ਗੁਲਜ਼ਾਰ ਸਿੰਘ ਸੰਧੂ
ਮੇਰੀ ਇਸ ਵਾਰ ਦੀ ਦਿੱਲੀ ਫੇਰੀ ਸਮੇਂ ਇੱਕ ਬੜੀ ਹੀ ਦਿਲਚਸਪ ਜਾਣਕਾਰੀ ਮਿਲੀ। ਉਹ ਇਹ ਕਿ ਮੋਦੀ ਸਰਕਾਰ ਨੇ 2019 ਦੇ ਅੰਤ ਤੋਂ ਪਹਿਲਾਂ ਗੁਜਰਾਤ ਵਾਸੀ ਡਾ. ਬਿਮਲ ਪਟੇਲ ਦੀ ਡਿਜ਼ਾਈਨ ਪਲੈਨਿੰਗ ਐਂਡ ਮੈਨੇਜਮੈਂਟ ਨਾਂ ਦੀ ਫਰਮ ਨੂੰ ਨਵੀਂ ਦਿੱਲੀ ਦੀ ਨਵੀਂ ਰੂਪ ਰੇਖਾ ਬਣਾਉਣ ਦਾ ਠੇਕਾ ਦਿੱਤਾ ਹੈ। 2024 ਤੋਂ ਪਿੱਛੋਂ ਰਾਸ਼ਟਰਪਤੀ ਭਵਨ, ਪਾਰਲੀਮੈਂਟ ਹਾਊਸ, ਇੰਡੀਆ ਗੇਟ, ਨਾਰਥ ਬਲਾਕ, ਸਾਊਥ ਬਲਾਕ ਤੇ ਨੈਸ਼ਨਲ ਆਰਕਾਈਵਜ਼ ਆਫ ਇੰਡੀਆ ਦਾ ਚਿਹਰਾ ਮੋਹਰਾ ਐਡਵਿਨ ਲੁਟੀਅਨ ਵਾਲਾ ਨਹੀਂ ਰਹੇਗਾ। ਸਭ ਕੁਝ ਮੌਜੂਦਾ ਲੋੜਾਂ ਅਨੁਸਾਰ ਨਵਾਂ ਉਸਾਰਿਆ ਜਾਵੇਗਾ।
ਨਕਸ਼ੇ ਅਨੁਸਾਰ ਨਵੀਂ ਉਸਾਰੀ ਸੈਕਟਰੀਏਟ ਤੇ ਇੰਡੀਆ ਗੇਟ ਵਿਚਾਲੇ ਪੈਂਦੇ ਸੈਂਟਰਲ ਵਿਸਟਾ ਭਾਵ ਪਾਣੀ ਵਾਲੀਆਂ ਨਹਿਰਾਂ ਦੇ ਬਾਹਰਵਾਰ ਪੈਂਦੇ ਭੋ ਦ੍ਰਿਸ਼ ਵਿਚ ਹੀ ਨਹੀਂ, ਰਾਸ਼ਟਰਪਤੀ ਭਵਨ ਦੇ ਇੱਕ ਪਾਸੇ ਪੈਂਦੇ ਜੰਗਲ ਵਿਚ ਵੀ ਕੀਤੀ ਜਾਵੇਗੀ। ਸਾਰੇ ਦੇ ਸਾਰੇ ਮੰਤਰਾਲੇ ਨਵੀਆਂ ਇਮਾਰਤਾਂ ਵਿਚ ਚਲੇ ਜਾਣਗੇ ਤੇ ਐਡਵਿਨ ਲੁਟੀਅਨ ਦੀਆਂ ਇਮਾਰਤਾਂ ਪੁਰਾਣੀਆਂ ਅਤੇ ਇਤਿਹਾਸਕ ਲਿਖਤਾਂ, ਵਸਤਾਂ ਤੇ ਦਸਤਾਵੇਜ਼ ਸੰਭਾਲਣ ਲਈ ਵਰਤੀਆਂ ਜਾਣਗੀਆਂ, ਜਿਨ੍ਹਾਂ ਵਿਚ ਭਾਰਤ ਦੀ ਸਭਿਅਤਾ ਅਤੇ ਰਹਿਣੀ ਬਹਿਣੀ ਦੀਆਂ ਅਦੁੱਤੀ ਕਲਾ ਕ੍ਰਿਤਾਂ ਰੱਖੀਆਂ ਜਾਣਗੀਆਂ। ਭਾਰਤ ਸਰਕਾਰ ਦੇ ਉਹ ਦਫਤਰ ਵੀ ਲਿਆਂਦੇ ਜਾ ਸਕਦੇ ਹਨ, ਜੋ ਇਸ ਵੇਲੇ ਸਕੱਤਰੇਤ ਤੋਂ ਦੂਰ ਦੀਆਂ ਬਸਤੀਆਂ ਵਿਚ ਕੰਮ ਕਰ ਰਹੇ ਹਨ।
