ਪਰਵਾਸੀ ਗਾਇਕ ਤੇ ਗੀਤਕਾਰ-ਸਤਨਾਮ ਪਾਪੀ ਚੱਤੋਵਾਲੀਆ

ਜੋ ਗੀਤਕਾਰ ਤੇ ਗਾਇਕ ਚੰਗੀਆਂ ਚੀਜ਼ਾਂ ਪੇਸ਼ ਕਰਦੇ ਹਨ, ਉਨ੍ਹਾਂ ਨੂੰ ਸਰੋਤੇ ਵੀ ਅੱਖਾਂ ‘ਤੇ ਬਿਠਾਉਂਦੇ ਹਨ ਤੇ ਲੰਮਾ ਸਮਾਂ ਉਹ ਇਸ ਖੇਤਰ ਵਿਚ ਟਿਕਦੇ ਵੀ ਹਨ। ਇਹੀ ਗੱਲਾਂ ਮਾਣਮੱਤੇ ਗੀਤਕਾਰ ਤੋਂ ਗਾਇਕ ਬਣੇ ਸਤਨਾਮ ਪਾਪੀ ਚੱਤੋਵਾਲੀਆ ‘ਤੇ ਵੀ ਢੁਕਦੀਆਂ ਹਨ, ਜਿਸ ਨੇ ਗੀਤ ਸੰਗੀਤ ਨੂੰ ਰੱਬ ਦੀ ਇਬਾਦਤ ਸਮਝਿਆ ਹੈ ਤੇ ਮਿਹਨਤ ਨਾਲ ਅੱਗੇ ਵਧਦਾ ਜਾ ਰਿਹਾ ਹੈ।

ਜਿਲਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਕੋਲ ਪਿੰਡ ਚੱਤੋਵਾਲ ਵਿਚ ਪਿਤਾ ਹਰਭਜਨ ਸਿੰਘ ਨੰਬਰਦਾਰ ਤੇ ਮਾਤਾ ਅਜੈਬ ਕੌਰ ਦੀ ਕੁੱਖੋਂ ਸਤਨਾਮ ਸਿੰਘ ਚੌਹਾਨ ਦਾ ਜਨਮ ਹੋਇਆ। ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਲਈ ਤੇ ਫਿਰ ਟਾਂਡਾ ਵਿਖੇ ਸਕੂਲ ਦੀ ਬਾਲ ਸਭਾ ਵਿਚ ਸਤਨਾਮ ਨੇ ਆਪਣੀ ਕਲਾਕਾਰੀ ਦਿਖਾਉਣੀ ਸ਼ੁਰੂ ਕਰ ਦਿੱਤੀ। ਮਾਸਟਰ ਨਰਿੰਦਰ ਸਿੰਘ ਤੇ ਅਧਿਆਪਕਾ ਪਰਮਜੀਤ ਕੌਰ ਨੇ ਸਤਨਾਮ ਦੇ ਅੰਦਰਲੇ ਗੁਣ ਨੂੰ ਬਚਪਨ ਵਿਚ ਹੀ ਪਛਾਣ ਲਿਆ ਸੀ। ਸਕੂਲ ਵਿਚੋਂ ਮਿਲੀ ਦਾਦ ਨੇ ਸਤਨਾਮ ਵਿਚ ਸਾਹਿਤਕ ਰੰਗ ਭਰ ਦਿੱਤੇ ਤੇ ਹੌਲੀ ਹੌਲੀ ਇਹ ਸਾਹਿਤਕ ਰੰਗ ਬਿਖਰਨ ਲੱਗੇ ਤੇ ਸਤਨਾਮ ਪੱਕੇ ਪੈਰੀਂ ਕਲਮ ਨਾਲ ਜੁੜ ਗਿਆ। ਸ਼ਾਇਰੋ ਸ਼ਾਇਰੀ ਕਰਦਾ ਉਹ ਗੀਤਕਾਰ ਬਣ ਗਿਆ।
ਛੋਟੀ ਉਮਰ ਵਿਚ ਹੀ ਕਿਸਮਤ ਸਤਨਾਮ ਨੂੰ ਕੈਨੇਡਾ ਖਿੱਚ ਲਿਆਈ ਤੇ ਵਿਦੇਸ਼ੀ ਧਰਤੀ ‘ਤੇ ਆ ਕੇ ਉਸ ਨੇ ਸਖਤ ਮਿਹਨਤ ਦੇ ਨਾਲ ਨਾਲ ਲਿਖਣ ਦਾ ਸ਼ੌਕ ਵੀ ਜਾਰੀ ਰੱਖਿਆ। ਟਰਾਂਸਪੋਰਟ ਖੇਤਰ ਨਾਲ ਜੁੜਨ ਕਾਰਨ ਸਤਨਾਮ ਨੂੰ ਦੂਰ-ਦੂਰ ਅਮਰੀਕਾ, ਕੈਨੇਡਾ ਵਿਚ ਘੁੰਮਣਾ ਪੈਂਦਾ ਸੀ, ਪਰ ਲਿਖਣ ਵਾਲੀ ਕਾਪੀ ਸਦਾ ਹੀ ਸਤਨਾਮ ਦੇ ਅੰਗ-ਸੰਗ ਰਹਿੰਦੀ। ਸਤਨਾਮ ਨੇ ਪਹਿਲਾ ਗੀਤ ਯਾਰਾਂ ਦੀ ਮਹਿਫਿਲ ਵਿਚ ਕੈਲੀਫੋਰਨੀਆ ਵਿਖੇ ਗਾਇਆ। ਸੁਣਨ ਵਾਲੇ ਹੈਰਾਨ ਰਹਿ ਗਏ ਕਿ ਇਹ ਤਾਂ ਕਿਸੇ ਵਧੀਆ ਗਾਇਕ ਨਾਲੋਂ ਘੱਟ ਨਹੀਂ। ਇੱਥੋਂ ਹੀ ਸਤਨਾਮ ਦੀ ਗਾਇਕੀ ਦਾ ਸਫਰ ਸ਼ੁਰੂ ਹੋਇਆ।
ਸਤਨਾਮ ਦਾ ਪਹਿਲਾ ਗੀਤ ਡਰਾਈਵਰਾਂ ਦੀ ਦੁੱਖ ਭਰੀ ਜ਼ਿੰਦਗੀ ਦਾ ਸੀ, ‘ਡਰਾਈਵਰਾਂ ਦੀ ਕਾਹਦੀ ਜ਼ਿੰਦਗੀ।’ ਇਸ ਗੀਤ ਸਿਰਫ ਟਰੱਕਾਂ ਵਾਲਿਆਂ ਨੇ ਹੀ ਨਹੀਂ, ਸਗੋਂ ਸਮੂਹ ਪੰਜਾਬੀਆਂ ਨੇ ਪਸੰਦ ਕੀਤਾ। ਉਸ ਤੋਂ ਬਾਅਦ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਨੇ ਉਸ ਦਾ ਗੀਤ ਗਾਇਆ ‘ਤੈਥੋਂ ਸਾਂਭਿਆ ਨਹੀਂ ਜਾਣਾ, ਯਾਰਾਂ ਦਾ ਪਿਆਰ ਮੋੜ ਦੇ।’ ਸਤਨਾਮ ਦੇ ਗੀਤ ਕੁਲਵਿੰਦਰ ਧਨੋਆ, ਦਲਵਿੰਦਰ ਦਿਆਲਪੁਰੀ, ਸੁਰਜੀਤ ਤੇ ਹੋਰ ਅਨੇਕਾਂ ਕਲਾਕਾਰਾਂ ਨੇ ਵੀ ਗਾਏ।
ਜਦੋਂ ਦੋ ਗਾਣਿਆਂ ਦਾ ਟਰੈਂਡ ਚੱਲਿਆ ਤਾਂ ਸਤਨਾਮ ਨੇ ਵੀ ਇਸ ਪਾਸੇ ਵੱਲ ਪੁਲਾਂਘ ਪੁੱਟੀ। ਅਮਰੀਕਾ ਵਿਚ ਟਰੱਕਿੰਗ ਖੇਤਰ ਵਿਚ ਇੱਕ ਕਾਨੂੰਨ ਪਾਸ ਹੋਇਆ, ਜੋ ਸਖਤ ਸੀ, ਉਸੇ ‘ਤੇ ਸਤਨਾਮ ਨੇ ਭੁਪਿੰਦਰ ਕੌਰ ਨਾਲ ਦੋਗਾਣਾ ‘ਐਲ਼ ਈ. ਡੀ.’ ਗਾਇਆ, ਜੋ ਕਿ ਹਰ ਪਾਸੇ ਵੱਜਿਆ ਤੇ ਸਤਨਾਮ ਨੂੰ ਚਾਹੁਣ ਵਾਲਿਆਂ ਦੀ ਲਾਈਨ ਲੰਮੀ ਹੋ ਗਈ। ਸਤਨਾਮ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲੱਗ ਗਿਆ।
ਗਾਇਕ ਗੁਰਬਖਸ਼ ਸ਼ੌਂਕੀ, ਜਦੋਂ ਕੈਨੇਡਾ ਕਿਸੇ ਪ੍ਰੋਗਰਾਮ ‘ਤੇ ਗਿਆ ਤਾਂ ਉਸ ਦੀ ਮੁਲਾਕਾਤ ਸਤਨਾਮ ਨਾਲ ਹੋਈ। ਫੇਰ ਕੀ ਸੀ ਇਹ ਮੁਲਾਕਾਤ ਦੋਵਾਂ ਕਲਾਕਾਰਾਂ ਲਈ ‘ਸੋਨੇ ‘ਤੇ ਸੁਹਾਗਾ’ ਹੋ ਨਿਬੜੀ। ਸ਼ੌਂਕੀ ਦੀ ਜਿਹੋ ਜਿਹੀ ਸ਼ੋਖ ਭਰੀ ਅਵਾਜ਼ ਹੈ, ਉਹੋ ਜਿਹੇ ਹੀ ਸ਼ਬਦ ਸਤਨਾਮ ਪਾਪੀ ਚੱਤੋਵਾਲੀਆ ਨੇ ਲਿਖੇ ਹੋਏ ਸਨ। ਸਭ ਤੋਂ ਪਹਿਲਾਂ ਗੁਰਬਖਸ਼ ਸ਼ੌਂਕੀ ਨੇ ਸਤਨਾਮ ਦਾ ਉਦਾਸ ਗੀਤ ‘ਮੋਢਾ’ ਰਿਕਾਰਡ ਕਰਵਾਇਆ, ਜਿਸ ਦੀ ਚਰਚਾ ਪਹਿਲੇ ਸੱਟੇ ਹੀ ਸੰਗੀਤ ਖੇਤਰ ਵਿਚ ਹੋਣ ਲੱਗੀ। ਫਿਰ ਅਗਲਾ ਗੀਤ ਸ਼ੌਂਕੀ ਦੀ ਅਵਾਜ਼ ਵਿਚ ਹੀ ‘ਛੱਡ ਦੇ ਮਨਾ’ ਆਇਆ ਤੇ ਇਸ ਜੋੜੀ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ। ਬਹੁਤ ਜਲਦੀ ਹੀ ਸਤਨਾਮ ਦਾ ਇੱਕ ਹੋਰ ਸਾਹਿਤਕ ਗੀਤ, ਜੋ ਰੁੱਖਾਂ ‘ਤੇ ਲਿਖਿਆ ਹੈ, ਸ਼ੌਂਕੀ ਦੀ ਅਵਾਜ਼ ਵਿਚ ਸੁਣਨ ਨੂੰ ਮਿਲੇਗਾ। ਮਨ ਨੂੰ ਮੋਹਣ ਤੇ ਵਿਸ਼ੇਸ਼ ਸੁਨੇਹਾ ਦੇਣ ਵਾਲਾ ਰੁੱਖ ਗੀਤ ਇਨ੍ਹਾਂ ਸ਼ਬਦਾਂ ਦੇ ਨਾਲ ਸ਼ਰਸ਼ਾਰ ਐ,
ਅਸੀਂ ਰੁੱਖ ਹਾਂ, ਜਿੱਥੇ ਲਾ ਦਿੱਤੇ,
ਉਥੇ ਵੱਸ ਕੇ ਮੁੱਕ ਜਾਣਾ।
ਪੁੱਟ ਕੇ ਦੂਜੀ ਥਾਂ ਲਾਏ,
ਅਸਾਂ ਦਿਨਾਂ ‘ਚ ਸੁੱਕ ਜਾਣਾ।
ਇਨ੍ਹਾਂ ਗੀਤਾਂ ਤੋਂ ਇਲਾਵਾ ਸਤਨਾਮ ਦੀ ਝੋਲੀ ਵਿਚ ਹੋਰ ਵੀ ਕਈ ਰੰਗ ਹਨ, ਜੋ ਕਿ ਉਹ ਸਮੇਂ-ਸਮੇਂ ਤੇ ਪੇਸ਼ ਕਰਕੇ ਵਧੀਆ ਹਾਜ਼ਰੀ ਲਵਾਉਂਦਾ ਪੰਜਾਬੀ ਗੀਤ ਸੰਗੀਤ ਦੀ ਚੜ੍ਹਦੀ ਕਲਾ ਮੰਗਦਾ ਰਹਿੰਦਾ ਹੈ। ਅੱਜ ਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਪਤਨੀ ਕੁਲਵਿੰਦਰ ਕੌਰ, ਬੇਟੇ ਨਵਪ੍ਰੀਤ ਤੇ ਬੇਟੀ ਮਨਪ੍ਰੀਤ ਨਾਲ ਬਹੁਤ ਵਧੀਆ ਜ਼ਿੰਦਗੀ ਬਸਰ ਕਰ ਰਿਹਾ ਹੈ। ਉਹ ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਬਲਬੀਰ ਬੱਬੀ ਜਿਹੇ ਯਾਰਾਂ ਦੀ ਬਦੌਲਤ ਸਮਾਜ ਸੇਵੀ ਵਜੋਂ ਵੀ ਪੰਜਾਬ ‘ਚ ਹੋਣ ਵਾਲੇ ਕਾਰਜਾਂ ਵਿਚ ਹਿੱਸਾ ਲੈਂਦਾ ਰਹਿੰਦਾ ਹੈ।
-ਗੁਰਬਾਜ ਗਿੱਲ
ਫੋਨ: 91-98723-62507