‘ਆਪ’ ਦੇ ਝਾੜੂ ਨੇ ਨਫਰਤ ਦੀ ਸਿਆਸਤ ਹੂੰਝੀ

ਦਿੱਲੀ ਵਿਚ ਮੁੜ 2015 ਵਾਲਾ ਇਤਿਹਾਸ ਦੁਹਰਾਇਆ
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੇ ਇਕ ਵਾਰ ਫਿਰ ਇਤਿਹਾਸ ਸਿਰਜਦਿਆਂ ਵੱਡੀ ਜਿੱਤ ਹਾਸਲ ਕੀਤੀ ਹੈ। ‘ਆਪ’ ਨੇ 70 ਮੈਂਬਰੀ ਦਿੱਲੀ ਅਸੈਂਬਲੀ ਵਿਚੋਂ 62 ਸੀਟਾਂ ਉਤੇ ਫਤਿਹ ਹਾਸਲ ਕੀਤੀ ਹੈ ਜਦੋਂ ਕਿ ਭਾਜਪਾ ਨੂੰ ਸਿਰਫ 8 ਸੀਟਾਂ ਹੀ ਨਸੀਬ ਹੋਈਆਂ ਹਨ। ਕਾਂਗਰਸ ਇਨ੍ਹਾਂ ਚੋਣਾਂ ਵਿਚ ਇਕ ਵੀ ਸੀਟ ਹਾਸਲ ਨਾ ਕਰ ਸਕੀ।

ਪਿਛਲੀਆਂ ਚੋਣਾਂ ਵਿਚ 67 ਸੀਟਾਂ ਦੇ ਮੁਕਾਬਲੇ ‘ਆਪ’ ਨੂੰ 5 ਸੀਟਾਂ ਘੱਟ ਤਾਂ ਮਿਲੀਆਂ ਪਰ ਆਪਣੀਆਂ ਫਿਰਕੂ ਰਣਨੀਤੀਆਂ ਨਾਲ ਚੋਣ ਮੈਦਾਨ ਵਿਚ ਉਤਰੀ ਭਗਵਾ ਧਿਰ, ਭਾਰਤੀ ਜਨਤਾ ਪਾਰਟੀ ਨੂੰ ਆਪਣੇ ਭਵਿਖ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਜਿੱਤ ਨਾਲ ਆਮ ਆਦਮੀ ਪਾਰਟੀ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਵਿਚ ਸਫਲ ਰਹੀ ਹੈ। 2015 ਦੀ ਚੋਣ ਵਿਚ ‘ਆਪ’ ਨੇ 67 ਵਿਧਾਇਕ ਜਿੱਤ ਕੇ 54æ3 ਫੀਸਦੀ ਵੋਟ ਹਾਸਲ ਕੀਤੇ ਸਨ ਜਦਕਿ ਭਾਜਪਾ ਦੇ ਵਿਧਾਇਕ ਤਾਂ 3 ਹੀ ਜਿੱਤੇ ਸਨ ਪਰ ਉਸ ਨੂੰ ਵੋਟ 32æ3 ਫੀਸਦੀ ਮਿਲੇ ਸਨ ਅਤੇ ਕਾਂਗਰਸ ਸਿਰਫ 3æ7 ਫੀਸਦੀ ਵੋਟਾਂ ਤੱਕ ਹੀ ਲੁੜਕ ਕੇ ਰਹਿ ਗਈ ਸੀ। ਭਾਜਪਾ ਨੂੰ 2013 ਵਿਚ ਵੀ ਲਗਭਗ ਇੰਨੇ ਹੀ ਵੋਟ ਮਿਲੇ ਸਨ ਹਾਲਾਂਕਿ ਇਸ ਵਾਰ ਵੱਡੀ ਹਾਰ ਦੇ ਬਾਵਜੂਦ ਭਾਜਪਾ ਦੇ ਵੋਟ ਫੀਸਦੀ ਵਿਚ 6 ਫੀਸਦ ਵਾਧਾ ਹੋਇਆ ਹੈ।
