਤੀਕਰਮ ਸਾਹਮਣੇ ਆਏ ਹਨ, ਉਹ ਵੀ ਧਿਆਨ ਮੰਗਦੇ ਹਨ। ਸ਼ਿਵ ਸੈਨਾ ਦੇ ਪ੍ਰਧਾਨ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ, “ਅਖੌਤੀ ਕੌਮੀ ਪਾਰਟੀ ਕੇਜਰੀਵਾਲ ਦੇ ਝਾੜੂ ਅੱਗੇ ਨਹੀਂ ਟਿਕ ਸਕੀ। ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਦੇਸ਼ ਵਿਚ ‘ਜਨ ਕੀ ਬਾਤ’ ਚੱਲੇਗੀ, ‘ਮਨ ਕੀ ਬਾਤ’ ਨਹੀਂ। ਦਿੱਲੀ ਵਾਲਿਆਂ ਨੇ ਕੁਝ ਲੋਕਾਂ ਦਾ ਇਹ ਭਰਮ ਵੀ ਦੂਰ ਕਰ ਦਿੱਤਾ ਹੈ ਕਿ ਉਹ ਹੀ ਕੌਮਪ੍ਰਸਤ ਹਨ ਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਗੱਦਾਰ ਹਨ।”
ਦੂਜੇ ਪਾਸੇ ਐਨ. ਸੀ. ਪੀ. ਦੇ ਪ੍ਰਧਾਨ ਸ਼ਰਦ ਪਵਾਰ ਨੇ ਆਖਿਆ, “ਮੋਦੀ-ਸ਼ਾਹ ਦਾ ਜਾਦੂ ਦਿੱਲੀ ਵਿਚ ਫੇਲ੍ਹ ਹੋ ਗਿਆ। ਕੌਮੀ ਰਾਜਧਾਨੀ ਵਿਚ ਭਾਜਪਾ ਦੀ ਇਹ ਆਖਰੀ ਹਾਰ ਨਹੀਂ, ਹੋਰ ਹਾਰਾਂ ਵੀ ਹੋਣਗੀਆਂ। ਬਿਹਾਰ ਤੇ ਪੁੱਡੂਚੇਰੀ ਵਿਚ ਇਸੇ ਸਾਲ ਚੋਣਾਂ ਹਨ। ਜੇ ਖੇਤਰੀ ਪਾਰਟੀਆਂ ਇਕੱਠੀਆਂ ਹੋ ਜਾਣ ਤਾਂ ਦੇਸ਼ ਵਿਚ ਤਬਦੀਲੀ ਦੀ ਹਵਾ ਚੱਲ ਸਕਦੀ ਹੈ।”
ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦਾ ਕਹਿਣਾ ਹੈ ਕਿ ਭਾਜਪਾ ਦੀ ਨਫਰਤ ਤੇ ਹਿੰਸਾ ਦੀ ਸਿਆਸਤ ਨੂੰ ਦਿੱਲੀ ਦੇ ਲੋਕਾਂ ਨੇ ਠੋਕਵਾਂ ਜਵਾਬ ਦਿੱਤਾ ਹੈ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਗਵਾਂ ਪਾਰਟੀ ਨੂੰ ਕੌਮੀ ਰਾਜਧਾਨੀ ਵਿਚ ਵਿਦਿਆਰਥੀਆਂ ਤੇ ਔਰਤਾਂ ‘ਤੇ ਅੱਤਿਆਚਾਰ ਦਾ ਕਰਾਰਾ ਜਵਾਬ ਮਿਲਿਆ ਹੈ।
ਇਸ ਦੇ ਨਾਲ ਹੀ ‘ਆਪ’ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ ਹੈ, “ਦਿੱਲੀ ਦੇ ਲੋਕਾਂ ਨੇ ਭਾਰਤ ਦੀ ਆਤਮਾ ਦੀ ਰਾਖੀ ਕੀਤੀ ਹੈ ਅਤੇ ਭਾਰਤ ਦੀ ਆਤਮਾ ਬਚਾਉਣ ਦੀ ਲੜਾਈ ਵਿਚ ਸਾਡਾ ਸਾਥ ਦੇਣ ਲਈ ਦਿੱਲੀ ਵਾਲਿਆਂ ਦਾ ਧੰਨਵਾਦ।”
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਕੁਮਾਰਾਸਵਾਮੀ ਨੇ ਕਿਹਾ ਕਿ ਕੇਜਰੀਵਾਲ ਨੂੰ ਅਤਿਵਾਦੀ ਦੱਸਣ ਵਾਲਿਆਂ ਨੂੰ ਲੋਕਾਂ ਨੇ ਸਬਕ ਸਿਖਾਇਆ ਹੈ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਦਿੱਲੀ ਦੇ ਲੋਕਾਂ, ਜੋ ਮੁਲਕ ਦੇ ਸਾਰੇ ਕੋਨਿਆਂ ਤੋਂ ਹਨ, ਨੇ ਫਿਰਕੂ ਫੁੱਟ ਪਾਊ ਏਜੰਡੇ ਨੂੰ ਨਕਾਰਿਆ ਹੈ।
ਆਉਣ ਵਾਲੇ ਸਮੇਂ ਵਿਚ ਬਿਹਾਰ, ਪੁੱਡੂਚੇਰੀ ਅਤੇ ਬੰਗਾਲ ਆਦਿ ਸੂਬਿਆਂ ਵਿਚ ਵੀ ਚੋਣਾਂ ਹੋਣੀਆਂ ਹਨ। ਸੋ ਭਾਜਪਾ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਜੇ ਅੱਜ ਲੋਕਾਂ ਨੇ ਉਨ੍ਹਾਂ ਦੇ ਹੱਥ ‘ਚ ਦੇਸ਼ ਦੀ ਸੱਤਾ ਦਿੱਤੀ ਹੈ ਤਾਂ ਉਹ ਦੇਸ਼ ਦੇ ਲੋਕਾਂ ਨੂੰ ਫਜੂਲ ਕਿਸਮ ਦੇ ਮਸਲਿਆਂ ਵਿਚ ਉਲਝਾਉਣ ਦੀ ਥਾਂ ਆਵਾਮ ਲਈ ਆਸਾਨੀਆਂ ਪੈਦਾ ਕਰੇ ਅਤੇ ਬਿਨਾ ਕਿਸੇ ਧਾਰਮਿਕ ਭੇਦਭਾਵ ਦੇ ਸਭਨਾਂ ਲਈ ਭਲਾਈ ਦੇ ਕੰਮ ਕਰੇ।