ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਜਿੰਨਾ ਚਾਅ ਪੰਜਾਬ ਦੇ ਲੋਕਾਂ ਨੂੰ ਚੜ੍ਹਿਆ ਹੈ, ਇਹ ਸੂਬੇ ਦੇ ਸਿਆਸੀ ਸਮੀਕਰਨਾਂ ਵਿਚ ਵੱਡੇ ਫੇਰਬਦਲ ਵੱਲ ਇਸ਼ਾਰਾ ਕਰਦਾ ਹੈ। ਆਪ ਦੀ ਇਸ ਵੱਡੀ ਜਿੱਤ ਪਿੱਛੋਂ ਪੰਜਾਬ ਦੀਆਂ ਰਵਾਇਤੀ ਧਿਰਾਂ ਸ਼ਰੇਆਮ ਇਹ ਕਬੂਲ ਕਰਨ ਲੱਗੀਆਂ ਹਨ ਕਿ ਇਸ ਦਾ ਅਸਰ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਉਤੇ ਪਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਥੋਂ ਤੱਕ ਆਖ ਦਿੱਤਾ ਹੈ ਕਿ ਆਪ ਨਾਲ ਸਬੰਧਤ ਪੰਜਾਬ ਦੇ ਆਗੂਆਂ ਦੀ ਕਾਰਗੁਜ਼ਾਰੀ ਨੇ ਸੂਬੇ ਦੇ ਲੋਕਾਂ ਨੂੰ ਭਾਵੇਂ ਨਿਰਾਸ਼ ਕੀਤਾ ਹੈ ਪਰ ਦਿੱਲੀ ਫਤਿਹ ‘ਆਪ’ ਦੇ ਆਗੂਆਂ ਦੇ ਹੌਸਲੇ ਬੁਲੰਦ ਕਰੇਗੀ।
ਅਸਲ ਵਿਚ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਦਿੱਲੀ ਵਿਧਾਨ ਸਭਾ ਚੋਣਾਂ ‘ਤੇ ਟਿਕੀਆਂ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਰਾਜਸੀ ਮੈਦਾਨ ‘ਚ ਨਿੱਤਰੇ ਧੜਿਆਂ ਖਾਸ ਕਰ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਵੀ ਦਿੱਲੀ ਦੇ ਚੋਣ ਨਤੀਜਿਆਂ ਤੱਕ ‘ਉਡੀਕੋ ਤੇ ਦੇਖੋ’ ਵਾਲੀ ਨੀਤੀ ਅਪਣਾਈ ਹੋਈ ਸੀ। ਅਸਲ ਵਿਚ ਪੰਜਾਬ ਵਿਚ ਸਿਆਸੀ ਤੌਰ ‘ਤੇ ਗੁੰਝਲਦਾਰ ਸਥਿਤੀ ਬਣੀ ਹੋਈ ਹੈ। ਕਾਂਗਰਸ ਨੂੰ ਵਿਧਾਨ ਸਭਾ ਵਿਚ 79 ਸੀਟਾਂ ਦਾ ਦੋ ਤਿਹਾਈ ਬਹੁਮਤ ਹੋਣ ਦੇ ਬਾਵਜੂਦ ਸਰਕਾਰ ਲੋਕਾਂ ‘ਚ ਆਪਣੀ ਭੱਲ ਬਣਾਉਣ ‘ਚ ਕਾਮਯਾਬ ਨਹੀਂ ਹੋ ਸਕੀ। ਸੂਬੇ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੀ ਹਨ। ਕਾਂਗਰਸ ਅਤੇ ਕੈਪਟਨ ਸਰਕਾਰ ਨੂੰ ਇਸ ਸਮੇਂ ਸਭ ਤੋਂ ਵੱਡਾ ਖਤਰਾ ਸੂਬੇ ਵਿਚ ਨਿੱਜੀ ਖੇਤਰ ਦੇ ਤਿੰਨ ਥਰਮਲਾਂ ਕਾਰਨ ਬਿਜਲੀ ਦੀਆਂ ਮਹਿੰਗੀਆਂ ਦਰਾਂ ਦਾ ਮਹਿਸੂਸ ਹੋ ਰਿਹਾ ਹੈ।
ਦਿੱਲੀ ਵਿਚ ਬਿਜਲੀ ਦੀਆਂ ਸਸਤੀਆਂ ਦਰਾਂ ਨੂੰ ਆਮ ਆਦਮੀ ਪਾਰਟੀ ਨੇ ਲੋਕ ਪੱਖੀ ਮੁੱਦਾ ਬਣਾਇਆ ਤੇ ਪੰਜਾਬ ਵਿਚ ਮਹਿੰਗੀਆਂ ਦਰਾਂ ਦੇ ਮਾਮਲੇ ਉਤੇ ‘ਆਪ’ ਵੱਲੋਂ ਪਹਿਲਾਂ ਹੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸੂਬੇ ਦੀ ਸਿਆਸਤ ‘ਤੇ ਲਗਾਤਾਰ ਇਕ ਦਹਾਕਾ ਰਾਜ ਕਰਨ ਤੋਂ ਬਾਅਦ ਅਕਾਲੀਆਂ ਦੀ ਹਾਲਤ ਅਜਿਹੀ ਪਤਲੀ ਹੋਈ ਪਈ ਹੈ ਕਿ ਅਜੇ ਤੱਕ ਪੈਰ ਨਹੀਂ ਲੱਗੇ। ਅਕਾਲੀ ਦਲ ਦੀ ਭਰੋਸੇਯੋਗਤਾ ਨੂੰ ਅੰਦਰੂਨੀ ਖਾਨਾਜੰਗੀ ਨੇ ਵੀ ਖੋਰਾ ਲਾਇਆ ਹੈ। ਅਕਾਲੀ ਆਗੂ ਹੁਣ ਤੱਕ ਇਹੀ ਆਖ ਰਹੇ ਸਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਦਿੱਲੀ ਦੇ ਨਤੀਜਿਆਂ ਦੀ ਸਮੀਖਿਆ ਤੋਂ ਬਾਅਦ ਬਣਾਈ ਜਾਵੇਗੀ। ਆਪ ਨੂੰ ਦਿੱਲੀ ਚੋਣਾਂ ਵਿਚ ਮਿਲੀ ਇੰਨੀ ਵੱਡੀ ਜਿੱਤ ਪੰਜਾਬ ਦੀਆਂ ਰਵਾਇਤੀ ਧਿਰਾਂ ਲਈ ਵੱਡੀ ਚੁਣੌਤੀ ਸਮਝੀ ਜਾ ਰਹੀ ਹੈ। ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਸਿਆਸੀ ਹਵਾ ਵੇਖ ਕੇ ਰਵਾਇਤੀ ਧਿਰਾਂ ਤੋਂ ਨਿਰਾਸ਼ ਆਗੂ ਆਪ ਨਾਲ ਜੁੜਨਗੇ।