ਨਵੀਂ ਵਿਉਂਤਬੰਦੀ ਅਨੁਸਾਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੀ 7 ਤੀਨ ਮੂਰਤੀ ਲੇਨ (ਹੁਣ ਲੋਕ ਕਲਿਆਣ ਮਾਰਗ) ਦੀ ਥਾਂ ਰਾਸ਼ਟਰਪਤੀ ਭਵਨ ਦੇ ਨੇੜੇ ਲਿਆਂਦੀ ਜਾਵੇਗੀ। ਉਪ ਰਾਸ਼ਟਰਪਤੀ ਦੀ ਰਿਹਾਇਸ਼ ਵੀ, ਜੋ ਇਸ ਵੇਲੇ ਰਾਸ਼ਟਰਪਤੀ ਭਵਨ ਤੋਂ ਪੌਣੇ ਦੋ ਕਿਲੋਮੀਟਰ ਦੂਰ ਹੈ। ਮੇਰੇ ਜਿਹੇ ਉਹ ਲੋਕ, ਜੋ ਤਿੰਨ ਦਹਾਕੇ ਤੋਂ ਵੱਧ ਸਮਾਂ ਨਵੀਂ ਦਿੱਲੀ ਵਿਚ ਰਹੇ ਹਨ, ਖਾਸ ਕਰਕੇ ਉਹ, ਜੋ ਪੁਰਾਣੀਆਂ ਇਮਾਰਤਾਂ ਦੀ ਘਿਚੜ ਮਿਚੜ ਤੋਂ ਜਾਣੂ ਹਨ, ਨਵੇਂ ਚਿਹਰੇ ਮੋਹਰੇ ਨੂੰ ਪਸੰਦ ਕਰਨਗੇ। ਪੁਰਾਣਾ ਚਿਹਰਾ ਮੋਹਰਾ, ਪਿਛਲੀ ਸਦੀ ਦੇ ਵੀਹਵਿਆਂ ਦੀ ਦੇਣ ਹੋਣ ਕਾਰਨ, ਸੌ ਸਾਲ ਪੁਰਾਣਾ ਹੋ ਚੁਕਾ ਹੈ। ਨਵੀਂ ਦਿੱਖ ਸਿਰਫ ਪ੍ਰਭਾਵੀ ਹੀ ਨਹੀਂ, ਵਰਤਣਯੋਗ ਤੇ ਵਿਹਾਰਕ ਵੀ ਹੈ।
ਕਿੰਤੂ ਪ੍ਰੰਤੂ ਕਰਨ ਵਾਲੇ ਕਹਿ ਸਕਦੇ ਹਨ ਕਿ ਇਹ ਠੇਕਾ ਗੁਜਰਾਤੀ ਨਿਰਮਾਤਾ ਨੂੰ ਕਿਉਂ ਦਿੱਤਾ ਜਾ ਰਿਹਾ ਹੈ? ਜਾਣਕਾਰੀ ਅਨੁਸਾਰ ਬਿਮਲ ਪਟੇਲ ਪਹਿਲਾਂ ਵੀ ਉਚੀ ਪੱਧਰ ਦੀ ਉਸਾਰੀ ਵਾਲੇ ਕੰਮ ਕਰ ਚੁਕਾ ਹੈ, ਜਿਸ ਦਾ ਸਬੂਤ ਉਹਦੇ ਵਲੋਂ ਤਿਆਰ ਕੀਤੇ ਨਕਸ਼ੇ ਤੋਂ ਮਿਲਦਾ ਹੈ। ਮੇਰੇ ਹਮਉਮਰ ਸੰਨ ਸੰਤਾਲੀ ਅਤੇ ਸੰਨ ਚੁਰਾਸੀ ਦੀ ਵਹਿਸ਼ਤ ਤੋਂ ਵੀ ਜਾਣੂ ਹਨ ਤੇ ਵਿਗਿਆਨਕ ਕਾਢਾਂ ਦੀ ਬੇਹਿਸਾਬੀ ਉਨਤੀ ਤੋਂ ਵੀ ਸਾਡਾ ਮੱਤ ਹੈ ਕਿ ਜੇ ਮੋਦੀ ਸਰਕਾਰ ਦੇਸ਼ ਦੀ ਸੈਕੂਲਰ ਬਣਤਰ ਨਾਲ ਛੇੜ ਛਾੜ ਕਰਨ ਦੀ ਥਾਂ ਨਵੀਂ ਉਸਾਰੀ ਦੇ ਕੰਮਾਂ ਵਲ ਧਿਆਨ ਦੇਵੇ ਤਾਂ ਇਸ ਦਾ ਨਾਂ ਸਦਾ ਰੌਸ਼ਨ ਰਹਿ ਸਕਦਾ ਹੈ। ਚੰਗੇ ਨਤੀਜੇ ਵੇਖ ਕੇ ਜਨਤਾ ਬੜੀ ਛੇਤੀ ਭੁੱਲ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਨੇ ਏਨੇ ਪੈਸਿਆਂ ਵਾਲੇ ਕੰਮ ਦਾ ਏਨਾ ਵੱਡਾ ਠੇਕਾ ਆਪਣੇ ਜੱਦੀ ਰਾਜ ਦੇ ਰਹਿਣ ਵਾਲੇ ਨਿਰਮਾਤਾ ਨੂੰ ਕਿਉਂ ਦਿੱਤਾ? ਵੇਖਣਾ ਤਾਂ ਇਹ ਹੈ ਕਿ ‘ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ, ਇੰਜ ਕਰ’ ਦੀ ਮਿਸਾਲ ਲੈ ਕੇ ਕੌਣ ਅੱਗੇ ਵਧਦਾ ਹੈ, ਤੇ ਮੋਦੀ ਸਰਕਾਰ ਏਸ ਪਾਸੇ ਕੰਨ ਕਰਦੀ ਹੈ ਜਾਂ ਨਹੀਂ? ਨਹੀਂ ਤਾਂ, ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ॥
ਦਿੱਲੀ ਵਿਚ ਕੇਜਰੀ ਸਰਕਾਰ ਤੀਜੀ ਵਾਰ: ਪਿਛਲੇ ਦਿਨਾਂ ਦੀ ਸਭ ਤੋਂ ਵੱਡੀ ਖਬਰ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦਾ ਤੀਜੀ ਵਾਰ 70 ਵਿਚੋਂ 63 ਸੀਟਾਂ ਲੈ ਕੇ ਜਿੱਤਣਾ ਹੈ। ਮੁੜ ਬਿਜਲੀ, ਪਾਣੀ ਤੇ ਸਿਹਤ ਸਹੂਲਤਾਂ ਦਿੱਤੇ ਜਾਣ ਸਦਕਾ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਹਿੰਦੂਵਾਦੀ ਏਜੰਡੇ ਉਤੇ ਮੋਟੀ ਲੀਕ ਫੇਰ ਦਿੱਤੀ ਹੈ। ਇਥੋਂ ਤੱਕ ਕਿ ਹੁਣ ਦਿੱਲੀ ਵਾਸੀ ਕਾਂਗਰਸ ਦੀ ਸਿਰ ਕੱਢ ਨੇਤਾ ਸ਼ੀਲਾ ਦੀਕਸ਼ਿਤ ਦੀ ਦੇਣ ਵੀ ਭੁੱਲ ਗਏ ਹਨ। ਭਾਰਤ ਵਾਸੀ ਦਿੱਲੀ ਚੋਣਾਂ ਨੂੰ ਮੋਦੀ-ਕੇਜਰੀਵਾਲ ਦੰਗਲ ਵਜੋਂ ਦੇਖ ਰਹੇ ਸਨ। ਇਸ ਲਈ ਵੀ ਕਿ ਉਥੇ ਭਾਜਪਾ ਪ੍ਰਧਾਨ ਤੇ ਕੇਂਦਰੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਨੇਕਾਂ ਰੈਲੀਆਂ ਕਰਕੇ ਅੱਡੀ ਚੋਟੀ ਦਾ ਜ਼ੋਰ ਲਾ ਰਖਿਆ ਸੀ। ਸਪਸ਼ਟ ਹੈ ਕਿ ਨਰੇਂਦਰ ਮੋਦੀ ਦੀ ਦੂਜੀ ਪਾਰੀ ਸਮੇਂ ਜੰਮੂ-ਕਸ਼ਮੀਰ ਤੋਂ ਧਾਰਾ 370 ਦਾ ਹਟਾਉਣਾ ਤੇ ਨਾਗਰਿਕਤਾ ਸੋਧ ਬਿੱਲ ਨੂੰ ਧੱਕੇ ਨਾਲ ਪਾਸ ਕਰਵਾਉਣਾ ਪੁੱਠਾ ਪੈ ਰਿਹਾ ਹੈ। ਖਾਸ ਕਰ ਇਸ ਲਈ ਕਿ ਧਾਰਾ 370 ਦਾ ਫੈਸਲਾ ਜੰਮੂ-ਕਸ਼ਮੀਰ ਵਿਚ ਚੁਣੀ ਹੋਣੀ ਸਰਕਾਰ ਦੀ ਅਣਹੋਂਦ ਵਿਚ ਲਿਆ ਗਿਆ ਸੀ ਤੇ ਨਾਗਰਿਕਤਾ ਬਿੱਲ ਵਿਚ ਮੁਸਲਿਮ ਘਟ ਗਿਣਤੀ ਨੂੰ ਖੁੱਡੇ ਲਾਇਆ ਗਿਆ ਹੈ। ਆਗੇ ਆਗੇ ਦੇਖੀਏ ਹੋਤਾ ਹੈ ਕਿਆ!
ਕੁਲਵੰਤ ਸਿੰਘ ਵਿਰਕ ਦਾ ਚੂਹੜਕਾਣਾ: ਚੂਹੜਕਾਣਾ ਸ਼ੇਖੂਪੁਰਾ (ਪਾਕਿਸਤਾਨ) ਜਿਲੇ ਦਾ ਇੱਕ ਕਸਬਾ ਹੈ। ਕੁਲਵੰਤ ਸਿੰਘ ਵਿਰਕ ਦਾ ਜਨਮ ਇਸ ਕਸਬੇ ਦੇ ਨੇੜਲੇ ਪਿੰਡ ਫੁਲਰਵਾਨ ਵਿਚ ਹੋਇਆ। ਨੇੜੇ ਹੀ ਇਕ ਛੋਟੀ ਜਿਹੀ ਨਹਿਰ ਵਗਦੀ ਸੀ, ਜਿਸ ਵਿਚ ਬਚਪਨ ਵੇਲੇ ਡੰਗਰ ਚਾਰਦੇ ਸਮੇਂ ਕੁਲਵੰਤ ਸਿੰਘ ਨਹਾਇਆ ਕਰਦਾ ਸੀ। ਉਸ ਦੀ ਅਮਰੀਕਾ ਨਿਵਾਸੀ ਬੇਟੀ ਸਵੀਰ ਸਿੱਧੂ ਥੋੜ੍ਹੇ ਦਿਨ ਪਹਿਲਾ ਫੁਲਰਵਾਨ ਹੋ ਕੇ ਆਈ ਹੈ। ਉਹ ਬੜੀ ਉਦਾਸ ਹੋ ਕੇ ਪਰਤੀ, ਕਿਉਂਕਿ ਉਸ ਪਿੰਡ ਵਿਚ ਕੁਲਵੰਤ ਸਿੰਘ ਵਿਰਕ ਦਾ ਕਿਸੇ ਨੇ ਨਾਂ ਨਹੀਂ ਸੀ ਸੁਣਿਆ। ਉਸ ਦੇ ਵੱਡੇ ਭਰਾ ਦਰਬਾਰਾ ਸਿੰਘ ਦਾ ਵੀ ਨਹੀਂ, ਜਿਸ ਨੂੰ ਫੁਲਰਵਾਨ ਦੇ ਰਹਿਣ ਵਾਲਾ ਇਸ਼ਨਾਨ ਅਹਿਮਦ ਨਾਮੀ ਬਜੁਰਗ ਦਸ ਕੁ ਸਾਲ ਪਹਿਲਾਂ ਜਾਣਦਾ ਸੀ। ਉਦੋਂ ਵਿਰਕ ਦਾ ਵੱਡਾ ਪੁੱਤਰ ਸਰਬਜੀਤ ਸਿੰਘ ਉਸ ਪਿੰਡ ਹੋ ਕੇ ਆਇਆ ਸੀ। ਸਵੀਰ ਤੋਂ ਪਤਾ ਲੱਗਾ ਕਿ ਹੁਣ ਤਾਂ ਇਰਸ਼ਾਦ ਦਾ ਪਰਿਵਾਰ ਵੀ ਸ਼ੇਖੂਪੁਰੇ ਜਾ ਵੱਸਿਆ ਹੈ। ਇਥੋਂ ਹੀ ਬਸ ਨਹੀਂ, ਹੁਣ ਤਾਂ ਉਸ ਪਿੰਡ ਵਿਚ ਵਿਰਕ ਦੇ ਸਮਿਆਂ ਦਾ ਇੱਕ ਵੀ ਬੰਦਾ ਨਹੀਂ। ਮੁਸਲਮਾਨ ਵਿਰਕ ਵੀ ਨਹੀਂ।