ਦਿੱਲੀ ਵਿਚ ਆਪ ਦੀ ਜਿੱਤ ਇਸ ਲਈ ਵੀ ਅਹਿਮ ਹੈ, ਕਿਉਂਕਿ ਇਸ ਵਾਰ ਮੁਕਾਬਲਾ ਫਿਰਕੂਵਾਦ ਬਨਾਮ ਲੋਕ ਮਸਲੇ ਅਤੇ ਵਿਕਾਸ ਵਿਚਾਲੇ ਸੀ। ਭਾਜਪਾ ਲੋਕ ਸਭਾ ਚੋਣਾਂ ਵਾਂਗ ਆਪਣੀਆਂ ਫਿਰਕੂ ਰਣਨੀਤੀਆਂ ਲੈ ਕੇ ਮੈਦਾਨ ਵਿਚ ਉਤਰੀ ਸੀ। ਭਾਜਪਾ ਨੇ ਆਪਣੇ 200 ਸੰਸਦ ਮੈਂਬਰ ਚੋਣ ਮੈਦਾਨ ਵਿਚ ਉਤਾਰੇ। ਇਨ੍ਹਾਂ ਆਗੂਆਂ ਨੇ ਸਾਰਾ ਜ਼ੋਰ ਕੇਜਰੀਵਾਲ ਸਰਕਾਰ ਵਲੋਂ ਕੀਤੇ ਵਿਕਾਸ ਦੇ ਦਾਅਵਿਆਂ ਨੂੰ ਝੁਠਲਾਉਣ ਅਤੇ ਆਪਣੀਆਂ ਫਿਰਕੂ ਰਣਨੀਤੀਆਂ ਦੇ ਪ੍ਰਚਾਰ ਉਤੇ ਹੀ ਲਾ ਦਿੱਤਾ। ਇਹ ਆਗੂ ਕੇਜਰੀਵਾਲ ਸਰਕਾਰ ਵਲੋਂ ਕੀਤੇ ਕੰਮਾਂ ਵਿਚ ਕਮੀਆਂ ਲੱਭਣ ਵਿਚ ਵੀ ਲੱਗੇ ਰਹੇ। ਭਾਜਪਾ ਦੇ ਇਨ੍ਹਾਂ ਆਗੂਆਂ ਦੀ ਜ਼ਹਿਰੀਲੀ ਭਾਸ਼ਾ ਕਾਰਨ ਚੋਣ ਕਮਿਸ਼ਨ ਨੂੰ ਕਈ ਵਾਰ ਸਖਤੀ ਵਿਖਾਉਣੀ ਪਈ।
ਇਸ ਭਗਵਾ ਧਿਰ ਨੇ ਨਾਗਰਿਕਤਾ ਸੋਧ ਕਾਨੂੰਨ, ਜਾਮੀਆ ਮਿਲੀਆ ਇਸਲਾਮੀਆ ਤੇ ਜੇæਐਨæਯੂæ ਵਿਚ ਹੋਏ ਰੋਸ ਪ੍ਰਦਰਸ਼ਨਾਂ ਵਿਚ ਹਿੰਸਾ ਅਤੇ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਨੂੰ ਲੈ ਕੇ ‘ਆਪ’ ਖਿਲਾਫ ਹੱਲਾ ਬੋਲਣ ਦਾ ਯਤਨ ਕੀਤਾ ਤੇ ‘ਆਪ’ ਦੀ ਲੀਡਰਸ਼ਿਪ ‘ਚ ਭੜਕਾਹਟ ਪੈਦਾ ਕਰਨ ਲਈ ਕੇਜਰੀਵਾਲ ਨੂੰ ਕਦੇ ‘ਅਤਿਵਾਦੀ’ ਤੇ ਕਦੇ ਦੇਸ਼ ਵਿਰੋਧੀਆਂ ਨਾਲ ਮਿਲੇ ਹੋਣ ਦੇ ਦੋਸ਼ ਲਗਾਏ ਪਰ ਕੇਜਰੀਵਾਲ ਤੇ ਉਸ ਦੀ ਟੀਮ ਵਲੋਂ ਜਵਾਬੀ ਦੋਸ਼ ਲਾਉਣ ਵਾਲੀ ਨੀਤੀ ਅਖਤਿਆਰ ਕਰਨ ਦੀ ਬਜਾਏ ਦਿੱਲੀ ਦੇ ਵੋਟਰਾਂ ਦਾ ਸਾਰਾ ਧਿਆਨ ਸਰਕਾਰ ਵਲੋਂ ਕੀਤੇ ਕੰਮਾਂ ਉਪਰ ਕੇਂਦਰਤ ਕਰਨ ਉਪਰ ਹੀ ਲੱਗਾ ਰਿਹਾ।
ਕੇਜਰੀਵਾਲ ਨੇ ਕੌਮੀ ਮੁੱਦਿਆਂ ਉਪਰ ਬੋਲਣ ਤੋਂ ਹੀ ਕਿਨਾਰਾ ਕਰ ਲਿਆ ਹੈ, ਇਸ ਕਰਕੇ ਦਿੱਲੀ ਚੋਣਾਂ ‘ਚ ਭਾਜਪਾ ਦੇ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਉਣ, ਨਾਗਰਿਕਤਾ ਸੋਧ ਕਾਨੂੰਨ ਤੇ ਮੰਦਰ ਬਣਾਉਣ ਵਰਗੇ ਮਨਪਸੰਦ ਮੁੱਦੇ ਨਹੀਂ ਉਭਰਨ ਦਿੱਤੇ। ਭਾਜਪਾ ਨੇਤਾਵਾਂ ਨੇ ਵਾਰ-ਵਾਰ ਪ੍ਰਚਾਰ ਕੀਤਾ ਸੀ ਕਿ ਸ਼ਾਹੀਨ ਬਾਗ ‘ਚ ਧਰਨਾ ਮਾਰ ਕੇ ਬੈਠੇ ਲੋਕਾਂ ਨਾਲ ਕੇਜਰੀਵਾਲ ਤੇ ‘ਆਪ’ ਮਿਲੀ ਹੋਈ ਹੈ ਪਰ ‘ਆਪ’ ਨੇ ਬੜੇ ਤਰੀਕੇ ਅਤੇ ਸਲੀਕੇ ਨਾਲ ਸ਼ਾਹੀਨ ਬਾਗ ਧਰਨੇ ਤੋਂ ਦੂਰੀ ਹੀ ਬਣਾਈ ਰੱਖੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਦਿੱਲੀ ਚੋਣਾਂ ਤੋਂ ਕਿਨਾਰਾ ਕਰ ਲੈਣ ਅਤੇ ਫਿਰ ਭਾਜਪਾ ਦੀ ਹਮਾਇਤ ਕਰਨ ਦਾ ਐਲਾਨ ਵੀ ਇਸ ਭਗਵਾ ਧਿਰ ਦੇ ਹੱਕ ਵਿਚ ਨਾ ਭੁਗਤਿਆ। ਦਿੱਲੀ ਦੇ ਸੰਘਣੀ ਸਿੱਖ ਵਸੋਂ ਵਾਲੇ ਤੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਰਾਜਿੰਦਰ ਨਗਰ, ਮੋਤੀ ਨਗਰ, ਰਾਜੌਰੀ ਗਾਰਡਨ, ਤਿਲਕ ਨਗਰ ਤੇ ਹਰੀ ਨਗਰ ਹਲਕਿਆਂ ‘ਚ ਭਾਜਪਾ ਨੂੰ ਮੂੰਹ ਦੀ ਖਾਣੀ ਪਈ।
ਕੌਮੀ ਰਾਜਧਾਨੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਘੱਟ ਗਿਣਤੀਆਂ ਦੀ ਬਹੁਲਤਾ ਵਾਲੇ ਹਲਕਿਆਂ ਮੁਸਤਫਾਬਾਦ, ਮਟੀਆ ਮਹਿਲ ਅਤੇ ਸੀਲਮਪੁਰ ਵਿਚ ਸਭ ਤੋਂ ਵੱਧ ਵੋਟਾਂ ਪਈਆਂ। ਇਹ ਸਾਰੀਆਂ ਸੀਟਾਂ ਆਪ ਦੇ ਹਿੱਸੇ ਆਈਆਂ। ਸਿਆਸੀ ਮਹਿਰਾਂ ਦਾ ਕਹਿਣਾ ਹੈ ਕਿ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਮੁੱਦੇ ਭਾਜਪਾ ਨੂੰ ਸਿਰਫ ਲੋਕ ਸਭਾ ਚੋਣਾਂ ਵਿਚ ਹੀ ਲਾਹਾ ਦੇ ਸਕਦੇ ਹਨ ਪਰ ਇਹ ਭਗਵਾ ਧਿਰ ਦੀ ਅਜਿਹੇ ਕਿਸੇ ਵੀ ਵਿਕਾਸ ਕੰਮ ਵਜੋਂ ਪਛਾਣ ਨਹੀਂ ਬਣੀ ਜਿਸ ਦੀ ਵਰਤੋਂ ਉਹ ਕਿਸੇ ਵਿਧਾਨ ਸਭਾ ਚੋਣਾਂ ਵਿਚ ਕਰ ਸਕੇ। ਇਹੀ ਕਾਰਨ ਹੈ ਕਿ ਦਿੱਲੀ ਤੋਂ ਇਲਾਵਾ ਭਾਜਪਾ ਪਿਛਲੇ ਦੋ ਸਾਲਾ ਵਿਚ 6 ਰਾਜਾਂ ਵਿਚ ਸੱਤਾ ਗੁਆ ਬੈਠੀ।
