‘ਲੈਂਸਰ’ ਵੀਡੀਉ ਗੀਤ ਨਾਲ ਮਾਡਲਿੰਗ ‘ਚ ਪ੍ਰਵੇਸ਼ ਕਰਨ ਵਾਲੀ ਜੈਸਲੀਨ ਸਲੈਚ ਇਸ ਸਮੇਂ ਪੰਜਾਬੀ ਫਿਲਮਾਂ ਦੀ ਅਭਿਨੇਤਰੀ-ਨਾਇਕਾ ਬਣ ਆਪਣਾ ਫਿਲਮੀ ਸਫਰ ਸ਼ੁਰੂ ਕਰਨ ਜਾ ਰਹੀ ਹੈ ਤੇ ਰਾਜਨ ਬੱਤਰਾ ਦੀ ਫਿਲਮ ‘ਯਾਰ ਅਣਮੁੱਲੇ ਰਿਟਰਨਜ਼’ ‘ਚ ਬਰਾਬਰ ਦੀਆਂ ਤਿੰਨ ਨਾਇਕਾਵਾਂ ‘ਚੋਂ ਜੈਸਲੀਨ ਇੱਕ ਹੈ। ਸੱਤ ਸਾਲ ਤੋਂ ਸੁਨਹਿਰੀ ਅਭਿਨੈ ਤੇ ਪਰਦੇ ਦੀ ਦੁਨੀਆਂ ‘ਚ ਸਰਗਰਮ ਹੋਈ ਦਿੱਲੀ ਦੀ ਜੰਮਪਲ ਇਹ ਨਾਇਕਾ ਸਰਦਾਰਾਂ ਦੀ ਧੀ ਹੈ ਤੇ ਡਾਂਸ ਦੇ ਬਲਬੂਤੇ ਉਸ ਨੇ ‘ਲੈਂਸਰ’ ਗੀਤ ਜੱਸੀ ਗਿੱਲ ਨਾਲ ਕੀਤਾ ਸੀ।
ਕੱਦ ਪੰਜ ਫੁੱਟ, ਛੇ ਇੰਚ-ਨਿਰਮਾਤਾ ਆਪੇ ਹੀ ਪ੍ਰਭਾਵਿਤ ਹੋਣੇ ਸਨ ਤੇ ਭਾਰ ਉਹ 50 ਤੋਂ 55 ਕਿਲੋਗ੍ਰਾਮ ਦੇ ਵਿਚਕਾਰ ਸੰਤੁਲਿਤ ਰੱਖਦੀ ਹੈ। ਚਿੱਟੇ ਰੰਗ ਦੀ ਸ਼ੌਕੀਨਣ ਜੈਸਲੀਨ ਮਹਿੰਦਰ ਸਿੰਘ ਧੋਨੀ, ਕੰਗਨਾ ਰਣੌਤ, ਰਿਤਿਕ ਰੌਸ਼ਨ ਤੇ ਪਰਮੀਸ਼ ਵਰਮਾ ਦੀ ਅਥਾਹ ਦੀਵਾਨੀ ਹੈ। ਗਹਿਰੀਆਂ ਭੂਰੀਆਂ ਅੱਖਾਂ ਵਾਲੀ ਅਜੀਤ ਸਿੰਘ ਦੀ ਬਿਟੀਆ ਜੈਸਲੀਨ ਆਪਣੀ ਮਾਂ ਬਲਜੀਤ ਕੌਰ ਦੇ ਲਾਡਾਂ ਦੀ ਗੱਲ ਕਰਦੀ ਆਖਦੀ ਹੈ ਕਿ ‘ਯਾਰ ਅਣਮੁੱਲੇ ਰਿਟਰਨਜ਼’ ਤੱਕ ਪਹੁੰਚਣਾ ਮਾਂ ਦੀ ਹੀ ਮਿਹਨਤ ਦਾ ਅਧਾਰ ਬਿੰਦੂ ਹੈ। ਗਰੈਜੂਏਟ ਜੈਸਲੀਨ ਨੇ ਚੈਨਲ ‘ਵੀ’ ‘ਤੇ ‘ਪੌਪ ਸਟਾਰ’ ਸ਼ੋਅ ਵੀ ਕੀਤਾ ਸੀ। ਬਹੁਤ ਸਾਰੇ ਟੀ. ਵੀ. ਵਿਗਿਆਪਨਾਂ ਅਤੇ ਬਾਦਸ਼ਾਹ ਨਾਲ ‘ਨਖਰਾ ਨਵਾਬੀ’ ਤੋਂ ਬਾਅਦ ਜਰਨੈਲ ਘੁਮਾਣ, ਇੰਦਰਜੀਤ ਗਿੱਲ ਤੇ ਰਾਜਨ ਬੱਤਰਾ ਨੇ ਸਲੈਚ ਨੂੰ ਮੌਕਾ ਦਿੱਤਾ ਹੈ। ਉਹ ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਨਾਲ ‘ਯਾਰ ਅਣਮੁੱਲੇ’ ਦੀ ਸਮਾਨ ਅੰਤਰ ਨਾਇਕਾ ਹੈ।
ਹੈਰੀ ਭੱਟੀ ਨੇ ‘ਯਾਰ ਅਣਮੁੱਲੇ ਰਿਟਰਨਜ਼’ ਪ੍ਰਭ ਗਿੱਲ ਤੇ ਯੁਵਰਾਜ ਹੰਸ ਜਿਹੇ ਵੱਡੇ ਹੀਰੋ ਤੇ ਹਰੀਸ਼ ਵਰਮਾ ਜਿਹੇ ਸਟਾਰ ਨਾਲ ਬਣਾਈ ਹੈ। ਇਸ ਪਰਿਵਾਰਕ ਫਿਲਮ ਦੇ ਗੀਤ ਮਧੁਰ ਹਨ ਤੇ ਕਹਾਣੀ ਨੌਜਵਾਨਾਂ ਦੀ ਹੈ। ਜੈਸਲੀਨ ਆਤਮ ਵਿਸ਼ਵਾਸ ਨਾਲ ਕਹਿੰਦੀ ਹੈ ਕਿ ‘ਯਾਰ’ ਜੋ ‘ਅਣਮੁੱਲੇ’ ਦ੍ਰਿਸ਼, ਕਹਾਣੀ ਸੰਵਾਦ ਦੇਖਣਾ ਚਾਹੁੰਦੇ ਨੇ, ਜੈਸਲੀਨ ਉਹ ਇਸ ਫਿਲਮ ‘ਚ ਦਿਖਾਏਗੀ।
– ਅੰਮ੍ਰਿਤ ਪਵਾਰ