ਇਹ ਸਬੱਬ ਦੀ ਗੱਲ ਹੈ ਕਿ ਪਿਛਲੇ ਦਿਨੀਂ ਇਸ ਵਾਰੀ ਦੇ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਿਰਪਾਲ ਕਜ਼ਾਕ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਜਨਮ ਵੀ ਚੂਹੜਕਾਣਾ ਨੇੜੇ ਦੇ ਪਿੰਡ ਬੰਧੋਕੇ ਦਾ ਹੈ, 1947 ਦੀ ਵੰਡ ਤੋਂ ਸਾਢੇ ਚਾਰ ਸਾਲ ਪਹਿਲਾਂ ਦਾ। ਉਹ ਵੀ ਦੋ ਤਿੰਨ ਵਾਰ ਆਪਣਾ ਜਨਮ ਸਥਾਨ ਵੇਖ ਚੁਕਾ ਹੈ। ਉਸ ਨੇ ਉਹ ਨਹਿਰ ਵੀ ਤੱਕੀ ਹੈ, ਜਿਸ ਦਾ ਜ਼ਿਕਰ ਵਿਰਕ ਕਰਦਾ ਹੁੰਦਾ ਸੀ।
ਹੁਣ ਉਹ ਨਹਿਰ ਵੀ ਸੁੱਕ ਕੇ ਸੇਮ ਹੋ ਚੁਕੀ ਹੈ। ਇਹ ਗੱਲ ਵੀ ਦੱਸਣ ਵਾਲੀ ਹੈ ਕਿ ਜਦੋਂ ਕੁਲਵੰਤ ਸਿੰਘ ਵਿਰਕ ਦਾ ਵਿਆਹ ਗਰੇਵਾਲਾਂ ਦੇ ਘਰ ਹੋ ਗਿਆ ਤਾਂ ਉਨ੍ਹਾਂ ਨੇ ਇਸ਼ਨਾਨ ਕਰਨ ਸਮੇਂ ਵਿਰਕ ਨੂੰ ਨਹਾਉਣ ਤੋਂ ਪਿੱਛੋਂ ਪਿੰਡਾ ਪੂੰਝਣ ਲਈ ਤੌਲੀਆ ਦੇਣ ਦਾ ਉਚੇਚ ਕੀਤਾ। ਵਿਰਕ ਦੇ ਦੱਸਣ ਅਨੁਸਾਰ ਉਸ ਨੂੰ ਸਮਝ ਨਾ ਆਵੇ ਕਿ ਜੇ ਨਹਾਉਣ ਤੋਂ ਪਿਛੋਂ ਸਰੀਰ ਨੂੰ ਤੌਲੀਏ ਨਾਲ ਸਾਫ ਹੀ ਕਰ ਲੈਣਾ ਹੈ ਤਾਂ ਨਹਾਉਣ ਦਾ ਕੀ ਲਾਭ! ਮਾਸ਼ਾ ਅੱਲ੍ਹਾ ਹੁਣ ਤਾਂ ਉਹ ਨਹਿਰ ਵੀ ਸੁੱਕ ਚੁੱਕੀ ਹੈ!
ਅੰਤਿਕਾ: ਐਸ਼ ਐਸ਼ ਮੀਸ਼ਾ
ਕੀ ਕੀ ਕੀਤੇ ਸੀ ਕੌਲ ਆਪਾਂ ਵੀ
ਯਾਦ ਨਹੀਂ, ਬਹੁਤ ਦੇਰ ਦੀ ਗੱਲ ਹੈ।
ਮੈਨੂੰ ਤੇਰਾ ਮੁਹਾਂਦਰਾ ਭੁੱਲਿਆ
ਸੋਚ, ਕਿੰਨੇ ਹਨੇਰ ਦੀ ਗੱਲ ਹੈ।
ਕਿਹੜੀ ਸਭਿਅਤਾ ਦੀ ਬਾਤ ਪਾਉਂਦੇ ਹੋ
ਕਿਸ ਮਿੱਟੀ ਦੇ ਢੇਰ ਦੀ ਗੱਲ ਹੈ।