ਦਿੱਲੀ ਸਮੇਤ 12 ਰਾਜਾਂ ਵਿਚ ਅਜੇ ਵੀ ਭਾਜਪਾ ਵਿਰੋਧੀ ਸਰਕਾਰਾਂ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਤੱਕ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਹਰਿਆਣਾ ਵਿਚ ਹੀ ਭਾਜਪਾ ਦੀ ਜਿੱਤ ਹੋਈ ਹੈ, ਬਾਕੀ ਸਾਰੇ ਰਾਜ ਇਸ ਦੇ ਹੱਥੋਂ ਬਾਹਰ ਹੋ ਗਏ। ਜੇ ਪਿਛਲੇ ਦੋ ਸਾਲਾਂ ‘ਤੇ ਨਜ਼ਰ ਮਾਰੀਏ ਤਾਂ 6 ਰਾਜ ਭਾਜਪਾ ਅਤੇ ਐਨæਡੀæਏæ ਦੇ ਹੱਥੋਂ ਚਲੇ ਗਏ ਹਨ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਚਾਰ ਰਾਜਾਂ ਵਿਚ ਚੋਣਾਂ ਹੋਈਆਂ ਸਨ। ਰਾਜਸਥਾਨ, ਛੱਤੀਸਗੜ੍ਹ ਅਤੇ ਮਿਜ਼ੋਰਮ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਭਾਜਪਾ ਹੱਥੋਂ ਸੱਤਾ ਚਲੀ ਗਈ। ਲੋਕ ਸਭਾ ਚੋਣਾਂ ਵਿਚ ਭਾਜਪਾ ਅਤੇ ਐਨæਡੀæਏæ ਇਕ ਹੋਰ ਰਾਜ ਤੋਂ ਬਾਹਰ ਹੋ ਗਏ। ਆਂਧਰਾ ਪ੍ਰਦੇਸ਼ ਵਿਚ ਤੇਲਗੂ ਦੇਸਮ ਦੇ ਨਾਲ ਭਾਜਪਾ ਸੱਤਾ ਵਿਚ ਸੀ ਪਰ ਟੀæਡੀæਪੀæ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਸਾਥ ਛੱਡ ਦਿੱਤਾ। ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਰਿਆਣਾ ਵਿਚ ਹੀ ਸਰਕਾਰ ਬਣਾ ਸਕੀ ਜਦ ਕਿ ਮਹਾਰਾਸ਼ਟਰ ਇਸ ਦੇ ਹੱਥੋਂ ਚਲਾ ਗਿਆ। ਜੇ ਦੋ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦਸੰਬਰ 2017 ਵਿਚ ਭਾਜਪਾ ਅਤੇ ਇਸ ਦੇ ਸਹਿਯੋਗੀ ਦੇਸ਼ ਦੇ 19 ਰਾਜਾਂ ਵਿਚ ਸੱਤਾ ਭੋਗ ਰਹੇ ਸਨ। ਭਾਜਪਾ ਨੂੰ ਇਕ ਵਾਰ ਫਿਰ ਦਿੱਲੀ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।